ਸੰਨਿਆਸੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੰਨਿਆਸੀ [ਨਾਂਪੁ] ਘਰ-ਬਾਰ ਦਾ ਤਿਆਗੀ , ਫ਼ਕੀਰ , ਸਾਧ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3287, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸੰਨਿਆਸੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ੰਨਿਆਸੀ. ਸੰ. सन्यासिन्—ਸੰਨ੍ਯਾਸੀ. ਵਿ—ਤਿਆਗੀ। ੨ ਸੰਨ੍ਯਾਸ ਆਸ਼੍ਰਮ ਧਾਰਨ ਵਾਲਾ.2 “ਸੰਨਿਆਸੀ ਹੋਇਕੈ ਤੀਰਥਿ ਭ੍ਰਮਿਓ.” (ਮਾਰੂ ਮ: ੫) ਦੇਖੋ, ਦਸ ਨਾਮ ਸੰਨ੍ਯਾਸੀ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3155, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸੰਨਿਆਸੀ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Sanyasi_ਸੰਨਿਆਸੀ: ਕਾਨੂੰਨ ਵਿਚ ਹਰ ਉਸ ਵਿਅਕਤੀ ਨੂੰ ਸੰਨਿਆਸੀ ਨਹੀਂ ਕਿਹਾ ਜਾ ਸਕਦਾ ਜਿਸ ਨੇ ਭਗਵੇ ਕਪੜੇ ਪਾ ਲਏ ਹੋਣ ਅਤੇ ਆਪਣੇ ਆਪ ਨੂੰ ਤਿਆਗੀ ਦਸਦਾ ਹੋਵੇ। ਸ੍ਰੀ ਕ੍ਰਿਸ਼ਨਾ ਸਿੰਘ  ਬਨਾਮ ਮਥਰਾ ਅਹੀਰ (ਏ ਆਈ ਆਰ 1980 ਐਸ ਸੀ 707) ਅਨਸਾਰ ‘ਇਹ   ਸਾਬਤ ਕਰਨ ਦੇ ਮੰਤਵ ਨਾਲ ਕਿ ਕਿਸੇ ਵਿਅਕਤੀ ਨੇ ਸੰਨਿਆਸੀ ਦਾ ਜੀਵਨ ਅਪਣਾ ਲਿਆ ਹੈ, ਇਹ ਵਿਖਾਉਣਾ ਜ਼ਰੂਰੀ ਹੈ ਕਿ ਉਸ ਨੇ ਸੰਸਾਰਕ ਚੀਜ਼ਾਂ ਨੂੰ ਵਾਸਤਵ ਵਿਚ ਤਿਆਗ ਦਿੱਤਾ ਹੈ ਅਤੇ ਉਨ੍ਹਾਂ ਲਈ ਉਸ ਦੇ ਮਨ ਵਿਚ ਕੋਈ ਇੱਛਾ ਨਹੀਂ ਰਹਿ ਗਈ ਜਾਂ ਇਹ ਕਿ ਅਜਿਹੀਆਂ ਰਸਮਾਂ ਅਦਾ ਕੀਤੀਆਂ ਗਈਆਂ ਹਨ ਜੋ ਵਿਖਾਉਂਦੀਆਂ ਹਨ ਕਿ ਉਸ ਨੇ ਆਪਣੇ ਕੁਦਰਤੀ ਪਰਿਵਾਰ ਅਤੇ ਸੰਸਾਰਕ ਜੀਵਨ ਨਾਲੋਂ ਨਾਤਾ ਤੋੜ ਲਿਆ ਹੈ। ਪੁਰਾਣਪੰਥੀ ਸੰਨਿਆਸੀਆਂ ਲਈ ਇਹ ਸਾਬਤ ਕਰਨਾ ਵੀ ਜ਼ਰੂਰੀ ਹੈ ਕਿ ਪਿੰਡ ਦਾਨ ਜਾਂ ਬੀਰਜਹੋਮ ਜਾਂ ਪ੍ਰਜਾਪਤੇਸ਼ਠੀ ਦੀਆਂ ਰਸਮਾਂ ਅਦਾ ਕੀਤੀਆਂ ਗਈਆਂ ਹਨ ਜਿਨ੍ਹਾਂ ਤੋਂ ਬਿਨਾਂ ਤਿਆਗ ਮੁਕੰਮਲ ਨਹੀਂ ਹੁੰਦਾ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3038, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਸੰਨਿਆਸੀ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਸੰਨਿਆਸੀ (ਸੰ.। ਸੰਸਕ੍ਰਿਤ ਸੰਨ੍ਯਾਸੀਨ) ਤਿਆਗੀ , ਗ੍ਰਿਹਸਥ ਛਡ ਤ੍ਯਾਗ। ਕਰ ਕੇ ਰਹਣ ਵਾਲਾ ਸਾਧੂ। ਯਥਾ-‘ਏਤੇ ਰਸ ਛੋਡਿ ਹੋਵੈ ਸੰਨਿਆਸੀ’। ਤਥਾ-‘ਸੰਨਿਆਸੀ ਛਿਅ ਚਾਰਿ’ ਸੰਨ੍ਯਾਸੀ (ਛਿਅ ਚਾਰ) ਦਸ ਨਾਮਾਂ ਵਿਚ ਭ੍ਰਮੇ ਹਨ, ਸੇ ਦਸ ਨਾਮ ਇਹ ਹਨ- ੧. ਤੀਰਥ ੨. ਆਸ਼੍ਰਮ ੩. ਬਨ ੪. ਆਰਨੰ ੫. ਗਿਰੀ ੬. ਪਰਬਤ ੭. ਸਾਗਰ ੮. ਸਰਸ੍ਵਤੀ ੯. ਭਾਰਤੀ ੧੦. ਪੁਰੀ


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 3037, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਸੰਨਿਆਸੀ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ

ਸੰਨਿਆਸੀ : ਸੰਸਾਰੀ ਸੁੱਖਾਂ ਤੋਂ ਬੇਮੁਖ ਹੋਣ ਨੂੰ ਸੰਨਿਆਸ ਕਿਹਾ ਗਿਆ ਹੈ। ਸੰਨਿਆਸੀ ਉਹ ਹੈ ਜੋ ਸੰਸਾਰੀ ਸੁੱਖਾਂ ਨੂੰ ਛੱਡ ਕੇ ਆਤਮਾ ਦੀ ਸੁੱਖ ਪ੍ਰਾਪਤੀ ਲਈ ਜਤਨ ਕਰੇ।

          ਸੁਰਤੀਆਂ ਤੇ ਸਿਮ੍ਰਿਤੀਆਂ ਵਿਚ ਕਈ ਵਾਕ ਅਜਿਹੇ ਮਿਲਦੇ ਹਨ ਕਿ ਸੰਨਿਆਸ ਦਾ ਅਧਿਕਾਰ ਕੇਵਲ ਬ੍ਰਾਹਮਣ ਵਰਣ ਨੂੰ ਹੀ ਹੈ ਪਰ ਕੂਰਮ ਪੁਰਾਣ ਆਦਿ ਵਿਚ ਸੰਨਿਆਸ ਦਾ ਅਧਿਕਾਰ ਖੱਤਰੀ ਤੇ ਵੈਸ਼ ਵਰਣਾਂ ਨੂੰ ਵੀ ਦਿੱਤਾ ਗਿਆ ਹੈ।

