ਸੋਮ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੋਮ. ਸੰ. ਸੰਗ੍ਯਾ—ਰਿਗਵੇਦ ਅਨੁਸਾਰ ਇਹ ਇੱਕ ਬੂਟੀ ਅਤੇ ਉਸਦੇ ਨਸ਼ੀਲੇ ਰਸ ਦਾ ਨਾਉਂ ਹੈ, ਜੋ ਸੋਮਬੂਟੀ ਜਾਂ ਵੱਲੀ ਵਿੱਚੋਂ ਨਿਚੋੜਕੇ ਦੇਵਤਿਆਂ ਨੂੰ ਚੜ੍ਹਾਇਆ ਜਾਂਦਾ ਹੈ. ਇਹ ਭਿੰਨੀ ਭਿੰਨੀ ਖੁਸ਼ਬੂ ਵਾਲਾ ਹੁੰਦਾ ਹੈ ਅਤੇ ਪੁਰੋਹਿਤ ਅਰ ਦੇਵਤੇ ਸਭ ਇਸ ਨੂੰ ਪਸੰਦ ਕਰਦੇ ਹਨ. ਰਿਗਵਦੇ ਵਿੱਚ ਸੋਮਰਸ ਦਾ ਹਾਲ ਵਡੇ ਵਿਸਤਾਰ ਨਾਲ ਲਿਖਿਆ ਹੈ. ਵੈਦਿਕ ਰਿਖੀ ਇਸ ਨੂੰ ਬਲ ਦੇਣ ਵਾਲਾ, ਰੋਗਾਂ ਦੇ ਨਾਸ਼ ਕਰਨ ਵਾਲਾ, ਦੌਲਤ ਦੇਣ ਵਾਲਾ ਅਤੇ ਦੇਵਤਿਆਂ ਦਾ ਗੁਰੂ ਜਾਣਨ ਲਗ ਪਏ ਸਨ. ਦੇਵਤਾ ਹੋਣ ਦੀ ਹਾਲਤ ਵਿੱਚ ਇਹ ਉਹ ਦੇਵਤਾ ਹੈ ਜੋ ਸੋਮਰਸ ਵਿੱਚ ਇਹ ਸਾਰੀਆਂ ਸ਼ਕਤੀਆਂ ਪਾਉਂਦਾ ਹੈ.3 ਦੇਖੋ, ਸੋਮਵੱਲੀ। ੨ ਪਿੱਛੇ ਜੇਹੇ ਆਕੇ ਚੰਦ੍ਰਮਾ ਦਾ ਨਾਉਂ “ਸੋਮ” ਰੱਖਿਆ ਗਿਆ ਅਰ ਉਸ ਨੂੰ ਸਾਰੀ ਬੂਟੀਆਂ ਦਾ ਦੇਵਤਾ ਥਾਪਿਆ ਗਿਆ. ਪੁਰਾਣਾਂ ਵਿੱਚ ਲਿਖਿਆ ਹੈ ਕਿ ਸੋਮ ਅਤ੍ਰਿ ਰਿਖੀ ਦਾ ਪੁਤ੍ਰ ਅਨੁਸੂਯਾ ਦੇ ਉਦਰ ਵਿੱਚੋਂ ਸੀ, ਕਿਤੇ ਲਿਖਿਆ ਹੈ ਕਿ ਅਤ੍ਰਿ ਦੇ ਨੇਤ੍ਰ ਜਲ ਤੋਂ ਇਸਦੀ ਉਤਪੱਤੀ ਹੋਈ.4 ਪਰ ਇਸ ਗੱਲ ਤੇ ਸਾਰਿਆਂ ਦਾ ਇੱਕ ਮਤ ਨਹੀਂ. ਕਿਤੇ ਧਰਮ ਦਾ ਪੁਤ੍ਰ, ਕਿਤੇ ਅਤ੍ਰਿ ਵੰਸ਼ ਦੇ ਪ੍ਰਭਾਕਰ ਦਾ ਪੁਤ੍ਰ ਮੰਨਿਆ ਹੈ, ਪਰ ਵ੍ਰਿਹਦਾਰਣ੍ਯਕ ਵਿੱਚ ਇਸ ਨੂੰ ਛਤ੍ਰੀ ਕਰਕੇ ਜਾਣਿਆ ਹੈ. ਇਸ ਨੇ ਦ ਦੀਆਂ ੨੭ ਲੜਕੀਆਂ ਨਾਲ ਵਿਆਹ ਕੀਤਾ, ਪਰ ਰੋਹਿਣੀ ਨੂੰ ਇਹ ਇਤਨਾ ਪਿਆਰ ਕਰਨ ਲੱਗਾ ਕਿ ਬਾਕੀ ਦੀਆਂ ਨੇ ਗੁੱਸਾ ਖਾਕੇ ਆਪਣੇ ਪਿਤਾ ਅੱਗੇ ਸ਼ਕਾਇਤ ਕੀਤੀ. ਦ ਨੇ ਸੁਲਹ ਕਰਾਉਣੀ ਚਾਹੀ , ਪਰ ਸੋਮ ਨੇ ਨਾ ਮੰਨਿਆ, ਤਾਂ ਦ ਨੇ ਆਪਣੇ ਜਵਾਈ ਨੂੰ ਸਰਾਪ ਦੇ ਦਿੱਤਾ ਕਿ ਤੇਰੇ ਘਰ ਕੋਈ ਬਾਲਕ ਨਾ ਹੋਵੇ ਅਰ ਤੈਨੂੰ ਖਈ ਰੋਗ ਲੱਗਾ ਰਹੇ. ਇਹ ਸੁਣਕੇ ਇਸ ਦੀਆਂ ਇਸਤ੍ਰੀਆਂ ਨੂੰ ਤਰਸ ਆਇਆ ਅਤੇ ਉਨ੍ਹਾਂ ਨੇ ਪਿਤਾ ਨੂੰ ਆਖਿਆ ਕਿ ਖਿਮਾ ਕਰੋ. ਦ ਆਪਣੇ ਸਰਾਪ ਨੂੰ ਤਾਂ ਨਾ ਮੋੜ ਸਕਿਆ, ਪਰ ਇਹ ਕਹਿ ਦਿੱਤਾ ਕਿ ਇਹ ਹੌਲੇ ਹੌਲੇ ਖੀਣ ਹੋਵੇਗਾ. ਇਸੇ ਲਈ ਚੰਦ੍ਰਮਾ ਵਧਦਾ ਅਤੇ ਘਟਦਾ ਹੈ.
ਇੱਕ ਵਾਰ ਸੋਮ ਨੇ ਰਾਜਸੂਯ ਯੱਗ ਕੀਤਾ ਅਰ ਅਭਿਮਾਨ ਵਿੱਚ ਆਕੇ ਦੇਵਗੁਰੂ ਵ੍ਰਿਹਸਪਤਿ ਦੀ ਇਸਤ੍ਰੀ ਤਾਰਾ ਨੂੰ ਚੁਰਾ ਲਿਆਇਆ ਅਤੇ ਉਸ ਨੂੰ ਉਸ ਦੇ ਪਤਿ ਦੇ ਆਖੇ ਤਾਂ ਕਿਧਰੇ ਰਿਹਾ, ਬ੍ਰਹਮਾ ਦੇ ਆਖੇ ਭੀ ਨਾ ਮੋੜਿਆ. ਇਸ ਗੱਲ ਪੁਰ ਲੜਾਈ ਹੋ ਪਈ ਅਤੇ ਸ਼ੁਕ੍ਰ ਨੇ (ਜਿਸ ਦਾ ਵ੍ਰਿਹਸਪਤਿ ਨਾਲ ਵੈਰ ਸੀ) ਸੋਮ ਦੀ ਮਦਦ ਕੀਤੀ ਅਤੇ ਹੋਰ ਦਾਨਵ ਭੀ ਸੋਮ ਵੱਲ ਹੋਏ ਅਰ ਵ੍ਰਿਹਸਪਤਿ ਵੱਲ ਇੰਦ੍ਰ ਤੇ ਦੇਵਤੇ ਹੋਏ. ਐਸਾ ਘੋਰ ਯੁੱਧ ਮਚਿਆ ਕਿ ਸਾਰੀ ਪ੍ਰਿਥਿਵੀ ਹਿੱਲ ਗਈ. ਸ਼ਿਵ ਨੇ ਆਪਣੇ ਤ੍ਰਿਸੂਲ ਨਾਲ ਸੋਮ ਦੇ ਦੋ ਟੋਟੇ ਕਰ ਦਿੱਤੇ. ਏਸੇ ਲਈ ਇਸ ਨੂੰ “ਭਗਨਾਤਮਾ” ਭੀ ਆਖਦੇ ਹਨ. ਅੰਤ ਵਿੱਚ ਬ੍ਰਹਮਾ ਨੇ ਵਿੱਚ ਪੈਕੇ ਸੁਲਹ ਕਰਵਾਈ ਅਤੇ ਤਾਰਾ ਵ੍ਰਿਹਸਪਤਿ ਨੂੰ ਦਿਵਾਈ. ਚੰਦ੍ਰਮਾ ਦੇ ਵੀਰਯ ਤੋਂ ਤਾਰਾ ਦੇ ਉੱਦਰ ਵਿੱਚੋਂ ਇੱਕ ਬਾਲਕ ਹੋਇਆ, ਜਿਸ ਦਾ ਨਾਉਂ ਬੁਧ ਰੱਖਿਆ ਜਿਸ ਤੋਂ ਚੰਦ੍ਰਵੰਸ਼ ਚੱਲਿਆ. ਪੁਰਾਣਾਂ ਵਿੱਚ ਲਿਖਿਆ ਹੈ ਕਿ ਸੋਮ ਦੇ ਰਥ ਦੇ ਤਿੰਨ ਪਹੀਏ ਹਨ ਅਤੇ ਚੰਬੇਲੀ ਜੇਹੇ ਚਿੱਟੇ ੧੦ ਘੋੜੇ ਇਸ ਨੂੰ ਖਿਚਦੇ ਹਨ, ਜਿਨ੍ਹਾਂ ਵਿੱਚੋਂ ਪੰਜ ਇੱਕ ਪਾਸੇ ਅਤੇ ਪੰਜ ਦੂਜੇ ਪਾਸੇ ਲਗਦੇ ਹਨ।
“ਹਿਤ ਸੋਂ ਤਮ ਸੋਮ ਕੇ ਪਾਸ ਬਸ੍ਯੋ,
ਮੁਖ ਪੰਕਜ ਪੇ ਮਧੁ ਪੁੰਜ ਸੁਹਾਹੀਂ.” (ਨਾਪ੍ਰ)
ਸਤਿਗੁਰੂ ਜੀ ਦੇ ਗੋਰੇ ਮੁਖ ਤੇ ਕਾਲੀ ਦਾੜ੍ਹੀ ਨਹੀਂ, ਮਾਨ ਚੰਦ੍ਰਮਾ ਪਾਸ ਹਨ੍ਹੇਰਾ ਆ ਵਸਿਆ ਹੈ, ਜਾਂ ਕਮਲ ਤੇ ਭੌਰੇ ਸੋਭਾ ਦੇ ਰਹੇ ਹਨ। ੩ ਅਮ੍ਰਿਤ। ੪ ਕਪੂਰ। ੫ ਸ੍ਵਰਗ । ੬ ਸ਼ਿਵ। ੭ ਕੁਬੇਰ। ੮ ਯਮ । ੯ ਪਵਨ। ੧੦ ਜਲ। ੧੧ ਯੋਗੀਆਂ ਦੇ ਸੰਕੇਤ ਅਨੁਸਾਰ ਖੱਬਾ ਸੁਰ , ਜਿਸ ਦਾ ਦੇਵਤਾ ਚੰਦ੍ਰਮਾ ਹੈ. “ਸੋਮ ਸਰੁ ਪੋਖਿਲੈ.” (ਮਾਰੂ ਮ: ੧) ਖੱਬੇ ਸ੍ਵਰ ਨਾਲ ਪ੍ਰਾਣਾਂ ਨੂੰ ਪੋਣ ਕਰ ਲੈ, ਭਾਵ—ਚੜ੍ਹਾ ਲੈ. ਦੇਖੋ, ਸੂਰਸਰੁ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 30616, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no
ਸੋਮ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਸੋਮ (ਸੰ.। ਸੰਸਕ੍ਰਿਤ) ੧. ਚੰਦ੍ਰਮਾ। ਯਥਾ-‘ਸੋਮ ਸਰੁ ਪੋਖਿ ਲੈ ’ ਚੰਦ੍ਰਮਾਂ ਦੇ ਸ੍ਵਰ ਨੂੰ ਭਾਵ ਇੜਾ ਨਾੜੀ ਨੂੰ ਬੰਦ ਕਰ ਲੈ।
੨. (ਸੰਸਕ੍ਰਿਤ ਸ੍ਵਯਮੑ) ਅਪਣੀ। ਯਥਾ-‘ਸੋਮ ਪਾਕ ਅਪਰਸ ਉਦਿਆਨੀ’।
ਦੇਖੋ, ‘ਸੋਮ ਪਾਕ’
