ਫ਼ਾਸਿਜ਼ਮ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Fascism_ਫ਼ਾਸਿਜ਼ਮ: ਅੰਗਰੇਜ਼ੀ ਦਾ ਇਹ ਸ਼ਬਦ ਲਾਤੀਨੀ ਸ਼ਬਦ ‘ਫ਼ਾਸਿਸ’ ਤੋਂ ਲਿਆ ਗਿਆ ਹੈ ਜਿਸ ਦਾ ਅਰਥ ਹੈ ‘ਡੰਡਿਆਂ ਦਾ ਬੰਡਲ’। ਪ੍ਰਚੀਨ ਰੋਮ ਵਿਚ ਰਵਾਜ ਸੀ ਕਿ ਜੱਜ ਦੇ ਪਿਛੇ ਪਿਛੇ ਉਸ ਦੇ ਸੇਵਕ ਚਲਦੇ ਸਨ ਜਿਨ੍ਹਾਂ ਦੇ ਹੱਥਾਂ ਵਿਚ ਲਾਲ ਧਾਗੇ ਨਾਲ ਬੰਨ੍ਹੇ ਹੋਏ ਡੰਡੇ ਹੁੰਦੇ ਸਨ। ਇਹ ਇਸ ਗੱਲ ਦਾ ਸੰਕੇਤ ਸੀ ਕਿ ਜੱਜ ਆਪਣੇ ਹੁਕਮਾਂ ਦੀ ਪਾਲਣਾ ਕਰਵਾ ਸਕਦਾ ਹੈ।
ਰਾਜਸੀ ਵਿਚਾਰ-ਧਾਰਾ ਦੇ ਤੌਰ ਤੇ ਫ਼ਾਸਿਜ਼ਮ ਦਾ ਕਾਲ 1921 ਤੋਂ 1943 ਤਕ ਦਾ ਸਮਝਿਆ ਜਾਂਦਾ ਹੈ। ਸਾਲ 1919 ਵਿਚ ਮਸੋਲੀਨੀ ਨੇ ਇਟਲੀ ਵਿਚ ਬੋਲਸ਼ੈਵਿਕਾਂ ਦਾ ਮੁਕਾਬਲਾ ਕਰਨ ਲਈ ਇਕ ਪਾਰਟੀ ਬਣਾਈ ਸੀ। ਲੇਕਿਨ ਫ਼ਾਸਿਜ਼ਮ ਨੂੰ ਮਸੋਲੀਨੀ ਦੇ ਨਾਂ ਨਾਲ ਅਤੇ ਇਟਲੀ ਤਕ ਸੀਮਤ ਨਹੀ ਕੀਤਾ ਜਾ ਸਕਦਾ। ਹਕੀਕਤ ਇਹ ਹੈ ਕਿ ਇਹ ਵੀਹਵੀਂ ਸਦੀ ਦੇ ਦੋ ਵਿਸ਼ਵ ਯੁੱਧਾਂ ਦੇ ਦਰਮਿਆਨ ਇਕ ਵਿਚਾਰਧਾਰਕ ਲਹਿਰ ਸੀ ਜਿਸ ਨੂੰ ਵਖ ਵਖ ਦੇਸ਼ਾਂ ਵਿਚ ਵਖ ਨਾਂ ਦਿੱਤੇ ਗਏ।