          ਸੰਨਿਆਸ ਦਾ ਸਮਾਂ, ਬਾਨਪ੍ਰਸਥ ਆਸ਼ਰਮ ਦੀ ਸਮਾਪਤੀ ਮਗਰੋਂ ਦੱਸਿਆ ਗਿਆ ਹੈ ਅਤੇ ਇਕ ਵਾਰ ਸੰਨਿਆਸੀ ਹੋ ਕੇ ਮੁੜ ਗ੍ਰਹਿਸਥ ਆਸ਼ਰਮ ਜਾਂ ਬਾਨਪ੍ਰਸਥ ਆਸ਼ਰਮ ਵਿਚ ਜਾਣ ਦੀ ਮਨਾਹੀ ਕੀਤੀ ਗਈ ਹੈ। ਉਪਨਿਸ਼ਦਾਂ ਵਿਚ ਖ਼ਾਸ ਤੌਰ ਤੇ ਕਿਹਾ ਗਿਆ ਹੈ ਕਿ ਸੰਨਿਆਸ ਧਾਰਨ ਕਰਨ ਤੋਂ ਪਹਿਲੇ ਬ੍ਰਹਮਚਾਰੀ, ਗ੍ਰਹਿਸਥ ਅਤੇ ਬਾਨਪ੍ਰਸਥ ਆਸ਼ਰਮਾਂ ਵਿੱਚੋਂ ਲੰਘਣਾ ਚਾਹੀਦਾ ਹੈ। ਸ਼ੰਕਰਚਾਰਜ ਦੇ ਬ੍ਰਹਮ ਸੂਤਰ ਅਧਿਆਇ (3/4/17) ਦੇ ਸੂਤਰ ਦੇ ਭਾਸ਼ ਵਿਚ ਇਹ ਵੀ ਕਿਹਾ ਗਿਆ ਹੈ ਕਿ ਜੇ ਕਰ ਪਿਛਲੇ ਜਨਮ ਦੇ ਸੰਸਕਾਰਾਂ ਅਤੇ ਪੁੰਨਾਂ ਕਰਕੇ ਕਿਸੇ ਮਹਾਂਪੁਰਸ਼ ਨੂੰ ਬਚਪਨ ਤੋਂ ਵੈਰਾਗ ਪੈਦਾ ਹੋ ਜਾਵੇ ਤਾਂ ਉਹਦੇ ਲਈ ਨਾ ਗ੍ਰਹਿਸਥ ਆਸ਼ਰਮ ਦੀ ਲੋੜ ਹੈ ਤੇ ਨਾ ਬਾਨਪ੍ਰਸਥ ਆਸ਼ਰਮ ਦੀ। ਸਿੱਟਾ ਇਹ ਹੈ ਕਿ ਸੰਨਿਆਸ ਆਸ਼ਰਮ ਵਾਸਤੇ ਤੀਬਰ ਵੈਰਾਗ ਹੀ ਅਤਿ ਲੋੜੀਂਦਾ ਹੈ।

          ਸੰਨਿਆਸ ਦੇ ਭੇਦ––ਵਿਸ਼ਨੂੰ ਸਿਮ੍ਰਿਤੀ ਅਧਿਆਇ 4 ਵਿਚ ਸੰਨਿਆਸ ਆਸ਼ਰਮ ਦੇ ਚਾਰ ਭੇਦ ਦੱਸੇ ਗਏ ਹਨ। (1) ਕੁਟੀਚਕ, (2) ਬਹੂਦਕ, (3) ਹੰਸ ਅਤੇ (4) ਪਰਮ ਹੰਸ।

          ਕੁਟੀਚਕ : ਜੋ ਸੰਨਿਆਸੀ ਕਾਮ, ਕ੍ਰੋਧ, ਲੋਭ, ਮੋਹ, ਮਦ ਆਦਿ ਤੋਂ ਰਹਿਤ ਹੋ ਕੇ ਆਪਣੇ ਪੁੱਤਰਾਂ ਆਦਿ ਤੋਂ ਕੁਟੀਆ ਬਣਵਾ ਕੇ ਵਿਧੀ ਪੂਰਵਕ ਸੰਨਿਆਸ ਗ੍ਰਹਿਣ ਕਰੇ ਅਤੇ ਤ੍ਰਿਦੰਡ ਤੇ ਭਗਵੇ ਕਪੜੇ ਗ੍ਰਹਿਣ ਕਰੇ, ਅਸ਼ਨਾਨ, ਸ਼ੌਚ, ਆਚਮਨ (ਕੁਰਲੀ), ਜਪ, ਸ੍ਵਾਧਿਆਇ ਆਦਿ ਕਰਦਿਆਂ ਹੋਇਆਾਂ ਪੁੱਤਰਾਂ ਆਦਿ ਤੋਂ ਭਿਛਿਆ ਦੇ ਰੂਪ ਵਿਚ ਸ਼ਰੀਰ ਦੇ ਨਿਰਬਾਹ ਲਈ ਹੀ ਅੰਨ ਤੇ ਕੱਪੜੇ ਲਏ ਉਹ ਕੁਟੀਚਕ ਸੰਨਿਆਸੀ ਦੱਸਿਆ ਗਿਆ ਹੈ।

