ਸਾਖ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਾਖ [ਨਾਂਇ] ਅਸਰ-ਰਸੂਖ਼, ਪ੍ਰਸਿੱਧੀ; ਇਤਬਾਰ, ਵਸਾਹ; ਗਵਾਹੀ, ਪ੍ਰਮਾਣ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8636, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਸਾਖ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਾਖ. ਸੰ. ਸ਼ਾਕ. ਸੰਗ੍ਯਾ—ਸਾਗ. ਸਬਜੀ. ਖੇਤੀ. “ਜਲ ਬਿਨ ਸਾਖ ਕੁਮਲਾਵਤੀ.” (ਬਾਰਹਮਾਹਾ ਮਾਝ) “ਸਾਖ ਪਕੰਦੀ ਆਈਆ ਹੋਰ ਕਰੇਂਦੀ ਵੰਨ.” (ਸ. ਫਰੀਦ) ੨ ਸੰ. ਸਾ. ਸ਼ਹਾਦਤ. ਗਵਾਹੀ. “ਤਬ ਸਾਖੀ ਪ੍ਰਭੁ ਅਸਟ ਬਨਾਏ। ਸਾਖ ਨਿਮਿਤ ਦੈਬੇ ਠਹਿਰਾਏ.” (ਵਿਚਿਤ੍ਰ) ਸਾ ਦੈਬੇ ਨਿਮਿੱਤ। “ਹਰਿਨਾਮ ਮਿਲੈ ਪਤਿ ਸਾਖ.” (ਮਾਰੂ ਮ: ੪) ੩ ਨੇਕ ਸ਼ੁਹਰਤ. “ਸੁ ਸਾਖ ਤਾਸ ਕੀ ਸਦਾ ਤਿਹੂਨ ਲੋਕ ਮਾਨਿਯੈ.” (ਪਾਰਸਾਵ) ੪ ਸੰ. ਸ਼ਾਖਾ. ਦੇਖੋ, ਫ਼ਾ ਸ਼ਾਖ਼. ਟਾਹਣੀ. ਸ਼ਾਖਾ. ਡਾਲੀ. “ਤੂੰ ਪੇਡ ਸਾਖ ਤੇਰੀ ਫੂਲੀ.” (ਮਾਝ ਮ: ੫) “ਨਾਮ ਸੁਰਤਰੁ ਸਾਖਹ.” (ਸਹਸ ਮ: ੫) ੫ ਗੋਤ੍ਰ. ਵੰਸ਼. ਕਿਸੇ ਮੂਲ ਜਾਤਿ ਤੋਂ ਨਿਕਲੀ ਹੋਈ ਕੁਲ। ੬ ਬੇਲ । ੭ ਗ੍ਰੰਥ ਦਾ ਹਿੱਸਾ. ਭਾਗ. ਕਾਂਡ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8486, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no
