ਸਟੇਜੀ ਕਵਿਤਾ ਦੀਆਂ ਭਵਿੱਖੀ ਸੰਭਾਵਨਾ ਸਰੋਤ :
ਪੰਜਾਬੀ ਸਟੇਜੀ ਕਾਵਿ, ਸਰੂਪ, ਸਿਧਾਂਤ ਤੇ ਸਥਿਤੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਲੋਕ ਕਹਾਵਤ ਹੈ ਕਿ ਤੁਸੀਂ ਇਕ ਨਦੀ ਵਿਚ ਦੋ ਵਾਰ ਪੈਰ ਨਹੀਂ ਪਾ ਸਕਦੇ ਭਾਵ ਤਬਦੀਲੀ, ਕੁਦਰਤ ਦਾ ਨਿਯਮ ਹੈ ਅਤੇ ਇਸੇ ਨਿਯਮ ਅਧੀਨ ਸਮੁੱਚੀ ਕਾਇਨਾਤ ਦੇ ਨਾਲ ਕਲਾਤਮਿਕ ਰੂਪ ਵੀ ਆਪਣਾ ਰੂਪ ਬਦਲਦੇ ਰਹਿੰਦੇ ਹਨ। ਸੋ ਅੱਜ ਸਟੇਜੀ ਕਵਿਤਾ ਦਾ ਮੁੜ ਪਹਿਲਾਂ ਵਾਲੀ ਸ਼ਾਨ ਵਿਚ ਪਰਤ ਆਉਣ ਬਾਰੇ ਸੋਚਣਾ ਇਕ ਅਤੀਤਮੁਖੀ ਮਨੋ ਇੱਛਾ ਤਾਂ ਹੋ ਸਕਦੀ ਹੈ ਪਰ ਹਕੀਕਤ ਵਿਚ ਅਜਿਹਾ ਹੋਣਾ ਸੰਭਵ ਨਹੀਂ ਹੈ। ਇਸ ਦੇ ਬਾਵਜੂਦ ਸਟੇਜੀ ਕਵਿਤਾ ਲਈ ਕੀ ਕੁਝ ਕੀਤਾ ਜਾਣਾ ਬਣਦਾ ਹੈ ਅਤੇ ਇਸ ਦਾ ਹੁਣ ਭਵਿੱਖ ਕਿਹੋ ਜਿਹਾ ਹੋ ਸਕਦਾ ਹੈ, ਇਸ ਬਾਰੇ ਕੁਝ ਚਰਚਾ ਕੀਤੀ ਜਾ ਰਹੀ ਹੈ ਅਤੇ ਸੁਝਾਅ ਦਿੱਤੇ ਜਾ ਰਹੇ ਹਨ।
ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਹੁਣ ਤਕ ਸਟੇਜੀ ਕਾਵਿ ਨੂੰ ਸਾਹਿਤ ਦੇ ਇਤਿਹਾਸਾਂ ਵਿਚ ਬਣਦੀ ਥਾਂ ਨਹੀਂ ਦਿੱਤੀ ਗਈ। ਆਮ ਕਰਕੇ ਇਸ ਨੂੰ ਸਮਕਾਲੀ ਝੁਕਾਵਾਂ ਵਲੀ ਤੁਕਬੰਦੀ ਖਿਆਲ ਕੀਤਾ ਗਿਆ ਹੈ। ਜਦੋਂ ਕਿ ਇਸ ਵਿਚ ਸਮਕਾਲੀ ਯਥਾਰਥ ਦਾ ਸੱਚ ਕਲਾਤਮਿਕ ਰੂਪ ਵਿਚ ਸਾਂਭਿਆ ਹੋਇਆ ਹੈ। ਇਸ ਲਈ ਸਾਹਿਤ ਦੇ ਇਤਿਹਾਸਾਂ ਵਿਚ ਇਸ ਦਾ ਯੋਗ ਸਥਾਨ ਨਿਸਚਿਤ ਹੋਣਾ ਚਾਹੀਦਾ ਹੈ ਅਤੇ ਪੰਜਾਬੀ ਕਾਵਿ ਆਲੋਚਨਾ ਕਰਦੇ ਸਮੇਂ ਇਸ ਕਾਵਿ-ਪਰੰਪਰਾ ਦਾ ਵੀ ਯੋਗ ਮੁਲੰਕਣ ਹੋਣਾ ਚਾਹੀਦਾ ਹੈ। ਸਟੇਜੀ ਕਾਵਿ ਨੂੰ ਸਿਲੇਬਸਾਂ ਦਾ ਵੀ ਹਿੱਸਾ ਬਨਾਉਣਾ ਚਾਹੀਦਾ ਹੈ।