          ਬਹੂਦਕ ਸੰਨਿਆਸੀ : ਸੰਨਿਆਸ ਧਾਰਨ ਕਰਕੇ ਜੋ ਸੰਨਿਆਸੀ ਭਰਾਵਾਂ ਜਾਂ ਪੁੱਤਰਾਂ ਆਦਿ ਦਾ ਸਾਥ ਛੱਡਕ ਕੇ, ਨਾ ਉਨ੍ਹਾਂ ਤੋਂ ਅਤੇ ਨਾ ਕਿਸੇ ਹੋਰ ਥਾਂ ਤੋਂ ਭਿੱਛਿਆ ਗ੍ਰਹਿਣ ਕਰੇ, ਬਲਕਿ ਸਿਰਫ਼ ਬ੍ਰਾਹਮਣਾਂ ਦੇ ਸੱਤ ਘਰਾਂ ਤੋਂ ਹੀ ਭਿੱਛਿਆ ਲਏ ਅਤੇ ਜੰਜੂ, ਬੋਦੀ ਤੇ ਤ੍ਰਿਦੰਡ ਧਾਰਨ ਕਰੇ, ਉਹ ਬਹੂਦਕ ਸੰਨਿਆਸੀ ਹੁੰਦਾ ਹੈ।

          ਹੰਸ ਸੰਨਿਆਸੀ : ਜੋ ਸੰਨਿਆਸੀ ਪੂਰੀ ਤਰ੍ਹਾਂ ਤਿਆਗੀ ਰਹਿ ਕੇ ਸਿਰਫ਼ ਕੰਥਾ, ਕੁਪੀਨ (ਲੰਗੋਟੀ ਕਮੰਡਲ ਤੇ ਇਕ ਡੰਡਾ) ਧਾਰਨ ਕਰੇ ਅਤੇ ਦਾਨੀ ਦੇ ਸਬੰਧ ਵਿਚ ਕਿਸੇ ਕਿਸਮ ਦਾ ਭੇਦ ਭਾਵ ਨਾ ਰੱਖੇ; ਰੁੱਖਾਂ, ਪਰਬਤਾਂ, ਗੁਫਾ ਜਾਂ ਨਦੀ ਦੇ ਕੰਢਿਆਂ ਤੇ ਨਿਵਾਸ ਕਰੇ, ਉਹਨੂੰ ਹੰਸ ਸੰਨਿਆਸੀ ਕਿਹਾ ਗਿਆ ਹੈ। ਕਾਂਤਿਆਇਨ ਸਿਮ੍ਰਿਤੀ ਅਨੁਸਾਰ ਹੰਸ ਸੰਨਿਆਸ ਵਿਚ ਬੋਦੀ ਦਾ ਤਿਆਗ ਅਤੇ ਇਕ ਪਿੰਡ ਵਿਚ ਇਕ ਰਾਤ ਅਤੇ ਸ਼ਹਿਰ ਜਾਂ ਤੀਰਥ ਸਥਾਨ ਤੇ ਵੱਧ ਤੋਂ ਵੱਧ ਪੰਜ ਰਾਤਾਂ ਠਹਿਰਨ ਦਾ ਵਿਧਾਨ ਕੀਤਾ ਗਿਆ ਹੈ।

