ਸੀਹਰਫੀ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਸੀਹਰਫੀ : ਸੀਹ ਦਾ ਅਰਥ ਹੈ ਤੀਹ ਅਤੇ ਹਰਫ਼ ਦਾ ਭਾਵ ਹੈ ਅੱਖਰ । ਸੀਹਰਫੀ ਫ਼ਾਰਸੀ ਤੋਂ ਉਰਦੂ ਦੇ ਜ਼ਰੀਏ ਪੰਜਾਬੀ ਵਿੱਚ ਆਇਆ ਇੱਕ ਕਾਵਿ-ਰੂਪਾਕਾਰ ਹੈ ਜਿਸ ਵਿੱਚ ਫ਼ਾਰਸੀ ਦੀ ਵਰਨਮਾਲਾ ( ਜਿਸ ਨੂੰ ਉਹ ਅਬਜਦ ਆਖਦੇ ਹਨ ) ਦੇ ਇਕੱਲੇ-ਇਕੱਲੇ ਹਰਫ਼ ਨੂੰ ਲੈ ਕੇ ਕ੍ਰਮਵਾਰ ਬੰਦ ਰਚੇ ਜਾਂਦੇ ਹਨ । ਉਰਦੂ ਵੀ ਇਸੇ ਵਰਨਮਾਲਾ ਨਾਲ ਲਿਖਿਆ ਜਾਂਦਾ ਹੈ । ਇਸ ਵਰਨਮਾਲਾ ਵਿੱਚ ਅਲਫ਼ ਤੋਂ ਯੇ ਤੱਕ ਇੱਕ-ਇੱਕ ਹਰਫ਼ ਨਾਲ ਸ਼ੁਰੂ ਕਰ ਕੇ ਇੱਕ- ਇੱਕ ਕਾਵਿ-ਬੰਦ ਲਿਖਿਆ ਜਾਂਦਾ ਹੈ । ਪੰਜਾਬੀ ਵਿੱਚ ਇਸ ਕਾਵਿ-ਰੂਪ ਦੀ ਪਿਰਤ ਓਦੋਂ ਪਈ ਜਦੋਂ ਮੁਸਲਮਾਨ ਕਵੀਆਂ ਨੇ ਪੰਜਾਬੀ ਵਿੱਚ ਕਵਿਤਾ ਲਿਖਣੀ ਸ਼ੁਰੂ ਕੀਤੀ । ਉਂਞ ਪੰਜਾਬੀ ਤੇ ਹਿੰਦੀ ਵਿੱਚ ਆਪੋ-ਆਪਣੀ ਵਰਨਮਾਲਾ ਅਨੁਸਾਰ ਪੱਟੀ ਤੇ ਬਾਵਨ ਅੱਖਰੀ ਲਿਖਣ ਦੀ ਵੀ ਪਰੰਪਰਾ ਹੈ । ਸੀਹਰਫੀ ਨਿਰੋਲ ਕਾਵਿ-ਰੂਪ ਹੈ । ਇਸ ਵਿੱਚ ਛੰਦ ਜਾਂ ਵਿਸ਼ੇ ਦੀ ਕੋਈ ਬੰਦਸ਼ ਨਹੀਂ । ਸੀਹਰਫੀ , ਦੋਹਰੇ , ਡਿਓਢ , ਸਲੋਕ , ਬੈਂਤ ਕਿਸੇ ਵੀ ਕਾਵਿ-ਬਣਤਰ ਦੀ ਵਰਤੋਂ ਕਰ ਸਕਦੀ ਹੈ । ਇਸ ਦਾ ਵਿਸ਼ਾ ਅਧਿਆਤਮਿਕ , ਧਾਰਮਿਕ , ਇਤਿਹਾਸਿਕ , ਰੁਮਾਂਟਿਕ ਕੋਈ ਵੀ ਹੋ ਸਕਦਾ ਹੈ । ਲੰਬੀ ਕਹਾਣੀ ਤੇ ਬਿਰਤਾਂਤ ਨੂੰ ਸੀਹਰਫੀ ਵਿੱਚ ਸਹਿਜੇ ਹੀ ਪੇਸ਼ ਕੀਤਾ ਜਾ ਸਕਦਾ ਹੈ । ਸੀਹਰਫੀ ਉਰਦੂ ਮਿਸ ਵਾਲੀ ਪੰਜਾਬੀ ਬੋਲੀ ਵਿੱਚ ਹੁੰਦੀ ਹੈ । ਇਸ ਦੀ ਮਿੱਠੀ , ਠੇਠ ਤੇ ਸਰਲ ਭਾਸ਼ਾ ਉਹਨਾਂ ਪੁਰਾਣੇ ਬਜ਼ੁਰਗਾਂ ਨੂੰ ਬੜਾ ਪ੍ਰਭਾਵਿਤ ਕਰਦੀ ਹੈ ਜਿਨ੍ਹਾਂ ਦਾ ਪਿਛੋਕੜ ਉਰਦੂ ਫ਼ਾਰਸੀ ਵਾਲਾ ਹੈ । ਹੁਣ ਤੱਕ ਘੱਟੋ-ਘੱਟ ਇੱਕ ਸੌ ਕਵੀ ਸੀਹਰਫੀ ਉੱਤੇ ਆਪਣੀ ਕਲਮ ਅਜ਼ਮਾ ਚੁੱਕੇ ਹਨ ।

