ਸੱਚਨ ਸੱਚ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
ਸੱਚਨ ਸੱਚ. ਦੇਖੋ, ਸਚੋਸਚ। ੨ ਮੰਦਰ ਨਾਮੇ ਪਿੰਡ (ਜਿਲਾ ਲਹੌਰ, ਤਸੀਲ ਸ਼ਰਕਪੁਰ) ਦਾ ਵਸਨੀਕ ਇੱਕ ਬ੍ਰਾਹਮਣ , ਜੋ ਸ਼੍ਰੀ ਗੁਰੂ ਅਮਰ ਦਾਸ ਜੀ ਦਾ ਸਿੱਖ ਹੋਇਆ. ਇਹ ਹਰ ਵੇਲੇ “ਸੱਚਨ ਸੱਚ” ਸ਼ਬਦ ਕਹਿਆ ਕਰਦਾ ਸੀ, ਇਸ ਲਈ ਇਸ ਦਾ ਏਹੋ ਨਾਉਂ ਪ੍ਰਸਿੱਧ ਹੋ ਗਿਆ. ਹਰੀਪੁਰ ਦੇ ਰਾਜੇ ਦੀ ਇੱਕ ਪਾਗਲ ਰਾਣੀ ਨੂੰ ਸਤਿਗੁਰੂ ਨੇ ਅਰੋਗ ਕਰਕੇ ਇਸ ਦਾ ਆਨੰਦ ਕਰਵਾ ਦਿੱਤਾ. ਇਹ ਜੋੜਾ ਜੀਵਨਭਰ ਗੁਰੁਮਤ ਦਾ ਪ੍ਰਚਾਰ ਕਰਦਾ ਰਿਹਾ. ਸ਼੍ਰੀ ਗੁਰੂ ਅਮਰਦਾਸ ਜੀ ਨੇ ਸੱਚਨਸੱਚ ਨੂੰ ਮੰਜੀ ਬਖਸ਼ੀ. ਭਾਈ ਸੰਤੋਖ ਸਿੰਘ ਨੇ ਇਸ ਦਾ ਪਿੰਡ ਸੇਖੋਪੁਰ ਭੁੱਲ ਕੇ ਲਿਖਿਆ ਹੈ. ਦੇਖੋ ਰਾਸਿ ੧ ਅ: ੩੪. ਸੱਚਨਸੱਚ ਦੀ ਔਲਾਦ ਹੁਣ ਸ਼ਰਕਪੁਰ ਦੇ ਪਰਗਣੇ ਮੰਦਰ ਪਿੰਡ ਵਿੱਚ ਰਹਿੰਦੀ ਹੈ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1365, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no
ਸੱਚਨ ਸੱਚ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੱਚਨ ਸੱਚ : ਗੁਰੂ ਅਮਰਦਾਸ ਜੀ ਦੇ ਸਮੇਂ ਦਾ ਸਿੱਧਾ-ਸਾਦਾ ਬ੍ਰਾਹਮਣ ਇਕ ਸ਼ਰਧਾਲੂ ਸਿੱਖ ਸੀ ਅਤੇ ਕੋਈ ਗੱਲ ਕਹਿਣ ਤੇ ਉਸਨੂੰ ‘ਸੱਚ ਸੱਚ` ਕਹੀ ਜਾਣ ਦੀ ਆਦਤ ਸੀ। ਇਸੇ ਆਦਤ ਕਰਕੇ ਇਸ ਦੀ ਇਹ ਅੱਲ ਪੈ ਗਈ ਸੀ। ਇਹ ਜ਼ਿਲਾ ਸ਼ੇਖੂਪੁਰਾ (ਪਾਕਿਸਤਾਨ) ਦੇ ਪਿੰਡ ਮੰਦਰ ਦਾ ਨਿਵਾਸੀ ਸੀ ਅਤੇ ਆਪਣੇ ਇਸ ਜੱਦੀ ਪਿੰਡ ਨੂੰ ਛੱਡ ਕੇ ਗੋਇੰਦਵਾਲ ਰਹਿਣ ਆ ਗਿਆ ਸੀ। ਜਦੋਂ ਇਕ ਦਿਨ ਇਹ ਜੰਗਲ ਵਿਚ ਲੰਗਰ ਲਈ ਲੱਕੜੀਆਂ ਇਕੱਠੀਆਂ ਕਰ ਰਿਹਾ ਸੀ ਤਾਂ ਮਹਿਮਾ ਪ੍ਰਕਾਸ਼ ਕ੍ਰਿਤ ਸਰੂਪਦਾਸ ਭੱਲਾ ਅਨੁਸਾਰ: “ਜੰਗਲ ਵਿਚ ਇਕ ਕਮਲੀ ਜਾਂ ਪਾਗਲ ਨੰਗੀ ਇਸਤਰੀ ਇਸ ਵੱਲ ਭੱਜ ਕੇ ਆਈ ਅਤੇ ਉਸਨੇ ਹਮਲਾ ਕਰਕੇ ਨਹੁੰ ਮਾਰਨੇ ਸ਼ੁਰੂ ਕਰ ਦਿੱਤੇ"। ਸੱਚਨ ਸੱਚ ਨੇ ਇਸ ਬੀਤੀ ਘਟਨਾ ਬਾਰੇ ਗੁਰੂ ਅਮਰ ਦਾਸ ਜੀ ਨੂੰ ਦਸਿਆ ਤਾਂ ਅਗੋਂ ਗੁਰੂ ਜੀ ਨੇ ਇਸ ਨੂੰ ਪੈਰੀਂ ਪਾਉਣ ਵਾਲਾ ਆਪਣਾ ਇਕ ਜੋੜਾ ਦੇਂਦਿਆਂ ਕਿਹਾ ਕਿ ਜਦੋਂ ਉਸ ਕਮਲੀ ਨਾਲ ਮੁੜ ਮੇਲ ਹੋਵੇ ਤਾਂ ਉਹ ਇਹ ਜੋੜਾ ਉਸ ਨੂੰ ਛੁਹਾ ਦੇਵੇ। ਸੱਚਨ ਸੱਚ ਨੇ ਗੁਰੂ ਜੀ ਦੀ ਆਗਿਆ ਦੀ ਉਵੇਂ ਹੀ ਪਾਲਣਾ ਕੀਤੀ ਅਤੇ ਉਹ ਇਸਤਰੀ ਤੁਰੰਤ ਪਾਗਲਪਣ ਤੋਂ ਅਰੋਗ ਹੋ ਗਈ। ਉਸਨੇ ਸੱਚਨ ਸੱਚ ਨੂੰ ਦੱਸਿਆ; ਕਿ ਉਹ ਇਕ ਪਹਾੜੀ ਰਾਜੇ ਦੀ ਪਤਨੀ ਸੀ ਅਤੇ ਕਿਸੇ ਸਰਾਪ ਕਾਰਨ ਹੋਸ਼ ਗੁਆ ਬੈਠੀ ਸੀ। ਸੱਚਨ ਸੱਚ ਨੇ ਰਾਣੀ ਨੂੰ ਆਪਣਾ ਨਗਨ ਸਰੀਰ ਢਕਣ ਲਈ ਆਪਣਾ ਅੱਧਾ ਕੰਬਲ ਦਿੱਤਾ ਅਤੇ ਗੁਰੂ ਜੀ ਦੇ ਦਰਸ਼ਨ ਕਰਾਉਣ ਲਈ ਨਾਲ ਲੈ ਆਇਆ। ਗੁਰੂ ਜੀ ਨੇ ਸੱਚਨ ਸੱਚ ਨਾਲ ਉਸ ਦਾ ਵਿਆਹ ਕਰਾ ਦਿੱਤਾ ਅਤੇ ਨਾਲ ਹੀ ਇਸ ਜੋੜੀ ਨੂੰ ਅਸ਼ੀਰਵਾਦ ਦੇ ਕੇ ਸੱਚਨ ਸੱਚ ਨੂੰ ਸਿੱਖੀ ਦਾ ਪ੍ਰਚਾਰ ਕਰਨ ਹਿੱਤ ਇਸ ਦੇ ਆਪਣੇ ਜੱਦੀ ਪਿੰਡ ਦੇ ਖੇਤਰ ਦੀ ‘ਮੰਜੀ` ਬਖਸ਼ੀ।