ਵਿਕਸਿਤ ਰੂਪ ਵਿਚ ਫ਼ਾਸਿਜ਼ਮ ਇਕ ਪਾਰਟੀ ਦੇ ਰਾਜ ਦਾ ਨਾਂ ਹੈ ਜਿਸ ਤੇ ਇਕ ਅਧਿਨਾਇਕ ਦਾ ਕੰਟਰੋਲ ਹੁੰਦਾ ਹੈ। ਉਹ ਅਧਿਨਾਇਕ ਇਕ ਨਿਰੰਕੁਸ਼ ਸਰਬ-ਅਧਿਕਾਰੀ ਰਾਜ ਕਾਇਮ ਕਰਦਾ ਹੈ। ਦੂਜੇ ਵਿਸ਼ਵ ਯੁੱਧ ਤੋਂ ਪਹਿਲਾਂ ਜਰਮਨੀ , ਤੁਰਕੀ, ਸਪੇਨ ਅਤੇ ਇਟਲੀ ਵਿਚ ਇਸ ਪ੍ਰਕਾਰ ਦੇ ਰਾਜ ਸਨ। ਆਸਟਰੀਆ, ਬਲਗ਼ਾਰੀਆ, ਗ੍ਰੀਸ ਅਤੇ ਪੁਰਤਗਾਲ ਦੇ ਰਾਜ ਵੀ ਇਸ ਦੇ ਪ੍ਰਭਾਵ ਅਧੀਨ ਸਨ।
ਫ਼ਾਸਿਜ਼ਮ ਦੀ ਵਿਆਖਿਆ ਕਰਨ ਵਾਲੇ ਸਾਹਿਤ ਦੀ ਲਗਭਗ ਅਣਹੋਂਦ ਕਾਰਨ ਕਈ ਵਾਰੀ ਇਹ ਕਿਹਾ ਜਾਂਦਾ ਹੈ ਕਿ ਇਹ ਇਕ ਅਮਲੀ ਵਿਚਾਰਧਾਰਾ ਹੇ। ਮਸੋਲੀਨੀ ਅਕਸਰ ਕਿਹਾ ਕਰਦਾ ਸੀ ਕਿ ‘ਮੇਰਾ ਪ੍ਰੋਗਰਾਮ ਅਮਲ ਕਰਨਾ ਹੈ, ਗੱਲਾਂ ਗਰਨਾ ਨਹੀਂ।’ ਲੇਕਿਨ ਇਸ ਦੇ ਬਾਵਜੂਦ ਹੇਠ-ਲਿਖੀਆਂ ਕੁਝ ਗੱਲਾਂ ਹਨ ਜੋ ਫ਼ਾਸਿਜ਼ਮ ਨਾਲ ਜੁੜਦੀਆਂ ਹਨ:-
1) ਫ਼ਾਸਿਜ਼ਮ ਇਕ-ਪੁਰਖੀ ਰਾਜ ਹੁੰਦਾ ਹੈ। ਅਧਿਨਾਇਕ ਸਰਬ ਸ਼ਕਤੀਮਾਨ ਹੁੰਦਾ ਹੈ ਅਤੇ ਆਪਣੀ ਪਾਰਟੀ ਰਾਹੀਂ ਜਨ ਸਾਧਾਰਨ ਨੂੰ ਮਤੀਹ ਕਰਦਾ ਹੈ;
2) ਫ਼ਾਸਿਜ਼ਮ ਡਾਰਵਿਨ ਦੇ ਵਿਕਾਸ ਸਿਧਾਂਤ ਦੀ ਵਰਤੋਂ ਕਰਦਾ ਹੈ ਅਤੇ ਇਹ ਮੰਨਕੇ ਚਲਦਾ ਹੈ ਕਿ ਸੰਘਰਸ਼ ਜੀਵਨ ਦਾ ਇਕ ਲਾਜ਼ਮੀ ਨਿਯਮ ਹੈ ਅਤੇ ਕੇਵਲ ਤਕੜੇ ਨੂੰ ਹੀ ਜਿਉਂਦੇ ਰਹਿਣ ਦਾ ਹਕ ਹੈ। ਜਿਸ ਦਾ ਮਤਲਬ ਇਹ ਵੀ ਹੈ ਕਿ ਹਿੰਸਾ ਅਤੇ ਲੜਾਈ ਜੀਵਨ ਦੇ ਅਨਿਖੜ ਅੰਗ ਹਨ।
3) ਫ਼ਾਸਿਜ਼ਮ ਵਿਅਕਤੀਗਤ ਆਜ਼ਾਦੀ ਅਤੇ ਲੋਕਤੰਤਰ ਦਾ ਵਿਰੋਧੀ ਹੈ। ਫ਼ਾਸਿਸਟ ਰਾਜ ਵਿਚ ਵਿਅਕਤੀ ਦੇ ਜੀਵਨ ਦਾ ਹਰ ਪਖ ਕੰਟਰੋਲ ਅਧੀਨ ਹੁੰਦਾ ਹੈ। ਲੋਕਾਂ ਨੂੰ ਪ੍ਰਭਤਧਾਰੀ ਮੰਨਣ ਤੋਂ ਇਨਕਾਰ ਕਰਦਾ ਹੈ।