ਸਾਖ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Good will_ਸਾਖ: ਕਿਸੇ ਕਾਰੋਬਾਰ ਦੀ ਸਾਖ, ਸ਼ੁਹਰਤ ਅਤੇ ਗਾਹਕਾਂ ਨਾਲ ਬਣਾਏ ਸਬੰਧਾਂ ਤੋਂ, ਜਿਸ ਵਿਚ ਉਨ੍ਹਾਂ ਨੂੰ ਸਥਾਈ ਬਣਾਉਣ ਦੇ ਹਾਲਾਤ ਸ਼ਾਮਲ ਹਨ, ਪੈਦਾ ਹੋਏ ਲਾਭਾਂ ਨੂੰ ਸਾਖ ਕਿਹਾ ਜਾਂਦਾ ਹੈ। ਇਹ ਸਾਖ ਕਾਰੋਬਾਰ ਦੇ ਮਾਲਕ ਦੇ ਨਾਂ ਨਾਲ ਵੀ ਜੁੜੀ ਹੋ ਸਕਦੀ ਹੈ ਅਤੇ ਸਥਾਨ ਨਾਲ ਜੁੜੀ ਹੋਣ ਕਾਰਨ ਸਥਾਨਕ ਵੀ ਹੋ ਸਕਦੀ ਹੈ। ਸਾਖ ਕਾਰੋਬਾਰ ਚਲਾਉਣ ਵਾਲੇ ਅਤੇ ਗਾਹਕਾਂ ਵਿਚਕਾਰ ਨਿਜੀ ਸਬੰਧਾਂ ਤੋਂ ਵੀ ਪੈਦਾ ਹੋ ਸਕਦੀ ਹੈ ਜਿਵੇਂ ਕਿ ਡਾਕਟਰ ਜਾਂ ਵਕੀਲ ਦਾ ਨਾਂ।
ਸਾਖ ਵਿਕਰੀ ਦੀ ਚੀਜ਼ ਬਣ ਜਾਂਦੀ ਹੈ ਕਿਉਂ ਕਿ ਇਹ ਸਮਝਿਆ ਜਾਂਦਾ ਹੈ ਕਿ ਪੁਰਾਣੇ ਗਾਹਕ ਉਸ ਨਾਲ ਜੁੜੇ ਰਹਿਣਗੇ।
ਲਾਰਡ ਮੈਕਨਾਟਨ (ਇਨਲੈਂਡ ਰੈਵੇਨਿਊ ਕਮਿਸ਼ਨਰਜ਼ ਬਨਾਮ ਮੁੱਲਰ ਐਂਡ ਕੰਪਨੀਜ਼ ਆਰਗਰਾਈਨਜ਼ ਲਿਮਟਿਡ) (1901 ਏ ਸੀ. 210) ਅਨੁਸਾਰ ‘‘ਸਾਖ ਇਕ ਐਸੀ ਚੀਜ਼ ਹੈ ਜਿਸ ਨੂੰ ਬਿਆਨ ਕਰਨਾ ਬੜਾ ਸੌਖਾ ਹੈ, ਪਰ ਪਰਿਭਾਸ਼ਤ ਕਰਨਾ ਬਹੁਤ ਔਖਾ ਹੈ। ਇਹ ਕਾਰੋਬਾਰ ਦੇ ਚੰਗੇ ਨਾਂ, ਸ਼ੁਹਰਤ ਅਤੇ ਸਬੰਧਾਂ ਦਾ ਲਾਹਾ ਅਤੇ ਫ਼ਾਇਦਾ ਹੈ। ਇਹ ਉਹ ਕਸ਼ਿਸ਼ ਰੱਖਣ ਵਾਲੀ ਤਾਕਤ ਹੈ ਜੋ ਗਾਹਕਾਂ ਨੂੰ ਖਿਚ ਕੇ ਲਿਆਉਂਦੀ ਹੈ। ਇਹ ਇਕੋ ਇਕ ਚੀਜ਼ ਹੈ ਜੋ ਨਵੇਂ ਸ਼ੁਰੂ ਕੀਤੇ ਕਾਰੋਬਾਰ ਨੂੰ ਪੁਰਾਣੇ ਸਥਾਪਤ ਕਾਰੋਬਾਰ ਨਾਲੋਂ ਨਿਖੇੜਦੀ ਹੈ। ਜੇ ਸਾਖ ਦੇ ਸਾਰੇ ਕੇਸਾਂ ਦਾ ਕੋਈ ਸਾਂਝਾ ਖ਼ਾਸਾ ਹੈ ਤਾਂ ਉਹ ਸਥਾਨਕਤਾ ਦਾ ਹੈ ਕਿਉਂਕਿ ਸਾਖ ਦੀ ਕੋਈ ਸੁਤੰਤਰ ਹੋਂਦ ਨਹੀਂ ਹੁੰਦੀ। ਇਹ ਆਪਣੇ ਆਪ ਵਿਚ ਕਾਇਮ ਨਹੀਂ ਰਹਿ ਸਕਦੀ ਅਤੇ ਕਾਰੋਬਾਰ ਨਾਲ ਜੁੜੀ ਹੋਣੀ ਚਾਹੀਦੀ ਹੈ। ਕਾਰੋਬਾਰ ਖ਼ਤਮ ਕਰ ਦਿਓ ਅਤੇ ਸਾਖ ਉਸ ਨਾਲ ਹੀ ਖ਼ਤਮ ਹੋ ਜਾਂਦੀ ਹੈ, ਭਾਵੇਂ ਕੁਝ ਅੰਸ਼ ਪਿਛੇ ਰਹਿ ਸਕਦੇ ਹਨ, ਜਿਨ੍ਹਾਂ ਨੂੰ ਇਕੱਠਿਆਂ ਕਰਕੇ ਸਾਖ ਨੂੰ ਸੁਰਜੀਤ ਕੀਤਾ ਜਾ ਸਕਦਾ ਹੈ।
ਸਾਖ ਸੰਪਤੀ ਦੇ ਵਰਣਨ ਅਧੀਨ ਆਉਂਦੀ ਹੈ। ਜੇ ਇਸ ਨੂੰ ਸੰਪਤੀ ਨ ਸਮਝਿਆ ਜਾਵੇ ਤਾਂ ਜ਼ਮੀਨ ਜਾਇਦਾਦ ਦੀ ਕੀਮਤ ਵਿਚੋਂ ਸਾਖ ਦੀ ਕੀਮਤ ਕੱਢੀ ਜਾ ਸਕਦੀ ਸੀ ।
ਸਾਖ ਜਾਂ ਤਾਂ ਕਾਰੋਬਾਰ ਦੀ ਥਾਂ ਦੀ ਅਨੁਸੰਗਕ ਹੋ ਸਕਦੀ ਹੈ ਜਾਂ ਮਾਲ-ਮੱਤਾ ਨਾਲ। ਕਈ ਵਾਰੀ ਐਸਾ ਹੁੰਦਾ ਹੈ ਕਿ ਕਾਰੋਬਾਰ ਦੀ ਵਿਕਰੀ ਜਾਂ ਹੱਥਬਦਲੀ ਦੇ ਨਾਲ ਖ਼ਰੀਦਦਾਰ ਕਾਰੋਬਾਰ ਦੀ ਪੁਰਾਣੀ ਥਾਂ ਕੁਝ ਸਮੇਂ ਲਈ ਕਿਰਾਏ ਤੇ ਲੈ ਲੈਂਦਾ ਹੈ ਅਤੇ ਬਾਦ ਵਿਚ ਆਪਣਾ ਕਾਰੋਬਾਰ ਹੋਰ ਕਿਸੇ ਥਾਂ ਵਿਖੇ ਕਰਨ ਲੱਗ ਜਾਂਦਾ ਹੈ। ਕਿਰਾਏ ਦੀ ਮੁੱਦਤ ਸਮਾਪਤ ਹੋਣ ਤੇ ਸਵਾਲ ਪੈਦਾ ਹੁੰਦਾ ਹੈ ਕਿ ਕੀ ਸਾਖ ਕਾਰੋਬਾਰ ਦੀ ਪੁਰਾਣੀ ਥਾਂ ਨਾਲ ਜੁੜੀ ਹੋਈ ਹੈ ਜਾਂ ਮਾਲ-ਮਤਾ ਅਤੇ ਮਸ਼ੀਨਰੀ ਦੇ ਨਾਲ ਨਾਲ ਖ਼ਰੀਦਦਾਰ ਪਾਸ ਚਲੀ ਜਾਂਦੀ ਹੈ। ਇਸ ਦਾ ਉੱਤਰ ਵਿਕਰੀ ਦੀਆਂ ਮੂਲ ਬਾਨ੍ਹਾਂ ਉਤੇ ਅਤੇ ਨਾਲੇ ਕਾਰੋਬਾਰ ਦੀ ਪ੍ਰਕਿਰਤੀ ਉਤੇ ਨਿਰਭਰ ਕਰੇਗਾ। ਇਹ ਵੀ ਹੋ ਸਕਦਾ ਹੈ ਕਿ ਵਿਕਰੀ- ਕਾਰ ਸਾਖ ਦੇ ਕੁਝ ਅੰਸ਼ ਖ਼ੁਦ ਰਖ ਲਵੇ ਅਤੇ ਬਾਕੀ ਦੇ ਵੇਚ ਦੇਵੇ। ਇਹ ਵੀ ਸੰਭਵ ਹੈ ਕਿ ਖ਼ਾਸ ਜ਼ਿਕਰ ਤੋਂ ਬਿਨਾਂ ਸਾਖ ਦੇ ਸਾਰੇ ਅੰਸ਼ ਵੇਚ ਦਿੱਤੇ ਜਾਣ। ਮਿਸਾਲ ਲਈ ਨਿਰਮਤ ਕੀਤੇ ਜਾਣ ਵਾਲੇ ਮਾਲ ਦੀ ਸੂਰਤ ਵਿਚ ਮਸ਼ੀਨਰੀ ਅਤੇ ਸਾਰਾ ਮਾਲਮਤਾ ਵੇਚ ਦੇਣ ਨਾਲ ਸਾਖ ਵੀ ਖ਼ਰੀਦਦਾਰ ਨੂੰ ਮੁੰਤਕਿਲ ਹੋ ਜਾਂਦੀ ਹੈ।