        ਫ਼ਾਰਸੀ ਵਰਨਮਾਲਾ ਦੇ ਹਰਫ਼ ਤਾਂ ਅਠਾਈ ਹਨ । ਇਸਲਾਮੀ ਆਸਥਾ ਕਾਰਨ ਅਠਾਈ ਦੀ ਥਾਂ ਤੀਹ ਬੰਦਾਂ ਵਾਲੀ ਸੀਹਰਫੀ ਦੀ ਪਰੰਪਰਾ ਹੈ । ਅਸਲ ਵਿੱਚ ਕੁਰਾਨ ਦੇ ਸਿਪਰਿਆਂ ਭਾਵ ਚੈਪਟਰਾਂ ਦੀ ਗਿਣਤੀ ਤੀਹ ਹੈ । ਰਮਜ਼ਾਨ ਵਿੱਚ ਵੀ ਤੀਹ ਰੋਜ਼ਿਆਂ ਦਾ ਹੀ ਵਿਧਾਨ ਹੈ । ਇਸੇ ਲਈ ਤੀਹ ਦਾ ਅੰਕ ਇਸਲਾਮੀ ਪੰਰਪਰਾ ਵਿੱਚ ਪਵਿੱਤਰ ਮੰਨਿਆ ਜਾਂਦਾ ਹੈ । ਤੀਹ ਦੀ ਗਿਣਤੀ ਪੂਰੀ ਕਰਨ ਵਾਸਤੇ ਕਵੀ ਅਲਫ਼ ਨਾਲ ਹੀ ਰਚਨਾ ਦਾ ਅਰੰਭਿਕ ਬੈਂਤ ਲਿਖਦੇ ਹਨ ਅਤੇ ਅਲਫ਼ ਨਾਲ ਹੀ ਅੰਤਿਮ ਬੰਦ ਮੁਕਾਂਦੇ ਹਨ । ਇੱਕ ਹੋਰ ਬੰਦ ਲਾਮ ਤੇ ਅਲਫ਼ ਦੇ ਜੋੜ ਨਾਲ ਲਾ ਬਣਾ ਕੇ ਸਿਰਜਿਆ ਜਾਂਦਾ ਹੈ । ਇਸ ਤਰ੍ਹਾਂ ਦੋ ਬੰਦ ਅੱਲਾ ਦੇ ਬੋਧਕ ਬਣ ਜਾਂਦੇ ਹਨ ਤੇ ਸੀਹਰਫੀ ਪੂਰੀ ਹੋ ਜਾਂਦੀ ਹੈ ।

