ਸ਼ੇਖ਼ ਫ਼ਰੀਦ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਸ਼ੇਖ਼ ਫ਼ਰੀਦ ( 1173– 1266 ) : ਫ਼ਰੀਦ-ਉਦੀਨ-ਮਸਊਦ-ਗੰਜੇ-ਸ਼ਕਰ ਸ਼ੇਖ਼ ਫ਼ਰੀਦ ਦਾ ਅਸਲੀ ਨਾਂ ਸੀ । ਉਹ ਪੰਜਾਬੀ ਸੂਫ਼ੀ-ਕਾਵਿ ਦਾ ਹੀ ਨਹੀਂ ਸਗੋਂ ਸਮੁੱਚੇ ਪੰਜਾਬੀ ਕਾਵਿ ਦਾ ਮੋਢੀ ਸਮਝਿਆ ਜਾਂਦਾ ਹੈ । ਸ਼ੇਖ਼ ਫ਼ਰੀਦ 1173 ਵਿੱਚ ਪਿੰਡ ਖੋਤਵਾਲ ਜ਼ਿਲ੍ਹਾ ਮੁਲਤਾਨ ਵਿੱਚ ਪੈਦਾ ਹੋਇਆ । ਉਸ ਦੇ ਪਿਤਾ ਦਾ ਨਾਂ ਸ਼ੇਖ਼-ਜਮਾਲ-ਉਲ- ਦੀਨ ਸੀ ਜੋ ਮਹਿਮੂਦ ਗ਼ਜ਼ਨਵੀ ਦਾ ਭਣੇਵਾਂ ਸੀ । ਫ਼ਰੀਦ ਨੇ ਚਾਰ ਵਿਆਹ ਕੀਤੇ ਜਿਨ੍ਹਾਂ ਵਿੱਚੋਂ ਇੱਕ ਪਤਨੀ ਸੁਲਤਾਨ ਬਲਬਨ ਦੀ ਧੀ ਸੀ । ਸ਼ਾਹੀ ਤੁਅਲਕਾਤ ਦੇ ਬਾਵਜੂਦ ਉਹ ਤਬੀਅਤ ਵਜੋਂ ਫ਼ਕੀਰ ਸੀ । ਦਿੱਲੀ ਆ ਕੇ ਖ਼ੁਵਾਜਾ ਕੁਤਬ-ਉਦੀਨ-ਬਖ਼ਤਿਆਰ ਕਾਕੀ ਨੂੰ ਉਸ ਨੇ ਆਪਣਾ ਮੁਰਸ਼ਦ ਧਾਰ ਲਿਆ । ਮੁਰਸ਼ਦ ਦੇ ਚਲਾਣਾ ਕਰਨ ਪਿੱਛੋਂ ਉਹ ਗੱਦੀ ਨਸ਼ੀਨ ਬਣਿਆ । ਜ਼ਿਲ੍ਹਾ ਮਿੰਟਗੁਮਰੀ ਵਿੱਚ ਪਾਕਪਟਨ ਨੂੰ ਉਸ ਨੇ ਆਪਣੇ ਪ੍ਰਚਾਰ ਦਾ ਕੇਂਦਰ ਬਣਾਇਆ । ਸ਼ੇਖ ਨਿਜ਼ਾਮ-ਉ-ਦੀਨ ਔਲੀਆ ਸ਼ੇਖ਼ ਫ਼ਰੀਦ ਦਾ ਮੁਰੀਦ ਸੀ । ਉਸ ਦਾ ਜੀਵਨ ਬੜਾ ਸਾਦਾ ਤੇ ਸੱਚਾ-ਸੁੱਚਾ ਸੀ । ਉਸ ਦੀ ਸ਼ਖ਼ਸੀਅਤ ਵਿੱਚ ਮਿਕਨਾਤੀਸੀ ਖਿੱਚ ਸੀ । ਅਣਗਿਣਤ ਗ਼ੈਰ-ਮੁਸਲਿਮ ਵੀ ਉਸ ਦੇ ਪੈਰੋਕਾਰ ਬਣੇ । ਉੋਹ ਲੰਮੀ ਉਮਰ ਭੋਗ ਕੇ 1266 ਵਿੱਚ ਚਲਾਣਾ ਕਰ ਗਿਆ । ਉਸ ਦਾ ਮਜ਼ਾਰ ਪਾਕਪਟਨ ਵਿੱਚ ਹੈ ।

