ਸਿਮਰਨ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਿਮਰਨ [ ਨਾਂਪੁ ] ਯਾਦ ਕਰਨ ਦਾ ਭਾਵ; ਨਾਮ , ਜਾਪ; ਮਾਲ਼ਾ ਦਾ ਪਾਠ ਕਰਨ ਦਾ ਭਾਵ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5496, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸਿਮਰਨ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਿ ਮਰਨ . ਦੇਖੋ , ਸਿਮਰਣ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5128, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸਿਮਰਨ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਸਿਮਰਨ : ਭਗਤੀ ਸਾਧਨਾ ਦੀ ਇਹ ਇਕ ਵਿਧੀ ਹੈ । ਇਹ ਪਦ ਸੰਸਕ੍ਰਿਤ ਦੇ ‘ ਸੑਮਰਣ’ ਸ਼ਬਦ ਦਾ ਤਦਭਵ ਰੂਪ ਹੈ । ਇਸ਼ਟ-ਦੇਵ ਦੇ ਨਾਮ ( ਜਾਂ ਗੁਣ ) ਨੂੰ ਮਨ ਦੀ ਇਕਾਗ੍ਰ ਬਿਰਤੀ ਨਾਲ ਯਾਦ ਕਰਨਾ ਹੀ ਸਿਮਰਨ ਦਾ ਪ੍ਰਕਾਰਜ ਹੈ । ਇਸ ਨੂੰ ਨਾਮ-ਸਾਧਨਾ ਦੀ ਵਿਧੀ ਵੀ ਕਿਹਾ ਜਾ ਸਕਦਾ ਹੈ । ਇਸ ਨੂੰ ਜਪ/ਜਾਪ ਦਾ ਨਾਂ ਵੀ ਦਿੱਤਾ ਜਾਂਦਾ ਹੈ ਕਿਉਂਕਿ ਇਸ ਵਿਚ ਨਾਮ ਨੂੰ ਬਾਰ ਬਾਰ ਜਪਿਆ ਜਾਂਦਾ ਹੈ । ਨਾਮ ਦੇ ਸਿਮਰਨ ਵਿਚ ਸਾਧਕ ਇਤਨਾ ਮਗਨ ਹੋ ਜਾਂਦਾ ਹੈ ਕਿ ਉਹ ਸੰਸਾਰਿਕ ਕੰਮ-ਕਾਰ ਕਰਦਾ ਹੋਇਆ ਵੀ ਸਿਮਰਨ ਕਰੀ ਜਾਂਦਾ ਹੈ ।

                      ਭਾਰਤ ਵਿਚ ਸਿਮਰਨ ਦੀ ਲਿੰਬੀ ਪਰੰਪਰਾ ਹੈ । ਵੈਦਿਕ ਸਾਹਿਤ ਤੋਂ ਲੈ ਕੇ ਪੌਰਾਣਿਕ ਸਾਹਿਤ ਤਕ ਇਸ ਦਾ ਵਿਸਤਾਰ ਹੈ । ‘ ਨਾਰਦ-ਭਕੑਤਿ-ਸੂਤ੍ਰ’ ( 82 ) ਵਿਚ ਇਸ ਨੂੰ ਸੑਮਰਣ-ਆਸਕਤੀ ਦਸਿਆ ਗਿਆ ਹੈ । ‘ ਭਾਗਵਤ- ਪੁਰਾਣ ’ ( 7/5/23-24 ) ਵਿਚ ਨਵਧਾ-ਭਗਤੀ ਵਿਚ ਸਿਮਰਨ ਨੂੰ ਤੀਜਾ ਸਥਾਨ ਦਿੱਤਾ ਗਿਆ ਹੈ । ਇਸਲਾਮ ਵਿਚ ਸਿਮਰਨ ਨੂੰ ‘ ਜ਼ਿਕ੍ਰ’ ਕਿਹਾ ਗਿਆ ਹੈ । ਇਹ ਦੋ ਤਰ੍ਹਾਂ ਦਾ ਹੈ— ਇਕ ਜੱਲੀ ਅਤੇ ਦੂਜਾ ਖ਼ਫ਼ੀ । ਇਨ੍ਹਾਂ ਵਿਚੋਂ ‘ ਜੱਲੀ’ ਵਾਚਿਕ ਹੈ ਅਤੇ ‘ ਖ਼ੱਫ਼ੀ’ ਕਾਇਕ ਅਤੇ ਮਾਨਸਿਕ ਦੋਹਾਂ ਤਰ੍ਹਾਂ ਦਾ ਹੈ ।