ਲੇਖਕ : ਬ.ਸ.ਦ. ਅਤੇ ਅਨੁ. ਹ.ਸ.ਕ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1352, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਸੱਚਨ ਸੱਚ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਤੀਜੀ, ਭਾਸ਼ਾ ਵਿਭਾਗ ਪੰਜਾਬ
ਸੱਚਨ ਸੱਚ: ਇਹ ਗੁਰੂ ਅਮਰ ਦਾਸ ਜੀ ਦਾ ਸੱਚਾ ਸਿੱਖ ਸੀ ਜਿਸ ਨੂੰ ਗੁਰੂ ਜੀ ਨੇ ਸਿੱਖੀ ਦੇ ਪ੍ਰਚਾਰ ਲਈ ਦੇਸ਼ ਭਰ ਵਿਚ 22 ਮੰਜੀਆਂ ਥਾਪਣ ਸਮੇਂ ਇਕ ਮੰਜੀ ਬਖ਼ਸ਼ੀ ਸੀ। ਇਹ ਪੱਛਮੀ ਪੰਜਾਬ ਦੇ ਜ਼ਿਲ੍ਹਾ ਲਾਹੌਰ ਦੀ ਤਹਿਸੀਲ ਸ਼ਰਕਪੁਰ ਦੇ ਪਿੰਡ ਮੰਦਰ ਦਾ ਰਹਿਣ ਵਾਲਾ ਬ੍ਰਾਹਮਣ ਸੀ। ਇਹ ਗੋਇੰਦਵਾਲ ਵਿਖੇ ਰਹਿ ਕੇ ਗੁਰੂ ਦੇ ਲੰਗਰ ਵਿਚ ਸੇਵਾ ਕਰਦਾ ਸੀ ਅਤੇ ਜੂਠੇ ਭਾਂਡੇ ਮਾਂਜਦਾ ਸੀ। ਇਹ ਹਮੇਸ਼ਾਂ ਸੱਚਨ ਸੱਚ ਦੀ ਰੱਟ ਲਗਾਈ ਰਖਦਾ ਸੀ। ਪਹਾੜੀ ਰਿਆਸਤ ਹਰੀਪੁਰ ਦਾ ਰਾਜਾ ਇਕ ਵਾਰ ਆਪਣੀਆਂ ਰਾਣੀਆਂ ਸਮੇਤ ਗੁਰੂ ਅਮਰਦਾਸ ਜੀ ਦੇ ਦਰਸ਼ਨਾਂ ਨੂੰ ਆਇਆ। ਇਸਤਰੀਆਂ ਨੂੰ ਖੁਲੇ ਮੂੰਹ ਦਰਸ਼ਨਾਂ ਨੂੰ ਆਉਣ ਦਾ ਆਦੇਸ਼ ਸੀ ਪਰ ਇਕ ਰਾਣੀ ਨੇ ਪਰਦਾ ਕਰ ਲਿਆ। ਗੁਰੂ ਜੀ ਦੇ ਮੂਹੋਂ ਸਹਿਜੇ ਹੀ ‘ਝੱਲੀ’ ਨਿਕਲਿਆ ਅਤੇ ਉਹ ਝੱਲੀ ਹੋ ਗਈ। ਸੱਚਨ ਸੱਚ ਉਸ ਨੂੰ ਜੰਗਲਾਂ ਵਿਚੋਂ ਫੜ ਕੇ ਲਿਆਇਆ। ਹੁਣ ਉਹ ਖੁਲ੍ਹੇ ਮੂੰਹ ਆਈ ਸੀ ਇਸ ਲਈ ਉਹ ਠੀਕ ਹੋ ਗਈ। ਗੁਰੂ ਜੀ ਨੇ ਇਹ ਵੇਖਦਿਆਂ ਕਿ ਸੱਚਨ ਸੱਚ ਨੇ ਉਸ ਇਸਤਰੀ ਦੇ ਅਰੋਗ ਕਰਨ ਵਿਚ ਕਾਫ਼ੀ ਹਿੱਸਾ ਪਾਇਆ ਹੈ ਸੋ ਇਸ ਦਾ ਵਿਆਹ ਉਸ ਇਸਤਰੀ ਨਾਲ ਹੀ ਕਰ ਦਿੱਤਾ। ਇਹ ਗੁਰੂ ਘਰ ਦਾ ਪ੍ਰੇਮੀ ਜੋੜਾ ਸਾਰੀ ਉਮਰ ਗੁਰੂ ਘਰ ਦੀ ਸੇਵਾ ਕਰਦਾ ਰਿਹਾ। ਹ. ਪੁ. – ਮ. ਕੋ.
