ਖ਼ਾਲਸਾ ਟ੍ਰੈਕਟ ਸੁਸਾਇਟੀ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਖ਼ਾਲਸਾ ਟ੍ਰੈਕਟ ਸੁਸਾਇਟੀ: ਇਸ ਦੀ ਸਥਾਪਨਾ ਸ੍ਰੀ ਗੁਰੂ ਸਿੰਘ ਸਭਾ ਲਹਿਰ ਦੇ ਵਿਦਵਾਨ ਆਗੂਆਂ ਨੇ ਕੀਤੀ। ਇਹ ਅਸਲ ਵਿਚ ਉਸ ਪ੍ਰਤਿਕ੍ਰਿਆ ਤੋਂ ਜਨਮੀ ਜੋ ਸਿੱਖ ਵਿਦਵਾਨਾਂ ਦੇ ਮਨ ਵਿਚ ਅੰਗ੍ਰੇਜ਼ ਮਿਸ਼ਨਰੀਆਂ ਦੇ ਪ੍ਰਚਾਰ ਦੇ ਵਿਰੋਧ ਵਿਚ ਪੈਦਾ ਹੋਈ ਸੀ। ਸੰਨ 1849 ਈ. ਵਿਚ ਅੰਗ੍ਰੇਜ਼ਾਂ ਵਲੋਂ ਪੰਜਾਬ ਉਤੇ ਪੂਰੀ ਤਰ੍ਹਾਂ ਅਧਿਕਾਰ ਕਾਇਮ ਕਰ ਚੁਕਣ ਤੋਂ ਬਾਦ ਈਸਾਈ ਮਤ ਦੇ ਪ੍ਰਚਾਰ ਲਈ ਕਈ ਮਿਸ਼ਨਰੀ ਸੁਸਾਇਟੀਆਂ ਪੰਜਾਬ ਵਿਚ ਸਥਾਪਿਤ ਹੋ ਗਈਆਂ। ਇਹ ਸੰਸਥਾਵਾਂ ਈਸਾਈ ਮਤ ਦੇ ਪ੍ਰਚਾਰ ਲਈ ਛੋਟੇ ਛੋਟੇ ਟ੍ਰੈਕਟ ਛਾਪ ਕੇ ਲੋਕਾਂ ਵਿਚ ਵੰਡਦੀਆਂ ਸਨ। ਇਨ੍ਹਾਂ ਟ੍ਰੈਕਟਾਂ ਦੇ ਵਿਸ਼ੇ ਅਕਸਰ ਈਸਾ ਦੇ ਜੀਵਨ ਦੀਆਂ ਘਟਨਾਵਾਂ, ਬਾਈਬਲ ਦੀਆਂ ਕਹਾਣੀਆਂ, ਬਾਈਬਲ ਦੇ ਅਨੁਵਾਦਿਤ ਅੰਸ਼ ਆਦਿ ਹੁੰਦੇ ਸਨ। ਇਨ੍ਹਾਂ ਦੇ ਵਿਤਰਣ ਨਾਲ ਈਸਾਈ ਮਤ ਦੇ ਪ੍ਰਚਾਰ ਨੂੰ ਤਕੜਾ ਬੜ੍ਹਾਵਾ ਮਿਲਿਆ। ਇਨ੍ਹਾਂ ਟ੍ਰੈਕਟਾਂ ਦੇ ਪ੍ਰਕਾਸ਼ਨ ਤੋਂ ਪ੍ਰੇਰਿਤ ਹੋ ਕੇ ਸਿੰਘ ਸਭਾਈ ਬਿਰਤੀ ਵਾਲੇ ਸਿੱਖ ਵਿਦਵਾਨਾਂ ਨੇ ਟ੍ਰੈਕਟ ਲਿਖ ਕੇ ਗੁਰਪੁਰਬਾਂ, ਧਾਰਮਿਕ ਤਿਉਹਾਰਾਂ, ਖ਼ੁਸ਼ੀ ਗ਼ਮੀ ਦੇ ਇਕੱਠਾਂ ਵਿਚ ਵੰਡਣੇ ਸ਼ੁਰੂ ਕਰ ਦਿੱਤੇ। ਇਨ੍ਹਾਂ ਦੇ ਵਿਸ਼ੇ ਗੁਰੂ ਸਾਹਿਬਾਨ ਦੀਆਂ ਜੀਵਨੀਆਂ, ਸਿੱਖ ਧਰਮ-ਧਾਮਾਂ ਅਤੇ ਗੁਰਬਾਣੀ ਦੇ ਸਿੱਧਾਂਤਾਂ ਨਾਲ ਸੰਬੰਧਿਤ ਹੁੰਦੇ। ‘ਗੁਰਮਤ ਗ੍ਰੰਥ ਪ੍ਰਚਾਰਕ ਸਭਾ ’ ਅੰਮ੍ਰਿਤਸਰ ਨੇ ਵੀ ਕੁਝ ਟ੍ਰੈਕਟ ਛਾਪ ਕੇ ਵੰਡੇ ।