                      ਸਿਮਰਨ ਦੇ ਸਾਧਨਾ-ਗਤ ਰੂਪ ਦਾ ਜੋ ਨਿਖਾਰ ਨਿਰਗੁਣਪੰਥੀ ਸੰਤਾਂ ਦੁਆਰਾ ਹੋਇਆ ਹੈ , ਉਸ ਤਰ੍ਹਾਂ ਦਾ ਕਿਸੇ ਹੋਰ ਸੰਪ੍ਰਦਾਇ ਵਿਚ ਨਹੀਂ ਹੋਇਆ । ਅਸਲ ਵਿਚ , ਨਾਮ-ਸਾਧਨਾ ਨਿਰਗੁਣ ਪੰਥੀਆਂ ਲਈ ਇਕ ਅਜਿਹੀ ਪ੍ਰੇਮ-ਸਾਧਨਾ ਹੈ ਜੋ ਕਦੇ ਵਿਅਰਥ ਜਾਂ ਨਿਸ਼ਫਲ ਨਹੀਂ ਜਾਂਦੀ । ਇਹ ਇਕ ਅੰਦਰਲੀ ਬਿਰਤੀ ਹੈ ਜੋ ਸਾਧਕ ਨੂੰ ਇਸ਼ਟ-ਦੇਵ ਵਲ ਪ੍ਰਵ੍ਰਿਤ ਕਰਦੀ ਹੈ । ਸੰਤਾਂ ਵਿਚ ਆਮ ਤੌਰ ’ ਤੇ ਸਿਮਰਨ ਤਿੰਨ ਤਰ੍ਹਾਂ ਦਾ ਮੰਨਿਆ ਜਾਂਦਾ ਹੈ— ਸਾਧਾਰਣ-ਜਪ , ਅਜਪਾ-ਜਪ ਅਤੇ ਲਿਵ-ਜਪ । ਇਸ ਪ੍ਰਕ੍ਰਿਆ ਨੂੰ ਵਿਸਤਾਰ ਲਈ ਵੇਖੋ ‘ ਜਪ/ਜਾਪ’ । ਇਨ੍ਹਾਂ ਤਿੰਨਾਂ ਜਪਾਂ ਵਿਚ ‘ ਲਿਵ ਜਪ ’ ਨੂੰ ਸ੍ਰੇਸ਼ਠ ਮੰਨਿਆ ਗਿਆ ਹੈ ।

                      ਗੁਰਬਾਣੀ ਵਿਚ ਸਿਮਰਨ ਉਤੇ ਬਹੁਤ ਬਲ ਦਿੱਤਾ ਗਿਆ ਹੈ । ਗੁਰਮਤਿ-ਸਾਧਨਾ ਵਿਚ ਸਿਮਰਨ ਰੀੜ੍ਹ ਦੀ ਹੱਡੀ ਦੀ ਭੂਮਿਕਾ ਨਿਭਾਉਂਦਾ ਹੈ । ਗੁਰੂ ਅਰਜਨ ਦੇਵ ਜੀ ਨੇ ‘ ਸੁਖਮਨੀ ’ ਨਾਂ ਦੀ ਬਾਣੀ ਵਿਚ ਸਿਮਰਨ ਦੀ ਵਿਸਤਾਰ ਸਹਿਤ ਚਰਚਾ ਕੀਤੀ ਹੈ । ਇਸ ਤੋਂ ਪ੍ਰਾਪਤ ਹੋਣ ਵਾਲੇ ਫਲਾਂ ਵਲ ਵੀ ਸੰਕੇਤ ਕੀਤਾ ਹੈ । ਮੋਟੇ ਤੌਰ’ ਤੇ ਉਨ੍ਹਾਂ ਨੇ ਦਸਿਆ ਹੈ ਕਿ — ਸਿਮਰਉ ਸਿਮਰਿ ਸਿਮਰਿ ਸੁਖ ਪਾਵਉ ਕਲਿ ਕਲੇਸ ਤਨ ਮਾਹਿ ਮਿਟਾਵਉ ਗੁਰੂ ਨਾਨਕ ਦੇਵ ਜੀ ਨੇ ‘ ਸਿਧ-ਗੋਸਟਿ’ ਵਿਚ ਸਿਮਰਨ ਦੀ ਸਥਾਪਨਾ ਸ਼ਬਦ- ਸਾਧਨਾ ਰਾਹੀਂ ਕੀਤੀ ਹੈ । ‘ ਜਪੁਜੀ ’ ਦੇ ਅੰਤ’ ਤੇ ਤਾਂ ਇਥੋਂ ਤਕ ਕਿਹਾ ਹੈ ਕਿ ਨਾਮ-ਸਿਮਰਨ ਵਾਲਾ ਸਾਧਕ ਆਪ ਹੀ ਨਹੀਂ ਸੁਧਰਦਾ , ਸਗੋਂ ਉਸ ਦੇ ਸੰਪਰਕ ਵਿਚ ਆਉਣ ਵਾਲੇ ਅਨੇਕਾਂ ਲੋਗ ਭਵ-ਬੰਧਨ ਤੋਂ ਖ਼ਲਾਸ ਹੋ ਜਾਂਦੇ ਹਨ— ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ ਗੁਰੂ ਅਰਜਨ ਦੇਵ ਜੀ ਨੇ ‘ ਗੂਜਰੀ ਕੀ ਵਾਰ ’ ਵਿਚ ਸਪੱਸ਼ਟ ਕੀਤਾ ਹੈ — ਤੈਡੈ ਸਿਮਰਣਿ ਹਭੁ ਕਿਛੁ ਲਧਮੁ ਬਿਖਮੁ ਡਿਠਮੁ ਕੋਈ ( ਗੁ.ਗ੍ਰੰ.520 ) ।