ਲੇਖਕ : ਪਿਆਰਾ ਸਿੰਘ ਪਦਮ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਤੀਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1173, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-25, ਹਵਾਲੇ/ਟਿੱਪਣੀਆਂ: no
ਸੱਚਨ ਸੱਚ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਸੱਚਨ ਸੱਚ : ਸ੍ਰੀ ਗੁਰੂ ਅਮਰ ਦਾਸ ਜੀ ਦਾ ਇਕ ਸ਼ਰਧਾਲੂ ਸਿੱਖ ਜਿਸ ਨੂੰ ਸਿੱਖੀ ਦੇ ਪ੍ਰਚਾਰ ਲਈ ਦੇਸ਼ ਭਰ ਵਿਚ 22 ਮੰਜੀਆਂ ਥਾਪਣ ਸਮੇਂ ਇਕ ਮੰਜੀ ਬਖ਼ਸ਼ੀ ਸੀ। ਇਹ ਜਾਤ ਦਾ ਬ੍ਰਾਹਮਣ ਸੀ ਅਤੇ ਲਾਹੌਰ ਜ਼ਿਲ੍ਹੇ ਦੀ ਸ਼ਕਰਪੁਰ ਤਹਿਸੀਲ ਦੇ ਪਿੰਡ ਮੰਦਰ ਦਾ ਵਸਨੀਕ ਸੀ। ਇਹ ਹਰ ਸਮੇਂ ਸੱਚ ਸੱਚ ਹੀ ਜਪਦਾ ਰਹਿੰਦਾ ਸੀ ਅਤੇ ਗੋਇੰਦਵਾਲ ਵਿਖੇ ਲੰਗਰ ਵਿਚ ਭਾਂਡੇ ਸਾਫ਼ ਕਰਨ ਦੀ ਸੇਵਾ ਕਰਦਾ ਸੀ।
ਇਕ ਵਾਰ ਪਹਾੜੀ ਰਿਆਸਤ ਹਰੀਪੁਰ ਦਾ ਰਾਜਾ, ਆਪਣੀਆਂ ਰਾਣੀਆਂ ਨਾਲ, ਗੁਰੂ ਜੀ ਦੇ ਦਰਸ਼ਨ ਕਰਨ ਲਈ ਆਇਆ। ਇਸਤਰੀਆਂ ਲਈ ਇਹ ਆਦੇਸ਼ ਸੀ ਕਿ ਉਹ ਨੰਗੇ ਮੂੰਹ ਦਰਸ਼ਨ ਕਰਨ ਆਉਣ ਪਰ ਇਕ ਰਾਣੀ ਨੇ ਪਰਦਾ ਕਰ ਲਿਆ। ਕਿਹਾ ਜਾਂਦਾ ਹੈ ਕਿ ਗੁਰੂ ਸਾਹਿਬ ਨੇ ਉਸ ਨੂੰ ਸਹਿਜ ਸੁਭਾਅ ਝੱਲੀ ਕਹਿ ਦਿੱਤਾ ਅਤੇ ਉਹ ਝੱਲੀ ਹੋ ਗਈ। ਸੱਚਨ ਸੱਚ ਉਸ ਔਰਤ ਨੂੰ ਜੰਗਲ ਵਿਚੋਂ ਫੜ ਕੇ ਗੁਰੂ ਸਾਹਿਬ ਕੋਲ ਲੈ ਕੇ ਆਇਆ। ਉਸ ਵੇਲੇ ਉਹ ਨੰਗੇ ਮੂੰਹ ਸੀ ਇਸ ਲਈ ਉਹ ਗੁਰੂ ਜੀ ਦੇ ਦਰਸ਼ਨ ਕਰ ਕੇ ਠੀਕ ਹੋ ਗਈ। ਇਸ ਵਾਕਿਆ ਤੋਂ ਖੁਸ਼ ਹੋ ਕੇ ਗੁਰੂ ਸਾਹਿਬ ਨੇ ਉਸ ਔਰਤ ਦਾ ਵਿਆਹ ਸੱਚਨ ਸੱਚ ਨਾਲ ਕਰਵਾ ਦਿੱਤਾ। ਇਸ ਜੋੜੀ ਨੇ ਉਮਰ ਭਰ ਗੁਰੂ ਕੇ ਲੰਗਰ ਦੀ ਸੇਵਾ ਕੀਤੀ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1104, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-11-10-04-30-43, ਹਵਾਲੇ/ਟਿੱਪਣੀਆਂ: ਹ. ਪੁ.––ਮ. ਕੋ.; ਤ. ਗੁ. ਖਾ.; ਪੰ. ਪ੍ਰ.; ਪੰ. ਵਿ. ਕੋ. 3
ਵਿਚਾਰ / ਸੁਝਾਅ
Please Login First