ਸ੍ਵੈਜੀਵਨੀ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਸ੍ਵੈਜੀਵਨੀ : ਆਪ ਲਿਖੀ ਆਪਣੀ ਜੀਵਨ ਕਹਾਣੀ ਨੂੰ ਸ੍ਵੈਜੀਵਨੀ ਜਾਂ ਆਤਮਕਥਾ ਕਿਹਾ ਜਾਂਦਾ ਹੈ । ਸ੍ਵੈਜੀਵਨੀ  ਵਿੱਚ ਸੁਚੇਤ ਜਾਂ ਅਚੇਤ ਰੂਪ ਵਿੱਚ ਲੇਖਕ ਦੇ ਵਿਅਕਤਿਤਵ ਦਾ ਪ੍ਰਗਟਾਵਾ ਹੁੰਦਾ ਹੈ । ਇਸ ਸਾਹਿਤ ਰੂਪ ਵਿੱਚ ਲੇਖਕ ਆਪਣੇ ਜੀਵਨ ਨਾਲ ਸੰਬੰਧਿਤ ਘਟਨਾਵਾਂ ਜਾਂ ਕਾਰਜਾਂ ਦਾ ਬਿਓਰਾ ਹੀ ਪੇਸ਼ ਨਹੀਂ ਕਰਦਾ ਸਗੋਂ ਪੁਨਰ ਸਿਰਜਦਾ ਹੈ । ਦੁਬਾਰਾ ਸਿਰਜਿਆ ਹੋਣ ਕਰ ਕੇ ਇਸ ਦੀ ਗਿਣਤੀ ਸਿਰਜਣਾਤਮਿਕ ਸਾਹਿਤ ਵਿੱਚ ਕੀਤੀ ਜਾਂਦੀ ਹੈ । ਇਸ ਦ੍ਰਿਸ਼ਟੀ ਤੋਂ ਇਹ ਯਾਦਾਂ ਜਾਂ ਸੰਸਮਰਨ ਤੋਂ ਵੀ ਭਿੰਨ ਹੈ । ਯਾਦਾਂ ਵਿੱਚ ਦੂਸਰੇ ਵਿਅਕਤੀਆਂ ਦੇ ਜੀਵਨ ਬਾਰੇ ਵੀ ਬਹੁਤ ਕੁਝ ਹੁੰਦਾ ਹੈ ਜਦ ਕਿ ਸ੍ਵੈਜੀਵਨੀ ਆਪ ਹੰਢਾਏ ਅਤੇ ਭੋਗੇ ਪਲਾਂ ਦੀ ਪੁਨਰ ਉਸਾਰੀ ਹੈ । ਇਹ ਡਾਇਰੀ ਤੋਂ ਵੀ ਭਿੰਨ ਹੈ । ਇਸ ਵਿੱਚ ਲੇਖਕ ਜ਼ਿੰਦਗੀ ਦੀ ਵਿਸ਼ਾਲ ਪਿੱਠ-ਭੂਮੀ ਵਿੱਚ ਆਪਣੇ ਜੀਵਨ ਨੂੰ ਘੋਖਦਾ ਹੈ ਅਤੇ ਆਪਣੇ ਅੰਦਰਲੇ ਨੂੰ ਉੱਤਮ ਪੁਰਖ ਵਿੱਚ ਬਿਆਨ ਕਰਦਾ ਹੈ । ਇਸ ਤਰ੍ਹਾਂ ਸ੍ਵੈਜੀਵਨੀ ਇੱਕ ਝਰੋਖਾ ਹੈ ਜਿਸ ਰਾਹੀਂ ਅਸੀਂ ਮਹਾਨ ਵਿਅਕਤੀ ਦੇ ਮਨ ਅੰਦਰ ਝਾਕ ਸਕਦੇ ਹਾਂ ।