                      ਗੁਰਬਾਣੀ ਵਿਚ ਸਿਮਰਨ ਤੋਂ ਵਿਹੂਣੇ ਵਿਅਕਤੀ ਦੇ ਆਚਰਣ ਨੂੰ ਬਹੁਤ ਹੀਣਾ ਸਮਝਿਆ ਗਿਆ ਹੈ । ਇਸ ਸੰਬੰਧ ਵਿਚ ਅਨੇਕ ਥਾਂਵਾਂ ਉਤੇ ਭਾਵਨਾਵਾਂ ਦਾ ਪ੍ਰਗਟਾਵਾ ਹੋਇਆ ਹੈ । ਇਥੋਂ ਤਕ ਕਿਹਾ ਗਿਆ ਹੈ ਕਿ ਜਿਸ ਮੁਖ ਵਿਚ ਨਾਮ ਦਾ ਸਿਮਰਨ ਨਹੀਂ ਹੁੰਦਾ ਅਤੇ ਬਿਨਾ ਨਾਮ ਉਚਾਰੇ ਜੋ ਅਨੇਕ ਤਰ੍ਹਾਂ ਦੇ ਭੋਜਨ ਦਾ ਸੇਵਨ ਕਰਦਾ ਹੈ , ਉਸ ਦੇ ਮੁਖ ਵਿਚ ਥੁੱਕਾਂ ਪੈਂਦੀਆਂ ਹਨ— ਜਿਤੁ ਮੁਖਿ ਨਾਮੁ ਊਚਰਹਿ ਬਿਨੁ ਨਾਵੈ ਰਸ ਖਾਹਿ ਨਾਨਕ ਏਵੈ ਜਾਣੀਐ ਤਿਤੁ ਮੁਖਿ ਥੁਕਾ ਪਾਹਿ ( ਗੁ.ਗ੍ਰੰ.473 ) । ਗੁਰੂ ਅਰਜਨ ਦੇਵ ਜੀ ਨੇ ਵੀ ਬਿਨਾ ਸਿਮਰਨ ਮਨੁੱਖ ਦਾ ਜੀਵਨ ਸਰਪ ਵਰਗਾ ਦਸਿਆ ਹੈ ਜੋ ਸਦਾ ਵਿਸ਼ ਦਾ ਪ੍ਰਸਾਰ ਕਰਦਾ ਰਹਿੰਦਾ ਹੈ । ਅਜਿਹੇ ਆਚਰਣ ਵਾਲੇ ਵਿਅਕਤੀ ਲਈ ਹਾਰ ਹੀ ਹਾਰ ਹੈ— ਬਿਨੁ ਸਿਮਰਨ ਜੋ ਜੀਵਨੁ ਬਲਨਾ ਸਰਪ ਜੈਸੇ ਅਰਜਾਰੀ ਨਵ ਖੰਡਨ ਕੋ ਰਾਜੁ ਕਮਾਵੈ ਅੰਤਿ ਚਲੈਗੋ ਹਾਰੀ ( ਗੁ.ਗ੍ਰੰ. 712 ) । ਇਕ ਹੋਰ ਥਾਂ’ ਤੇ ਗੁਰੂ ਅਰਜਨ ਦੇਵ ਜੀ ਨੇ ਕਿਹਾ ਹੈ ਕਿ— ਬਿਨੁ ਸਿਮਰਨ ਹੈ ਆਤਮ ਘਾਤੀ ਸਾਕਤ ਨੀਚ ਤਿਸੁ ਕੁਲੁ ਨਹੀ ਜਾਤੀ ( ਗੁ.ਗ੍ਰੰ. 239 ) ।

                      ਗੁਰੂ ਨਾਨਕ ਦੇਵ ਜੀ ਨੇ ਤਾਂ ਇਹ ਵੀ ਕਿਹਾ ਹੈ ਕਿ ਨਾਮ ਨੂੰ ਵੱਡੇ ਤੋਂ ਵੱਡੇ ਸੁਖ ਦੇ ਪ੍ਰਾਪਤ ਹੋਣ’ ਤੇ ਵੀ ਭੁਲਾਉਣਾ ਨਹੀਂ ਚਾਹੀਦਾ । ਇਸ ਗੱਲ ਨੂੰ ਮੋਤੀ ਮੰਦਰ ਊਸਰਹਿ ਰਤਨੀ ਹੋਹਿ ਜੜਾਉ ( ਗੁ . ਗ੍ਰੰ .14 ) ਵਾਲੇ ਸ਼ਬਦ ਦੁਆਰਾ ਚੰਗੀ ਤਰ੍ਹਾਂ ਪ੍ਰਗਟਾਇਆ ਗਿਆ ਹੈ ।

