ਸਲੋਕ ਮਹਲਾ ੯ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਸਲੋਕ ਮਹਲਾ ੯: ਗੁਰੂ ਗ੍ਰੰਥ ਸਾਹਿਬ ਵਿਚ ਇਸ ਸਿਰਲੇਖ ਅਧੀਨ ਗੁਰੂ ਤੇਗ ਬਹਾਦਰ ਜੀ ਦੇ 57 ਸ਼ਲੋਕ ਦਰਜ ਹਨ। ਇਹ ਸ਼ਲੋਕ ਦਸਮ ਗੁਰੂ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਪੁਨਰ-ਸੰਪਾਦਨ ਵੇਲੇ ‘ਸਲੋਕ ਵਾਰਾ ਤੇ ਵਧੀਕ ’ ਤੋਂ ਬਾਦ ਦਰਜ ਕੀਤੇ ਸਨ। ਇਹ ਸ਼ਲੋਕ ਕਦ ਲਿਖੇ ਗਏ ? ਇਸ ਬਾਰੇ ਵਿਦਵਾਨਾਂ ਵਿਚ ਮਤ-ਏਕਤਾ ਨਹੀਂ ਹੈ। ਸੰਪ੍ਰਦਾਈ ਵਿਦਵਾਨ ਇਨ੍ਹਾਂ ਨੂੰ ਉਸ ਵੇਲੇ ਦੀ ਰਚਨਾ ਮੰਨਦੇ ਹਨ, ਜਦੋਂ ਨਵਮ ਗੁਰੂ ਸ਼ਹਾਦਤ ਤੋਂ ਪਹਿਲਾਂ ਦਿੱਲੀ ਵਿਚ ਕੈਦ ਸਨ। ਉਨ੍ਹਾਂ ਅਨੁਸਾਰ ਇਹ ਸ਼ਲੋਕ ਉਪਦੇਸ਼ ਰੂਪ ਵਿਚ ਗੁਰੂ ਜੀ ਨੇ ਆਪਣੇ ਸੁਪੁੱਤਰ (ਗੁਰੂ ਗੋਬਿੰਦ ਸਿੰਘ) ਨੂੰ ਆਨੰਦਪੁਰ ਸਾਹਿਬ ਲਿਖ ਭੇਜੇ ਸਨ। ਪਰ ਆਧੁਨਿਕ ਵਿਦਵਾਨਾਂ ਦੀ ਸਥਾਪਨਾ ਹੈ ਕਿ ਵਖ ਵਖ ਅਵਸਰਾਂ ਉਤੇ ਉਚਾਰੇ ਗਏ ਸ਼ਲੋਕਾਂ ਨੂੰ ਹੀ ‘ਸਲੋਕ ਵਾਰਾਂ ਤੇ ਵਧੀਕ’ ਦੀ ਸਰਣੀ’ਤੇ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਵਿਚ ਸੰਕਲਿਤ ਕਰ ਦਿੱਤਾ ਸੀ ।
ਸੰਪ੍ਰਦਾਈ ਗਿਆਨੀਆਂ ਦੀ ਇਹ ਧਾਰਣਾ ਵੀ ਹੈ ਕਿ ਇਨ੍ਹਾਂ ਵਿਚੋਂ ਅਗੇ ਲਿਖਿਆ ਸ਼ਲੋਕ ਦਸਮ ਗੁਰੂ ਦੀ ਰਚਨਾ ਹੈ—ਬਲੁ ਹੋਆ ਬੰਧਨ ਛੁਟੇ ਸਭੁ ਕਿਛੁ ਹੋਤੁ ਉਪਾਇ। ਨਾਨਕ ਸਭੁ ਕਿਛੁ ਤੁਮਰੈ ਹਾਥ ਮੈ ਤੁਮ ਹੀ ਹੋਤ ਸਹਾਇ।