ਹਿੰਦਾਲ (ਹੰਦਾਲ), ਭਾਈ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹਿੰਦਾਲ (ਹੰਦਾਲ), ਭਾਈ (ਅ.ਚ. 1648): ਗੁਰੂ ਰਾਮਦਾਸ ਦੇ ਸਮੇਂ ਦਾ ਇਕ ਪ੍ਰਸਿੱਧ ਸਿੱਖ ਅਤੇ ਅੰਮ੍ਰਿਤਸਰ ਦੇ 19 ਕਿਲੋਮੀਟਰ ਪੂਰਬ ਵਿਚ ਜੰਡਿਆਲਾ ਦੇ ਰਹਿਣ ਵਾਲੇ ਗਾਜੀ ਦਾ ਲੜਕਾ ਸੀ। ਇਸ ਦੀ ਮਾਤਾ ਦਾ ਨਾਂ ਸੁੱਖੀ ਸੀ। ਇਸਦੀ, ਚਹਲ ਜੱਟ , ਹਮਜ਼ਾ ਦੀ ਲੜਕੀ , ਉੱਤਮੀ ਨਾਲ ਸ਼ਾਦੀ ਹੋ ਗਈ ਸੀ। ਇਸ ਨੇ ਗੁਰੂ ਅਮਰਦਾਸ ਤੋਂ ਸਿੱਖੀ ਧਾਰਨ ਕੀਤੀ ਅਤੇ ਇਹਨਾਂ ਦੇ ਗੱਦੀ ਨਸ਼ੀਨ ਗੁਰੂ ਰਾਮਦਾਸ ਦੀ ਸੇਵਾ ਵਿਚ ਇਹ ਲਗਾਤਾਰ ਰਿਹਾ। ਇਹ ਬਹੁਤ ਹੀ ਘੱਟ ਬੋਲਦਾ ਸੀ ਅਤੇ ਹਮੇਸ਼ਾਂ ਭਗਤੀ ਵਿਚ ਲੀਨ ਰਹਿੰਦਾ ਸੀ। ਇਕ ਵਾਰ ਜਦੋਂ ਇਹ ਗੁਰੂ ਕੇ ਲੰਗਰ ਵਿਚ ਆਟਾ ਗੁੰਨਣ ਬੈਠਾ ਸੀ ਤਾਂ ਗੁਰੂ ਰਾਮਦਾਸ ਅਚਾਨਕ ਆ ਗਏ। ਹਿੰਦਾਲ ਮੱਥਾ ਟੇਕਣ ਲਈ ਕੁਦਰਤੀ ਤੌਰ ਤੇ ਇਕਦਮ ਹੀ ਉੱਠ ਖੜ੍ਹਾ ਹੋਇਆ। ਕਿਉਂਕਿ ਗਿੱਲਾ ਆਟਾ ਇਸ ਦੇ ਹੱਥਾਂ ਨੂੰ ਲੱਗਿਆ ਹੋਇਆ ਸੀ, ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਅਨੁਸਾਰ ਇਸ ਨੇ ਆਪਣੇ ਹੱਥ ਪਿੱਠ ਪਿੱਛੇ ਕਰ ਲਏ ਤਾਂ ਕਿ ਆਟਾ ਗੁਰੂ ਜੀ ਦੇ ਚਰਨਾਂ ਨੂੰ ਨਾ ਲੱਗ ਜਾਵੇ ਅਤੇ ਸਿੱਧਾ ਹੀ ਗੁਰੂ ਜੀ ਦੇ ਚਰਨਾਂ ਤੇ ਢਹਿ ਪਿਆ। ਗੁਰੂ ਜੀ ਇਸ ਦੀ ਨਿਮਰਤਾਪੂਰਨ ਸ਼ਰਧਾ ਤੋਂ ਬਹੁਤ ਪ੍ਰਭਾਵਿਤ ਹੋਏ। ਉਹਨਾਂ ਨੇ ਹਿੰਦਾਲ ਨੂੰ ਫ਼ਰਮਾਇਆ, ‘‘ਤੋਰੇ ਪ੍ਰੇਮ ਮੋਹਿ ਮਨ ਭਾਯੋ... ਮੇਰੀ ਕ੍ਰਿਪਾ ਤੋਹਿ ਪਰ ਭਈ... ਪੂਰਨ ਸੇਵਾ ਅਬਿ ਤਵ ਹੋਈ। ਅਬਿ ਆਪਨੇ ਘਰ ਗਮਨ ਹੁਂ ਸਧਾਨੇ। ਸੱਤਿਨਾਮ ਕੋ ਮੰਤ੍ਰ ਜਪਾਵਹੁ।``

      ਹਿੰਦਾਲ ਜੰਡਿਆਲੇ ਵਾਪਸ ਚੱਲਾ ਗਿਆ ਅਤੇ ਗੁਰੂ ਜੀ ਦੇ ਹੁਕਮ ਅਨੁਸਾਰ ਸਿੱਖੀ ਦਾ ਪ੍ਰਚਾਰ ਕਰਨ ਲੱਗਾ। ਇਹ ਕਾਫ਼ੀ ਲੰਮੀ ਉਮਰ ਤਕ ਜਿਊਂਦਾ ਰਿਹਾ ਅਤੇ ਅਖੀਰ ਤਕ ਪੱਕਾ ਦ੍ਰਿੜ ਇਰਾਦੇਵਾਲਾ ਸਿੱਖ ਬਣਿਆ ਰਿਹਾ। ਪ੍ਰਚਾਰਕ ਦੇ ਤੌਰ ਤੇ ਇਸ ਨੇ ਕਈ ਗੁਰੂ ਦੇ ਸਿੱਖ ਬਣਾਏ ਜਿਨ੍ਹਾਂ ਨੂੰ ਹਿੰਦਾਲੀਏ ਜਾਂ ਨਿਰੰਜਨੀਏ ਕਿਹਾ ਜਾਂਦਾ ਸੀ। ਭਾਵੇਂ ਕਿ ਇਸ ਦੇ ਅਕਾਲ ਚਲਾਣੇ ਪਿੱਛੋਂ ਹੰਦਾਲੀਏ, ਇਸਦੇ ਪੁੱਤਰ ਬਿਧੀ ਚੰਦ ਦੀ ਅਗਵਾਈ ਵਿਚ ਇਕ ਵਿਰੋਧੀ ਸੰਪਰਦਾਇ ਬਣ ਗਈ ਜਿਨ੍ਹਾਂ ਨੇ ਆਪਣਾ ਗ੍ਰੰਥ ਅਤੇ ਇਕ ਜਨਮਸਾਖੀ ਵੀ ਬਣਾ ਲਈ। ਇਹਨਾਂ ਦੋਵਾਂ ਵਿਚ ਇਸਨੇ ਹਿੰਦਾਲ ਦੀ ਮਹਿਮਾ ਗਾਇਨ ਕੀਤੀ ਅਤੇ ਗੁਰੂ ਨਾਨਕ ਦੀ ਨਿੰਦਾ ਕੀਤੀ। ਅਠਾਰਵੀਂ ਸਦੀ ਵਿਚ ਨਿਰੰਜਨੀਆਂ ਨੇ ਸਿੱਖਾਂ ਦੇ ਕਤਲੇਆਮ ਵਿਚ ਸਰਕਾਰ ਦੀ ਮਦਦ ਕੀਤੀ। ਜੰਡਿਆਲੇ ਦਾ ਹਰਿਭਗਤ ਨਿਰੰਜਨੀਆਂ ਤਾਂ ਬਦਨਾਮ ਸਰਕਾਰੀ ਮੁਖ਼ਬਰ ਸੀ ਜਿਸਨੇ ਅਨੇਕਾਂ ਸਿੱਖਾਂ ਨੂੰ ਗ੍ਰਿਫ਼ਤਾਰ ਅਤੇ ਕਤਲ ਕਰਵਾਇਆ ਜਿਨ੍ਹਾਂ ਵਿਚ ਭਾਈ ਤਾਰੂ ਸਿੰਘ ਅਤੇ ਮਹਿਤਾਬ ਸਿੰਘ ਮੀਰਾਂ ਕੋਟੀਆ ਸ਼ਾਮਲ ਸਨ।


ਲੇਖਕ : ਗ.ਦ.ਸ. ਅਤੇ ਅਨੁ.: ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1327, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.