                      ਨਾਮ ਦਾ ਸਿਮਰਨ ਗੁਰਮਤਿ ਵਿਚ ਪਰਮ- ਆਵੱਸ਼ਕ ਹੈ । ਸੰਖੇਪ ਵਿਚ ਕਿਹਾ ਜਾਏ ਤਾਂ ਗੁਰਮਤਿ-ਸਾਧਨਾ ਹੈ ਹੀ ਨਾਮ-ਸਾਧਨਾ ਜਾਂ ਨਾਮ-ਸਿਮਰਨ । ਨਾਮ-ਸਿਮਰਨ ਲਈ ਤਾਕੀਦ ਕਰਦਿਆਂ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਹੈ— ਰਾਮੁ ਸਿਮਰਿ ਰਾਮੁ ਸਿਮਰਿ ਇਹੈ ਤੇਰੈ ਕਾਜਿ ਹੈ ਮਾਇਆ ਕੋ ਸੰਗੁ ਤਿਆਗੁ ਪ੍ਰਭ ਜੂ ਕੀ ਸਰਨਿ ਲਾਗੁ ਜਗਤ ਸੁਖ ਮਾਨੁ ਮਿਥਿਆ ਝੂਠੋ ਸਭ ਸਾਜੁ ਹੈ ( ਗੁ.ਗ੍ਰੰ.1352 ) ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4862, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਸਿਮਰਨ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਸਿਮਰਨ ( ਸੰ. । ਦੇਖੋ , ਸਿਮਰਿ ) ਯਾਦ । ਯਥਾ-‘ ਬਿਨੁ ਸਿਮਰਨ ਜੋ ਜੀਵਨੁ ਬਲਨਾ’ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 4860, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਸਿਮਰਨ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਸਿਮਰਨ : ‘ ਸਿਮਰਨ’ ਸ਼ਬਦ ਸੰਸਕ੍ਰਿਤ ਦੇ ਸ੍ਮਰਣ ਸ਼ਬਦ ਤੋਂ ਬਣਿਆ ਹੈ । ਸਿਮਰਨ ਤੋਂ ਭਾਵ ਹੈ ਇਸ਼ਟ ਦੇ ਨਾਮ ਅਥਵਾ ਗੁਣ ਨੂੰ ਮਨ ਦੀ ਬਿਰਤੀ ਇਕਾਗਰ ਕਰ ਕੇ ਯਾਦ ਕਰਨਾ । ‘ ਮੰਨੂ ਸਿੰਮ੍ਰਤੀ’ ਅਨੁਸਾਰ ਸਿਮਰਨ ਦਾ ਕ੍ਰਿਆਤਮਕ ਰੂਪ ਜਪ ਹੈ , ਜਿਸ ਦੇ ਤਿੰਨ ਭੇਦ ਦੱਸੇ ਗਏ ਹਨ– – ਵਾਚਿਕ , ਉਪਾਂਸ਼ੂ ਮਾਨਸ । ਵਾਚਿਕ ਜਪ ਉਹ ਹੈ ਜਿਸ ਵਿਚ ਜੀਭ ਦੁਆਰਾ ਨਾਮ ਦਾ ਸਪਸ਼ਟ ਉਚਾਰਣ ਕੀਤਾ ਜਾਂਦਾ ਹੈ । ਉਪਾਂਸ਼ੂ ਜਪ ਉਹ ਹੈ ਜੋ ਧੀਮੀ ਸਵਰ ਵਿਚ ਕੀਤਾ ਜਾਵੇ ਅਤੇ ਕੇਵਲ ਹੋਂਠ ਹੀ ਹਿੱਲਣ । ਇਸ ਸਿਮਰਨ ਵਿਚ ਉਚਰਿਆ ਸ਼ਬਦ ਸੁਣਿਆ ਨਹੀਂ ਜਾ ਸਕਦਾ । ਮਾਨਸ ਜਪ ਵਿਚ ਅੱਖਰ ਅਤੇ ਸ਼ਬਦ ਦੇ ਭੇਦ ਨੂੰ ਬੁੱਧੀ ਅਥਵਾ ਵਿਵੇਕ ਦੁਆਰਾ ਸਮਝ ਕੇ ਸਿਮਰਨ ਕੀਤਾ ਜਾਂਦਾ ਹੈ । ਇਸ ਸਿਮਰਨ– ਵਿਧੀ ਵਿਚ ਹੋਂਠ ਹਰਕਤ ਵਿਚ ਨਹੀਂ ਆਉਂਦੇ , ਕੇਵਲ ਭਾਵਨਾ ਦੀ ਅਵਸਥਾ ਪੈਦਾ ਹੁੰਦੀ ਹੈ ।

                  ਭਾਰਤ ਵਿਚ ਜਪ ਦੀ ਬੜੀ ਦੀਰਘ ਪਰੰਪਰਾ ਹੈ । ਵੈਦਿਕ ਸਾਹਿੱਤ ਤੋਂ ਲੈ ਕੇ ਪੌਰਾਣਿਕ ਸਾਹਿੱਤ ਤਕ ਇਸ ਦਾ ਵਿਸਤਾਰ ਹੈ । ਬੁੱਧ ਮਤ ਦੀ ਮੰਤ੍ਰਯਾਨ ਸ਼ਾਖਾ ਵਿਚ ਮੰਤਰ ਜਪ ਦਾ ਖ਼ਾਸ ਸਥਾਨ ਹੈ । ਇਨ੍ਹਾਂ ਜਪਾਂ ਤੋਂ ਇਲਾਵਾ ਹੋਰ ਅਨੇਕ ਤਰ੍ਹਾਂ ਦੇ ਜਪਾਂ ਦੀ ਕਲਪਨਾ ਕੀਤੀ ਗਈ ਹੈ । ਇਸਲਾਮ ਧਰਮ ਅਨੁਸਾਰ ਜਲੀ ਅਤੇ ਖ਼ਫੀ ਦੋ ਸਿਮਰਨ– ਰੂਪਾਂ ਦਾ ਵਰਣਨ ਮਿਲਦਾ ਹੈ । ਵੈਦਿਕ ਕਾਲ ਵਿਚ ਮੰਤਰਾਂ ਦਾ ਸਿਮਰਨ ਉਨ੍ਹਾਂ ਦੇ ਅਰਥ ਅਤੇ ਭਾਵਨਾ ਸਹਿਤ ਹੁੰਦਾ ਸੀ । ਪਾਤੰਜਲੀ ਨੇ ਨਿਰੋਲ ਭਾਵਨਾ ਉੱਤੇ ਬਲ ਦਿੱਤਾ ਅਤੇ ਤੰਤਰਾਂ ਦੇ ਯੁੱਗ ਵਿਚ ਅਰਥ ਤੋਂ ਸਾਰਾ ਮਹੱਤਵ ਹਟ ਕੇ ਭਾਵਨਾ ਅਤੇ ਸ਼ਰਧਾਮਈ ਜਪ ਤੇ ਆ ਗਿਆ । ਮਹਾ– ਪੁਰਾਣਾਂ ਅਤੇ ਉਪ– ਪੁਰਾਣਾਂ ਵਿਚ ਜਪ ਦੇ ਵਿਸ਼ੇ ਨੂੰ ਕਥਾ– ਪ੍ਰਸੰਗਾਂ ਦੁਆਰਾ ਵਿਸਥਾਰ ਸਹਿਤ ਪੇਸ਼ ਕੀਤਾ ਗਿਆ ਹੈ । ਇਸ ਤਰ੍ਹਾਂ ਮੱਧ ਕਾਲ ਦੇ ਭਗਤਾਂ ਅਤੇ ਸੰਤ ਕਵੀਆਂ ਨੂੰ ਨਾਮ– ਸਿਮਰਨ ਦੀ ਇਕ ਲੰਮੀ ਪਰੰਪਰਾ ਪ੍ਰਾਪਤ ਸੀ ।