4) ਫ਼ਾਸਿਜ਼ਮ ਸਮਾਜਵਾਦ ਦਾ ਵੀ ਵਿਰੋਧੀ ਹੈ। ਪੂੰਜੀਵਾਦੀ ਢਾਂਚੇ ਵਿਚ ਤਬਦੀਲੀ ਲਿਆ ਕੇ ਉਤਪਾਦਨ ਦੇ ਵਸੀਲਿਆਂ ਨੂੰ ਕੌਮੀਕਰਣ ਦੇ ਹਕ ਵਿਚ ਨਹੀਂ ਹੈ।
5) ਫ਼ਾਸਿਜ਼ਮ ਵਿਚ ਰਾਜ ਨੂੰ ਸਰਵਉੱਚ ਮੰਨਿਆਂ ਜਾਂਦਾ ਹੈ। ਮਸੋਲੀਨੀ ਦੇ ਸ਼ਬਦਾਂ ਵਿਚ ‘‘ਰਾਜ ਕੇਵਲ ਇਕ ਰਾਜਨੀਤਕ ਸੰਸਥਾ ਮਾਤਰ ਨਹੀਂ ਹੈ, ਸਗੋਂ ਇਹ ਇਕ ਅਧਿਆਤਮਕ ਅਤੇ ਨੈਤਕ ਤੱਥ ਹੈ ਉਹ ਜਨਤਾ ਦੀ ਆਤਮਾ ਦਾ ਰਾਖਾ ਹੈ।’’ ਇਸ ਤਰ੍ਹਾਂ ਇਹ ਵਾਦ ਅੰਨ੍ਹੇ ਰਾਸ਼ਟਰਵਾਦ ਨੂੰ ਜਨਮ ਦਿੰਦਾ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 971, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਫ਼ਾਸਿਜ਼ਮ ਸਰੋਤ :
ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਫ਼ਾਸਿਜ਼ਮ : ਵੇਖੋ ‘ਅਧਿਨਾਇਕਵਾਦ’
ਅਧਿਨਾਇਕਵਾਦ : ਪੱਛਮ ਵਿਚ ਮੱਧਕਾਲ ਦੇ ਅੰਤ ਵਿਚ ਅਤੇ ਆਧੁਨਿਕ ਕਾਲ ਦੇ ਆਰੰਭ ਵਿਚ ਨਵ–ਜਾਗ੍ਰਿਤੀ ਚੇਤਨਾ ਅਤੇ ਸੁਧਾਰਕ ਰੁਚੀਆਂ ਉਜਾਗਰ ਹੋਈਆਂ। ਮਸ਼ੀਨੀ ਕ੍ਰਾਂਤੀ ਨਾਲ ਪੂੰਜੀਵਾਦੀ ਸਮਾਜ ਹੌਂਦ ਵਿਚ ਆਇਆ ਅਤੇ ਇਸ ਦੇ ਨਾਲ ਨਾਲ ਜਨਤੰਤ੍ਰ ਵਿਚਾਰਾਂ ਨੇ ਵੀ ਜ਼ੋਰ ਫੜਿਆ। ਇਸ ਪਰਿਸਥਿਤੀ ਵਿਚ ਇਕ ਅਜਿਹੀ ਪਰੰਪਰਾ ਦੀ ਸਥਾਪਨਾ ਹੋਈ ਜਿਹੜੀ ਸੱਜੇ ਅਤੇ ਖੱਬੇ ਪੱਖ ਦੇ ਵਿਚਾਰਕਾਂ ਨੂੰ ਪ੍ਰਵਾਨ ਸੀ। ਉਸ ਪਰੰਪਰਾ ਦੇ ਮੋਟੇ ਮੋਟੇ ਪ੍ਰਵਾਣਿਤ ਨਿਯਮ ਇਹ ਸਨ : ਤਰਕ ਅਤੇ ਮਨੁੱਖੀ ਉੱਨਤੀ ਵਿਚ ਵਿਸ਼ਵਾਸ, ਮਨੁੱਖੀ ਜੀਵਨ ਦੀ ਪਵਿਤ੍ਰਤਾ ਅਤੇ ਮਹੱਤਾ ਵਿਚ ਵਿਸ਼ਵਾਸ, ਵੱਖ ਵੱਖ ਧਰਮਾਂ ਅਤੇ ਰਾਜਨੀਤਿਕ ਵਿਚਾਰਾਂ ਲਈ ਸਹਿਣਸ਼ੀਲਤਾ, ਲੋਕਤੰਤਰੀ ਸਰਕਾਰ ਉੱਤੇ ਵਿਸ਼ਵਾਸ ਅਤੇ ਸਰਕਾਰ ਨੂੰ ਲੋਕ ਭਲਾਈ ਦੇ ਅਹਿਸਾਸ ਦਾ ਵਿਸ਼ਵਾਸ, ਵਿਚਾਰਾਂ ਅਤੇ ਆਲੋਚਨਾ ਦੀ ਸੁਤੰਤਰਤਾ, ਵਿਆਪਕ ਵਿਦਿਆ ਦੀ ਜ਼ਰੂਰਤ ਦਾ ਅਹਿਸਾਸ, ਨਿਰਪੱਖ ਨਿਆਂ ਅਤੇ ਕਾਨੂੰਨੀ ਰਾਜ ਉੱਤੇ ਨਿਰਭਰਤਾ ਅਤੇ ਵਿਆਪਕ ਸ਼ਾਂਤੀ ਲਈ ਉਪਰਾਲਿਆਂ ਵਿਚ ਵਿਸ਼ਵਾਸ। ਵੀਹਵੀਂ ਸਦੀ ਈ. ਵਿਚ ਫ਼ਾਸਿਜ਼ਮ ਅਤੇ ਨਾਜ਼ੀਵਾਦ ਨੇ ਉਪਰੋਕਤ ਪਰੰਪਰਾ ਦਾ ਖੰਡਨ ਕੀਤਾ ਅਤੇ ਸਦੀਆਂ ਤੋਂ ਸਥਾਪਿਤ ਹੋਈ ਮਨੁੱਖੀ ਘਾਲਣਾ ਨੂੰ ਖੇਰੂੰ ਖੇਰੂੰ ਕਰ ਦਿੱਤਾ। ਇਟਲੀ ਅਤੇ ਜਰਮਨੀ ਵਿਚ ਸਥਾਪਿਤ ਹੋਇਆ ਇਹ ਅਧਿਨਾਇਕਵਾਦ ਇਸ ਪਰੰਪਰਾ ਦੇ ਹਰ ਇਕ ਪੱਖ ਦੀ ਉਲੰਘਣਾ ਕਰਨ ਵਿਚ ਮਾਣ ਮਹਿਸੂਸ ਕਰਦਾ ਸੀ। ਅਧਿਨਾਇਕਵਾਦ ਵਿਚ ਤਰਕ ਦੀ ਥਾਂ ਹਾਕਮਾਂ ਦੀ ਮਰਜ਼ੀ ਨੇ ਲੈ ਲਿਆ। ਜਨਤੰਤਰ ਭਾਵਾਂ ਦੀ ਥਾਂ ਸਮਾਜ ਵਿਚ ਸ਼੍ਰੇਣੀ ਭਾਵਾਂ ਨੂੰ ਸਥਾਪਿਤ ਕੀਤਾ ਗਿਆ। ਅਧਿਨਾਇਕ ਦੇ ਵਿਚਾਰ ਹੀ ਕਾਨੂੰਨ ਬਣ ਗਏ ਅਤੇ ਨਿਆਂ ਦੀ ਥਾਂ ਅਧਿਨਾਇਕ ਦੇ ਹੁਕਮ ਹੀ ਲਾਗੂ ਹੋ ਗਏ। ਸ਼ਾਸਕ ਪਾਰਟੀ ਜਾਂ ਸ਼ਾਸਕਾਂ ਤੋਂ ਵੱਖ ਧਰਮ ਜਾਂ ਵੱਖ ਵਿਚਾਰ ਰੱਖਣ ਵਾਲੇ ਲੋਕਾਂ ਲਈ ਰਾਜ ਲਈ ਹਾਨੀਕਾਰਕ ਹੋਣ ਦੀ ਘੋਸ਼ਣਾ ਕੀਤੀ ਗਈ। ਸਾਰੇ ਅਧਿਕਾਰ ਰਾਜ ਦੇ ਹੱਥ ਵਿਚ ਸਨ ਅਤੇ ਅਜਿਹੇ ਰਾਜ ਵਿਚ ਮਨੁੱਖ ਕੇਵਲ ਕਰਤੱਵ ਪਾਲਣ ਕਰਨ ਲਈ ਸੀ। ਕੇਵਲ ਰਾਜ ਉਸ ਦੇ ਅਧਿਕਾਰ ਦੀ ਪ੍ਰਤਿਨਿਧਤਾ ਕਰਦਾ ਸੀ।
ਵਿਅਕਤੀਗਤ ਸੁਤੰਤਰਤਾ ਨਾਲੋਂ ਸਮਾਜ ਅਤੇ ਰਾਜ ਦੀ ਮਹਾਨਤਾ ਦੇ ਵਿਚਾਰ ਜਰਮਨ ਦਾਰਸ਼ਨਿਕ ਹੇਗਲ (Hegel) ਅਤੇ ਉਸ ਦੇ ਅਨੁਯਾਈਆਂ ਨੇ ਨਿਰਧਾਰਿਤ ਕੀਤੇ। ਉਨ੍ਹੀਵੀਂ ਸਦੀ ਈ. ਵਿਚ ਸ਼ੋਪਨਹਾਰ (Schopenhauer), ਨੀਤਸ਼ੇ (Nietzche) ਅਤੇ ਬਰਗਸਾਂ (Bergson) ਵਰਗੇ ਰਹੱਸਮਈ ਅਤਰਕਵਾਦੀ (mystical irrational) ਦਾਰਸ਼ਨਿਕਾਂ ਦੇ ਇਸ ਵਿਚਾਰ ਦੀ ਹੋਰ ਪੁਸ਼ਟੀ ਕੀਤੀ। ਸੌਰੇਲ (Sorel) ਨੇ ਸਿੰਡਿਕਵਾਦ (syndicalism) ਸਿਧਾਂਤ ਵਿਚ ਅਜਿਹੇ ਮਿਥਿਹਾਸਕ ਨਾਇਕ ਦੀ ਲੋੜ ਦਾ ਜ਼ਿਕਰ ਕੀਤਾ ਜਿਹੜਾ ਲੋਕਾਂ ਦੇ ਭਾਵਾਂ ਨੂੰ ਉਭਾਰ ਸਕੇ ਅਤੇ ਲੋਕਾਂ ਦਾ ਨਾਇਕ ਬਣ ਸਕੇ। ਸੌਰੇਲ ਨੇ ਹਿੰਸਾ ਅਤੇ ਸ਼ਕਤੀ ਦੀ ਵਰਤੋਂ ਨੂੰ ਜਾਇਜ਼ ਕਰਾਰ ਦਿੱਤਾ।