 

        ਸ਼ੇਖ਼ ਫ਼ਰੀਦ ਦੇ ਚਾਰ ਸ਼ਬਦ ਅਤੇ 112 ਸਲੋਕ ‘ ਸ੍ਰੀ ਗੁਰੂ ਗ੍ਰੰਥ ਸਾਹਿਬ` ਵਿੱਚ ਦਰਜ ਹਨ । ਨਿਮਾਜ਼ ਅਤੇ ਦੁਆ ਵਿੱਚ ਸ਼ੇਖ਼ ਫ਼ਰੀਦ ਦਾ ਦ੍ਰਿੜ੍ਹ ਵਿਸ਼ਵਾਸ ਸੀ । ਰੱਬ ਅੱਗੇ ਉਸ ਦੀ ਅਰਦਾਸ ਹੁੰਦੀ :

                      ਤੇਰੀ ਪਨਹ ਖੁਦਾਇ ਤੂ ਬਖਸੰਦਗੀ

                      ਸੇਖ ਫਰੀਦੈ ਖੈਰੁ ਦੀਜੈ ਬੰਦਗੀ

        ਉਹ ਇਸਲਾਮੀ ਸ਼ਰ੍ਹਾ `ਤੇ ਚੱਲਣ ਵਾਲਾ , ਰੱਬ ਤੋਂ ਖ਼ੌਫ਼ ਖਾਣ ਵਾਲਾ , ਨਮਾਜ਼ ਤੇ ਰੋਜ਼ੇ ਦਾ ਪਾਬੰਦ ਅਤੇ ਰੱਬ ਦੀ ਖਲਕਤ ਨੂੰ ਪਿਆਰ ਕਰਨ ਵਾਲਾ ਦਰਵੇਸ਼ ਸੀ । ਉਸ ਨੇ ਰੱਬੀ ਪ੍ਰੇਮ ਨੂੰ ਆਪਣੀ ਜ਼ਿੰਦਗੀ ਦਾ ਮਨੋਰਥ ਬਣਾਇਆ । ਰੱਬ ਨਾਲ ਪਿਆਰ ਕਰਨ ਦਾ ਉਪਦੇਸ਼ ਦਿੱਤਾ । ਬਾਹਰੀ ਭੇਖ ਨੂੰ ਤਿਆਗਣ ਅਤੇ ਅੰਦਰੂਨੀ ਸ਼ੁਧਤਾ ਉੱਤੇ ਬਲ ਦਿੱਤਾ । ਬਾਬਾ ਫ਼ਰੀਦ ਇੱਕ ਰਹੱਸਵਾਦੀ ਸੂਫ਼ੀ ਫ਼ਕੀਰ ਸੀ , ਜੋ ਆਪਣੇ ਅੱਲਾ ਨੂੰ ਮਿਲਣ ਲਈ ਬੇਤਾਬ ਸੀ ਤੇ ਉਸ ਦੀ ਆਤਮਾ ਇਸ਼ਕ ਖ਼ੁਦਾਇ ਦੇ ਰੰਗ ਵਿੱਚ ਰੰਗੀ ਹੋਈ ਸੀ । ਰੱਬ ਦੇ ਦੀਦਾਰ ਦੀ ਸੁਲੱਖਣੀ ਘੜੀ ਦੀ ਉਸਨੂੰ ਹਰ ਵੇਲੇ ਉਡੀਕ ਸੀ । ਵਸਲ ਦੀ ਇਸ ਘੜੀ ਦੀ ਉਸ ਨੂੰ ਪੂਰੀ ਉਮੀਦ ਵੀ ਸੀ । ਇਸੇ ਕਰ ਕੇ ਜੀਵਨ ਦੀਆਂ ਉਚੇਰੀਆਂ ਸਦਾਚਾਰਿਕ ਕੀਮਤਾਂ ਨੂੰ ਉਸ ਨੇ ਖ਼ੁਦ ਵੀ ਅਪਣਾਇਆ ਅਤੇ ਲੋਕਾਂ ਵਿੱਚ ਇਹਨਾਂ ਦਾ ਪ੍ਰਚਾਰ ਵੀ ਕੀਤਾ ।

        ਉਹ ਤੌਹੀਦਪ੍ਰਸਤ ਸੀ । ਸਿਰਫ਼ ਇੱਕ ਪਰਮੇਸ਼ਰ- ਪਤੀ ਦੀ ਸੁਹਾਗਣ ਨਾਰ ਬਣ ਕੇ ਰਹਿਣ ਦੀ ਸਿੱਖਿਆ ਦਿੱਤੀ । ਉਹ ਬੰਦਗੀ ਅਤੇ ਇਬਾਦਤ ਦੀ ਯਾਚਨਾ ਕਰਦਾ ਹੈ :

        ਢੂੰਢੇਦੀਏ ਸੁਹਾਗ ਕੂ ਤਉ ਤਨਿ ਕਾਈ ਕੋਰ

        ਜਿਨਾ ਨਾਉ ਸੁਹਾਗਣੀ ਤਿਨਾ ਝਾਕ ਨ ਹੋਰ ॥

 

        ਫਰੀਦਾ ਸਾਹਿਬ ਦੀ ਕਰਿ ਚਾਕਰੀ

        ਦਿਲ ਦੀ ਲਾਹਿ ਭਰਾਂਦ ॥

 

        ਦਿਲਹੁ ਮੁਹਬਤਿ ਜਿੰਨ੍ ਸੇਈ ਸਚਿਆ

                                            ਜਿਨ ਮਨਿ ਹੋਰੁ ਮੁਖਿ ਹੋਰੁ ਸੇ ਕਾਂਢੇ ਕਚਿਆ ॥

                        ਉਸ ਨੇ ਚੰਗੇ ਅਮਲ ਕਰਨ ਦੀ ਹਿਦਾਇਤ ਦਿੱਤੀ ਤੇ ਮੰਦੇ ਅਮਲਾਂ ਤੋਂ ਗੁਰੇਜ਼ ਕਰਨ ਲਈ ਆਖਿਆ :

        ਫਰੀਦਾ ਵੇਖੁ ਕਪਾਹੈ ਜਿ ਥੀਆ ਜਿ ਸਿਰ ਥੀਆ ਤਿਲਾਹ ॥

        ਕਮਾਦੈ ਅਰੁ ਕਾਗਦੈ ਕੁੰਨੇ ਕੋਇਲਿਆਹ ॥

                                            ਮੰਦੇ ਅਮਲ ਕਰੇਦਿਆ ਏਹ ਸਜਾਇ ਤਿਨਾਹ ॥

        ਫ਼ਰੀਦ ਨੇ ਮਨੁੱਖ ਨੂੰ ਆਪਣੇ ਅੰਦਰ ਝਾਤੀ ਮਾਰਨ ਲਈ ਪ੍ਰੇਰਿਆ । ਬਾਹਰੀ ਸ਼ਕਲ ਦੀ ਬਜਾਏ ਅੰਦਰੂਨੀ ਪਾਕੀਜ਼ਗੀ ਉੱਤੇ ਬਲ ਦਿੱਤਾ । ਦਰਵੇਸ਼ ਅਖਵਾਉਣ ਦਾ ਹੱਕਦਾਰ ਉਹੀ ਹੈ ਜੋ ਅੰਦਰੋਂ ਸਾਫ਼ ਹੈ । ਉਸ ਨੇ ਨਿਸ਼ਕਾਮ ਮੁਹੱਬਤ ਦਾ ਸੰਦੇਸ਼ ਦਿੱਤਾ । ਜਿੱਥੇ ਲਾਲਚ ਤੇ ਲਬ ਹੋਵੇ ਉੱਥੇ ਪਿਆਰ ਨਹੀਂ ਹੋ ਸਕਦਾ :