                  ਜੈਰਾਮ ਮਿਸ਼ਰ ਨੇ ਜਪ ਤਿੰਨ ਪ੍ਰਕਾਰ ਦਾ ਮੰਨਿਆ ਹੈ– – ਸਾਧਾਰਣ ਜਪ , ਅਜਪਾ ਜਪ ਅਤੇ ਲਿਵ ਜਪ । ‘ ਸਾਧਾਰਣ ਜਪ’ ਅਜਪਾ ਜਪ ਅਤੇ ਲਿਵ ਜਪ ਦਾ ਮੂਲ– ਆਧਾਰ ਹੈ । ਸਾਧਾਰਣ ਜਪ ਵਿਚ ਜੀਭ ਨਾਲ ਬਾਣੀ ਦਾ ਉਚਾਰਣ ਕੀਤਾ ਜਾਂਦਾ ਹੈ , ਜਾਂ ਮਾਲਾ ਦੇ ਮਣਕਿਆਂ ਨਾਲ ਬਾਰ ਬਾਰ ਪ੍ਰਭੂ ਦਾ ਨਾਮ ਧਿਆਇਆ ਜਾਂਦਾ ਹੈ । ਨਿੱਤਨੇਮ ਦੀਆਂ ਬਾਣੀਆਂ ਪੜ੍ਹਨਾ ਜਾਂ ਸ਼ਬਦ– ਗਾਇਨ ਇਸ ਜਪ ਦੇ ਅੰਤਰਗਤ ਆਉਂਦੇ ਹਨ । ਜਾਪ ਦੀ ਪ੍ਰਪੱਕਤਾ ਸਿਮਰਨ ਬਣ ਕੇ ਹਿਰਦੇ ਵਿਚ ਡੂੰਘੀ ਉਤਰ ਜਾਂਦੀ ਹੈ ਅਤੇ ਬਾਣੀ ਦਾ ਜਾਪ ਸਹਿਜੇ ਬਾਣੀ ਦਾ ‘ ਜਪ’ ਬਣ ਜਾਂਦਾ ਹੈ , ਜਿਸ ਨੂੰ ਅਜਪਾ– ਜਾਪ ਦੀ ਸੰਗਿਆ ਵੀ ਦਿੱਤੀ ਗਈ ਹੈ । ਇਹ ਵਿਅਕਤੀ ਦੇ ਉਦਮ– ਰਹਿਤ ਚਿੰਤਨ ਦੀ ਅਵਸਥਾ ਹੈ । ਨਾਥ ਪੰਥ ਅਤੇ ਸੰਤ ਸਾਧਕਾਂ ਨੇ ਇਸ ਨੂੰ ਬਹੁਤ ਮਾਨਤਾ ਦਿੱਤੀ ਹੈ । ਇਸ ਜਪ ਦੁਆਰਾ ਮਨ , ਬੁੱਧੀ , ਚਿੱਤ ਅਤੇ ਅਹੰਕਾਰ ਸ਼ਾਂਤ ਤੇ ਅਡੋਲ ਹੋ ਜਾਦੇ ਹਨ ਅਤੇ ਜਾਪ ਦੀ ਨਿਰੰਤਰ ਧਾਰਾ ਦਾ ਪ੍ਰਵਾਹ ਕਾਇਮ ਹੋ ਜਾਂਦਾ ਹੈ । ਇਸ ਤੋਂ ਅਗਲੇਰੀ ਅਵਸਥਾ ਲਿਵ ਜਪ ਦੀ ਹੈ । ਲਿਵ ਤੋਂ ਭਾਵ ਇਕਾਗਰ ਮਨ ਜਾਂ ਲੀਨਤਾ ਹੈ । ਬਾਣੀ ਦੇ ਅਰਥ– ਭਾਵ ਨਾਲ ਸੁਰਤ ਦਾ ਟਿਕਾਉ ਸਾਧਕ ਨੂੰ ਪਰਮਾਤਮਾ ਵਿਚ ਪੂਰੀ ਤਰ੍ਹਾਂ ਵਿਲੀਨ ਕਰ ਦਿੰਦਾ ਹੈ । ਮਨ ਦੀ ਇਸ ਸਥਿਰ ਦਸ਼ਾ ਵਿਚ ਸਾਧਕ ਨੂੰ ਅਨਹਦ ਨਾਲ ਸੁਣਾਈ ਦੇਣ ਲੱਗਦਾ ਹੈ । ਗੁਰਬਾਣੀ ਅਨੁਸਾਰ ਗਿਆਨੀ ਉਹੀ ਹੈ ਜਿਸ ਦੀ ਲਿਵ ਪ੍ਰਭੂ ਨਾਲ ਜੁੜੀ ਹੋਈ ਹੈ :

                                    ‘ ਸੋ ਗਿਆਨੀ ਜਿਨਿ ਸਬਦ ਲਿਵ ਲਾਈ’                                                                     – – ( ਬਿਲਾਵਲ ਮ. ੧ )

                  ਸਿੱਖੀ ਦੇ ਸਿਮਰਨ ਦਾ ਆਸ਼ਾ ਸੰਨਿਆਸ ਅਤੇ ਹਠਯੋਗ ਦੋਹਾਂ ਨਾਲੋਂ ਅੱਡਰਾ ਹੈ ਸੰਨਿਆਸ ਇਕ ਪੁਰਾਣੀ ਵੈਦਿਕ ਸੰਸਥਾ ਹੈ , ਜਿਸ ਅਨੁਸਾਰ ਬਿਰਧ ਅਵਸਥਾ ਵਿਚ ਵਿਅਕਤੀ ਮੁਕਤੀ ਦੀ ਪ੍ਰਾਪਤੀ ਲਈ ਘਰ– ਬਾਰ ਨੂੰ ਤਿਆਗ ਕੇ ਵਣਪ੍ਰਸਥ ਅਤੇ ਸੰਨਿਆਸ ਆਸ਼ਰਮ ਨੂੰ ਧਾਰਣ ਕਰਦਾ ਹੈ । ਪਰ ਗੁਰਬਾਣੀ ਅਨੁਸਾਰ ਸੰਨਿਆਸ ਕਾਇਰਤਾ ਦਾ ਪ੍ਰਤੀਕ ਹੈ । ਗੁਰੂ ਸਾਹਿਬ ਨੇ ‘ ਘਟ ਹੀ ਖੋਜਹੁ ਭਾਈ’ ਦਾ ਉਪਦੇਸ਼ ਦ੍ਰਿੜ੍ਹ ਕਰਾਇਆ ਹੈ । ਹਠਯੋਗ ਪ੍ਰਤਿ ਸਿੱਖੀ ਦ੍ਰਿਸ਼ਟੀਕੋਣ ਨਿਆਰਾ ਹੈ । ਗੁਰੂ ਗੋਰਖਨਾਥ ਅਤੇ ਉਸ ਦੇ ਚੇਲਿਆਂ ਨੇ ਪ੍ਰਭੂ– ਪ੍ਰਾਪਤੀ ਨੂੰ ਕਰੜ ਯੋਗਿਕ ਆਸਣਾਂ ਦੁਆਰਾ ਸ਼ਰੀਰ ਨੂੰ ਕਸ਼ਟ ਦੇਣ ਉੱਤੇ ਨਿਰਭਰ ਸਮਝਿਆ । ਗੁਰੂ ਗ੍ਰੰਥ ਦੀ ਵਿਚਾਰਧਾਰਾ ਯੋਗ ਸਾਧਨਾ ਦੁਆਰਾ ਕੀਤੇ ਸਿਮਰਨ ਦੀ ਨਿਖੇਧੀ ਕਰਦੀ ਹੈ । ਗੁਰੂ ਸਾਹਿਬਾਨ ਨੇ ਸਹਿਜ ਯੋਗ ਅਪਣਾਉਣ ਦਾ ਉਪਦੇਸ਼ ਦਿੱਤਾ ਹੈ , ਜਿਸ ਦੁਆਰਾ ਸਿਮਰਨ ਰਾਹੀਂ ਸਹਿਜ ਸੁਭਾਅ ਅਕਾਲ ਪੁਰਖ ਨਾਲ ਲਿਖ ਜੁੜ ਜਾਂਦੀ ਹੈ :

                  ਗੁਰਮੁਖਿ ਜਾਗਿ ਰਹੇ ਦਿਨ ਰਾਤੀ । ਸਾਚੇ ਕੀ ਲਿਵ ਗੁਰਮਤਿ ਜਾਤੀ ।   – – – ( ਮਾਰੂ ਸੋਲਹੇ , ਮ. ੧ )

[ ਸਹਾ. ਗ੍ਰੰਥ– – ਡਾ. ਰਤਨ ਸਿੰਘ ਜੱਗੀ : ‘ ਗੁਰੂ ਨਾਨਕ ਦੀ ਵਿਚਾਰਧਾਰਾ’ ; ਡਾ. ਵਜ਼ੀਰ ਸਿਘ : ‘ ਗੁਰ ਨਾਨਕ ਸਿਧਾਂਤ’ ; ਪ੍ਰੋ. ਸਾਹਿਬ ਸਿੰਘ : ‘ ਸਿਮਰਨ ਦੀਆਂ ਬਰਕਤਾਂ’ ]              