ਸਾਮੰਡ ਦੇ (ਗਲੈਨ ਵਿਲੀਅਮਜ਼ ਦੁਆਰਾ ਸੰਪਾਦਤ) ਨਿਆਂ ਸ਼ਾਸਤਰ ਅਨੁਸਾਰ ਅਮੂਰਤ ਸੰਪਤੀ ਦੇ ਪੰਜ ਰੂਪ ਹਨ। ਇਨ੍ਹਾਂ ਪੰਜ ਰੂਪਾਂ ਵਿਚੋਂ ਇਕ ਨੂੰ ਉਸ ਨੇ ਵਣਜਕ ਸਾਖ ਦਾ ਨਾਂ ਦਿੱਤਾ ਅਤੇ ਵਪਾਰ-ਚਿੰਨ੍ਹਾਂ ਅਤੇ ਵਪਾਰ- ਨਾਵਾਂ ਨੂੰ ਉਸ ਦਾ ਵਿਸ਼ੇਸ਼ ਰੂਪ ਦੱਸਿਆ ਹੈ। ਉਸ ਦੇ ਅਨੁਸਾਰ ਜਿਹੜਾ ਵਿਅਕਤੀ ਆਪਣੀ ਮਿਹਨਤ ਅਤੇ ਹੁਨਰਮੰਦੀ ਨਾਲ ਕੋਈ ਕਾਰੋਬਾਰ ਸਥਾਪਤ ਕਰਦਾ ਹੈ ਉਸ ਨੂੰ ਉਸ ਦੁਆਰਾ ਉਸ ਦੀ ਸਾਖ ਵਿਚ ਹਿੱਤ ਹਾਸਲ ਹੋ ਜਾਂਦਾ ਹੈ ਅਰਥਾਤ ਉਸ ਨੂੰ ਹੱਕ ਹਾਸਲ ਹੋ ਜਾਂਦਾ ਹੈ ਕਿ ਉਸ ਦੇ ਗਾਹਕ ਉਸ ਪਾਸ ਆਉਣ। ਇਸ ਸਾਖ ਉਤੇ ਉਸਦਾ ਨਿਰੋਲ ਹਕ ਹੁੰਦਾ ਹੈ ਅਤੇ ਹੋਰ ਜਿਹੜਾ ਕੋਈ ਉਸ ਦੀ ਸਾਖ ਦੀ ਆਪਣੇ ਲਾਭਹਿਤ ਵਰਤੋਂ ਕਰਦਾ ਹੈ ਅਤੇ ਲੋਕਾਂ ਨੂੰ ਗ਼ਲਤ ਤੌਰ ਤੇ ਇਹ ਦਰਸਾਉਂਦਾ ਹੈ ਕਿ ਉਹ ਖ਼ੁਦ ਉਹ ਹੀ ਕਾਰੋਬਾਰ ਚਲਾ ਰਿਹਾ ਹੈ, ਸਾਖ ਦੀ ਉਲੰਘਣਾ ਕਰਦਾ ਹੈ। ਵਪਾਰ-ਨਾਮ ਅਤੇ ਵਪਾਰ-ਚਿੰਨ੍ਹ ਇਸ ਵਣਜਕ ਸਾਖ ਦੇ ਵਿਸ਼ੇਸ਼ ਰੂਪ ਹਨ। ਹਰੇਕ ਵਿਅਕਤੀ ਨੂੰ ਉਸ ਵਪਾਰ ਨਾਮ ਅਤੇ ਵਪਾਰ-ਚਿੰਨ੍ਹ ਜਿਸ ਨਾਂ ਨਾਲ ਉਹ ਆਪਣਾ ਕਾਰੋਬਾਰ ਚਲਾਉਂਦਾ ਹੈ ਅਤੇ ਚਿੰਨ੍ਹ ਉਹ ਆਪਣੇ ਮਾਲ ਉਤੇ ਲਾਉਂਦਾ, ਉਸ ਉਤੇ ਉਸ ਨੂੰ ਵਿਸ਼ੇਸ਼ ਅਧਿਕਾਰ ਹੈ। ਮਾਲ ਦੀ ਬਾਜ਼ਾਰ ਵਿਚ ਸ਼ਨਾਖ਼ਤ ਇਨ੍ਹਾਂ ਦੋਹਾਂ ਸਾਧਨਾਂ ਨਾਲ ਹੀ ਹੁੰਦੀ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8366, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਸਾਖ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਸਾਖ (ਸੰ.। ਫ਼ਾਰਸੀ ਸ਼ਾਖ=ਟਾਹਣੀ। ਸੰਸਕ੍ਰਿਤ ਸ਼ਾਖਾ) ਟਾਹਣੀ , ਖੇਤੀ ਭਾਵ ਵਿਚ ਦੇਹ ਰੂਪੀ ਪੈਲੀ ਯਾ ਗੁਣਾ ਦੀ ਪੈਲੀ। ਯਥਾ-‘ਸਾਖ ਪਕੰਦੀ ਆਈਆ’ ਦੇਹ ਰੂਪੀ ਸਾਖਾ ਪੱਕ ਚੱਲੀ ਹੈ। ਤਥਾ-‘ਜਲ ਬਿਨੁ ਸਾਖ ਕੁਮਲਾਵਤੀ’ ਅਭ੍ਯਾਸ ਰੂਪੀ ਜਲਬਾਝ ਗੁਣਾਂ ਰੂਪੀ ਸ਼ਾਖਾ ਕੁਮਲਾ ਜਾਂਦੀ ਹੈ।
ਦੇਖੋ, ‘ਸਾਖ ਤਰੋਵਰ’
੨. (ਸੰਸਕ੍ਰਿਤ ਸਾਕਸ਼੍ਯੰ) ਸਾਖ, ਇਤਬਾਰ, ਵਿਸਾਹ। ਯਥਾ-‘ਬਿਨੁ ਹਰਿ ਰਸ ਰਾਤੇ ਪਤਿ ਨ ਸਾਖੁ ’।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 8366, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਸਾਖ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸਾਖ, (ਸੰਸਕ੍ਰਿਤ : ਸਾਕਸਯ) / ਇਸਤਰੀ ਲਿੰਗ : ੧. ਪਰਤੀਤ, ਵਸਾਹ, ਇਤਬਾਰ; ੨. ਨੇਕ ਸ਼ੁਹਰਤ, ਰਸ਼ੂਖ, ੩. ਗਵਾਹੀ, ਸ਼ਹਾਦਤ, ਸ਼ਾਹਦੀ, ਪਰਮਾਣ (ਲਾਗੂ ਕਿਰਿਆ : ਪਾਲਣਾ, ਰੱਖਣਾ)
–ਸਾਖ਼ ਪੱਤਰ, (ਕਨੂੰਨ) / ਪੁਲਿੰਗ : ਪਰਤੀਤ ਪੱਤਰ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2987, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-14-02-11-06, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First