ਕਲਾ ਦਾ ਇਤਿਹਾਸ ਦਸਦਾ ਹੈ ਕਿ ਮਨੁੱਖੀ ਇਤਿਹਾਸ ਵਿਚ ਪੈਦਾ ਹੋਈ ਕੋਈ ਵੀ ਕਲਾ ਪੂਰਨ ਰੂਪ ਵਿਚ ਨਸਟ ਨਹੀਂ ਹੁੰਦੀ ਸਗੋਂ ਉਸ ਦਾ ਵੱਡਾ ਭਾਗ ਤਾਂ ਨਵੀਆਂ ਕਲਾਵਾਂ ਵਿਚ ਨੀਂਹ ਵਜੋਂ ਕੰਮ ਕਰਦਾ ਹੈ ਪਰ ਇਸ ਦੇ ਨਾਲ ਹੀ ਉਸ ਦੇ ਕੁਝ ਅੰਸ਼ ਸਨਾਤਨੀ ਰੂਪ ਵਿਚ ਸਾਂਭੇ ਜਾਂਦੇ ਹਨ। ਜਿਵੇਂ ਹੁਣ ਸਨਾਤਨੀ ਨਾਚ , ਸਨਾਤਨੀ ਰਾਗ ਦੀ ਸਾਂਭ-ਸੰਭਾਲ ਹੁੰਦੀ ਰਹਿੰਦੀ ਹੈ। ਇਨ੍ਹਾਂ ਸਨਾਤਨੀ ਰੂਪਾਂ ਦੇ ਪਾਠਕ ਸਰੋਤੇ ਦਰਸ਼ਕ ਤਾਂ ਥੋੜ੍ਹੇ ਹੀ ਹੁੰਦੇ ਹਨ ਪਰ ਕਲਾ ਦੀ ਇਤਿਹਾਸ ਵਿਚ ਅਤੇ ਨਵੀਅਂ ਕਲਾਵਾਂ ਦੇ ਵਿਕਾਸ ਵਿਚ ਇਨ੍ਹਾਂ ਸਨਾਤਨੀ ਰੂਪਾਂ ਦੇ ਅੰਦਰ ਅਭਿਆਸ ਦਾ ਬੜਾ ਮਹੱਤਵ ਹੁੰਦਾ ਹੈ। ਸਟੇਜੀ ਕਾਵਿ ਨੂੰ ਵੀ ਹੁਣ ਇਕ ਸਨਾਤਨੀ ਕਾਵਿ ਰੂਪ ਵਜੋਂ ਸਾਂਭੇ ਜਾਣ ਦੀ ਜ਼ਰੂਰਤ ਹੈ। ਅਜਿਹਾ ਕੇਵਲ ਸਟੇਜੀ ਕਾਵਿ ਦੀਆਂ ਪੁਸਤਕਾਂ ਨੂੰ ਸਾਂਭਣ ਨਾਲ ਨਹੀਂ ਹੋਣਾ ਸਗੋਂ ਅੱਜ ਵੀ ਕਵੀ ਦਰਬਾਰਾਂ ਦਾ ਆਯੋਜਨ ਹੋਣਾ ਚਾਹੀਦਾ ਹੈ। ਇਸ ਲਈ ਸਰਕਾਰੀ, ਅਰਧ-ਸਰਕਾਰੀ ਅਤੇ ਗੈਰ-ਸਰਕਾਰੀ ਸਾਹਿਤਕ ਸੰਸਥਾਵਾਂ ਨੂੰ ਸਰਗਰਮ ਹੋਣ ਦੀ ਜ਼ਰੂਰਤ ਹੈ। ਇਨ੍ਹਾਂ ਕਵੀ ਦਰਬਾਰਾਂ ਵਿਚ ਆਮ ਕਿਤਾਬੀ ਸ਼ਾਇਰਾਂ ਨੂੰ ਜੋ ਸਟੇਜੀ ਕਾਵਿ ਦੇ ਫਨ ਤੋਂ ਅਨਜਾਣ ਹਨ ਨਾ ਸੱਦਿਆ ਜਾਵੇ ਸਗੋਂ ਨਿਰੋਲ ਸਟੇਜੀ ਕਵੀਆਂ ਨੂੰ ਹੀ ਮੌਕਾ ਦਿੱਤਾ ਜਾਵੇ। ਇਨ੍ਹਾਂ ਸਟੇਜੀ ਕਵੀ ਦਰਬਾਰਾਂ ਵਿਚ ਆਮ ਲੋਕਾਂ ਦੀ ਸ਼ਮੂਲੀਅਤ ਕਰਵਾਈ ਜਾਵੇ। ਇੰਜ ਇਸ ਦਾ ਸਨਾਤਨੀ ਰੂਪ ਬਰਕਰਾਰ ਰੱਖਿਆ ਜਾ ਸਕਦਾ ਹੈ।
ਜਿੱਥੇ ਸਟੇਜੀ ਕਵੀ ਦਰਬਾਰਾਂ ਦੀ ਨਵੀਂ ਪਿਰਤ ਚਲਾਉਣ ਦੀ ਜ਼ਰੂਰਤ ਹੈ, ਉਥੇ ਪੁਰਾਣੇ ਸਟੇਜੀ ਕਵੀਆਂ ਦੀਆਂ ਮੌਜੂਦ ਰੇਡੀਓ ਰਿਕਾਰਡਾਂ, ਵੀਡੀਓ ਰਿਕਾਰਡਾਂ, ਟੈਲੀਵਿਜ਼ਨ ਰਿਕਾਰਡਿੰਗ ਨੂੰ ਸਾਂਭੇ ਜਾਣ ਦੀ ਜ਼ਰੂਰਤ ਹੈ। ਚੋਣਵੇਂ ਲੋਕ-ਪ੍ਰਚੱਲਿਤ ਸ਼ਾਇਰ ਜਿਵੇਂ ਸ਼ਿਵ ਕੁਮਾਰ, ਗੁਰਦੇਵ ਸਿੰਘ ਮਾਨ ਆਦਿ ਦੇ ਚੋਣਵੇਂ ਕਲਾਮ ਦੀਆਂ ਆਡੀਓ, ਵੀਡੀਓ ਕੈਸਿਟਾਂ ਬਣਾਈਆਂ ਜਾ ਸਕਦੀਆਂ ਹਨ। ਜਿਨ੍ਹਾਂ ਕਵੀਆਂ ਦਾ ਕਲਾਮ ਉਨ੍ਹਾਂ ਦੀ ਆਪਣੀ ਆਵਾਜ ਵਿਚ ਨਹੀਂ ਮਿਲਦਾ ਉਨ੍ਹਾਂ ਕਵੀਆਂ ਦੀ ਕਵਿਤਾ ਅਨੁਸਾਰ ਸਟੇਜੀ ਕਵੀਆਂ ਦੀ ਸ਼ੈਲੀ ਵਿਚ ਯੋਗ ਉਚਾਰਨ ਵਾਲੇ ਦੀ ਆਵਾਜ ਵਿਚ ਰਿਕਾਰਡ ਕੀਤਾ ਜਾਵੇ।
ਪੁਰਾਣੇ ਸਟੇਜੀ ਕਾਵਿ ਦੇ ਚੋਣਵੇਂ ਅੰਸ਼ਾਂ ਨੂੰ ਪੁਨਰ-ਪ੍ਰਕਾਸ਼ਿਤ ਕੀਤਾ ਜਾਵੇ। ਇਕ ਪਾਸੇ ਤਾਂ ਸਭ ਰੰਗ ਅਧੀਨ ਹਰ ਭਾਵ ਦੀਆਂ ਕਵਿਤਾਵਾਂ ਨੂੰ ਇਕੱਤਰ ਕਰਕੇ ਸੰਪਾਦਤ ਕੀਤਾ ਜਾਵੇ ਤਾਂ ਜੋ ਸਟੇਜੀ ਕਾਵਿ ਦੀ ਵੰਨ-ਸੁਵੰਨਤਾ ਦਾ ਪਤਾ ਲੱਗ ਸਕੇ ਅਤੇ ਦੂਸਰੇ ਪਾਸੇ ਚੋਣਵੇਂ ਵਿਸ਼ਿਆਂ ਅਨੁਸਾਰ ਜਿਵੇਂ ਗੁਰੂ ਨਾਨਕ ਦੇਵ ਜੀ ਦੀ ਸਖ਼ਸ਼ੀਅਤ, ਅੰਗਰੇਜ਼ ਸਾਮਰਾਜ ਦਾ ਵਿਰੋਧ ਵਿਸ਼ਿਆਂ ਦੀਆਂ ਕਵਿਤਾਵਾਂ ਨੂੰ ਸੰਗ੍ਰਹਿਤ ਕਰਕੇ ਸੰਪਾਦਤ ਕੀਤਾ ਜਾਵੇ ਤਾਂ ਜੋ ਇਕੋ ਵਿਸ਼ੇ ਉਪਰ ਸਟੇਜੀ ਕਵੀਆਂ ਦੇ ਫਨ ਦਾ ਕਮਾਲ ਵੇਖਿਆ ਜਾ ਸਕੇ।