        ਇਸਲਾਮੀ ਪੰਰਪਰਾ ਨਾਲ ਸੰਬੰਧਿਤ ਹੋਣ ਕਰ ਕੇ ਸੂਫ਼ੀ ਕਵੀਆਂ ਨੇ ਸੀਹਰਫੀ ਦੀ ਵਰਤੋਂ ਕਾਫ਼ੀ ਮਾਤਰਾ ਵਿੱਚ ਕੀਤੀ ਹੈ । ਉਹਨਾਂ ਦੀਆਂ ਸੀਹਰਫੀਆਂ ਵਿੱਚ ਇਸਲਾਮੀ ਸ਼ਰ੍ਹਾ ਦੀ ਚਰਚਾ ਵਧੇਰੇ ਹੈ ਤੇ ਸੰਸਾਰਿਕ ਜੀਵਨ ਦਾ ਚਿਤਰਨ ਘੱਟ । ਇਸ ਤਰ੍ਹਾਂ ਉਹਨਾਂ ਨੇ ਸੀਹਰਫੀ ਨੂੰ ਇਸਲਾਮ ਦੇ ਪ੍ਰਚਾਰ ਲਈ ਵਧੇਰੇ ਵਰਤਿਆ ਹੈ । ਇਸ ਦੇ ਬਾਵਜੂਦ ਸੂਫ਼ੀਆਂ ਦੀਆਂ ਸੀਹਰਫੀਆਂ ਵਿੱਚ ਕਰਮ-ਕਾਂਡ ਦੀ ਥਾਂ ਅੰਦਰਲੀ ਰੂਹਾਨੀਅਤ ਉੱਤੇ ਵੱਧ ਜ਼ੋਰ ਹੈ । ਸੂਫ਼ੀਆਂ ਨੇ ਦੋਹਰੇ ਤੇ ਦਵੱਯੀਏ ਵਿੱਚ ਵੀ ਸੀਹਰਫੀਆਂ ਰਚੀਆਂ ਹਨ । ਬਾਹੂ ਨੇ ਤਾਟੰਕ ਛੰਦ ਵਿੱਚ ਵੀ ਸੀਹਰਫੀ ਲਿਖੀ ਹੈ । ਉਂਞ ਸੂਫ਼ੀਆਂ ਵਿੱਚ ਹੀ ਨਹੀਂ , ਸੀਹਰਫੀ ਕਾਵਿ ਲਿਖਣ ਵਾਲੇ ਬਹੁਤੇ ਕਵੀਆਂ ਵਿੱਚ ਬੈਂਤ ਸਭ ਤੋਂ ਵੱਧ ਲੋਕ-ਪ੍ਰਿਆ ਛੰਦ ਰਿਹਾ ਹੈ ।

ਭਾਵੇਂ ਅੱਜ ਪ੍ਰਾਪਤ ਕਾਵਿ ਵਿੱਚ ਸੀਹਰਫੀ ਦਾ ਸਭ ਤੋਂ ਪੁਰਾਣਾ ਨਮੂਨਾ ਸੁਲਤਾਨ ਬਾਹੂ ਦੀ ਰਚਨਾ ਹੀ ਹੈ , ਪਰੰਤੂ ਸੀਹਰਫੀ ਲਿਖਣ ਦੀ ਪਰੰਪਰਾ ਖ਼ਾਸੀ ਪੁਰਾਣੀ ਹੈ । ਮੋਹਨ ਸਿੰਘ ਦੀਵਾਨਾ ਅਨੁਸਾਰ ਪੰਜਾਬ ਵਿੱਚ ਪਹਿਲੀ ਸੀਹਰਫੀ ਗੁਰੂ ਨਾਨਕ ਦੇਵ ਦੇ ਸਮਕਾਲੀ ਕਵੀ ਮੀਰਾਂ ਸ਼ਾਹ ਨੇ ਲਿਖੀ । ਇਹ ਸੀਹਰਫੀ ਹੁਣ ਪ੍ਰਾਪਤ ਨਹੀਂ । ਸੁਲਤਾਨ ਬਾਹੂ ( 1629-90 ) ਦੀ ਸੀਹਰਫੀ ਵਿੱਚੋਂ ਇੱਕ ਉਦਾਹਰਨ ਵੇਖੋ :

ਅਲਿਫ਼ ਅਲਾ ਚੰਬੇ ਦੀ ਬੂਟੀ ,

ਮੇਰੇ ਮੁਰਸ਼ਦ ਮਨ ਵਿੱਚ ਲਾਈ ਹੂ ।

ਨਫ਼ੀ ਅਸਬਾਤ ਦਾ ਪਾਣੀ ਮਿਲਿਆ ,

                      ਹਰ ਗੱਲੇ ਹਰ ਜਾਈ ਹੂ ।

        ਅਲੀ ਹੈਦਰ ( 1690-1785 ) ਨੇ ਪੰਜ ਸੀਹਰਫੀਆਂ ਰਚੀਆਂ । ਇਹ ਮਾਅਰਫ਼ਤ ਦਾ ਖ਼ਜ਼ਾਨਾ ਤਾਂ ਹਨ ਹੀ , ਇਹਨਾਂ ਵਿੱਚ ਦੇਸ਼ ਦੀ ਮਾੜੀ ਹਾਲਤ ਉੱਤੇ ਵੀ ਅਫ਼ਸੋਸ ਪ੍ਰਗਟ ਕੀਤਾ ਗਿਆ ਹੈ :

ਬੇ-ਬੀ ਜ਼ਹਿਰ ਨਹੀਂ ਜੋ ਖਾ ਮਰਨ

ਕੁਝ ਸ਼ਰਮ ਨਾ ਹਿੰਦੁਸਤਾਨੀਆਂ ਨੂੰ ।

ਕਿਆ ਹੋਇਆ ਉਹਨਾਂ ਰਾਜਿਆਂ ਨੂੰ ,

                      ਕੁਝ ਲੱਜ ਨਹੀਂ ਤੁਰਾਨੀਆਂ ਨੂੰ ।

        ਉਨ੍ਹੀਵੀਂ ਸਦੀ ਦੇ ਰਵਾਇਤੀ ਕਵਿਤਾ ਦੇ ਸਿਖਰ ਦੇ ਯੁੱਗ ਵਿੱਚ ਸੀਹਰਫੀ ਨੂੰ ਵਿਰਾਗ , ਤਿਆਗ , ਪ੍ਰੇਮ ਤੇ ਇਤਿਹਾਸਿਕ ਬਿਰਤਾਂਤ ਦੇ ਬਿਆਨ ਲਈ ਬਹੁਤ ਜ਼ਿਆਦਾ ਵਰਤਿਆ ਗਿਆ । ਭਾਵੇਂ ਇਸ ਰੂਪਾਕਾਰ ਦਾ ਅਰੰਭ ਮੁਸਲਮਾਨਾਂ ਨੇ ਕੀਤਾ ਪਰੰਤੂ ਹਿੰਦੂ ਤੇ ਸਿੱਖ ਕਵੀਆਂ ਨੇ ਵੀ ਇਸ ਦੀ ਭਰਪੂਰ ਵਰਤੋਂ ਕੀਤੀ ਹੈ । ਸੰਤਰੇਣ , ਸੰਤ ਗੁਪਾਲ ਸਿੰਘ , ਸਾਈਂ ਦਾਸ , ਸਾਹਿਬ ਸਿੰਘ , ਦਿਆਲ ਸਿੰਘ , ਹਾਕਮ ਸਿੰਘ ਦਰਵੇਸ਼ , ਨਿਹਾਲ ਸਿੰਘ , ਗੰਗਾ ਰਾਮ , ਮਿਲਖੀ ਰਾਮ , ਸਦਾ ਨੰਦ ਆਦਿ ਕਿੰਨੇ ਹੀ ਨਾਂ ਇਸ ਪਰੰਪਰਾ ਵਿੱਚ ਗਿਣੇ ਜਾ ਸਕਦੇ ਹਨ । ਪੂਰਨ ਭਗਤ ਦੇ ਕਿੱਸੇ ਵਿਚਲੀ ਸੀਹਰਫੀ ਇਸ ਕਾਵਿ ਦੀ ਬਿਰਤਾਂਤ ਸਿਰਜਣ ਦੀ ਸਮਰੱਥਾ ਦਾ ਪ੍ਰਮਾਣ ਹੈ :