੫੪। (ਗੁ.ਗ੍ਰੰ.1429)। ਕਿਉਂਕਿ ਇਹ ਸ਼ਲੋਕ, ਅਸਲ ਵਿਚ, ਗੁਰੂ ਤੇਗ ਬਹਾਦਰ ਜੀ ਦੇ ਰਚੇ ਹੇਠਲੇ ਦੋਹਰੇ ਦਾ ਉੱਤਰ ਹੈ ਜਿਸ ਤੋਂ ਦਸਮ ਗੁਰੂ ਜੀ ਦੀ ਮਾਨਸਿਕ ਦ੍ਰਿੜ੍ਹਤਾ ਦਾ ਪਰਿਚਯ ਮਿਲਦਾ ਹੈ— ਬਲੁ ਛੁਟਕਿਉ ਬੰਧਨ ਪਰੇ ਕਛੂ ਨ ਹੋਤ ਉਪਾਇ। ਕਹੁ ਨਾਨਕ ਅਬ ਓਟ ਹਰਿ ਗਜ ਜਿਉ ਹੋਹੁ ਸਹਾਇ।੫੩।
ਜੇ ਉਪਰੋਕਤ ਤੱਥ ਦਾ ਗੰਭੀਰਤਾ ਪੂਰਵਕ ਅਧਿਐਨ ਕੀਤਾ ਜਾਏ ਤਾਂ ਪਤਾ ਲਗਦਾ ਹੈ ਕਿ ਇਨ੍ਹਾਂ ਦੋਹਾਂ ਸ਼ਲੋਕਾਂ ਵਿਚ ਤਥਾ-ਕਥਿਤ ਵਿਰੋਧੀ ਭਾਵਨਾ ਨੇ ਹੀ ਅਜਿਹੀ ਕਲਪਨਾ ਕਰਨ ਲਈ ਸੰਪ੍ਰਦਾਈ ਗਿਆਨੀਆਂ ਨੂੰ ਪ੍ਰੇਰਿਤ ਕੀਤਾ ਹੋਵੇਗਾ ਅਤੇ ਇਸੇ ਪ੍ਰੇਰਣਾ ਦੇ ਅਧੀਨ 18ਵੀਂ ਸਦੀ ਵਿਚ ਲਿਖੀਆਂ ਗਈਆਂ ਗੁਰੂ ਗ੍ਰੰਥ ਸਾਹਿਬ ਦੀਆਂ ਕੁਝ ਕੁ ਬੀੜਾਂ ਵਿਚ 54ਵੇਂ ਸ਼ਲੋਕ ਤੋਂ ਪਹਿਲਾਂ ‘ਮ.੧੦’ ਅੰਕਿਤ ਕੀਤਾ ਗਿਆ ਹੋਵੇਗਾ, ਪਰ ਅਧਿਕਾਂਸ਼ ਪੁਰਾਤਨ ਬੀੜਾਂ ਅਤੇ 17ਵੀਂ ਸਦੀ ਦੇ ਅੰਤ ਤਕ ਲਿਖੀਆਂ ਗਈਆਂ ਬੀੜਾਂ ਵਿਚ ‘ਮ.੧੦’ ਉਕਤੀ ਲਿਖੀ ਨਹੀਂ ਮਿਲਦੀ। ਵਾਸਤਵ ਵਿਚ, ਗੁਰੂ ਤੇਗ ਬਹਾਦਰ ਜੀ ਵਰਗੇ ਸ਼ਿਰੋਮਣੀ ਸ਼ਹੀਦ , ਮਾਨਵਤਾ ਦੇ ਰਖਿਅਕ, ਦ੍ਰਿੜ੍ਹ ਪ੍ਰਤਿਗਿਆ ਵਾਲੇ ਅਤੇ ‘ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨਿ’ ਦੀ ਘੋਸ਼ਣਾ ਕਰਨ ਵਾਲੇ ਮਹਾਪੁਰਸ਼ ਤੋਂ ਅਜਿਹੀ ਵਿਚਲਿਤ ਮਾਨਸਿਕਤਾ ਦੀ ਆਸ ਹੀ ਨਹੀਂ ਕੀਤੀ ਜਾ ਸਕਦੀ। ਸਹੀ ਗੱਲ ਇਹ ਹੈ ਕਿ ਗੁਰੂ ਜੀ ਨੇ ਇਨ੍ਹਾਂ ਦੋਹਾਂ ਸ਼ਲੋਕਾਂ ਵਿਚ ਜਿਗਿਆਸੂ ਨੂੰ ਉਪਦੇਸ਼ ਦੇਣ ਵੇਲੇ ਮਨ ਦੀ ਡਾਵਾਂਡੋਲ ਸਥਿਤੀ ਦਾ ਉਤਸਾਹ- ਵਰਧਕ ਸਥਿਤੀ ਦੇ ਚਿਤ੍ਰਣ ਰਾਹੀਂ ਸਮਾਧਾਨ ਪੇਸ਼ ਕੀਤਾ ਹੈ। ਫਲਸਰੂਪ 54ਵਾਂ ਸ਼ਲੋਕ ਵੀ ਨਵਮ ਗੁਰੂ ਦੀ ਰਚਨਾ ਹੈ ਜਿਸ ਵਿਚ ਉਨ੍ਹਾਂ ਨੇ ‘ਕਛੂ ਨ ਹੋਤ ਉਪਾਇ’ ਵਾਲੀ ਵਿਚਲਤਾ ਨੂੰ ‘ਸਭ ਕਿਛੁ ਹੋਤ ਉਪਾਇ’ ਦੀ ਦ੍ਰਿੜ੍ਹਤਾ ਰਾਹੀਂ ਉਖੜੇ ਹੋਏ ਮਨ ਵਾਲੇ ਜਿਗਿਆਸੂ ਨੂੰ ਆਪਣੇ ਕਰਤੱਵ ਦੇ ਮਾਰਗ ਉਤੇ ਅਗੇ ਵਧਣ ਲਈ ਹੱਲਾ-ਸ਼ੇਰੀ ਦਿੱਤੀ ਹੈ। ਪ੍ਰਕਾਸ਼ਿਤ ਬੀੜਾਂ ਵਿਚ ‘ਮ.੧੦’ ਉਕਤੀ ਦਾ ਅਭਾਵ ਹੈ। ਬਾਬਾ ਫ਼ਰੀਦ ਜੀ ਦੀ ਬਾਣੀ ਵਿਚ ਵੀ ਦੋ ਸ਼ਲੋਕ (24 ਅਤੇ 25) ਇਸੇ ਸ਼ੈਲੀ ਵਿਚ ਲਿਖੇ ਮਿਲਦੇ ਹਨ ਅਤੇ ਦ੍ਰਿੜ੍ਹ ਪ੍ਰਤਿਗਿਆ ਦਾ ਆਹਵਾਨ ਪ੍ਰਗਟ ਕਰਦੇ ਹਨ — ਜਾਇ ਮਿਲਾ ਤਿਨਾ ਸਜਣਾ, ਤੁਟਉ ਨਾਹੀ ਨੇਹੁ। ੨੫।
ਇਨ੍ਹਾਂ ਸ਼ਲੋਕਾਂ ਦਾ ਮੂਲ ਵਿਸ਼ਾ ਹੈ ਮਨੁੱਖ ਨੂੰ ਸੰਸਾਰਿਕਤਾ ਤੋਂ ਹਟਾ ਕੇ ਹਰਿ-ਭਗਤੀ ਵਿਚ ਲੀਨ ਕਰਨਾ। ਹਰਿ-ਭਗਤੀ, ਸਿੱਖ ਪੰਥਕ ਮਰਯਾਦਾ ਦਾ ਨੀਂਹ-ਪੱਥਰ ਹੈ। ‘ਕਹੁ ਨਾਨਕ ਹਰਿ ਭਜੁ ਮਨਾ’ ਵਾਕਾਂਸ਼ ਤਾਂ ਇਨ੍ਹਾਂ ਸ਼ਲੋਕਾਂ ਦੀ ਇਕ ਪ੍ਰਕਾਰ ਦੀ ‘ਟੇਕ ’ ਬਣ ਗਈ ਹੈ ਕਿਉਂਕਿ ਇਸ ਸੰਸਾਰ ਵਿਚ ਹਰਿ-ਭਗਤੀ ਹੀ ਸਥਿਰ ਵਸਤੂ ਹੈ — ਨਾਨਕ ਥਿਰੁ ਹਰਿ ਭਗਤਿ ਹੈ ਤਿਹ ਰਾਖੋ ਮਨ ਮਾਹਿ। ਪਹਿਲੇ ਸ਼ਲੋਕ ਵਿਚ ਹੀ ਇਸ ਦੀ ਲੋੜ ਨੂੰ ਮਛਲੀ ਦੀ ਪਾਣੀ ਲਈ ਲੋੜ ਦੇ ਤੁਲ ਦਸਿਆ ਗਿਆ ਹੈ। ਇਸ ਭਗਤੀ ਦਾ ਆਧਾਰ-ਤੱਤ੍ਵ ਪ੍ਰੇਮ ਦਸਦੇ ਹੋਇਆਂ ਨਾਮ-ਸਾਧਨਾ ਉਤੇ ਬਲ ਦਿੱਤਾ ਗਿਆ ਹੈ ਕਿਉਂਕਿ ਹਰਿ-ਭਜਨ ਤੋਂ ਬਿਨਾ ਬੰਦਾ ਸਖਣਾ ਹੈ। ਭਗਤੀ ਵਿਚ ਲੀਨ ਵਿਅਕਤੀ ਦਾ ਸਰੂਪ ਬਦਲ ਜਾਂਦਾ ਹੈ। ਉਸ ਲਈ ਸੁਖ-ਦੁਖ, ਮਾਨ-ਅਪਮਾਨ ਇਕ-ਸਮਾਨ ਹੋ ਜਾਂਦੇ ਹਨ। ਉਹ ਸਮਦਰਸ਼ੀ ਬਣ ਜਾਂਦਾ ਹੈ— ਹਰਖੁ ਸੋਗੁ ਜਾ ਕੈ ਨਹੀ ਬੈਰੀ ਮੀਤ ਸਮਾਨਿ। ਕਹੁ ਨਾਨਕ ਸੁਨਿ ਰੇ ਮਨਾ ਮੁਕਤਿ ਤਾਹਿ ਤੈ ਜਾਨਿ।15। (ਗੁ.ਗ੍ਰੰ.1427)।
ਇਨ੍ਹਾਂ ਸ਼ਲੋਕਾਂ ਵਿਚ ਗੁਰੂ ਜੀ ਨੇ ਜਗਤ ਨੂੰ ਨਸ਼ਵਰ ਮੰਨ ਕੇ ਜਿਗਿਆਸੂ ਨੂੰ ਸੰਸਾਰਿਕਤਾ ਤੋਂ ਹਟ ਕੇ ਹਰਿ-ਭਗਤੀ ਵਿਚ ਲੀਨ ਹੋਣ ਦੀ ਪ੍ਰੇਰਣਾ ਦਿੱਤੀ ਹੈ। ਇਸ ਤੋਂ ਇਲਾਵਾ ਇਨ੍ਹਾਂ ਵਿਚ ਪਰਮਾਤਮਾ ਦੇ ਸਰੂਪ ਅਤੇ ਸਮਰਥਤਾ ਨੂੰ ਦਰਸਾਉਂਦੇ ਹੋਇਆਂ ਉਸ ਦੇ ਹੋਰ ਅਨੇਕ ਗੁਣਾਂ ਅਤੇ ਲੱਛਣਾਂ ਉਤੇ ਪ੍ਰਕਾਸ਼ ਪਾਇਆ ਹੈ।
ਇਨ੍ਹਾਂ ਸ਼ਲੋਕਾਂ ਵਿਚ ਛੰਦ ਦੀ ਦ੍ਰਿਸ਼ਟੀ ਤੋਂ ਦੋਹਿਰੇ ਦੇ ਲੱਛਣਾਂ ਦੀ ਪਾਲਨਾ ਹੋਈ ਹੈ। ਬ੍ਰਜ-ਭਾਸ਼ਾ ਵਿਚ ਲਿਖੇ ਇਨ੍ਹਾਂ ਸ਼ਲੋਕਾਂ ਦਾ ਵਾਤਾਵਰਣ ਨਿਰਮਲ ਅਤੇ ਵੈਰਾਗਮਈ ਹੈ। ਸ਼ਬਦਾਂ ਨੂੰ ਇਤਨੇ ਸੁਚਜ ਨਾਲ ਬੀੜਿਆ ਗਿਆ ਹੈ ਕਿ ਹਰ ਸ਼ਲੋਕ ਸਤਿ-ਕਥਨ ਦਾ ਰੂਪ ਧਾਰਣ ਕਰ ਗਿਆ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2323, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First