        ਫ਼ਰੀਦ ਜਾ ਲਬੁ ਤਾ ਨੇਹੁ ਕਿਆ

        ਲਬੁ ਤਾ ਕੂੜਾ ਨੇਹੁ ॥

        ਕਿਚਰੁ ਝਤਿ ਲਘਾਈਐ

                                            ਛਪਰਿ ਤੁਟੈ ਮੇਹੁ ॥

        ਫ਼ਰੀਦ ਦੀ ਕਵਿਤਾ ਵਿੱਚ ਮੌਤ ਦਾ ਜ਼ਿਕਰ ਬਾਰ-ਬਾਰ ਆਉਂਦਾ ਹੈ । ਉਹ ਇਸ ਵਿਚਾਰ ਦਾ ਧਾਰਨੀ ਹੈ ਕਿ ਮੌਤ ਪਿੱਛੋਂ ਬੰਦੇ ਦਾ ਨਿਬੇੜਾ ਕਰਮਾਂ ਉੱਤੇ ਹੋਣਾ ਹੈ । ਚੰਗੇ ਕਰਮਾਂ ਵਾਲਾ ਜੰਨਤ ਮਾਣੇਗਾ ਅਤੇ ਮੰਦੇ ਕਰਮਾਂ ਵਾਲਾ ਦੋਜ਼ਖ਼ ਦੀ ਅੱਗ ਵਿੱਚ ਸੜੇਗਾ । ਫ਼ਰੀਦ ਮੌਤ ਦਾ ਭੈਅ ਦੇ ਕੇ ਬੰਦੇ ਨੂੰ ਚਿਤਾਵਨੀ ਦਿੰਦਾ ਹੈ ਕਿ ਜੇ ਇੱਥੋਂ ਤੁਰ ਹੀ ਜਾਣਾ ਹੈ ਤਾਂ ਫਿਰ ਇਸ ਜੱਗ ਨਾਲ ਮੋਹ ਕਾਹਦਾ ? ਉਸ ਨੇ ਬੰਦੇ ਨੂੰ ਕੁਕਰਮਾਂ ਤੋਂ ਵਰਜਿਆ ਹੈ ਤੇ ਚੰਗੇ ਬਣਨ ਲਈ ਪ੍ਰੇਰਿਆ ਹੈ । ਫ਼ਰੀਦ ਨੇ ਆਪਣੇ-ਆਪ ਨੂੰ ਕਿਧਰੇ ਵੀ ਵਡਿਆਇਆ ਨਹੀਂ । ਉਸ ਨੇ ਬੜੀ ਹਲੀਮੀ ਨਾਲ ਆਖਿਆ :

