ਹਜ਼ਾਰਾ ਸਿੰਘ, ਗਿਆਨੀ (1828-1908 ਈ.) ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਹਜ਼ਾਰਾ ਸਿੰਘ, ਗਿਆਨੀ (1828-1908 ਈ.): ਸਿੰਘ ਸਭਾ ਦੇ ਮੁੱਖ ਸੰਚਾਲਕ ਭਾਈ ਵੀਰ ਸਿੰਘ ਦੇ ਨਾਨਾ ਗਿਆਨੀ ਹਜ਼ਾਰਾ ਸਿੰਘ ਦਾ ਜਨਮ ਭਾਈ ਸਾਵਣ ਸਿੰਘ ਦੇ ਘਰ ਸੰਨ 1828 ਈ. ਵਿਚ ਅੰਮ੍ਰਿਸਤਰ ਵਿਚ ਹੋਇਆ। ਇਨ੍ਹਾਂ ਦੇ ਪੂਰਵਜ ਹੜੱਪਾ ਤੋਂ ਅੰਮ੍ਰਿਤਸਰ ਆ ਕੇ ਵਸੇ ਸਨ। ਇਨ੍ਹਾਂ ਦੇ ਪਿਤਾ ਭਾਈ ਸਾਵਣ ਸਿੰਘ ਦਰਬਾਰ ਸਾਹਿਬ ਦੇ ਤੋਸ਼ਾਖ਼ਾਨੇ ਦੀ ਸੇਵਾ ਵਿਚ ਨਿਯੁਕਤ ਸਨ ਅਤੇ ਭਾਈ ਵੀਰ ਸਿੰਘ ਦੇ ਦਾਦਾ ਭਾਈ ਕਾਹਨ ਸਿੰਘ ਨਾਲ ਨਿਕਟੀ ਸੰਬੰਧ ਰਖਦੇ ਸਨ। ਇਹੀ ਸੰਬੰਧ ਸੰਨ 1869 ਈ. ਵਿਚ ਕੁੜਮਾਚਾਰੀ ਵਿਚ ਵਟ ਗਏ, ਕਿਉਂਕਿ ਗਿਆਨੀ ਜੀ ਨੇ ਆਪਣੀ ਪੁੱਤਰੀ ਬੀਬੀ ਉਤਮ ਕੌਰ ਦਾ ਵਿਆਹ ਭਾਈ ਕਾਹਨ ਸਿੰਘ ਦੇ ਲੜਕੇ ਡਾ. ਚਰਨ ਸਿੰਘ ਨਾਲ ਕਰ ਦਿੱਤਾ।
ਗਿਆਨੀ ਹਜ਼ਾਰਾ ਸਿੰਘ ਸ਼ੁਰੂ ਤੋਂ ਹੀ ਗੰਭੀਰ ਵਿਚਾਰਵਾਨ ਸਨ। ਗਿਆਨੀ ਸੰਪ੍ਰਦਾਇ ਦੇ ਸੰਤ ਚੰਦਾ ਸਿੰਘ ਦੇ ਸੰਪਰਕ ਵਿਚ ਆਉਣ ਨਾਲ ਇਨ੍ਹਾਂ ਦੀ ਰੁਚੀ ਗੁਰਬਾਣੀ ਅਤੇ ਸਿੱਖ ਇਤਿਹਾਸ ਦੇ ਅਧਿਐਨ ਵਲ ਵਧੀ। ਸੰਸਕ੍ਰਿਤ ਅਤੇ ਫ਼ਾਰਸੀ ਭਾਸ਼ਾਵਾਂ ਦਾ ਇਨ੍ਹਾਂ ਨੇ ਨਿਠ ਕੇ ਅਧਿਐਨ ਕੀਤਾ ਅਤੇ ਬੜੇ ਪ੍ਰਮਾਣਿਕ ਢੰਗ ਨਾਲ ਭਾਈ ਗੁਰਦਾਸ ਦੀਆਂ ਵਾਰਾਂ ਦਾ ਟੀਕਾ ਤਿਆਰ ਕੀਤਾ। ਇਸ ਤੋਂ ਇਲਾਵਾ ‘ਗੁਰੂ ਗ੍ਰੰਥ ਕੋਸ਼ ’ ਤਿਆਰ ਕਰਨਾ ਵੀ ਆਰੰਭ ਕੀਤਾ, ਪਰ ਉਸ ਨੂੰ ਅੰਤਿਮ ਰੂਪੀ ਭਾਈ ਵੀਰ ਸਿੰਘ ਹੀ ਦੇ ਸਕੇ। ਆਪ ਦੀ ਵਿਦਵੱਤਾ ਕਰਕੇ ਲੋਕੀਂ ਆਪ ਨੂੰ ‘ਪੰਡਿਤ’ ਸ਼ਬਦ ਨਾਲ ਸੰਬੋਧਨ ਕਰਦੇ ਸਨ। ਆਪ ਅੰਮ੍ਰਿਤਸਰ ਦੀ ਸਿੰਘ ਸਭਾ ਦੇ ਸਰਗਰਮ ਮੈਂਬਰ ਰਹੇ ।