        ਜੀਵਨ ਸਫ਼ਰ ਵਿੱਚ ਆਪਣੇ ਨਾਲ ਬੀਤੇ ਅਨੁਭਵਾਂ ਨੂੰ ਦੂਜਿਆਂ ਨਾਲ ਸਾਂਝੇ ਕਰਨ ਦੀ ਭਾਵਨਾ ਵਿੱਚ ਸ੍ਵੈਜੀਵਨੀ  ਦਾ ਜਨਮ ਹੋਇਆ । ਇਸ ਲਈ ਸ੍ਵੈਜੀਵਨੀ ਆਪੇ ਦੀ ਪਛਾਣ , ਤਲਾਸ਼ , ਅਥਵਾ ਆਤਮ ਬਿਰਤਾਂਤ ਦੀ ਕੁਸ਼ਲ ਕਲਾ ਹੈ । ਸ੍ਵੈਜੀਵਨੀਕਾਰ ਖ਼ੁਦ ਹੀ ਪਾਤਰ ਹੁੰਦਾ ਹੈ । ਆਪਾ ਸਕਾਰ ਕਰਦਿਆਂ ਉਸ ਨੂੰ ਕਿਸੇ ਕਲਪਨਾ ਜਾਂ ਫੋਕੇ ਆਦਰਸ਼ ਦੀ ਲੋੜ ਨਹੀਂ ਹੁੰਦੀ ਉਹ ਕੇਵਲ ਹੰਢਾਏ ਸੱਚ ਨੂੰ ਪੇਸ਼ ਕਰਦਾ ਹੈ । ਇਸ ਤਰ੍ਹਾਂ ਸ੍ਵੈਜੀਵਨੀ ਵਿੱਚ ਬਿਆਨੇ ਗਏ ਤਜਰਬੇ ਅਤੇ ਅਨੁਭਵ-ਹੰਡਾਏ ਤਜਰਬਿਆਂ ਨਾਲੋਂ ਵੀ ਵਧੇਰੇ ਸੱਚੇ ਹੁੰਦੇ ਹਨ । ਸ੍ਵੈਜੀਵਨੀ ਲਿਖੇ ਜਾਣ ਤੋਂ ਪਹਿਲਾਂ ਜੀਵੀ ਜਾਂਦੀ ਹੈ ।

        ਸ੍ਵੈਜੀਵਨੀ ਦਾ ਵਿਸ਼ਾ ਜੀਵਨ ਹੈ । ਸ੍ਵੈਜੀਵਨੀ ਲਿਖ ਕੇ ਆਪਣੇ ਆਪ ਨੂੰ ਭੁਲਣਾ ਵੀ ਹੁੰਦਾ ਹੈ ਅਤੇ ਯਾਦ ਕਰਨਾ ਵੀ । ਇਸ ਤਰ੍ਹਾਂ ਸ੍ਵੈਜੀਵਨੀ ਲਿਖਣ ਦਾ ਮੁੱਖ ਉਦੇਸ਼ ਆਤਮ-ਪਰੀਖਿਆ , ਆਤਮ-ਨਿਰਮਾਣ , ਬੀਤ ਚੁੱਕੇ ਦੀ ਪੁਨਰ-ਸੁਰਜੀਤੀ ਹੈ । ਆਪਾ ਪ੍ਰਗਟਾਉਣ ਦੇ ਨਾਲ ਸ੍ਵੈਜੀਵਨੀ ਸਮੇਂ ਦੇ ਸਮਾਜ , ਸੱਭਿਆਚਾਰ , ਰਾਜਨੀਤੀ ਅਤੇ ਸਾਹਿਤ ਦੀ ਤਸਵੀਰ ਵੀ ਪੇਸ਼ ਕਰਦੀ ਹੈ ਅਤੇ ਲੋਕਾਂ ਲਈ ਸਿੱਖਿਆ ਦਾ ਸਾਧਨ ਵੀ ਬਣਦੀ ਹੈ । ਕਈ ਵਾਰੀ ਸ੍ਵੈਜੀਵਨੀ ਰਾਹੀਂ ਮਨੁੱਖ ਕੀਤੇ ਬੁਰੇ ਕੰਮਾਂ ਦਾ ਪਛਤਾਵਾ ਕਰਦਾ ਹੈ । ਗਾਂਧੀ ਜੀ ਨੇ ਆਪਣੀ ਸ੍ਵੈਜੀਵਨੀ  ਵਿੱਚ ਆਪਣੀਆਂ ਗ਼ਲਤੀਆਂ ਤੇ ਭੁੱਲਾਂ ਨੂੰ ਨਸ਼ਰ ਕੀਤਾ ਹੈ । ਰੂਸੋ ਨੇ ਆਪਣੀ ਸ੍ਵੈਜੀਵਨੀ ਕਨਫ਼ੈਸ਼ਨ ਵਿੱਚ ਲਿਖਿਆ ਹੈ :

          ਜਦ ਰੱਬ ਵਲੋਂ ਮੈਨੂੰ ਬੁਲਾਵਾ ਆਵੇਗਾ , ਤਾਂ ਮੈਂ ਆਪਦੀ ਸ੍ਵੈਜੀਵਨੀ ਉਸ ਅੱਗੇ ਪੇਸ਼ ਕਰਾਂਗਾ ਅਤੇ ਕਹਾਂਗਾ ਕਿ ਹੇ ਈਸ਼ਵਰ! ਮੈਂ ਇਸੇ ਤਰ੍ਹਾਂ ਸੰਸਾਰ ਵਿੱਚ ਵਿਚਰਿਆ ਹਾਂ । ਮੈਂ ਆਪਣੇ ਪੁੰਨ ਅਤੇ ਪਾਪ ਤੇਰੇ ਸਾਹਮਣੇ ਪੇਸ਼ ਕਰਦਾ ਹਾਂ ।

        ਸ੍ਵੈਜੀਵਨੀ ਵਿੱਚ ਪਾਠਕ ਦੀ ਖਿੱਚ ਦਾ ਕੋਈ ਨਾ ਕੋਈ ਆਧਾਰ ਹੋਣਾ ਜ਼ਰੂਰੀ ਹੈ । ਪਾਠਕ ਦੀ ਦਿਲਚਸਪੀ ਉਸ ਸ੍ਵੈਜੀਵਨੀ ਵਿੱਚ ਹੀ ਹੋ ਸਕਦੀ ਹੈ ਜਿਸ ਦਾ ਜੀਵਨੀਕਾਰ ਕੋਈ ਪ੍ਰਤਿਭਾਸ਼ਾਲੀ ਵਿਅਕਤੀ ਹੋਵੇ । ਐਸੇ ਅਧਿਕਾਰੀ ਅਤੇ ਵਿਲੱਖਣ ਵਿਅਕਤਿਤਵ ਦੇ ਰਹੱਸ ਜਾਣਨ ਦੀ ਇੱਛਾ ਪਾਠਕ ਵਿੱਚ ਬਣੀ ਰਹੇਗੀ । ਐਸਾ ਅਧਿਕਾਰੀ ਵਿਅਕਤੀ ਕੋਈ ਚਿੰਤਕ , ਕਲਾਕਾਰ , ਸੁਹਿਰਦ ਵਿਅਕਤੀ , ਅਨੁਭਵੀ ਘੁਮੱਕੜ , ਸਾਹਿਤਕਾਰ , ਦੇਸ਼ ਭਗਤ , ਵੱਡਾ ਸਿਆਸਤਦਾਨ , ਅਭਿਨੇਤਾ , ਖਿਡਾਰੀ , ਵਿਗਿਆਨੀ ਆਦਿ ਹੀ ਹੋ ਸਕਦਾ ਹੈ । ਅਜਿਹੇ ਵਿਅਕਤੀ ਦੇ ਜੀਵਨ ਦੇ ਕੁਝ ਅਮੀਰ ਪ੍ਰਭਾਵ ਹੋਣਗੇ ਜਿਹੜੇ ਦੂਜਿਆਂ ਨਾਲ ਸਾਂਝੇ ਕੀਤੇ ਜਾ ਸਕਣ ਯੋਗ ਹੋਣ ।