          ਪਰਮ ਹੰਸ ਸੰਨਿਆਸੀ : ਪਰਮ ਹੰਸ ਸੰਨਿਆਸ ਵਿਚ ਪਾਉਣ ਲਈ ਕੁਪੀਨ, ਸਰਦੀ ਤੋਂ ਬਚਾ ਲਈ ਕੰਥਾ ਡੰਡਾ ਤੇ ਭਿੱਛਿਆ ਦਾ ਅੰਨ ਗ੍ਰਹਿਣ ਕਰਨ ਦਾ ਵਿਧਾਨ ਹੈ। ਸਿਮ੍ਰਿਤੀ ਵਾਕਾਂ ਵਿਚ ਸੰਨਿਆਸੀਆਂ ਲਈ ਜੋ ਜੰਜੂ ਜਾਂ ਬੋਦੀ ਆਦਿ ਦਾ ਖਾਸ ਤੌਰ ਤੇ ਵਿਧਾਨ ਹੈ ਉਹ ਪਰਮ ਹੰਸਾਂ ਲਈ ਜ਼ਰੂਰੀ ਨਹੀਂ। ਪਿਤਾਮਹਿ ਸਿਮ੍ਰਿਤੀ ਵਿਚ ਪਰਮਹੰਸ ਦਾ ਤ੍ਰਿਦੰਡੀ ਹੋਣਾ ਆਵੱਸ਼ਕ ਦੱਸਿਆ ਗਿਆ ਹੈ। ਇਹ ਤਿੰਨ ਦੰਡ ਹਨ : (1) ਵਾਗਦੰਡ (ਮੌਣ) (2) ਕਾਇਦੰਡ (ਕਿਸੇ ਤਰ੍ਹਾਂ ਦੀ ਸ਼ਰੀਰੀ ਹਰਕਤ ਨਾ ਕਰਨਾ) ਅਤੇ (3) ਮਨੋਦੰਡ (ਪ੍ਰਾਨਾਯਾਮ)

          ਪਰਮ ਹੰਸ ਸੰਨਿਆਸ ਦੇ ਦੋ ਉਪ ਭੇਦ ਹਨ––ਵਿਵਿਦਿਸ਼ਾ ਸੰਨਿਆਸ ਅਤੇ (2) ਵਿਦਵਤ ਸੰਨਿਆਸ। ਵਿਵਿਦਿਸ਼ਾ ਸੰਨਿਆਸ ਵਿਚ ਕੁਪੀਨ (ਲੰਗੋਟੀ) ਕੰਥਾ ਤੇ ਡੰਡਾ ਧਾਰਨ ਕਰਨਾ ਅਤੇ ਵਿਦਵਤ ਸੰਨਿਆਸ ਵਿਚ ਇਨ੍ਹਾਂ ਦਾ ਤਿਆਗ ਕਰਨ ਲਈ ਕਿਹਾ ਗਿਆ ਹੈ।

          ਇਨ੍ਹਾਂ ਚਾਰ ਭੇਦਾਂ ਤੋਂ ਇਲਾਵਾ ਸੰਨਿਆਸ ਦਾ ਇਕ ਹੋਰ ਭੇਦ ਆਤੁਰ ਸੰਨਿਆਸ ਵੀ ਹੈ। ਇਸ ਲਈ ਕਿਸੇ ਖ਼ਾਸ ਤੌਰ ਤਰੀਕੇ ਦੀ ਲੋੜ ਨਹੀਂ ਸਿਰਫ਼ ਪ੍ਰੈਸ (ਅਰਥਾਤ ਸੰਨਿਆਸ ਧਾਰਨ ਕਰਨ ਦਾ ਮੰਤਰ) ਹੀ ਬੋਲਣਾ ਜ਼ਰੂਰੀ ਹੈ। ਇਸ ਤੋਂ ਬਿਨਾ ਸ੍ਰੀਮਦ ਭਗਵਤ ਗੀਤਾ ਵਿਚ ਭਗਵਾਨ ਕ੍ਰਿਸ਼ਨ ਦਾ ਫ਼ਰਮਾਨ ਹੈ ਕਿ ਜੋ ਪੁਰਸ਼, ਕਰਮਫਲ ਦੀ ਲਾਲਸਾ ਤਿਆਗ ਕੇ ਕੀਤੇ ਜਾਣ ਯੋਗ ਕੰਮ ਕਰੇ, ਉਹ ਸੰਨਿਆਸੀ ਤੇ ਯੋਗੀ ਹੈ।

 


ਲੇਖਕ : ਕ੍ਰਿਸ਼ਨ ਮਧੋਕ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2387, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-01, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.