ਸਮੱਸਿਆ ਦੇ ਕੇ ਕਵਿਤਾ ਲਿਖਵਾਉਣ ਦੀ ਪਿਰਤ ਪੁਨਰ ਸੁਰਜੀਤ ਕਰਨ ਦੀ ਜ਼ਰੂਰਤ ਹੈ। ਕਾਵਿ ਦੇ ਨਵੇਂ ਪਾਂਧੀਆਂ ਲਈ ਇਹ ਅਭਿਆਸ ਚੰਗੀ ਮਸ਼ਕ ਸੀ , ਇਸ ਨੂੰ ਸਕੂਲਾਂ, ਕਾਲਜਾਂ ਦੇ ਸਭਿਆਚਾਰਕ ਮੁਕਾਬਲਿਆਂ ਵਿਚ ਮੁੜ ਸ਼ਾਮਲ ਕਰਨਾ ਚਾਹੀਦਾ ਹੈ ਤਾਂ ਜੋ ਨਵੇਂ ਕਵੀ, ਨਵੇਂ ਢੁਕਵੇਂ ਮੌਕਿਆਂ ਅਨੁਸਾਰ ਲਿਖਣ ਦੇ ਕਾਬਲ ਬਣ ਸਕਣ। ਅਜਿਹੇ ਸ਼ਾਇਰ ਫਿਰ ਨਵੀਆਂ ਕਲਾਤਮਿਕ ਅਤੇ ਵਪਾਰਕ ਲੋੜਾਂ ਜਿਵੇਂ ਟੈਲੀਵਿਜ਼ਨ, ਫ਼ਿਲਮਾਂ, ਰੇਡੀਓ, ਵੀਡੀਓ ਅਤੇ ਇਸ਼ਤਿਹਾਰਾਂ ਲਈ ਵੀ ਲਿਖ ਸਕਣਗੇ। ਇਸ ਪ੍ਰਕਾਰ ਕਾਵਿ ਦਾ ਵਪਾਰਕ ਮਹੱਤਵ ਵੀ ਹੋ ਸਕਦਾ ਹੈ।
ਅਜਿਹੇ ਉਦਮਾ ਨਾਲ ਸਟੇਜੀ ਕਾਵਿ ਦੇ ਰੰਗਲੇ ਅਤੀਤ ਤੋਂ ਸੇਧ ਵੀ ਲਈ ਜਾ ਸਕਦੀ ਹੈ ਤੇ ਭਵਿੱਖ ਲਈ ਵੀ ਅਮੀਰ ਪਰੰਪਰਾ ਦੇ ਚੰਗੇ ਅੰਸ਼ਾਂ ਨੂੰ ਸਾਂਭਿਆ ਜਾ ਸਕਦਾ ਹੈ।
ਲੇਖਕ : ਡਾ. ਰਾਜਿੰਦਰ ਪਾਲ ਸਿੰਘ,
ਸਰੋਤ : ਪੰਜਾਬੀ ਸਟੇਜੀ ਕਾਵਿ, ਸਰੂਪ, ਸਿਧਾਂਤ ਤੇ ਸਥਿਤੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1111, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-18, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First