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 30480, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਸੋਮ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ
ਸੋਮ : ਇਹ ਉੱਤਰੀ ਫ਼ਰਾਂਸ ਦਾ ਇਕ ਡਿਪਾਰਟਮੈਂਟ ਹੈ ਜੋ ਇੰਗਲਿਸ਼ ਚੈਨਲ ਦੇ ਸਾਹਮਣੇ ਲਗਭਗ 48 ਕਿ. ਮੀ. ਦੀ ਲੰਬਾਈ ਵਿਚ ਫੈਲਿਆ ਹੋਇਆ ਹੈ ਅਤੇ ਅੱਗੇ ਜਾ ਕੇ ਇਸੇ ਹੀ ਨਾਂ ਦੇ ਦਰਿਆ ਦੀ ਵਾਦੀ ਵਿਚ ਜਾ ਮਿਲਦਾ ਹੈ। ਇਸ ਦਾ ਖੇਤਰਫਲ 6175 ਵ. ਕਿ.ਮੀ. ਹੈ। ਸੰਨ 1972 ਵਿਚ ਇਥੋਂ ਦੀ ਵਸੋਂ ਲਗਭਗ 526,000 ਸੀ। ਮੁਖ ਤੌਰ ਤੇ ਇਥੋਂ ਦੀ ਜਲਵਾਯੂ ਮਹਾਂਸਾਗਰੀ ਹੈ ਪਰ ਕਦੇ ਕਦੇ ਇਥੇ ਵਰਖਾ ਵੀ ਹੁੰਦੀ ਹੈ। ਦੱਖਣ-ਪੱਛਮ ਦੀ ਭੂਮੀ ਬਹੁਤ ਉਪਜਾਊ ਹੈ ਅਤੇ ਇਥੇ ਇੰਗਲਿਸ਼ ਚੈਨਲ ਦੇ ਉੱਪਰ ਦੰਦੀਆਂ ਉੱਚੀਆਂ ਹੋਈਆਂ ਹਨ। ਦੰਦੀਆਂ ਤੋਂ ਹੇਠਾਂ ਦਰਿਆ ਸੋਮ ਅਤੇ ਦਰਿਆ ਆਥੀ ਦੀਆਂ ਐਸਚੁਰੀਆਂ ਸਿਲਟ ਨਾਲ ਭਰ ਜਾਣ ਕਾਰਨ ਇਥੋਂ ਦੀ ਭੂਮੀ ਦਲਦਲੀ ਹੋ ਗਈ ਹੈ।
ਦਲਦਲੀ ਭੂਮੀ ਦਾ ਸੁਧਾਰ ਕਰਨ ਉਪਰੰਤ ਇਥੇ ਅਨਾਜ, ਚਾਰਾ ਅਤੇ ਚਕੰਦਰ ਬੀਜਿਆ ਜਾਂਦਾ ਹੈ। ਦਰਿਆ ਦੀਆਂ ਵਾਦੀਆਂ ਦੇ ਨਾਲ ਨਾਲ ਪਸ਼ੂ ਪਾਲੇ ਜਾਂਦੇ ਹਨ। ਇਥੇ ਸੂਤੀ ਕੱਪੜੇ, ਖ਼ੁਰਾਕ-ਪ੍ਰਾਸੈਸਿੰਗ, ਧਾਤ ਅਤੇ ਰਬੜ ਦੇ ਉਦਯੋਗ ਸਥਾਪਤ ਹਨ। ਐਮੀਐਂਜ, ਆਬਵੀਲ, ਪੇਰੋਨ ਅਤੇ ਮਾਨਡੀਡਯੇ ਇਥੋਂ ਦੇ ਚਾਰ ਪ੍ਰਸਿੱਧ ਸ਼ਹਿਰ ਹਨ।
ਇਹ ਡਿਪਾਰਟਮੈਂਟ ਇਤਿਹਾਸਕ ਪ੍ਰਾਂਤ ਪਿਕਰਡੀ ਦੇ ਕਾਫ਼ੀ ਹਿੱਸੇ ਅਤੇ ਗਵਾਂਢੀ ਪ੍ਰਾਂਤ, ਆਰਟਵਾ ਦੇ ਕੁਝ ਹਿੱਸੇ ਨੂੰ ਮਿਲਾਕੇ ਹੋਂਦ ਵਿਚ ਆਇਆ।
ਹ. ਪੁ.––ਐਨ. ਬ੍ਰਿ. ਮਾ. 9:346.
ਲੇਖਕ : ਜੈ ਪਰਕਾਸ਼ ਸਿੰਘ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 23952, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-01-20, ਹਵਾਲੇ/ਟਿੱਪਣੀਆਂ: no
ਸੋਮ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ
ਸੋਮ : ‘ਸੋਮ’ ਸ਼ਬਦ ਦੇ ਕਈ ਅਰਥ ਹਨ ਜਿਨ੍ਹਾਂ ਵਿਚੋਂ ਕੁਝ ਇਕ ਨੂੰ ਵਧੇਰੇ ਪ੍ਰਸਿੱਧੀ ਪ੍ਰਾਪਤ ਹੈ, ਉਹ ਹਨ––ਇਕ ਪ੍ਰਾਚੀਨ ਵੈਦਿਕ ਦੇਵਤਾ, ਇਕ ਪ੍ਰਾਚੀਨ ਭਾਰਤੀ ਵੇਲ ਤੇ ਉਸਦਾ ਰਸ ਅਤੇ ਚੰਦਰਮਾ ਆਦਿ। ਮਾਨਵੀਕਰਨ ਦੇ ਰੂਪ ਵਿਚ ਸੋਮ ਵੈਦਿਕ ਕਾਲ ਦਾ ਉਹ ਪ੍ਰਸਿੱਧ ਦੇਵਤਾ ਸੀ ਜੋ ਸੋਮ ਰਸ ਨਾਲ ਮੱਤੇ ਹੋਏ ਭਾਰਤੀ ਮਦਿਰਾ ਦੇ ਦੇਵਤਾ ਦੀ ਪ੍ਰਤੀਨਿਧਤਾ ਕਰਦਾ ਸੀ। ਸੋਮਦੇਵ ਰਿਗਵੇਦ ਦੇ ਪ੍ਰਮੁੱਖ ਦੇਵਤਿਆਂ ਵਿਚ ਗਿਣਿਆ ਜਾਂਦਾ ਹੈ। ਰਿਗਵੇਦ ਦੇ ਯੱਗਾਂ ਵਿਚ ਸੋਮ ਯੱਗ ਦਾ ਬਹੁਤ ਮਹੱਤਵਪੂਰਨ ਸਥਾਨ ਹੈ। ਰਿਗਵੇਦ ਦੇ ਨੌਵੇਂ ਮੰਡਲ ਦੇ ਸਾਰੇ 114 ਸੂਕਤ ਤੇ ਹੋਰਨਾਂ ਮੰਡਲਾਂ ਦੇ ਕੁਝ ਸੂਕਤ ਇਸਦੀ ਉਸਤੱਤ ਵਿਚ ਹਨ। ਇਸ ਤੋਂ ਇਲਾਵਾ ਇਹ ਇੰਦਰ-ਸੋਮ, ਅਗਨੀ-ਸੋਮ, ਪੂਸ਼ਨ-ਸੋਮ ਅਤੇ ਰੁਦ੍ਰ-ਸੋਮ ਦੇ ਗੁਣ-ਕੀਰਤਨ ਵਿਚ ਵੀ ਭਾਈਵਾਲ ਹੈ। ਇਸ ਤਰ੍ਹਾਂ ਵੈਦਿਕ ਦੇਵਤਿਆਂ ਵਿਚ ਸੋਮ ਤੀਜੀ ਥਾਂ ਤੇ ਜਾਪਦਾ ਹੈ।