ਇਨ੍ਹਾਂ ਟ੍ਰੈਕਟਾਂ ਨੂੰ ਵਿਵਸਥਿਤ ਰੂਪ ਪ੍ਰਦਾਨ ਕਰਨ ਲਈ ‘ਅਮੈਰਿਕਨ ਟ੍ਰੈਕਟ ਸੁਸਾਇਟੀ’ ਦੇ ਨਮੂਨੇ’ਤੇ ਸ੍ਰੀ ਗੁਰੂ ਸਿੰਘ ਸਭਾ ਵਲੋਂ ਸੰਨ 1894 ਈ. ਵਿਚ ‘ਖ਼ਾਲਸਾ ਟ੍ਰੈਕਟ ਸੁਸਾਇਟੀ’ ਦੀ ਸਥਾਪਨਾ ਕੀਤੀ ਗਈ। ਅਜਿਹਾ ਉਦਮ ਕਰਨ ਵਿਚ ਡਾ. ਚਰਨ ਸਿੰਘ, ਭਾਈ ਵੀਰ ਸਿੰਘ, ਅਕਾਲੀ ਕੌਰ ਸਿੰਘ ਆਦਿ ਪ੍ਰਮੁਖ ਸਨ। ਇਹ ਹਰ ਰਚਨਾ ਨੂੰ ਛਾਪਣ ਤੋਂ ਪਹਿਲਾਂ ਚੰਗੀ ਤਰ੍ਹਾਂ ਪਰਖਦੇ ਸਨ, ਤਾਂ ਜੋ ਕਿਤੇ ਗੁਰਮਤਿ ਆਸ਼ੇ ਦੇ ਉਲਟ ਕੋਈ ਗੱਲ ਨ ਛਪ ਜਾਏ। ਇਨ੍ਹਾਂ ਟ੍ਰੈਕਟਾਂ ਦੇ ਮੁੱਢਲੇ ਲੇਖਕਾਂ ਵਿਚ ਡਾ. ਚਰਨ ਸਿੰਘ, ਗਿਆਨੀ ਦਿੱਤ ਸਿੰਘ, ਗਿਆਨੀ ਹਜ਼ਾਰਾ ਸਿੰਘ, ਭਾਈ ਵੀਰ ਸਿੰਘ, ਭਾਈ ਸਰਦੂਲ ਸਿੰਘ ਆਦਿ ਦੇ ਨਾਂ ਸ਼ਾਮਲ ਕੀਤੇ ਜਾ ਸਕਦੇ ਹਨ। ਇਨ੍ਹਾਂ ਵਿਚ ਸਿੱਖਾਂ ਦੇ ਸਮਾਜਿਕ ਅਤੇ ਵਿਦਿਅਕ ਸੁਧਾਰਾਂ ਬਾਰੇ ਵੀ ਗੱਲਾਂ ਸ਼ਾਮਲ ਹੋ ਜਾਂਦੀਆਂ। ਭਾਈ ਵੀਰ ਸਿੰਘ ਦੀਆਂ ਅਧਿਕਾਂਸ਼ ਰਚਨਾਵਾਂ ਪਹਿਲਾਂ ਟ੍ਰੈਕਟਾਂ ਦੇ ਰੂਪ ਵਿਚ ਹੀ ਛਪੀਆਂ ਸਨ। ਇਨ੍ਹਾਂ ਟ੍ਰੈਕਟਾਂ ਦੀ ਗਿਣਤੀ ਬਹੁਤ ਅਧਿਕ ਸੀ। ਇਨ੍ਹਾਂ ਵਿਚੋਂ ਬਹੁਤੇ ਡਾ. ਬਲਬੀਰ ਸਿੰਘ ਸਾਹਿਤ ਕੇਂਦਰ , ਦੇਹਰਾਦੂਨ ਅਤੇ ਭਾਈ ਵੀਰ ਸਿੰਘ ਸਦਨ, ਨਵੀਂ ਦਿੱਲੀ ਵਿਚ ਸੰਭਾਲੇ ਹੋਏ ਹਨ। ਸਿੰਘ ਸਭਾ ਦੇ ਸਿੱਧਾਂਤਾਂ ਦੇ ਪ੍ਰਚਾਰ ਵਿਚ ਇਨ੍ਹਾਂ ਟ੍ਰੈਕਟਾਂ ਦੀ ਇਕ ਉਸਾਰੂ ਭੂਮਿਕਾ ਰਹੀ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3847, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First