        ਫ਼ਰੀਦਾ ਕਾਲੇ ਮੈਂਡੇ ਕਪੜੇ ਕਾਲਾ ਮੈਂਡਾ ਵੇਸ

                                            ਗੁਨਹੀ ਭਰਿਆ ਮੈ ਫਿਰਾ ਲੋਕੁ ਕਹੈ ਦਰਵੇਸੁ ॥

        ਫ਼ਰੀਦ ਨੇ ਸਧਾਰਨ ਗ੍ਰਹਿਸਥੀ ਵਾਲਾ ਜੀਵਨ ਬਸਰ ਕੀਤਾ । ਇਸੇ ਕਰ ਕੇ ਉਸ ਦੀ ਕਵਿਤਾ ਵਿਚਲੇ ਜ਼ਿਆਦਾਤਰ ਬਿੰਬ ਰੋਜ਼ਮੱਰਾ ਦੀ ਜ਼ਿੰਦਗੀ ਵਿੱਚੋਂ ਹਨ : ਟੁੱਟਿਆ ਛੱਪਰ , ਮੁੰਜ ਦੀ ਮੰਜੀ , ਸੁੱਕਾ ਪਿੰਜਰ , ਰੁੱਖੀ ਰੋਟੀ , ਆਟਾ , ਲੂਣ , ਮਾਖਿਉਂ , ਮਾਝਾ ਦੁੱਧ , ਛੱਪੜ , ਚਿੱਕੜ ਆਦਿ । ਬਹੁਤ ਸਾਰੇ ਬਿੰਬ ਸਮਾਜਿਕ ਰਸਮਾਂ-ਰੀਤਾਂ , ਕੰਮਾਂ-ਧੰਦਿਆਂ , ਰਿਸ਼ਤਿਆਂ , ਪਹਿਰਾਵੇ ਆਦਿ ਨਾਲ ਸੰਬੰਧ ਰੱਖਦੇ ਹਨ । ਉਹ ਪੰਜਾਬੀ ਦਾ ਪਹਿਲਾ ਕਵੀ ਹੈ ਜਿਸ ਦੇ ਸਿਰਜੇ ਕਾਵਿ ਬਿੰਬਾਂ ਨੂੰ ਬਾਅਦ ਦੇ ਕਵੀਆਂ ਨੇ ਆਪਣੀਆਂ ਰਚਨਾਵਾਂ ਵਿੱਚ ਵਰਤਿਆ । ਉਹ ਪੰਜਾਬੀ ਦਾ ਹੀ ਨਹੀਂ ਸਗੋਂ ਉੱਤਰੀ ਭਾਰਤ ਦੀਆਂ ਪ੍ਰਦੇਸ਼ਿਕ ਬੋਲੀਆਂ ਦੇ ਸਾਹਿਤਕਾਰਾਂ ਦੀ ਕਤਾਰ ਦਾ ਮੋਹਰੀ ਸਾਹਿਤਕਾਰ ਸੀ ।

        ਮੁਲਤਾਨੀ ਬੋਲਦੇ ਇਲਾਕੇ ਦਾ ਜੰਮਪਲ ਹੋਣ ਕਰ ਕੇ ਅਤੇ ਜ਼ਿੰਦਗੀ ਦਾ ਬਹੁਤਾ ਹਿੱਸਾ ਇਸੇ ਇਲਾਕੇ ਵਿੱਚ ਹੀ ਬਿਤਾਉਣ ਕਰ ਕੇ ਉਸ ਦੀ ਕਵਿਤਾ ਵਿੱਚ ਇੱਥੋਂ ਦੀ ਮਿੱਟੀ ਦੀ ਮਹਿਕ ਹੈ । ਇਹ ਆਮ ਲੋਕਾਂ ਦੀ ਭਾਸ਼ਾ ਹੈ ਜਿਸ ਨੂੰ ਉਸ ਵੇਲੇ ਮੁਲਤਾਨੀ ਆਖਿਆ ਜਾਂਦਾ ਸੀ । ਓਦੋਂ ‘ ਪੰਜਾਬੀ` ਨਾਂ ਅਜੇ ਪ੍ਰਚਲਿਤ ਨਹੀਂ ਸੀ ਹੋਇਆ । ਉਸ ਦੇ ਸ਼ਬਦ-ਭੰਡਾਰ ਵਿੱਚ ਸੰਸਕ੍ਰਿਤ , ਅਰਬੀ , ਫ਼ਾਰਸੀ ਤੇ ਅਪਭ੍ਰੰਸ਼ ਤੋਂ ਇਲਾਵਾ ਸਿੰਧੀ , ਸਾਧ ਭਾਸ਼ਾ ਅਤੇ ਰਾਜਸਥਾਨੀ ਦੇ ਵੀ ਸ਼ਬਦ ਮਿਲਦੇ ਹਨ ।


ਲੇਖਕ : ਬਖਸ਼ੀਸ਼ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 4103, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.