ਰੇ-ਰੰਗ ਮਹਲ ਤੇ ਚੜ੍ਹ ਰਾਣੀ

ਰੋ ਰੋ ਆਖਦੀ ਪੂਰਨਾ ਲੁੱਟ ਗਿਉਂ ।

ਬਾਗ਼ ਸ਼ੌਕ ਦੇ ਪੱਕ ਤਿਆਰ ਹੋਏ ,

ਨੇਹੁੰ ਲਾ ਕੇ ਪੂਰਨਾ ਪੁੱਟ ਗਿਉਂ ।

ਘੜੀ ਬੈਠ ਨਾ ਕੀਤੀਆਂ ਰੱਜ ਗੱਲਾਂ ,

ਝੂਠੀ ਪ੍ਰੀਤ ਲਗਾ ਕੇ ਉਠ ਗਿਉਂ ।

ਕਾਦਰ ਯਾਰ ਮੀਆਂ ਸੱਸੀ ਵਾਂਗ ਮੈਨੂੰ ,

                      ਥਲਾਂ ਵਿੱਚ ਕੁਲਾਉਂਦੀ ਸੁੱਟ ਗਿਉਂ ।

ਹਰੀ ਸਿੰਘ ਨਲਵੇ ਦਾ ਬਿਰਤਾਂਤ ਕਾਦਰਯਾਰ ਦੇ ਤਖ਼ਲੱਸ ਨਾਲ ਲਿਖਣ ਵਾਲੇ ਇੱਕ ਪੁਰਾਤਨ ਕਵੀ ਦੀਆਂ ਸੀਹਰਫੀਆਂ ਵਿੱਚ ਵੀ ਪ੍ਰਾਪਤ ਹੈ । ਇਸ ਵਿੱਚੋਂ ਇੱਕ ਬੰਦ ਵੇਖੋ :

ਲਾਮ-ਲੋਕਾਂ ਪਠਾਣਾਂ ਨੂੰ ਖਬਰ ਨਾ ਸੀ ,

ਹਰੀ ਸਿੰਘ ਮੈਦਾਨ ਵਿੱਚ ਮਰ ਗਿਆ ।

ਏਸੇ ਵਾਸਤੇ ਦੋਸਤ ਮੁਹੰਮਦ ਜੇਹਾ ,

ਸੁਲਾਹ ਨਾਲ ਵਕੀਲਾਂ ਸੀ ਕਰ ਗਿਆ ।

ਹਰੀ ਸਿੰਘ ਸਰਦਾਰ ਦੀ ਧਮਕ ਭਾਰੀ ,

ਉਸੇ ਜੰਗ ਤੋਂ ਤੰਗ ਹੋ ਡਰ ਗਿਆ ।

ਕਾਦਰਯਾਰ ਮੀਆਂ ਜਾਣੇ ਖਲਕ ਸਾਰੀ ,

                      ਹਰੀ ਸਿੰਘ ਪਿਸ਼ੌਰ ਵਿੱਚ ਲੜ ਗਿਆ ।

                      ਅੰਗਰੇਜ਼ੀ ਰਾਜ ਸਮੇਂ ਬਰਦੇ ਨੇ ਅੰਗਰੇਜ਼ੀ ਧੱਕੇਸ਼ਾਹੀ ਦਾ ਜ਼ਿਕਰ ਇੱਕ ਸੀਹਰਫੀ ਵਿੱਚ ਕੀਤਾ ਜਿਸ ਦਾ ਇੱਕ ਬੰਦ ਇਸ ਪ੍ਰਕਾਰ ਹੈ :