        ਸ੍ਵੈਜੀਵਨੀ ਅੰਦਰਲੇ ਭਾਵਾਂ ਅਤੇ ਬਾਹਰਲੇ ਅਨੁਭਵਾਂ ਨੂੰ ਬਿਰਤਾਂਤਕ ਸ਼ੈਲੀ ਵਿੱਚ ਪੇਸ਼ ਕਰਨ ਦੀ ਕਲਾ ਹੈ । ਇਸ ਕਲਾ ਕੁਸ਼ਲਤਾ ਲਈ ਮੁਢਲੀ ਲੋੜ ਤੱਥਾਂ ਦੀ ਚੋਣ ਦੀ ਹੈ ਕਿਉਂਕਿ ਨਿੱਜੀ ਜੀਵਨ ਦੀ ਹਰ ਘਟਨਾ ਪੇਸ਼ ਕਰਨ ਯੋਗ ਨਹੀਂ ਹੁੰਦੀ । ਫਿਰ ਇਹਨਾਂ ਘਟਨਾਵਾਂ ਨੂੰ ਕਿਸ ਲੜੀ ਵਿੱਚ ਪੇਸ਼ ਕਰਨਾ ਹੈ , ਇਸ ਕਾਂਟ-ਛਾਂਟ ਦਾ ਵਿਸ਼ਲੇਸ਼ਣ ਵੀ ਲੇਖਕ ਦੇ ਦ੍ਰਿਸ਼ਟੀਕੋਣ ਤੇ ਨਿਰਭਰ ਹੈ । ਸ੍ਵੈਜੀਵਨੀ ਲੇਖਕ ਆਪਣੀ ਸਮਾਜਿਕ ਸਥਿਤੀ , ਉਪਲਬਧੀ , ਜੀਵਨ ਫ਼ਲਸਫ਼ੇ ਅਤੇ ਸ੍ਵੈਜੀਵਨੀ ਲਿਖਣ ਦੇ ਮੰਤਵ ਸਭ ਨੂੰ ਧਿਆਨ ਵਿੱਚ ਰੱਖ ਕੇ , ਇੱਕ ਪੈਟਰਨ ਜਾਂ ਮਾਪਦੰਡ ਤਿਆਰ ਕਰਦਾ ਹੈ । ਫਿਰ ਉਸ ਆਧਾਰ ਤੇ ਜੀਵੇ ਪਲਾਂ ਨੂੰ ਬਿਆਨ ਕਰਦਾ ਹੈ । ਇਸ ਤਰ੍ਹਾਂ ਉਹ ਅਤੀਤ ਅਤੇ ਵਰਤਮਾਨ ਨੂੰ ਆਪਸ ਵਿੱਚ ਮਿਲਾਉਂਦਾ ਹੈ । ਲੇਖਕ ਜਿੰਨਾ ਆਪਣੇ ਬਾਰੇ ਜਾਣਦਾ ਹੈ ਓਨਾ ਉਸ ਬਾਰੇ ਹੋਰ ਕੋਈ ਨਹੀਂ ਜਾਣਦਾ ਹੁੰਦਾ । ਇਸ ਲਈ ਉਸਨੂੰ ਘਟਨਾਵਾਂ ਨੂੰ ਪੂਰੀ ਇਮਾਨਦਾਰੀ ਅਤੇ ਨਿਰਪੱਖਤਾ ਨਾਲ ਚਿਤਰਨਾ ਚਾਹੀਦਾ ਹੈ ।

        ਯਾਦਾਂ ਅਤੇ ਘਟਨਾਵਾਂ ਅਨੁਸਾਰ ਕਲਾ ਰੂਪ ਦੀ ਚੋਣ ਕਰਨਾ ਹੀ ਸ੍ਵੈਜੀਵਨੀਕਾਰ ਲਈ ਵੱਡੀ ਚੁਨੌਤੀ ਹੈ । ਸ੍ਵੈਜੀਵਨੀਕਾਰ ਦੀ ਸਫਲਤਾ ਜਿੱਥੇ ਘਟਨਾਵਾਂ ਦੀ ਚੋਣ ਜਾਂ ਤਰਤੀਬ ਤੇ ਨਿਰਭਰ ਕਰਦੀ ਹੈ ਉੱਥੇ ਇਸ ਤੇ ਵੀ ਨਿਰਭਰ ਹੈ ਕਿ ਉਸ ਨੇ ਘਟਨਾਵਾਂ ਨੂੰ ਕਿੰਨਾ ਰੋਚਕ ਅਤੇ ਕਲਾਮਈ ਬਣਾਇਆ ਹੈ । ਸ੍ਵੈਜੀਵਨੀ ਲਿਖਣ ਲਈ ਪਹਿਲਾਂ ਆਪਣੇ-ਆਪ ਦੀ ਸੋਝੀ ਹੋਣੀ ਜ਼ਰੂਰੀ ਹੈ । ਫਿਰ ਇਸ ਆਪੇ ਨੂੰ ਇੱਕ ਵਿੱਥ ਤੇ ਰੱਖ ਕੇ ਅਨਾਤਮ ( objective ) ਹੋ ਕੇ ਵੇਖਣ ਦੀ ਜਾਚ ਹੋਣੀ ਚਾਹੀਦੀ ਹੈ । ਆਤਮਕਥਾ ਵਿੱਚ ‘ ਕਥਾ` ਸ਼ਬਦ ਤੋਂ ਭਾਵ ਹੈ ਕਿ ਇਸ ਸਾਹਿਤ ਰੂਪ ਵਿੱਚ ਕਥਾ ਸਾਹਿਤ ਦੀਆਂ ਵਿਸ਼ੇਸ਼ਤਾਈਆਂ ਹੋਣੀਆਂ ਚਾਹੀਦੀਆਂ ਹਨ । ਪਰ ਸ੍ਵੈਜੀਵਨੀ ਵਿੱਚ ਨਾਵਲ ਵਾਲੀ ਗਾਲਪਨਿਕ ਖੁੱਲ੍ਹ ਨਹੀਂ ਲਈ ਜਾ ਸਕਦੀ ਕਿਉਂਕਿ ਸ੍ਵੈਜੀਵਨੀ  ਵਿੱਚ ਤਾਂ ਦੇਖੇ ਬੀਤੇ ਜੀਵਨ ਨੂੰ ਹੀ ਚਿਤਰਿਆ ਹੁੰਦਾ ਹੈ । ਵਾਰਤਕ ਵਿੱਚ ਹੋਣ ਕਰ ਕੇ ਸ੍ਵੈਜੀਵਨੀ ਦੀ ਸਾਹਿਤਿਕਤਾ ਉਸ ਦੀ ਵਾਰਤਕ ਦੀ ਪੱਧਰ ਵਿੱਚ ਵੀ ਹੈ । ਸ੍ਵੈਜੀਵਨੀ ਵਿੱਚ ਸਾਹਿਤਿਕ ਅੰਸ਼ ਉਸ ਵਿੱਚ ਪੇਸ਼ ਸੱਚੇ ਅਨੁਭਵ ਕਾਰਨ ਹੀ ਆਉਂਦਾ ਹੈ । ਹੋਰ ਸਾਹਿਤ ਰੂਪਾਂ ਦੇ ਮੁਕਾਬਲੇ ਸ੍ਵੈਜੀਵਨੀ ਸਾਹਿਤ ਰੂਪ ਵਿੱਚ ਕਾਫ਼ੀ ਖੁੱਲ੍ਹਾਂ ਲਈਆਂ ਜਾਂਦੀਆਂ ਹਨ । ਹਰ ਲੇਖਕ ਪੇਸ਼ਕਾਰੀ ਦੀ ਆਪਣੀ ਵਿਧੀ ਘੜਦਾ ਹੈ । ਇਸ ਲਈ ਕਈ ਸ੍ਵੈਜੀਵਨੀਆਂ ਵਿੱਚ ਗਲਪ ਅੰਸ਼ ਵਧੇਰੇ ਹਨ ਤੇ ਕਈਆਂ ਵਿੱਚ ਨਾਟਕੀ ਜਾਂ ਕਾਵਿਕ ਅੰਸ਼ਾਂ ਦੀ ਭਰਮਾਰ ਹੈ ।

