ਹਰਿਮੰਦਿਰ ਸਾਹਿਬ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਹਰਿਮੰਦਿਰ ਸਾਹਿਬ : ਸਿੱਖਾਂ ਦਾ ਸਰਵੁਚ ਧਰਮ-ਧਾਮ ਜੋ ‘ ਅੰਮ੍ਰਿ੍ਰਤਸਰ’ ਨਗਰ ਵਿਚ ਬਣਿਆ ਹੋਇਆ ਹੈ । ਇਸ ਦੇ ਇਰਦ-ਗਿਰਦ ਰਾਮਦਾਸ ਸਰੋਵਰ ਨਿਰਮਿਤ ਹੈ । ਗੁਰੂ ਗ੍ਰੰਥ ਸਾਹਿਬ ਦੀ ਭਾਈ ਗੁਰਦਾਸ ਦੁਆਰਾ ਲਿਖੀ ਆਦਿ-ਬੀੜ ਦਾ ਪਹਿਲੀ ਵਾਰ ਪ੍ਰਕਾਸ਼ ਇਥੇ ਹੀ ਕੀਤਾ ਗਿਆ ਸੀ । ਪਾਵਨ ਬੀੜ ਦੀ ਸਥਾਪਨਾ ਤੋਂ ਹੀ ਹਰਿਮੰਦਿਰ ਸਾਹਿਬ ਦੀ ਸਫ਼ਾਈ ਬੜੀ ਸ਼ਰਧਾ ਅਤੇ ਲਗਨ ਨਾਲ ਕੀਤੀ ਜਾਣੀ ਸ਼ੁਰੂ ਹੋ ਗਈ । ਮੁਸਲਮਾਨ ਹਮਲਾਵਰਾਂ ਅਤੇ ਮੁਗ਼ਲ ਪ੍ਰਸ਼ਾਸਕਾਂ ਨੇ ਕਈ ਵਾਰ ਇਸ ਨੂੰ ਅਪਵਿੱਤਰ ਕਰਨ ਅਤੇ ਮਿੱਟੀ ਅਤੇ ਗੰਦਗੀ ਨਾਲ ਭਰਵਾਉਣ ਦੇ ਕੋਝੇ ਯਤਨ ਕੀਤੇ , ਪਰ ਖ਼ਾਲਸੇ ਨੇ ਇਸ ਧਰਮ-ਧਾਮ ਦੇ ਗੌਰਵ ਨੂੰ ਘਟਣ ਨ ਦਿੱਤਾ । ਇਸ ਦੀ ਪਵਿੱਤਰਤਾ ਦੇ ਮੱਦੇਨਜ਼ਰ ਅਜ ਕਲ ਸਵੇਰੇ ਦੋ ਵਜੇ ਤੋਂ ਸ਼ਾਮੀ 10 ਵਜੇ ਤਕ ਇਸ ਪਵਿੱਤਰ ਸਥਾਨ ਵਿਚ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਨਿਰੋਲ ਗੁਰਬਾਣੀ ਦਾ ਕੀਰਤਨ ਹੁੰਦਾ ਰਹਿੰਦਾ ਹੈ । 10 ਵਜੇ ਤੋਂ ਬਾਦ ਹਰਿਮੰਦਿਰ ਸਾਹਿਬ ਦੀ ਸਫ਼ਾਈ ਦੀ ਸੇਵਾ ਸ਼ੁਰੂ ਹੁੰਦੀ ਹੈ । ਇਸ ਨੂੰ ਪਰੰਪਰਾ ਤੋਂ ‘ ਤਿੰਨ ਪਹਿਰੇ ਦੀ ਸੇਵਾ’ ਕਿਹਾ ਜਾਂਦਾ ਹੈ । ਇਸ ਸੇਵਾ ਦੇ ਦੋ ਰੂਪ ਹਨ , ਇਕ ਸੁਕੀ ਅਤੇ ਦੂਜੀ ਇਸ਼ਨਾਨ ਵਾਲੀ । ਪਹਿਲਾਂ ਸੁਕੀ ਸੇਵਾ ਹੁੰਦੀ ਹੈ ਅਤੇ ਫਿਰ ਇਸ਼ਨਾਨ ਵਾਲੀ ਸੇਵਾ ਕੀਤੀ ਜਾਂਦੀ ਹੈ । ਸਰੋਵਰ ਦੇ ਜਲ ਨਾਲ ਹਰਿਮੰਦਿਰ ਸਾਹਿਬ ਦੇ ਅੰਦਰ -ਬਾਹਰ ਦੇ ਫ਼ਰਸ਼ਾਂ ਨੂੰ ਧੋਇਆ ਜਾਂਦਾ ਹੈ । ਹਰਿਮੰਦਿਰ ਸਾਹਿਬ ਦੇ ਪ੍ਰਕਾਸ਼-ਸਥਾਨ ਦੀ ਜਲ ਅਤੇ ਦੁੱਧ ਨਾਲ ਇਸ਼ਨਾਨ-ਸੇਵਾ ਕੀਤੀ ਜਾਂਦੀ ਹੈ । ਉਸ ਤੋਂ ਬਾਦ ਫ਼ਰਸ਼ ਨੂੰ ਸੁਕਾ ਕੇ ਨਵੀਆਂ ਵਿਛਾਈਆਂ ਹੁੰਦੀਆਂ ਹਨ । ਇਸ ਤਰ੍ਹਾਂ ਹਰਿਮੰਦਿਰ ਸਾਹਿਬ ਦੀ ਪਵਿੱਤਰਤਾ ਦਾ ਪਾਲਨ ਕੀਤਾ ਜਾਂਦਾ ਹੈ । ਵੇਖੋ ‘ ਅੰਮ੍ਰਿਤਸਰ ’ ( ਨਗਰ ) ।  


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 799, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.