ਜੀਮ-ਜੇਲ੍ਹ ਖ਼ਾਨਾ ਰਾਵਲਪਿੰਡੀ ਵਾਲਾ ,

ਜਿਦੀਆਂ ਕੋਠੀਆਂ ਗਿਣੋ ਤਾਂ ਹੈਨ ਚਾਲੀ ।

ਪੰਜ ਸੱਤ ਕੈਦੀ ਰੋਜ ਆਣ ਵੜਦੇ ,

ਕਦੇ ਦਿਨ ਨਾ ਜਾਂਵਦਾ ਕੋਈ ਖਾਲੀ ।

ਬਾਰਾਂ ਸੇਰ ਛੋਲੇ ਦਿੰਦੇ ਪੀਸਨੇ ਨੂੰ ,

ਮੂੰਹ `ਤੇ ਆਏ ਜਰਦੀ ਅੱਖਾਂ ਵਿੱਚ ਲਾਲੀ

ਬਰਦਾ ਆਖਦਾ ਯਾਰੋ ਅੰਗ੍ਰੇਜ਼ ਡਾਢੇ ,

                      ਇਹਨਾਂ ਸੈਆਂ ਜਵਾਨਾਂ ਦੀ ਜਿੰਦ ਗਾਲੀ ।

        ਸੀਹਰਫੀ ਦੀ ਅਮੀਰ ਪਰੰਪਰਾ ਦੇ ਬਾਵਜੂਦ ਅੱਜ ਇਸ ਦੀ ਵਰਤੋਂ ਘੱਟ ਗਈ ਹੈ । ਇਸ ਦਾ ਕਾਰਨ ਇਧਰਲੇ ਪੰਜਾਬ ਵਿੱਚ ਫ਼ਾਰਸੀ ਲਿਪੀ ਤੇ ਉਰਦੂ ਭਾਸ਼ਾ ਤੋਂ ਸਾਡੇ ਲੋਕਾਂ ਦੀ ਵੱਧ ਰਹੀ ਬੇਗਾਨਗੀ ਹੈ । ਪੱਛਮੀ ਪੰਜਾਬ ਵਿੱਚ ਅੱਜ ਵੀ ਇਸ ਰੂਪਾਕਾਰ ਨੂੰ ਬਹੁਤ ਵਰਤਿਆ ਜਾਂਦਾ ਹੈ । ਇਧਰਲੇ ਸਟੇਜੀ ਕਵੀ ਤੇ ਕਵੀਸ਼ਰ ਵੀ ਕਦੇ-ਕਦੇ ਇਸ ਰੂਪਾਕਾਰ ਨੂੰ ਵਰਤ ਲੈਂਦੇ ਹਨ । ਸੀਹਰਫੀ ਲੰਬੇ ਬਿਰਤਾਂਤਾਂ ਨੂੰ ਬੜੇ ਪ੍ਰਭਾਵਸ਼ਾਲੀ ਤਰੀਕੇ ਨਾਲ ਚਿਤਰਨ ਦੀ ਸਮਰੱਥਾ ਵਾਲਾ ਕਾਵਿ-ਰੂਪਾਕਾਰ ਹੈ । ਇਸ ਦੀ ਵਰਤੋਂ ਕਰ ਕੇ ਕਵੀ ਜਨ-ਸਮੂਹ ਨੂੰ ਆਪਣੇ ਨਾਲ ਜੋੜ ਸਕਦੇ ਹਨ ।


ਲੇਖਕ : ਕੁਲਦੀਪ ਸਿੰਘ ਧੀਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 5942, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no

ਸੀਹਰਫੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ੀਹਰਫੀ . ਦੇਖੋ , ਸਿਹਰਫੀ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5697, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ

ਬਹੁਤ ਵਧੀਆ


Rajinder, ( 2019/04/23 04:5548)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.