                  ਇੱਕ ਖੇਤਰ ਦੇ ਵਿਅਕਤੀ ਦੀ ਸ੍ਵੈਜੀਵਨੀ ਦੂਸਰੇ ਖੇਤਰ ਦੇ ਵਿਅਕਤੀ ਦੀ ਸ੍ਵੈਜੀਵਨੀ ਤੋਂ ਸੁਭਾਵਿਕ ਹੀ ਭਿੰਨ ਹੋਵੇਗੀ । ਉਦਾਹਰਨ ਵਜੋਂ ਸਿਆਸਤਦਾਨ ਦੀ ਜੀਵਨੀ ਖਿਡਾਰੀ ਦੀ ਜੀਵਨੀ ਤੋਂ ਵੱਖਰੀ ਤਰ੍ਹਾਂ ਦੀ ਹੋਵੇਗੀ , ਇੱਕ ਕਲਾਕਾਰ ਦੀ ਸ੍ਵੈਜੀਵਨੀ ਅਤੇ ਫ਼ੌਜੀ ਦੀ ਜੀਵਨੀ ਵਿੱਚ ਅੰਤਰ ਹੋਵੇਗਾ । ਕਈ ਕਾਰਨਾਂ ਕਰ ਕੇ ਸਾਹਿਤਿਕ ਸ੍ਵੈਜੀਵਨੀ ਹੋਰ ਸ੍ਵੈਜੀਵਨੀਆਂ ਨਾਲੋਂ ਵਿਸ਼ੇਸ਼ ਹੁੰਦੀ ਹੈ । ਇੱਕ ਤਾਂ ਸਾਹਿਤਕਾਰ ਦਾ ਸੰਵੇਦਨਸ਼ੀਲ ਆਪਾ ਹੈ ਜਿਸ ਕਾਰਨ ਉਹ ਹਰ ਘਟਨਾ ਜਾਂ ਸਥਿਤੀ ਦੇ ਪ੍ਰਭਾਵ ਨੂੰ ਬਰੀਕੀ ਨਾਲ ਮਹਿਸੂਸ ਕਰਦਾ ਹੈ । ਦੂਸਰਾ ਸਾਹਿਤਕਾਰ ਦੀ ਭਾਸ਼ਾ ਸਮਰੱਥਾ ਹੈ ਜਿਸ ਕਾਰਨ ਉਸ ਦਾ ਅੰਦਾਜ਼ ਬਾਕੀਆਂ  ਨਾਲੋਂ  ਵਧੇਰੇ  ਪ੍ਰਭਾਵਸ਼ਾਲੀ  ਹੁੰਦਾ  ਹੈ । ਸਾਹਿਤਕਾਰ ਦੀ ਸ੍ਵੈਜੀਵਨੀ  ਇੱਕ ਪ੍ਰਕਾਰ ਦੀ ਸਾਹਿਤਿਕ ਰਚਨਾ ਹੀ ਹੁੰਦੀ ਹੈ । ਇਹ ਸਾਹਿਤਕਾਰ ਦੀ ਸ਼ਖ਼ਸੀਅਤ ਦੇ ਵਿਕਾਸ ਨਾਲ-ਨਾਲ ਉਸ ਦੇ ਸਾਹਿਤਿਕ ਵਿਕਾਸ ਨੂੰ ਸਮਝਣ ਵਿੱਚ ਵੀ ਸਹਾਈ ਹੁੰਦੀ ਹੈ ।


ਲੇਖਕ : ਡੀ.ਬੀ. ਰਾਏ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 2974, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.