ਪੰਡਿਤ ਹਜ਼ਾਰਾ ਸਿੰਘ ਨੇ ਸਕੂਲਾਂ ਵਿਚ ਪੰਜਾਬੀ ਅਤੇ ਹੋਰ ਭਾਸ਼ਾਵਾਂ ਪੜ੍ਹਾਉਣ ਲਈ ਨੌਕਰੀ ਵੀ ਕੀਤੀ ਅਤੇ ਬਹੁਤ ਸਾਰੀਆਂ ਪਾਠ-ਪੁਸਤਕਾਂ ਲਿਖ ਕੇ ਵਿਦਿਆਰਥੀਆਂ ਨੂੰ ਗੁਰਮੁਖੀ ਮਾਧਿਅਮ ਰਾਹੀਂ ਤਾਲੀਮ ਹਾਸਲ ਕਰਨ ਲਈ ਪ੍ਰੇਰਿਤ ਕੀਤਾ। ਇਨ੍ਹਾਂ ਨੇ ਪੰਜਾਬੀ ਵਿਚ ਪੰਜਾਬ ਭੂਗੋਲ , ਭੂਗੋਲ ਦਰਪਣ, ਹਿੰਦੂ ਭੂਗੋਲ ਮੰਜਰੀ, ਪ੍ਰਿਥਮ ਗਣਿਤ, ਹਿੰਦ ਦਾ ਸੁਗਮ ਇਤਿਹਾਸ, ਇਤਿਹਾਸ ਪ੍ਰਸ਼ਨੋਤਰੀ, ਗੁਰਮੁਖੀ ਪ੍ਰਕਾਸ਼ ਆਦਿ ਪੁਸਤਕਾਂ ਲਿਖੀਆਂ। ਲਾਹੌਰ , ਰਾਵਲਪਿੰਡੀ ਅਤੇ ਗੁਜਰਾਂਵਾਲਾ ਜ਼ਿਲ੍ਹਿਆਂ ਦੇ ਭੂਗੋਲ ਵੀ ਲਿਖੇ। ਸ਼ੈਖ਼ ਸਾਅਦੀ ਦੀਆਂ ਰਚਨਾਵਾਂ—ਗੁਲਿਸਤਾਨ ਅਤੇ ਬੋਸਤਾਨ— ਦਾ ਬ੍ਰਜ ਭਾਸ਼ਾ ਵਿਚ ਕਾਵਿ-ਅਨੁਵਾਦ ਕੀਤਾ। ਮਹਾਕਵੀ ਸੰਤੋਖ ਸਿੰਘ ਦੇ ਲਿਖੇ ‘ਗੁਰਪ੍ਰਤਾਪ ਸੂਰਜ ਗ੍ਰੰਥ ’ ਦਾ ਸੰਖਿਪਤ ਰੂਪ ‘ਸੂਰਜ ਪ੍ਰਕਾਸ਼ ਚਰਵਣਿਕਾ’ ਦੇ ਨਾਂ ਅਧੀਨ ਪ੍ਰਕਾਸ਼ਿਤ ਕੀਤਾ। ਇਹ ਇਸਤਰੀ ਵਿਦਿਆ ਦੇ ਵੀ ਬਹੁਤ ਮੁੱਦਈ ਸਨ। ਇਸ ਲਈ ਇਨ੍ਹਾਂ ਨੇ ਨਜ਼ੀਰ ਅਹਿਮਦ ਦੇ ਉਰਦੂ ਵਿਚ ਲਿਖੇ ਨਾਵਲ ‘ਮਿਰਾਤੁਲ ਅਰੂਸ’ ਦਾ ਪੰਜਾਬੀ ਵਿਚ ‘ਦੁਲਹਨ ਦਰਪਨ’ ਨਾਂ ਅਧੀਨ ਖੁਲ੍ਹਾ ਅਨੁਵਾਦ ਕੀਤਾ।
ਅੱਸੀ ਵਰ੍ਹਿਆਂ ਦੀ ਲੰਬੀ ਆਯੂ ਭੋਗ ਕੇ ਗਿਆਨੀ ਹਜ਼ਾਰਾ ਸਿੰਘ ਦਾ 27 ਸਤੰਬਰ 1908 ਈ. ਵਿਚ ਅੰਮ੍ਰਿਤਸਰ ਵਿਚ ਦੇਹਾਂਤ ਹੋਇਆ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 516, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First