ਸਹਜਧਾਰੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਹਜਧਾਰੀ . ਵਿ— ਸਹਜ ( ਗ੍ਯਾਨ ) ਧਾਰਣ ਵਾਲਾ. ਵਿਚਾਰਵਾਨ । ੨ ਸੁਖਾਲੀ ਧਾਰਣਾ ਵਾਲਾ. ਸੌਖੀ ਰੀਤਿ ਅੰਗੀਕਾਰ ਕਰਨ ਵਾਲਾ । ੩ ਸੰਗ੍ਯਾ— ਸਿੱਖਾਂ ਦਾ ਇੱਕ ਅੰਗ , ਜੋ ਕੇਸ਼ ਕੱਛ ਕ੍ਰਿਪਾਨ ਦੀ ਰਹਿਤ ਨਹੀਂ ਰਖਦਾ , ਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਬਿਨਾ ਆਪਣਾ ਹੋਰ ਧਰਮਪੁਸ੍ਤਕ ਨਹੀਂ ਮੰਨਦਾ.1  ਅਤੇ ਸਾਰੇ ਸੰਸਕਾਰ ਗੁਰੁਬਾਣੀ ਨਾਲ ਕਰਦਾ ਹੈ , ਤਥਾ ਕੁੱਠਾ ਤੰਬਾਕੂ ਆਦਿ ਨਹੀਂ ਵਰਤਦਾ. ਦੇਖੋ , ਨਾਮਕਰਣ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 834, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no

ਸਹਜਧਾਰੀ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਹਜਧਾਰੀ : ਉਹ ਹੈ ਜੋ ਸਹਜੇ ਸਹਜੇ ਸਿੱਖ ਧਰਮ ਦੀ ਮਰਯਾਦਾ ਧਾਰਨ ਕਰਦਾ ਹੈ । ਬਾਕੀ ਸਿੱਖਾਂ ਦੀ ਤਰ੍ਹਾਂ ਸਹਜਧਾਰੀ ਸਿੱਖ ਵੀ ਦਸ ਗੁਰੂਆਂ ਅਤੇ ਗੁਰੂ ਗ੍ਰੰਥ ਸਾਹਿਬ ਵਿਚ ਨਿਸ਼ਚਾ ਰੱਖਦੇ ਹਨ , ਪਰੰਤੂ ਇਹ ਕੇਸ ਸਾਬਤ ਨਹੀਂ ਰੱਖਦੇ । ਅੰਮ੍ਰਿਤ ਛਕਣਾ ਅਤੇ ਕੇਸ ਸਾਬਤ ਰਖਣੇ ਅਤੇ ਦਾੜ੍ਹੀ ਰੱਖਣ ਦੀ ਇਹਨਾਂ ਦੀ ਇੱਛਾ ਹੁੰਦੀ ਹੈ ਜਿਹੜੀ ਇਹ ਆਪਣੇ ਜੀਵਨ ਕਾਲ ਵਿਚ ਇਹਨਾਂ ਦੀ ਸੰਤਾਨ ਵੱਲੋਂ ਪੂਰੀ ਕਰਨ ਦੀ ਆਸ ਇਹ ਜ਼ਰੂਰ ਰੱਖਦੇ ਹਨ । ਕੁਝ ਸਹਜਧਾਰੀ ਮਾਪੇ ਤਾਂ ਇਹ ਸਹੁੰ ਖਾਂਦੇ ਹਨ ਕਿ ਉਹਨਾਂ ਦਾ ਪਹਿਲਾ ਲੜਕਾ ਪੂਰਾ ਸਿੱਖ ਹੋਏਗਾ । ਸਹਜਧਾਰੀ ਇਕ ਨਿਯਮ ਦੇ ਤੌਰ ਤੇ ਆਪਣੇ ਨਾਂ ਪਿੱਛੇ ਸਿੰਘ ਨਹੀਂ ਲਗਾਂਦੇ ।

      ਸ਼ਬਦ ਸਹਜਧਾਰੀ ਦਰਅਸਲ ਦੋ ਸ਼ਬਦਾਂ ਦਾ ਸਮੂਹ ਹੈ- ਸਹਜ ਅਤੇ ਧਾਰੀ । ਸ਼ਬਦ ਸਹਜ ( ਸੰਸਕ੍ਰਿਤ ਵਿਚ ਸ਼ਬਦ ‘ ਸਹਜ` ) ਜਿਸਦਾ ਅਰਥ ਹੈ ਸ਼ਾਂਤ ਚਿੱਤ , ਬੇਚੈਨ ਨਾ ਹੋਣਾ ਅਤੇ ਇਸੇ ਤਰ੍ਹਾਂ ਸ਼ਬਦ ਧਾਰੀ ਦਾ ਅਰਥ ਹੈ ਉਸ ਧਰਮ ਜਾਂ ਰੂਪ ਨੂੰ ਗ੍ਰਹਿਣ ਕਰਨ ਵਾਲਾ । ਇਹ ਸ਼ਬਦ ਗੁਰੂ ਗੋਬਿੰਦ ਸਿੰਘ ਜੀ ਦੇ 1699 ਈਸਵੀ ਨੂੰ ਖ਼ਾਲਸਾ ਸਾਜਣ ਉਪਰੰਤ ਵਰਤੋਂ ਵਿਚ ਆਇਆ ਕਿਉਂਕਿ 1699 ਨੂੰ ਗੁਰੂ ਜੀ ਨੇ ਖੰਡੇ ਦੀ ਪਾਹੁਲ ਭਾਵ ਕਿ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਕੇ ਸਿੱਖਾਂ ਨੂੰ ਛਕਾਇਆ ਸੀ । ਇਸ ਲਈ ਜਿਨ੍ਹਾਂ ਨੇ ਖੰਡੇ ਦੀ ਪਾਹੁਲ ਛਕ ਲਈ ਖ਼ਾਲਸਾ ਬਣ ਗਏ ਅਤੇ ਜੋ ਖੰਡੇ ਦੀ ਪਾਹੁਲ ਨਹੀਂ ਛਕ ਸਕੇ ਜਾਂ ਕਿਸੇ ਕਾਰਨ ਕਰਕੇ ਜਿਨ੍ਹਾਂ ਨੇ ਨਹੀਂ ਛਕੀ ਸਹਜਧਾਰੀ ਕਹਿਲਾਏ ਅਰਥਾਤ ਉਹ ਸਿੱਖ ਜੋ ਕਿਸੇ ਸਮੇਂ ਫਿਰ ਅੰਮ੍ਰਿਤ ਭਾਵ ਖੰਡੇ ਦੀ ਪਾਹੁਲ ਛਕ ਕੇ ਖ਼ਾਲਸਾ ਸਜ ਜਾਣਗੇ । ਉਦਾਹਰਨ ਦੇ ਤੌਰ ਤੇ ਉਸ ਸਮੇਂ ਗੁਰੂ ਗੋਬਿੰਦ ਸਿੰਘ ਦੁਆਰਾ ਸਥਾਪਿਤ ਵਿਧੀ ਰਾਹੀਂ ਇਕੋ ਸਮੇਂ ਦੂਰ ਦੁਰਾਡੇ ਦੀਆਂ ਸਾਰੀਆਂ ਸਿੱਖ ਸੰਗਤਾਂ ਨੂੰ ਅੰਮ੍ਰਿਤ ਛਕਾਉਣਾ ਸੰਭਵ ਨਹੀਂ ਸੀ । ਦੂਸਰੀ ਰੁਕਾਵਟ ਸੀ ਸਿੱਖਾਂ ਅਤੇ ਸ਼ਾਸਕ ਜਮਾਤ ਵਿਚ ਝਗੜਾ ਜਿਹੜਾ ਛੇਤੀ ਹੀ ਪਿੱਛੋਂ ਉਤਪੰਨ ਹੋ ਗਿਆ ਸੀ । ਫਿਰ ਵੀ ਸਹਜਧਾਰੀ ਗੁਰੂ ਗੋਬਿੰਦ ਸਿੰਘ ਦੇ ਸਮੇਂ ਤੋਂ ਵੀ ਵੱਡੀ ਸਿੱਖ ਸੰਗਤ ਦਾ ਹਿੱਸਾ ਰਹੇ ਹਨ । ਇਹਨਾਂ ਵਿਚੋਂ ਦੋ ਵਿਅਕਤੀ ਉਹਨਾਂ ਦੇ ਆਪਣੇ ਸਮੇਂ ਵਿਚ ਉਹਨਾਂ ਦੇ ਨਾਲ ਸਨ; ਇਹ ਸਨ ਭਾਈ ਨੰਦ ਲਾਲ ਅਤੇ ਭਾਈ ਕਨ੍ਹਈਆ ਅਤੇ ਇਹਨਾਂ ਦੋਵਾਂ ਦਾ ਹੀ ਬਹੁਤ ਸਤਿਕਾਰ ਸੀ । ਭਾਈ ਨੰਦ ਨਾਲ ਨੇ ਜੋ ਕਿ ਫ਼ਾਰਸੀ ਦਾ ਇਕ ਮਹਾਨ ਵਿਦਵਾਨ ਅਤੇ ਕਵੀ ਸੀ , ਅਨੰਦਪੁਰ ਵਿਖੇ ਆਉਣ ਜਾਣ ਵਾਲੇ ਸ਼ਰਧਾਲੂਆਂ ਲਈ ਚੌਵੀ ਘੰਟੇ ਲੰਗਰ ਜਾਰੀ ਕਰ ਰੱਖਿਆ ਸੀ । ਭਾਈ ਕਨ੍ਹਈਏ ਨੇ ਗੁਰੂ ਜੀ ਤੋਂ ਪ੍ਰਸੰਸਾ ਪ੍ਰਾਪਤ ਕੀਤੀ ਅਤੇ ਅਜੇ ਤਕ ਵੀ ਉਸ ਨੂੰ ਸਿੱਖ ਪਰੰਪਰਾ ਵਿਚ ਆਪਣੀ ਉਸ ਸ਼ਰਧਾ ਲਈ ਯਾਦ ਕੀਤਾ ਜਾਂਦਾ ਹੈ ਜਿਸ ਨਾਲ ਉਸ ਨੇ ਬਿਨਾਂ ਇਹ ਦੇਖੇ ਕਿ ਦੁਸ਼ਮਣ ਕੌਣ ਹੈ ਅਤੇ ਮਿੱਤਰ ਕੌਣ ਹੈ ਜੰਗ ਵਿਚ ਜ਼ਖ਼ਮੀ ਹੋਇਆਂ ਦੀ ਸੇਵਾ ਕੀਤੀ ਸੀ । । ਅਠਾਰ੍ਹਵੀਂ ਸਦੀ ਦੇ ਪਹਿਲੇ ਹਿੱਸੇ ਵਿਚ ਜਦੋਂ ਸਿੱਖਾਂ ਦਾ ਕਤਲੇਆਮ ਕੀਤਾ ਜਾ ਰਿਹਾ ਸੀ ਅਤੇ ਜਦੋਂ ਕੇਸਾਧਾਰੀ ਹੋਣ ਦਾ ਅਰਥ ਸੀ ਮੌਤ ਨੂੰ ਸੱਦਾ ਦੇਣਾ ਤਾਂ ਇਸ ਸੰਕਟ ਦੇ ਸਮੇਂ ਇਹਨਾਂ ਸਹਜਧਾਰੀਆਂ ਨੇ ਸਿੰਘਾਂ ਦੇ ਧਰਮ ਸਥਾਨਾਂ ਭਾਵ ਕਿ ਗੁਰਦੁਆਰਿਆਂ ਦੀ ਸੇਵਾ ਸੰਭਾਲ ਕੀਤੀ ਅਤੇ ਜੋ ਆਪਣੇ ਬਚਾਅ ਲਈ ਜੰਗਲਾਂ ਵਿਚ ਚਲੇ ਗਏ ਸਨ ਉਹਨਾਂ ਦੇ ਘਰਾਂ ਅਤੇ ਬਾਲ ਬੱਚਿਆਂ ਦੀ ਰਾਖੀ ਕੀਤੀ ਸੀ । ਕਈਆਂ ਨੇ ਤਾਂ ਸਜ਼ਾਵਾਂ ਦੇਣ ਵਾਲਿਆਂ ਦੇ ਹੁਕਮ ਨੂੰ ਨਹੀਂ ਮੰਨਿਆ ਅਤੇ ਸ਼ਹੀਦੀ ਪਰਵਾਨ ਕੀਤੀ ਜਿਵੇਂ ਕਿ ਹਕੀਕਤ ਰਾਇ ( 1724-42 ) ਨੇ ਕੀਤਾ ਸੀ ਜਿਸਨੂੰ ਜਨਤਿਕ ਇਕੱਠ ਵਿਚ ਆਪਣਾ ਸਿੱਖ-ਧਰਮ ਨਾ ਛੱਡਣ ਅਤੇ ਇਸਲਾਮ ਪਰਵਾਨ ਨਾ ਕਰਨ ਬਦਲੇ ਸਿਰ ਕੱਟ ਕੇ ਕਤਲ ਕਰ ਦਿੱਤਾ ਗਿਆ ਸੀ । ਉਸ ਸਮੇਂ ਦਾ ਇਕ ਸਹਜਧਾਰੀ ਸਿੱਖ ਕੌੜਾ ਮੱਲ ਸੀ ਜੋ ਲਾਹੌਰ ਦੇ ਗਵਰਨਰ ਮੁਇਨ ਉਲ-ਮੁਲਕ ( 1748-53 ) ਦਾ ਮੰਤਰੀ ਸੀ । ਇਸ ਨੇ ਸੰਕਟ ਦੇ ਸਮੇਂ ਵਿਚ ਸਿੱਖਾਂ ਦੀ ਕਈ ਢੰਗ ਤਰੀਕਿਆਂ ਨਾਲ ਮਦਦ ਕੀਤੀ ਸੀ । ਸਿੱਖ ਇਸ ਨੂੰ ਇਤਨਾ ਪਿਆਰ ਕਰਦੇ ਸਨ ਕਿ ਇਸ ਨੂੰ ਕੌੜਾ ਮੱਲ ਦੀ ਥਾਂ ਤੇ ਮਿੱਠਾ ਮੱਲ ਕਹਿੰਦੇ ਸਨ । ਸਿੱਖ ਪਰੰਪਰਾ ਵਿਚ ਇਸੇ ਹੀ ਸਮੇਂ ਦਾ ਇਕ ਹੋਰ ਸਹਜਧਾਰੀ ਵੀ ਹੈ ਜਿਸ ਦਾ ਨਾਂ ਦੇਸ ਰਾਜ ਹੈ । 1762 ਵਿਚ ਅਫ਼ਗਾਨ ਹਮਲਾਵਰ ਅਹਮਦ ਸ਼ਾਹ ਦੁੱਰਾਨੀ ਨੇ ਹਰਿਮੰਦਰ ਉੱਤੇ ਹਮਲਾ ਕਰਕੇ ਇਸ ਨੂੰ ਢਾਹ ਦਿੱਤਾ ਸੀ । ਸਿੱਖਾਂ ਨੇ ਇਸ ਨੂੰ ਦੁਬਾਰਾ ਬਣਾਉਣ ਦੀ ਸੇਵਾ ਦੇਸ ਰਾਜ ਨੂੰ ਸੌਂਪ ਦਿੱਤੀ ਸੀ । ਸਿੱਖ ਰਾਜ ਸਮੇਂ ਕਈ ਸਹਜਧਾਰੀ ਉੱਚੇ ਅਹੁਦਿਆਂ ਤੇ ਲੱਗੇ ਹੋਏ ਸਨ । ਰਾਜਾ ਦੀਨਾ ਨਾਥ ਮਹਾਰਾਜਾ ਰਣਜੀਤ ਸਿੰਘ ਦਾ ਖਜ਼ਾਨਾ ਮੰਤਰੀ ਸੀ । ਪੜ੍ਹੇ ਲਿਖੇ ਅਤੇ ਸਿੱਖ ਧਰਮ ਗ੍ਰੰਥ ਬਾਰੇ ਡੂੰਘੀ ਜਾਣਕਾਰੀ ਰਖਣ ਵਾਲੇ ਭਾਈ ਵਸਤੀ ਰਾਮ ਦਾ ਰਣਜੀਤ ਸਿੰਘ ਦੇ ਦਰਬਾਰ ਵਿਚ ਬਹੁਤ ਸਤਿਕਾਰ ਸੀ ।

      ਸਹਜਧਾਰੀ ਅਜੋਕੇ ਸਮੇਂ ਤਕ ਸਿੱਖ ਜੀਵਨ ਵਿਚ ਹਿੱਸਾ ਲੈਂਦੇ ਆ ਰਹੇ ਹਨ ਅਤੇ ਇਹਨਾਂ ਨੇ ਆਪਣੇ ਆਪ ਨੂੰ ਸਿੱਖ ਸੰਸਥਾਵਾਂ ਅਤੇ ਸੰਗਠਨਾਂ ਜਿਵੇਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ , ਚੀਫ਼ ਖ਼ਾਲਸਾ ਦੀਵਾਨ , ਸ਼੍ਰੋਮਣੀ ਅਕਾਲੀ ਦਲ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਆਦਿ ਨਾਲ ਜੋੜੀ ਰਖਿਆ ਹੈ । ਸਿੰਘ ਸਭਾਵਾਂ ਆਪਣੀ ਕਾਰਜਕਾਰਨੀ ਕਮੇਟੀ ਵਿਚ ਸਹਜਧਾਰੀਆਂ ਲਈ ਸੀਟਾਂ ਰਾਖਵੀਆਂ ਰਖਿਆ ਕਰਦੀਆਂ ਸਨ । 1947 ਤੋਂ ਪਹਿਲਾਂ ਇਹ ਵਿਸ਼ੇਸ਼ ਤੌਰ ਤੇ ਉੱਤਰ-ਪੱਛਮੀ ਭਾਰਤ ਵਿਚ ਹੀ ਸਨ ਅਤੇ ਇਹਨਾਂ ਦੇ ਆਪਣੇ ਸਮਾਜਾਂ ਵਿਚ ਇਹ ਕਮੇਟੀਆਂ ਕਾਰਜਸ਼ੀਲ ਸਨ : ਸਹਜਧਾਰੀ ਕਮੇਟੀ ਮੁਲਤਾਨ , ਪੰਜਾ ਸਾਹਿਬ ਦਾ ਗੁਰੂ ਨਾਨਕ ਸਹਜਧਾਰੀ ਦੀਵਾਨ ਅਤੇ ਕੈਂਬਲਪੁਰ ਦਾ ਸ੍ਰੀ ਗੁਰੂ ਨਾਨਕ ਸਹਜਧਾਰੀ ਜਥਾ ਆਦਿ । ਪੰਜਾ ਸਾਹਿਬ ਸਹਜਧਾਰੀ ਦੀਵਾਨ ਨੇ ਇਹਨਾਂ ਦੀ ਕੇਂਦਰੀ ਸੰਸਥਾ ਦਾ ਦਰਜਾ ਅਖਤਿਆਰ ਕਰ ਲਿਆ ਸੀ । ਇਹਨਾਂ ਦੀ ਸਾਲਾਨਾ ਕਾਨਫ਼ਰੰਸ ਵੀ ਹੁੰਦੀ ਸੀ ਜਿਹੜੀ 13 ਅਪ੍ਰੈਲ 1929 ਨੂੰ ਸਰ ਜੋਗਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਪਹਿਲੀ ਵਾਰ ਹੋਈ ਸੀ । ਸਰ ਜੋਗਿੰਦਰ ਸਿੰਘ ਨੇ ਇਹ ਅਹੁਦਾ ਪ੍ਰਸਿੱਧ ਸਿੱਖ ਵਿਦਵਾਨ ਭਾਈ ਕਾਨ੍ਹ ਸਿੰਘ ਨੂੰ ਦੇ ਦਿੱਤਾ ਸੀ । ਸਿੱਖ ਸਹਜਧਾਰੀਆਂ ਦੀ ਇਕ ਮੀਟਿੰਗ ਸਿੱਖ ਵਿੱਦਿਅਕ ਕਾਨਫ਼ਰੰਸ ਦੀ ਸਾਲਾਨਾ ਕਾਰਵਾਈ ਦਾ ਹਿੱਸਾ ਬਣ ਗਈ ਸੀ ।

      ਇਸ ਤਰ੍ਹਾਂ ਸਹਜਧਾਰੀ ਸਿੱਖ , ਸਿੱਖਾਂ ਦੀ ਮੁਖ ਸੰਸਥਾ ਦੇ ਸਾਰੇ ਧਾਰਮਿਕ ਅਤੇ ਸਮਾਜਿਕ ਰੀਤੀ ਰਿਵਾਜਾਂ ਵਿਚ ਹਿੱਸਾ ਲੈਂਦੇ ਹਨ ਅਤੇ ਗੁਰਦੁਆਰਿਆਂ ਵਿਚ ਉਹਨਾਂ ਦੀ ਸੰਗਤ ਵਿਚ ਹਿੱਸਾ ਲੈਂਦੇ ਹਨ । ਪੰਜਾਬ ਵਿਚ ਸਹਜਧਾਰੀ ਸਿੱਖਾਂ ਦੀ ਜਨਸੰਖਿਆ ( ਇਹਨਾਂ ਲਈ ਇਕ ਹੋਰ ਨਾਂ ਨਾਨਕ ਪੰਥੀ ਵਰਤਿਆ ਜਾਂਦਾ ਹੈ ) 1891 ਦੀ ਜਨਗਣਨਾ ਮੁਤਾਬਿਕ 397 , 000 ( ਕੁੱਲ ਸਿੱਖਾਂ ਦਾ 20% ) ; 1901 ਦੀ ਜਨਗਣਨਾ ਅਨੁਸਾਰ 297 , 000 ( ਕੁੱਲ ਸਿੱਖਾਂ ਦੀ 13% ) ; 1911 ਦੀ ਜਨਗਣਨਾ ਅਨੁਸਾਰ 451 , 000 ( ਕੁੱਲ ਸਿੱਖਾਂ ਦਾ 14.9% ) ; 1921 ਦੀ ਜਨਗਣਨਾ ਅਨੁਸਾਰ 229 , 000 ( ਕੁੱਲ ਸਿੱਖਾਂ ਦਾ 7% ) ; 1931 ਦੀ ਜਨਗਣਨਾ ਅਨੁਸਾਰ 282 , 000 ( ਕੁੱਲ ਸਿੱਖਾਂ ਦਾ 6.5% ) ਸੀ । ਪੰਜਾਬ ਤੋਂ ਬਾਹਰ ਨਾਰਥ ਵੈਸਟ ਫਰੰਟੀਅਰ ਪ੍ਰੋਵਿੰਨਸ ਅਤੇ ਸਿੰਧ ਵਿਚ ਸਹਜਧਾਰੀ ਅਬਾਦੀ ਕਾਫ਼ੀ ਗਿਣਤੀ ਵਿਚ ਸੀ । 1947 ਵਿਚ ਭਾਰਤ ਦੀ ਵੰਡ ਦੇ ਸਿੱਟੇ ਵਜੋਂ ਸਹਜਧਾਰੀ ਦੇਸ਼ ਭਰ ਵਿਚ ਖਿੰਡ ਪੁੰਡ ਗਏ । ਇਹਨਾਂ ਦੀ ਭਾਰਤ ਪੱਧਰ ਦੀ ਸੰਸਥਾ ਦਾ ਨਾਂ ‘ ਸਰਬ ਹਿੰਦ ਸਹਜਧਾਰੀ ਕਾਨਫ਼ਰੰਸ` ਸੀ ਜਿਸ ਦਾ ਸਾਲਾਨਾ ਇਜਲਾਸ ਹਰ ਵਾਰੀ ਸ਼ਹਿਰ ਬਦਲ ਬਦਲ ਕੇ ਹੁੰਦਾ ਸੀ । ਇਸ ਦੇ ਤਿੰਨ ਪ੍ਰਧਾਨਾਂ-ਮਹੰਤ ਕਰਮ ਚੰਦ , ਭਾਈ ਸੰਤ ਰਾਮ ਅਤੇ ਭਾਈ ਰਾਮ ਲਾਲ ਰਾਹੀ ਨੇ ਦਰਅਸਲ ਅੰਮ੍ਰਿਤ ਛਕ ਲਿਆ ਸੀ ਅਤੇ ਆਪਣੇ ਨਾਂ ਕ੍ਰਮਵਾਰ ਬਦਲ ਕੇ ਗੁਰਦਰਸ਼ਨ ਸਿੰਘ , ਸੰਤ ਰਾਮ ਸਿੰਘ ਅਤੇ ਰਾਮ ਲਾਲ ਸਿੰਘ ਰਾਹੀ ਰਖ ਲਏ ਸਨ ।


ਲੇਖਕ : ਕ੍ਰਿ.ਸ.,ਹ.ਲ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 784, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.