ਲੇਖਕ : ਡਾ. ਅਬਨਾਸ਼ ਕੌਰ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 2958, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-07, ਹਵਾਲੇ/ਟਿੱਪਣੀਆਂ: no

ਸਿਮਰਨ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਸਿਮਰਨ :   ਸਿਮਰਨ ਦਾ ਸ਼ਾਬਦਿਕ ਅਰਥ ਹੈ ਯਾਦ ਕਰਨਾ , ਚੇਤੇ ਕਰਨਾ । ਗੁਰਬਾਣੀ ਵਿਚ ਇਸ ਸ਼ਬਦ ਨੂੰ ਵਿਸ਼ੇਸ਼ ਅਧਿਆਤਮਕ ਅਰਥਾਂ ਵਿਚ ਵਰਤਿਆ ਗਿਆ ਹੈ । ਇਹ ਇਕ ਅਧਿਆਤਮਕ ਸਾਧਨ ਵੀ ਹੈ ਅਤੇ ਅਵਸਥਾ ਵੀ । ਗੁਰਮਤਿ ਅਨੁਸਾਰ ਸਾਰੇ ਜੀਵ ਇਕੋ ਹੀ ਪਰਮਾਤਮਾ ਦੇ ਅੰਸ਼ ਹਨ । ਆਪਣੀ ਸੁਰਤਿ ਨੂੰ ਸਰਬਵਿਆਪੀ ਹਸਤੀ ਨਾਲ ਜੋੜ ਕੇ ਆਪਣੇ ਅਸਲੇ ਦੀ ਪਛਾਣ ਕਰਨੀ ਹੀ ਸਿਮਰਨ ਹੈ । ਸਿਮਰਨ ਸੁਰਤਿ ਦੀ ਰੌ ਹੈ ਜੋ ਪਾਠ ਜਾਪ , ਸਾਧਸੰਗਤ ਅਤੇ ਗੁਰੂ ਕਿਰਪਾ ਦੁਆਰਾ ਪ੍ਰਾਪਤ ਹੁੰਦੀ ਹੈ । ਜਪ-ਤਪ ਦੇ ਸਾਰੇ ਸਾਧਨਾਂ ਦਾ ਉਦੇਸ਼ ਸਿਮਰਨ ਦੀ ਪ੍ਰਾਪਤੀ ਹੀ ਹੁੰਦਾ ਹੈ ਪਰ ਸਾਧਾਰਨ ਭਾਸ਼ਾ ਵਿਚ ਗੁਰਮੰਤਰ ਦੇ ਜਾਪ ਨੂੰ ਵੀ ਸਿਮਰਨ ਕਿਹਾ ਜਾਂਦਾ ਹੈ ।

              ਸਿਮਰਨ ਨੂੰ ਚਾਰ ਅਵਸਥਾਵਾਂ ਵਿਚ ਵੰਡਿਆ ਜਾ ਸਕਦਾ ਹੈ । ਪਹਿਲੀ ਅਵਸਥਾ ਸਥੂਲ ਸਿਮਰਨ ਦੀ ਹੈ ਜਦੋਂ ਸਾਧਕ ਰਸਨਾ ਕਰ ਕੇ ਮਾਲਾ ਆਦਿ ਦੀ ਸਹਾਇਤਾ ਲੈ ਕੇ ਯਤਨ ਨਾਲ ਜਾਪ ਜਾਂ ਪਾਠ ਕਰਦਾ ਹੈ । ਦੂਜੀ ਅਵਸਥਾ ਵਿਚ ਸਾਧਕ ਪ੍ਰੇਮ ਸਹਿਤ ਜੀਭ , ਮਾਲਾ ਦੀ ਸਹਾਇਤਾ ਤੋਂ ਬਿਨਾ ਆਪਣੇ ਹਿਰਦੇ ਵਿਚ ਪ੍ਰਭੂ ਦੀ ਸਿਫ਼ਤ ਸਾਲਾਹ ਕਰਦਾ ਹੈ । ਤੀਜੀ ਅਵਸਥਾ ਉਹ ਹੈ ਜਦੋਂ ਸਾਧਕ ਦੀ ਆਤਮਾ ਪ੍ਰਭੂ ਦੀ ਹੋਂਦ ਨਾਲ ਰੰਗੀ ਜਾਂਦੀ ਹੈ ਅਤੇ ਸੁਤੇ ਸਿਧ ਉਸ ਦੇ ਰੋਮ ਰੋਮ ਵਿਚੋਂ ਸਿਮਰਨ ਦੀ ਧੁਨੀ ਉਠਦੀ ਹੈ । ਇਸੇ ਅਵਸਥਾ ਦਾ ਹੋਰ ਉਚੇਰਾ ਰੂਪ ਹੈ ਜਦੋਂ ਸਾਧਕ ਨੂੰ ਸਾਰੀ ਸ੍ਰਿਸ਼ਟੀ ਸਿਮਰਨ ਦਾ ਹੋਰ ਉਚੇਰਾ ਰੂਪ ਹੈ ਜਦੋਂ ਸਾਧਕ ਨੂੰ ਸਾਰੀ ਸ੍ਰਿਸ਼ਟੀ ਸਿਮਰਨ ਕਰ ਰਹੀ ਅਨੁਭਵ ਹੁੰਦੀ ਹੈ । ਸੇਵਾ ਪੰਥੀਆਂ ਦੁਆਰਾ ਰਚਿਤ ਪਾਰਸ ਭਾਗ ਅਨੁਸਾਰ ਚੌਥੀ ਤੇ ਪੂਰਨ ਅਵਸਥਾ ਸਿਮਰਨ ਦੀ ਉਹ ਹੈ ਜਦੋਂ ਸਾਧਕ ਪੂਰੀ ਤਰ੍ਹਾਂ ਬ੍ਰਹਮ ਦੀ ਸੱਤਾ ਵਿਚ ਲੀਨ ਹੋ ਜਾਵੇ , ਉਸ ਨੂੰ ਸਾਰੇ ਪਦਾਰਥਾਂ ਦਾ ਇਥੋਂ ਤਕ ਕਿ ਆਪੇ ਦਾ ਵੀ ਵਿਸਮਰਨ ਹੋ ਜਾਵੇ । ਇਸ ਅਵਸਥਾ ਵਿਚ ਜਾਪ ਦੇ ਅੱਖਰਾਂ ਦਾ ਵੀ ਅਭਾਵ ਹੋ ਜਾਂਦਾ ਹੈ । ਸਿਮਰਨ ਦਾ ਭਾਵ ਆਪਣੀ ਸੁਰਤਿ ਨੂੰ ਪ੍ਰਭੂ ਹੋਂਦ ਵਿਚ ਲੀਨ ਕਰਨਾ ਹੈ , ਇਸ ਲਈ ਇਹ ਅੱਖਰਾਂ ਨਾਲ ਜਾਂ ਅੱਖਰਾਂ ਤੋਂ ਬਿਨਾ ਧਿਆਨ ਅਤੇ ਪ੍ਰੇਮ ਭਾਵ ਕਰ ਕੇ ਵੀ ਹੋ ਸਕਦਾ ਹੈ । ਗੁਰਮਤਿ ਵਿਚ ਸਿਮਰਨ ਲਈ ਸਭ ਤੋਂ ਉੱਤਮ ਉਦਾਹਰਣ ਕੁੰਜ ਦੀ ਦਿਤੀ ਗਈ ਹੈ ਜੋ ਸੈਂਕੜੇ ਮੀਲ ਦੂਰ ਆ ਕੇ ਵੀ ਆਪਣਾ ਧਿਆਨ ਬੱਚਿਆਂ ਵਿਚ ਰੱਖਦੀ ਹੈ ਅਤੇ ਉਨ੍ਹਾਂ ਨੂੰ ਭੁੱਲਦੀ ਨਹੀਂ :

              ਊਡੇ ਊਡਿ ਆਵੈ ਸੈ ਕੋਸਾ ਤਿਸ ਪਾਛੈ ਬਚਰੇ ਛਰਿਆ .. ॥

              ਤਿਨ ਕਵਣੁ ਖਲਾਵੈ ਕਵਣੁ ਚੁਗਾਵੈ ਮਨ ਮਹਿ ਸਿਮਰਨ ਕਰਿਆ ॥

              ਗੁਰਬਾਣੀ ਵਿਚ ਸਿਮਰਨ ਦੀ ਮਹਿਮਾ ਬਹੁਤ ਕੀਤੀ ਗਈ ਹੈ । ਇਹ ਸੁਖਦਾਈ , ਸਭ ਕਾਰਜ ਸਿਧ ਕਰਨ ਵਾਲਾ ਦੁੱਖਾਂ ਅਤੇ ਵਿਘਨਾਂ ਨੂੰ ਦੂਰ ਕਰਨ ਵਾਲਾ ਹੈ । ਇਸ ਨੂੰ ਸ੍ਰਿਸ਼ਟੀ ਦਾ ਅਥਾਹ ਅਤੇ ਜੀਵਨ ਦਾ ਸਫ਼ਲ ਰੂਪ ਮੰਨਿਆ ਗਿਆ ਹੈ :

              1 ) ਹਰਿ ਸਿਮਰਨਿ ਧਾਰੀ ਸਭ ਧਰਨਾ ॥

              ਸਿਮਰਿ ਸਿਮਰਿ ਹਰਿ ਕਾਰਨ ਕਰਨਾ ॥

              2 ) ਜੀਵਨ ਰੂਪ ਸਿਮਰਣੁ ਪ੍ਰਭੁ ਤੇਰਾ ॥

              ਸਿਮਰਨ ਕਰਨ ਦੇ ਢੰਗ ਬਾਰੇ ਗੁਰੂ ਸਾਹਿਬ ਦਾ ਫ਼ੁਰਮਾਨ ਹੈ :

                              ਜਿਉ ਮਾਤ ਪੂਤਹਿ ਹੇਤੁ ॥

                              ਹਰਿ ਸਿਮਰਿ ਨਾਨਕ ਨੇਤ ॥


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1257, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-17-03-27-36, ਹਵਾਲੇ/ਟਿੱਪਣੀਆਂ: ਹ. ਪੁ. –ਗੁਰੂ ਗ੍ਰੰਥ ਵਿਚਾਰ ਕੋਸ਼-ਪਿਆਰਾ ਸਿੰਘ ਪਦਮ; ਮ. ਕੋ

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.