ਸੋਮ ਦੇਵ ਦੀ ਮਹੱਤਤਾ, ਸਰੂਪ ਤੇ ਹੋਂਦ ਨੂੰ ਵਧੇਰੇ ਸਪਸ਼ਟ ਰੂਪ ਵਿਚ ਸਮਝਣ ਲਈ ਸੋਮ ਦੀ ਵੇਲ (ਸੋਮਵੱਲੀ) ਤੇ ਉਸ ਤੋਂ ਕੱਢੇ ਜਾਣ ਵਾਲੇ ਰਸ (ਸੋਮਰਸ) ਤੇ ਇਨ੍ਹਾਂ ਦੇ ਬਿਰਤਾਂਤ ਅਤੇ ਵੇਲ ਤੇ ਰਸ ਉਪਰ ਕੀਤੇ ਗਏ ਸੰਸਕਾਰਾਂ ਦਾ ਗਿਆਨ ਜ਼ਰੂਰੀ ਹੈ।
ਸੋਮ ਵੇਲ ਦਾ ਨਾਂ ਅੰਧਸ (अन्धस्) ਵੀ ਪ੍ਰਤੀਤ ਹੁੰਦਾ ਹੈ। ਸੋਮ ਦਾ ਉਦਗਮ ਆਕਾਸ਼ ਹੈ ਤੇ ਬਾਜ ਇਸਨੂੰ ਲਿਆਉਂਦਾ ਹੈ। ਮੂਜਵਤ ਪਰਬਤ ਇਸ ਦਾ ਘਰ ਦੱਸਿਆ ਗਿਆ ਹੈ। ਸੋਮਰਸ ਨੂੰ ਵੀ ਅੰਧਸ ਕਹਿੰਦੇ ਹਨ। ਇਸ ਦਾ ਨਾਂ ਇੰਦੂ ਵੀ ਹੈ। ਇਹ ਪਿਤੂ (पितु) ਵੀ ਕਹਾਉਂਦਾ ਹੈ, ਕਿਉਂਕਿ ਇਹ ਪੀਤਾ ਜਾਂਦਾ ਹੈ। ਕਿਤੇ ਕਿਤੇ ਸੋਮ ਨੂੰ ਅੰਨ ਵੀ ਕਿਹਾ ਗਿਆ ਹੈ।
ਸੋਮ ਵੇਲ ਦਾ ਰਸ ਕੱਢਣ ਲਈ ਰਿਗਵੇਦ ਵਿਚ ਸੂ (सू) ਤੇ ਦੁਹ (दुह्) ਧਾਤੂ ਦਾ ਪ੍ਰਯੋਗ ਹੋਇਆ ਹੈ। ਸੂ ਦੇ ਅਰਥ ਹਨ ਦਬਾ ਕੇ ਜਾਂ ਨਪੀੜ ਕੇ ਰਸ ਕੱਢਣਾ ਅਤੇ ਦੁਹ ਦਾ ਅਰਥ ਹੈ ਚੋਣਾ ਜਾਂ ਧਾਰ ਕੱਢਣੀ। ਸੋਮ ਰਸ ਨੂੰ ਤਿਆਰ ਕਰਨ ਦੀ ਵਿਧੀ ਪਵਿੱਤਰ ਯੱਗ ਅਤੇ ਇਸ ਨੂੰ ਬਣਾਉਣ ਲਈ ਵਰਤਿਆ ਜਾਣ ਵਾਲਾ ਸਾਜ-ਸਮਾਨ ਵੀ ਪਵਿੱਤਰ ਸਮਝਿਆ ਜਾਂਦਾ ਸੀ।
ਸੋਮ ਦੀ ਵੇਲ ਨੂੰ ਉਖਲੀ-ਮੋਹਲੇ ਨਾਲ ਕੁੱਟ ਕੇ ਰਸ ਕੱਢਣ ਦਾ ਜ਼ਿਕਰ ਆਉਂਦਾ ਹੈ। ਜਦੋਂ ਇਸ ਵੇਲ ਨੂੰ ਪੱਥਰਾਂ ਨਾਲ ਦਬਾ ਕੇ ਰਸ ਕੱਢਿਆ ਜਾਂਦਾ ਸੀ ਤਾਂ ਉਸ ਰਸ ਨੂੰ ਲਹਿਰ ਦੀ ਉਪਮਾ ਦਿੱਤੀ ਜਾਂਦੀ ਸੀ। ਸੋਮ ਦੇ ਰਸ ਨੂੰ ਊਨੀ ਕੱਪੜੇ ਵਿਚ ਪਾ ਕੇ ਪੁਣਦੇ ਸਨ। ਇਸ ਪੋਣੇ ਦੇ ਤੁਚਾ (त्वचा), ਰੋਮਨ (रोमन), ਵਾਰ (वार), ਪਵਿੱਤਰ (पवित्र), ਸਾਨੂ (सानू), ਆਦਿ ਕਈ ਨਾਂ ਸਨ। ਇਸ ਨੂੰ ਦਸ ਕੁਆਰੀਆਂ ਭੈਣਾਂ (ਭਾਵ ਦਸ ਉਂਗਲਾਂ) ਸ਼ੁੱਧ ਕਰਦੀਆਂ ਸਨ। ਪੋਣੇ ਵਿਚੋਂ ਨਿਕਲ ਕੇ ਰਸ ਭਾਂਡੇ ਵਿਚ ਪੈਂਦਾ ਸੀ। ਇਹ ਭਾਂਡਾ ਅਸ਼ਵੱਥ (ਪਿੱਪਲ) ਦੀ ਲਕੜੀ ਦਾ ਬਣਿਆ ਹੋਇਆ ਹੁੰਦਾ ਸੀ। ਜਿਵੇਂ ਪੰਛੀ ਉੱਡ ਕੇ ਬਿਰਖ ਉੱਪਰ ਜਾ ਬਹਿੰਦਾ ਹੈ, ਤਿਵੇਂ ਹੀ ਇਹ ਪੀਲਾ ਦੇਵਤਾ (ਸੋਮ) ਭਾਂਡੇ ਵਿਚ ਜਾ ਬਹਿੰਦਾ ਸੀ। ਭਾਂਡੇ ਵਿਚ ਇਕੱਠੇ ਹੋਏ ਰਸ ਨੂੰ ਸਮੁੰਦਰ ਕਿਹਾ ਜਾਂਦਾ ਸੀ। ਜਦ ਸੋਮ ਰਸ ਭਾਂਡੇ ਵਿਚ ਪੈਂਦਾ ਸੀ, ਉਸ ਵੇਲੇ ਦੀ ਇਸਦੀ ਆਵਾਜ਼ ਨੂੰ ਕਿਸੇ ਯੋਧੇ ਦੇ ਲਲਕਾਰਿਆਂ ਤੇ ਕਿਤੇ ਕਿਤੇ ਬਲਦ ਦੇ ਬੁੱਕਣ ਅਤੇ ਗੱਜਣ ਨਾਲ ਤੁਲਨਾ ਦਿੱਤੀ ਗਈ ਹੈ। ਕੁਝ ਮੰਤਰਾਂ ਵਿਚ ਸੋਮ ਨੂੰ ਬਲਦ ਵਰਗਾ ਅਤੇ ਕਿਤੇ ਬਲਦ ਵੀ ਕਿਹਾ ਗਿਆ ਹੈ, ਜਦੋਂ ਕਿ ਦੁੱਧ ਮਿਲੇ ਪਾਣੀ ਨੂੰ ਜਾਂ ਨਿਰੇ ਪਾਣੀ ਨੂੰ ਗਊ ਕਿਹਾ ਗਿਆ ਹੈ। ਭਾਵ ‘ਸੋਮ’ ਵਿਚ ਬੀਰਤਾ ਤੇ ਸ਼ਕਤੀ ਦੇ ਅੰਸ਼ ਹੋਣ ਨੂੰ ਸਪਸ਼ਟ ਕੀਤਾ ਗਿਆ ਹੈ। ਸੋਮਰਸ ਵਿਚ ਇਸ ਦੀ ਮਾਤਰਾ ਦੇ ਬਰਾਬਰ ਹੀ ਪਾਣੀ ਮਿਲਾਇਆ ਜਾਂਦਾ ਸੀ ਜਿਸ ਨੂੰ ਸੋਮ ਨੂੰ ਬਸਤਰ ਪਾਉਂਣਾ ਆਖਦੇ ਸਨ। ਸੋਮ ਵਿਚ ਦੁੱਧ, ਦਹੀਂ, ਜੌਂ ਜਾਂ ਇਹ ਤਿੰਨੇ ਚੀਜ਼ਾਂ ਮਿਲਾਈਆਂ ਜਾਂਦੀਆਂ ਸਨ। ਮਿਤ੍ਰਾ ਵਰੁਣ ਨੂੰ ਦੁੱਧ ਵਿਚ ਮਿਲਿਆ ਰਸ ਭੇਟ ਕੀਤਾ ਜਾਂਦਾ ਸੀ। ਸ਼ੁੱਧ ਸੋਮ ਕੇਵਲ ਵਾਯੂ ਤੇ ਇੰਦਰ ਨੂੰ ਹੀ ਭੇਟ ਕੀਤਾ ਜਾਂਦਾ ਸੀ, ਇਸੇ ਕਰ ਕੇ ਵਾਯੂ ਲਈ ਸ਼ੁਚੀ (शुचि) ਭਾਵ ‘ਸ਼ੁੱਧ ਸੋਮ ਪੀਣ ਵਾਲਾ’ ਵਿਸ਼ੇਸ਼ਣ ਵਰਤਿਆ ਗਿਆ ਹੈ। ਰਿਗਵੇਦ ਵਿਚ ਜ਼ਿਕਰ ਆਉਂਦਾ ਹੈ ਕਿ ਤ੍ਰਿਤ (ਇਕ ਛੋਟਾ ਦੇਵਤਾ) ਦੀਆਂ ਧੀਆਂ ਇੰਦਰ ਦੇ ਪੀਣ ਲਈ ਰਸ ਤਿਆਰ ਕਰਦੀਆਂ ਸਨ।
ਪੀਲੇ ਰੰਗ ਦਾ ਹੋਣ ਕਾਰਨ ਸੋਮ ਰਸ ਤੇਜ ਵਾਲਾ ਦਰਸਾਇਆ ਗਿਆ ਹੈ। ਕਿਤੇ ਕਿਤੇ ਇਸ ਦੀਆਂ ਪ੍ਰਕਾਸ਼ ਕਿਰਨਾਂ ਦਾ ਵੀ ਚਰਚਾ ਹੋਈ ਹੈ। ਕਈ ਵਾਰ ਇਸ ਨੂੰ ਸੂਰਜ ਸਮਾਨ ਵੀ ਕਹਿ ਦਿੱਤਾ ਗਿਆ ਹੈ। ਭਿੰਨੀ ਭਿੰਨੀ ਮਹਿਕ ਵਾਲੇ ਇਸ ਰਸ ਨੂੰ ਦੇਵਤੇ ਤੇ ਪੁਰੋਹਿਤ ਸੱਭੇ ਬੜੇ ਚਾਅ ਨਾਲ ਪੀਂਦੇ ਸਨ।
ਸੋਮ ਦਵਾਈਆਂ ਦਾ ਰਾਜਾ ਮੰਨਿਆ ਗਿਆ ਹੈ। ਪੁਰਾਤਨ ਰਿਸ਼ੀਆਂ ਅਨੁਸਾਰ ਸੋਮ ਪੀਣ ਨਾਲਿ ਹਿੰਮਤ ਅਤੇ ਮਸਤੀ ਆਉਂਦੀ ਹੈ, ਬਲ ਵੱਧਦਾ ਹੈ। ਇਹ ਰੋਗਾਂ ਨੂੰ ਨਾਸ਼ ਕਰਨ ਦੀ ਸ਼ਕਤੀ ਰੱਖਦਾ ਹੈ। ਇਸ ਵਿਚ ਅੰਨ੍ਹੇ ਨੂੰ ਸੁਜਾਖਾ ਤੇ ਲੰਗੜੇ ਨੂੰ ਚਲਣ ਯੋਗ ਬਣਾ ਦੇਣ ਦੀ ਸਮਰੱਥਾ ਹੈ। ਸੋਮਰਸ ਪੀਣ ਨਾਲ ਵਿਚਾਰ ਸ਼ਕਤੀ ਵੱਧਦੀ ਹੈ, ਉਮਰ ਲੰਮੀ ਹੁੰਦੀ ਹੈ। ਇਨ੍ਹਾਂ ਗੁਣਾਂ ਕਾਰਨ ਇਸ ਨੂੰ ਅੰਮ੍ਰਿਤ ਤਕ ਕਹਿ ਦਿੱਤਾ ਗਿਆ ਹੈ। ਸੋਮ ਵਿਚਾਰਾਂ ਦਾ ਪਤੀ, ਸੂਕਤਾਂ ਦਾ ਪਿਤਾ ਤੇ ਨੇਤਾ, ਕਵੀਆਂ ਦਾ ਆਗੂ ਹੋਣ ਦੇ ਨਾਲ ਨਾਲ ਪੁਰੋਹਿਤਾਂ ਵਿਚ ਰਿਸ਼ੀ ਤੇ ਵੀਰਾਂ ਵਿਚ ਮਹਾਂਵੀਰ ਹੈ।
ਮਨੁੱਖਾਂ ਵਾਂਗ ਸੋਮ ਦਾ ਪ੍ਰਭਾਵ ਦੇਵਤਿਆਂ ਉਪਰ ਵੀ ਆਪਣਾ ਰੰਗ ਜਮਾਉਂਦਾ ਹੈ। ਇਸ ਦੇ ਪਾਨ ਕਰਨ ਨਾਲ ਇੰਦਰ ਵਿਚ ਅਪਾਰ ਸ਼ਕਤੀ ਆ ਜਾਂਦੀ ਹੈ ਤੇ ਉਹ ਰਾਕਸ਼ਾਂ ਨੂੰ ਹਰਾ ਦਿੰਦਾ ਹੈ। ਸੋਮ ਇੰਦਰ ਦਾ ਰਥਵਾਨ ਹੈ। ਵੈਦਿਕ ਰਿਸ਼ੀਆਂ ਨੇ ਇਸ ਨੂੰ ਦੌਲਤ ਦੇਣ ਵਾਲਾ ਤੇ ਦੇਵਤਿਆਂ ਦਾ ਗੁਰੂ ਤਕ ਮੰਨਿਆ ਹੈ। ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਸੋਮ ਵੇਲੇ ਦਾ ਰਸ ਆਪਣੇ ਗੁਣਾਂ ਕਾਰਨ ਮਹੱਤਤਾ ਪ੍ਰਾਪਤ ਕਰਦਾ ਕਰਦਾ ਮਾਨਵੀ ਕ੍ਰਿਤ ਰੂਪ ਵਿਚ ਸੋਮ ਦੇਵ ਬਣ ਗਿਆ।
ਸੋਮ ਦੇ ਯੱਗਾਂ ਦੀ ਬੜੀ ਮਹੱਤਤਾ ਸੀ। ਇਨ੍ਹਾਂ ਵਿਚੋਂ ਵਧੇਰੇ ਯੱਗ ਗੁੰਝਲਦਾਰ ਸਨ ਸਾਦੇ ਤੋਂ ਸਾਦੇ ਅਗਨੀ-ਸਟੋਮ ਲਈ ਸੋਲਾਂ ਬ੍ਰਾਹਮਣਾਂ ਦੀ ਲੋੜ ਪੈਂਦੀ ਸੀ। ਇਹ ਸਵੇਰੇ ਦੁਪਹਿਰੇ ਤੇ ਤ੍ਰਿਕਾਲਾਂ ਵੇਲੇ ਕੀਤੇ ਜਾਂਦੇ ਸਨ।
ਰਿਗਵੇਦ ਅਤੇ ਅਵੇਸਤਾ (ਈਰਾਨੀਆਂ ਦਾ ਧਰਮ ਗ੍ਰੰਥ) ਦੋਹਾਂ ਦਾ ਅਧਿਐਨ ਕਰਨ ਨਾਲ ਇਹ ਗੱਲ ਸਾਫ ਪਤਾ ਲੱਗ ਜਾਂਦੀ ਹੈ ਕਿ ਜਿਸ ਸਮੇਂ ਭਾਰਤ ਤੇ ਈਰਾਨ ਦੇ ਆਰੀਆ ਲੋਕ ਇਕੱਠੇ ਰਹਿੰਦੇ ਸਨ ਜਾਂ ਜਦੋਂ ਉਨ੍ਹਾਂ ਦਾ ਆਪਸ ਵਿਚ ਬਹੁਤ ਮੇਲ ਜੋਲ ਸੀ, ਉਸ ਸਮੇਂ ਦੇ ਧਰਮ ਵਿਚ ਸੋਮ ਜਾਂ ‘ਹਓਮ’ (ਕਿਉਂਕਿ ਈਰਾਨ ਵਿਚ ਭਾਰਤੀ ‘ਸ’ ਦੀ ਧੁਨੀ ‘ਹ’ ਵਿਚ ਬਦਲ ਜਾਂਦੀ ਹੈ) ਨੂੰ ਕਾਫੀ ਵਡਿਆਈ ਪ੍ਰਾਪਤ ਹੋ ਚੁੱਕੀ ਸੀ। ਦੋਹਾਂ ਗ੍ਰੰਥਾਂ ਵਿਚ ਸੋਮ ਦਾ ਹਓਮ ਨੂੰ ਦਵਾਈਆਂ ਦਾ ਰਾਜਾ ਕਿਹਾ ਗਿਆ ਹੈ ਜੋ ਲੰਮੀ ਉਮਰ ਤੇ ਅਮਰਤਾ ਪ੍ਰਦਾਨ ਕਰਦਾ ਹੈ। ਦੋਹਾਂ ਗ੍ਰੰਥਾਂ ਵਿਚ ਸੋਮ ਦਾ ਮੁੱਢਲਾ ਘਰ ਸਵਰਗ ਦੱਸਿਆ ਗਿਆ ਹੈ ਅਤੇ ਇਹ ਉਥੋਂ ਧਰਤੀ ਤੇ ਆਇਆ ਹੈ। ਦੋਹਾਂ ਵਿਚ ਆਕਾਸ਼ ਦੇ ਸੋਮ ਤੇ ਧਰਤੀ ਦੇ ਸੋਮ ਵਿਚ ਫਰਕ ਦੱਸਿਆ ਗਿਆ ਹੈ। ਪਹਿਲਾ ਦੇਵਤਾ ਹੈ ਤੇ ਦੂਜਾ ਪੀਤੇ ਜਾਣ ਵਾਲਾ ਰਸ। ਰਿਗਵੇਦ ਵਿਚ ਸੋਮ ਦਾ ਸੇਵਨ ਤਿੰਨ ਵੇਲੇ ਪਰ ਅਵੇਸਤਾ ਵਿਚ ਦੋ ਵੇਲੇ ਦੱਸਿਆ ਗਿਆ ਹੈ। ਦੋਹਾਂ ਗ੍ਰੰਥਾ ਵਿਚ ਸੋਮ ਜਾਂ (ਹਓਮ) ਲਈ ਮਿਲਦੇ-ਜੁਲਦੇ ਵਿਸ਼ੇਸ਼ਣ ਵਰਤੇ ਗਏ ਹਨ।
ਰਿਗਵੇਦ ਦੇ ਪਿਛਲੇ ਸੂਕਤਾਂ ਵਿਚ ਸੋਮ ਅਤ ਚੰਦਰਮਾਂ ਇਕ ਦੂਜੇ ਨਾਲ ਇਕ-ਮਿਕ ਹੁੰਦੇ ਜਾਪਦੇ ਹਨ। ਅਥਰਵ ਵੇਦ ਵਿਚ ਵੀ ਕਈ ਥਾਈਂ ਸੋਮ ਦਾ ਭਾਵ ਚੰਨ ਤੋਂ ਹੀ ਹੈ। ਇਕ ਉਪਨਿਸ਼ਦ ਵਿਚ ਵੀ ਕਿਹਾ ਗਿਆ ਹੈ ਕਿ ਚੰਦਰਮਾ ਸੋਮ-ਰਾਜਾ ਹੈ, ਇਹ ਦੇਵਤਿਆਂ ਦਾ ਅੰਨ ਹੈ ਅਤੇ ਦੇਵਤਾ ਇਸ ਨੂੰ ਪੀਂਦੇ ਹਨ। ਪਰਲੋਕਿਕ ਸੰਸਕ੍ਰਿਤ ਵਿਚ ਸੋਮ ਚੰਦਰਮਾਂ ਦਾ ਸਾਧਾਰਨ ਨਾਂ ਹੋ ਗਿਆ। ਪੌਰਾਣਕ ਮਿਥਿਹਾਸ ਵਿਚ ਚੰਦਰਮਾਂ ਦਾ ਨਾਂ ਸੋਮ ਰੱਖਿਆ ਗਿਆ ਅਤੇ ਇਸ ਨੂੰ ਸਰੀਆਂ ਜੜੀਆਂ ਬੂਟੀਆਂ ਤੇ ਦਵਾਈਆਂ ਦਾ ਰਾਜਾ ਜਾਂ ਦੇਵਤਾ ਥਾਪ ਦਿੱਤਾ ਗਿਆ। ਇਹ ਇਕ ਪ੍ਰਜਾਪਤੀ ਅਤੇ ਸਵਯਾਂਭੁਵ ਮਨਵੰਤਰ ਦੇ ਅਤ੍ਰੀ ਨਾਮਕ ਰਿਸ਼ੀ ਦਾ ਪੁੱਤਰ ਸੀ। ਇਹ ਸਪਤਰਿਸ਼ੀਆਂ ਦੁਆਰਾ ਕੀਤੇ ਗਏ ਪ੍ਰਿਥਵੀ ਦੋਹਨ ਸਮੇਂ ਬਛੜਾ ਬਣਿਆ ਸੀ। ਇਸ ਦੀ ਨਗਰੀ ਦਾ ਨਾਂ ਵਿਭਾਵਰੀ ਸੀ ਜੋ ਮੇਰੂ ਪਰਬਤ ਦੇ ਉੱਤਰ ਵਿਚ ਸਥਿਤ ਸੀ। ਸੋਮ ਦੀਆਂ ਸਤਾਈ ਪਤਨੀਆਂ ਸਨ, ਜੋ ਰਾਜਾ ਦਕਸ਼ ਦੀਆਂ ਧੀਆਂ ਸਨ। ਪਰ ਇਹ ਰੋਹਿਣੀ ਨਾਂ ਦੀ ਆਪਣੀ ਇਕ ਪਤਨੀ ਨਾਲ ਬਹੁਤ ਜ਼ਿਆਦਾ ਪਿਆਰ ਕਰਨ ਲੱਗ ਪਿਆ ਜਿਸ ਕਾਰਨ ਬਾਕੀ ਪਤਨੀਆਂ ਨੇ ਗੁੱਸਾ ਖਾ ਕੇ ਆਪਣੇ ਪਿਤਾ ਪਾਸ ਸ਼ਿਕਾਇਤ ਕੀਤੀ। ਦਕਸ਼ ਨੇ ਸੁਲਹ ਕਰਵਾਉਣੀ ਚਾਹੀ ਪਰ ਜਦੋਂ ਸੋਮ ਨਾ ਮੰਨਿਆ ਤਾਂ ਉਸ ਨੇ ਆਪਣੇ ਜਵਾਈ ਨੂੰ ਸਰਾਪ ਦੇ ਦਿੱਤਾ ਕਿ ਤੇਰੇ ਘਰ ਕੋਈ ਬੱਚਾ ਨਾ ਹੋਵੇ ਅਤੇ ਤੈਨੂੰ ਖਈ ਰੋਗ ਲੱਗ ਜਾਵੇ। ਇਹ ਸਣ ਕੇ ਇਸ ਦੀਆਂ ਪਤਨੀਆਂ ਨੂੰ ਤਰਸ ਆਇਆ। ਉਨ੍ਹਾਂ ਦਕਸ਼ ਅੱਗੇ ਸੋਮ ਨੂੰ ਮਾਫ ਕਰ ਦੇਣ ਦੀ ਬੇਨਤੀ ਕੀਤੀ। ਦਕਸ਼ ਆਪਣੇ ਸਰਾਪ ਨੂੰ ਤਾਂ ਨਾ ਮੋੜ ਸਕਿਆ, ਪਰ ਇਹ ਕਹਿ ਦਿੱਤਾ ਕਿ ਇਹ ਹੌਲੇ ਹੌਲੇ ਖੀਣ ਹੋਵੇਗਾ। ਇਸੇ ਕਾਰਨ ਚੰਦਰਮਾਂ ਹੌਲੀ ਹੌਲੀ ਵੱਧਦਾ ਅਤੇ ਘੱਟਦਾ ਹੈ।
ਇਕ ਵਾਰ ਸੋਮ ਨੇ ਗਜਯੂਸ ਯੱਗ ਕੀਤਾ ਅਤੇ ਅਭਿਮਾਨ ਵਿਚ ਆ ਕੇ ਦੇਵਤਿਆਂ ਦੇ ਗੁਰੂ ਬ੍ਰਿਹਸਪਤੀ ਦੀ ਪਤਨੀ ਤਾਰਾ ਨੂੰ ਚੁੱਕ ਲਿਆਇਆ ਅਤੇ ਉਸ ਨੂੰ ਬ੍ਰਿਹਸਪਤੀ ਦੇ ਆਖੇ ਤਾਂ ਕਿਧਰੇ ਰਿਹਾ, ਬ੍ਰਹਮਾ ਦੇ ਆਖੇ ਵੀ ਵਾਪਸ ਨਾ ਕੀਤਾ। ਇਸ ਗੱਲ ਤੇ ਲੜਾਈ ਹੋ ਪਈ। ਸ਼ੁੱਕਰ ਨੇ (ਜਿਸ ਦਾ ਬ੍ਰਿਹਸਪਤੀ ਨਾ ਵੈਰ ਸੀ) ਸੋਮ ਦੀ ਮਦਦ ਕੀਤੀ ਅਤੇ ਹੋਰ ਰਾਖਸ਼ ਵੀ ਸੋਮ ਵੱਲ ਹੋਏ ਅਤੇ ਬ੍ਰਿਹਸਪਤੀ ਵੱਲ ਇੰਦਰ ਤੇ ਹੋਰ ਦੇਵਤੇ ਹੋਏ। ਅਜਿਹਾ ਘੋਰ ਯੁੱਧ ਮਚਿਆ ਕਿ ਸਾਰੀ ਧਰਤੀ ਹਿੱਲ ਗਈ। ਸ਼ਿਵ ਨੇ ਆਪਣੇ ਤ੍ਰਿਸ਼ੂਲ ਨਾਲ ਸੋਮ ਦੇ ਦੋ ਟੋਟੇ ਕਰ ਦਿੱਤੇ। ਇਸੇ ਕਾਰਨ ਇਸ ਨੂੰ ‘ਭਗਨਾਤਮਾ’ ਵੀ ਆਖਦੇ ਹਨ। ਅੰਤ ਵਿਚ ਬ੍ਰਹਮਾ ਨੇ ਵਿਚ ਪੈ ਕੇ ਸੁਲਹ-ਸਫਾਈ ਕਰਵਾ ਕੇ ਤਾਰਾ ਬ੍ਰਿਹਸਪਤੀ ਨੂੰ ਵਾਪਸ ਦਿਵਾਈ। ਸੋਮ (ਚੰਨ) ਦੇ ਵੀਰਜ ਤੋਂ ਤਾਰਾ ਦੀ ਕੁੱਖੋਂ ਕਿ ਬੱਚਾ ਹੋਇਆ ਜਿਸ ਦਾ ਨਾਂ ਬੁੱਧ ਰੱਖਿਆ ਗਿਆ ਜਿਸ ਤੋਂ ਚੰਦ੍ਰਵੰਸ਼ ਚੱਲਿਆ। ਪੁਰਾਣਾਂ ਅਨੁਸਾਰ ਸੋਮ ਦੇ ਤਿੰਨ ਪਹੀਆਂ ਵਾਲੇ ਰੱਥ ਨੂੰ ਚੰਬੇਲੀ ਵਰਗੇ ਚਿੱਟੇ ਦੱਸ ਘੋੜੇ ਖਿੱਚਦੇ ਹਨ। ਜਿਨ੍ਹਾਂ ਵਿਚ ਪੰਜ ਘੋੜੇ ਜੂਲੇ ਦੇ ਸੱਜੇ ਪਾਸੇ ਅਤੇ ਪੰਜ ਜੂਲੇ ਦੇ ਖੱਬੇ ਪਾਸੇ ਜੁਤੇ ਹੁੰਦੇ ਹਨ।
ਇਨ੍ਹਾਂ ਤੋਂ ਇਲਾਵਾ ਸੋਮ ਦੇ ਹੋਰ ਕਈ ਅਰਥ ਹਨ ਜਿਵੇਂ ਸਵਰਗ, ਸ਼ਿਵ, ਕਬੇਰ, ਯਮ, ਪਵਨ, ਜਲ। ਸੋਮ ਤੋਂ ਭਾਵ ਯੋਗੀਆਂ ਦੇ ਸੰਕੇਤ ਅਨੁਸਾਰ ਖੱਬਾ ਸੁਰ ਹੈ, ਜਿਸ ਦਾ ਦੇਵਤਾ ਚੰਦਰਮਾਂ ਹੈ। ‘ਸੋਮ ਪੁਰ ਪੋਖਿਲੈ’ (ਮਾਰੂ ਮ: ੧) ਖੱਬੇ ਸੁਰ ਨਾਲ ਪ੍ਰਾਣਾਂ ਦਾ ਪੋਸ਼ਣ (ਪਾਲਣਾ) ਕਰ ਲੈ, ਭਾਵ ਪ੍ਰਾਣ ਚੜ੍ਹਾ ਲੈ।
ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ‘ਸੋਮ’ ਆਪਣੇ ਅਰਥ ਦੀ ਵਿਚਿਤਰਤਾ, ਪ੍ਰਾਚੀਨਤਾ ਤੇ ਵਿਸਤਾਰ ਦੇ ਪੱਖੋਂ ਚੋਖੀ ਮਹੱਤਤਾ ਦਾ ਧਨੀ ਹੈ।
ਹ. ਪੁ.––ਮਹਾਰਾਸ਼ਟਰੀ ਗਿਆਨ ਕੋਸ਼–2:301-11; ਦ. ਸੰ. ਸਾ. ਨੌ ਇ. ਮੋ. ਪਾ. ਦਵੇ 25:129 ਮ. ਕੋ. 233; ਹਿੰ. ਮਿ. ਕੋ.
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 23951, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-01-20, ਹਵਾਲੇ/ਟਿੱਪਣੀਆਂ: no
ਸੋਮ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸੋਮ, (ਸੰਸਕ੍ਰਿਤ) / ਪੁਲਿੰਗ : ੧. ਚੰਦਰਮਾ, ੨. ਐਤਵਾਰ ਤੋਂ ਅਗਲਾ ਦਿਨ, ਚੰਦਰਵਾਰ
–ਸੋਮਵੰਸ, ਪੁਲਿੰਗ : ਚੰਦਰਵੰਸ਼, ਚੰਦਰਮਾ ਦੇ ਪੁੱਤਰ ਬੁੱਧ ਤੋਂ ਚੱਲਿਆ ਹੋਇਆ ਵੰਸ਼, ਪਾਂਡਵ ਅਤੇ ਯਾਦਵ ਸਭ ਸੋਮਵੰਸੀ ਹਨ
–ਸੋਮਵੰਸੀ, ਵਿਸ਼ੇਸ਼ਣ : ਚੰਦਰਮਾ ਦੀ ਵੰਸ਼ ਵਿਚੋਂ ਹੋਣ ਵਾਲਾ
–ਸੋਮਵਤੀ, ਵਿਸ਼ੇਸ਼ਣ : ਚੰਦਰਵਾਰੀ, ਸੋਮਵਾਰੀ
–ਸੋਮਵਤੀ ਮੱਸਿਆ, ਇਸਤਰੀ ਲਿੰਗ : ਮੱਸਿਆ ਜਾਂ ਕ੍ਰਿਸ਼ਨਾ ਪੱਖ ਦੀ ਛੇਕੜਲੀ ਥਿਤ (ਤਿੱਥ) ਜੋ ਸੋਮਵਾਰ ਨੂੰ ਹੋਵੇ। ਇਸ ਦਿਨ ਦੇ ਤੀਰਥ ਅਸ਼ਨਾਨ ਦਾ ਬੜਾ ਮਹਾਤਮ ਮੰਨਿਆ ਜਾਂਦਾ ਹੈ
–ਸੋਮਵਾਰ, ਪੁਲਿੰਗ : ਐਤਵਾਰ ਤੋਂ ਬਾਦ ਦਾ ਦਿਨ
–ਸੋਮਾਵਤੀ, ਇਸਤਰੀ ਲਿੰਗ : ਸੋਮਵਾਰੀ ਮੱਸਿਆ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 9512, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-26-05-04-38, ਹਵਾਲੇ/ਟਿੱਪਣੀਆਂ:
ਸੋਮ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸੋਮ, ਇਸਤਰੀ ਲਿੰਗ : ਇੱਕ ਬੂਟੀ ਜਿਸ ਦਾ ਰਸ ਪੁਰਾਣੇ ਵਕਤਾਂ ਦੇ ਰਿਸ਼ੀ ਸਰੂਰ ਲਈ ਪੀਂਦੇ ਸਨ
–ਸੋਮ ਰਸ, ਪੁਲਿੰਗ : ਸੋਮ ਨਾਮੀ ਪੌਦੇ ਦਾ ਰਸ ਜੋ ਪਿਛਲੇ ਸਮਿਆਂ ਵਿੱਚ ਰਿਸ਼ੀ ਪੀਂਦੇ ਸਨ
–ਸੋਮ-ਲਤਾ, ਇਸਤਰੀ ਲਿੰਗ : ਇੱਕ ਵੇਲ ਜਿਸ ਦੇ ਰਸ ਤੋਂ ਸੋਮਰਸ ਬਣਾਇਆ ਜਾਂਦਾ ਹੈ
–ਸੋਮਵੱਲੀ, ਇਸਤਰੀ ਲਿੰਗ : ਸੋਮ-ਲਤਾ, ਇੱਕ ਵੇਲ ਜਿਸ ਦੇ ਰਸ ਤੋਂ ਸੋਮਰਸ ਬਣਾਇਆ ਜਾਂਦਾ ਸੀ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 9511, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-26-05-04-49, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First