ਉਪੋਰਕਤ ਵਿਚਾਰਾਂ ਨੇ ਇਟਲੀ, ਜਰਮਨੀ ਅਤੇ ਸਪੇਨ ਵਿਚ ਵਿਵਹਾਰਿਕ ਰੂਪ ਧਾਰਣ ਕੀਤਾ। ਇਹ ਵਿਚਾਰਧਾਰਾ ਉੱਥੇ ਕਿਉਂ ਜ਼ੋਰ ਫੜ ਗਈ, ਹੋਰ ਥਾਂ ਕਿਉਂ ਨਹੀਂ? ਇਸ ਦਾ ਨਿਰਣਾ ਕਰਨਾ ਤਾਂ ਔਖਾ ਹੈ ਪਰ ਇਕ ਗੱਲ ਜ਼ਰੂਰ ਹੈ ਕਿ ਪਹਿਲੇ ਮਹਾਯੁੱਧ ਤੋਂ ਪਿੱਛੋਂ ਇਨ੍ਹਾਂ ਦੇਸ਼ਾਂ ਵਿਚ ਅਤਿ ਨਿਰਾਸ਼ਾ ਫੈਲੀ ਹੋਈ ਸੀ। ਇਟਲੀ ਵਿਚ ਬੈਨੀਟੋ ਮੁਸੋਲਿਨੀ (Benito Mussolini, 1883–1945 ਈ.) ਦੇ ਅਧੀਨ 1922 ਈ. ਵਿਚ ਫਾਸਿਸਟ ਪਾਰਟੀ ਕਾਇਮ ਹੋਈ ਅਤੇ ਇਹੀ ਪਾਰਟੀ ਸਰਕਾਰੀ ਅਤੇ ਵਿਧਾਨਿਕ ਪਾਰਟੀ ਮੰਨੀ ਗਈ। ਪਾਰਟੀ ਦੇ ਮੈਂਬਰਾਂ ਨੂੰ ਫ਼ੌਜੀ ਸਿਖਿਆ ਦਿੱਤੀ ਜਾਂਦੀ ਅਤੇ ਪਾਰਟੀ ਦਾ ਇਕੋ ਨਾਅਰਾ ਇਹ ਸੀ ਕਿ ‘ਮੁਸੋਲਿਨੀ ਜੋ ਕਰੇ ਉਹੀ ਠੀਕ ਹੈ।’ ਸਰਕਾਰ ਦਾ ਕਰਤਾ ਧਰਤਾ ਮੁਸੋਲਿਨੀ ਖੁਦ ਸੀ ਜਿਸ ਨੇ ‘ਡੂਸ਼ਾ ਦੂਜਾ’ (Duca II) ਨਾਉਂ ਧਾਰਣ ਕੀਤਾ। ਪਾਰਲੀਮੈਂਟ ਮੈਂਬਰਾਂ ਨੂੰ ਮੁਸੋਲਿਨੀ ਖੁਦ ਨਿਯੁਕਤ ਕਰਦਾ ਸੀ। ਪਾਰਲੀਮੈਂਟ ਨੂੰ ਕੋਈ ਬਿਲ ਜਾਂ ਕਾਨੂੰਨ ਪੇਸ਼ ਕਰਨ ਜਾਂ ਬਣਾਉਣ ਦਾ ਅਧਿਕਾਰ ਨਹੀਂ ਸੀ, ਉਸ ਨੇ ਕੇਵਲ ਮੁਸੋਲਿਨੀ ਵੱਲੋਂ ਪੇਸ਼ ਕੀਤੇ ਜਾਂ ਬਣਾਏ ਹੋਏ ਬਿੱਲਾਂ ਦੀ ਪ੍ਰਵਾਨਗੀ ਦੇਣ ਦਾ ਕੰਮ ਹੀ ਕਰਨਾ ਸੀ, ਕਾਰ–ਵਿਹਾਰ, ਉਦਯੋਗ, ਮਜ਼ਦੂਰ, ਕਾਮੇ ਆਦਿ ਸਭ ਕੁਝ ਪਾਰਟੀ ਦੇ ਅਧਿਕਾਰ ਅਧੀਨ ਸਨ। ਮਾਨਸਿਕ ਅਤੇ ਜਿਸਮਾਨੀ ਕਸ਼ਟਾਂ ਦੁਆਰਾ, ਸਰਕਾਰੀ ਸੈਂਸਰਸ਼ਿਪ ਅਤੇ ਪ੍ਰਾਪੇਗੰਡੇ ਰਾਹੀਂ ਵਿਅਕਤੀਗਤ ਸੁਤੰਤਰਤਾ ਨੂੰ ਕੁਚਲਿਆ ਗਿਆ। ਆਜ਼ਾਦੀ, ਬਰਾਬਰੀ, ਅਤੇ ਭਰਾਤਰੀ ਭਾਵ ਦੀ ਥਾਂ ਜ਼ਿੰਮੇਦਾਰੀ, ਅਨੁਸ਼ਾਸਨ ਅਤੇ ਸਰਕਾਰੀ ਆਗਿਆ ਦੇ ਵਿਚਾਰ ਨੂੰ ਲੋਕਾਂ ਉੱਤੇ ਥੋਪਿਆ ਗਿਆ।
ਫ਼ਾਸ਼ਿਸਟ ਅਧਿਨਾਇਕਵਾਦ ਦੇ ਨਮੂਨੇ ’ਤੇ ਜਰਮਨੀ, ਸਪੇਨ ਅਤੇ ਜਾਪਾਨ ਵਿਚ ਵੀ ਅਧਿਨਾਇਕਵਾਦੀ ਸੱਤਾ ਕਾਇਮ ਹੋਈ। ਜਰਮਨੀ ਵਿਚ ਅਡੋਲਫ਼ ਹਿਟਲਰ (Adolof Hitler, 1889–1945 ਈ.) ਨੇ ਜਰਮਨ ਰਾਸ਼ਟਰੀ ਸਮਾਜਵਾਦੀ ਦਲ (German National Socialist Party) ਨੂੰ ਜੱਥੇਬੰਦ ਕਰ ਕੇ ਨਾਜ਼ੀ ਸੱਤਾ ਕਾਇਮ ਕੀਤੀ ਅਤੇ 1939 ਈ. ਵਿਚ ਫ਼ੈਂਕੋ (Franco) ਅਧੀਨ ਸਪੇਨ ਵਿਚ ਫ਼ੈਲਾਂਜ (Falange) ਨਾਉਂ ਦੀ ਇਕੋ ਇਕ ਪਾਰਟੀ ਕਾਇਮ ਹੋਈ ਅਤੇ ਅਧਿਨਾਇਕਵਾਦੀ ਨਿਯਮਾਂ ਨੂੰ ਰਾਜ ਦਾ ਆਧਾਰ ਬਣਾਇਆ ਗਿਆ। ਦੂਜੇ ਮਹਾ ਯੁੱਧ ਦੌਰਾਨ ਜਾਪਾਨ ਅਤਿਰਾਸ਼ਟਰਵਾਦੀ ਅਧਿਨਾਇਕਵਾਦ ਦੀਆਂ ਲੀਹਾਂ ਉੱਤੇ ਚਲਿਆ। ਯੁੱਧ ਦੇ ਪਿੱਛੋਂ ਜਨਤੰਤਰੀ ਵਿਵਸਥਾ ਨਾਲ ਲੋਕਾਂ ਦੀ ਨਿਰਾਸ਼ਾ ਵਧੀ ਅਤੇ ਵਿਸ਼ੇਸ਼ਕਰ ਏਸ਼ੀਆ ਵਿਚ ਜਨਤੰਤਰ ਦੀ ਪਰੰਪਰਾ ਦੀ ਅਣਹੋਂਦ, ਵਿਦਿਆ ਦੀ ਘਾਟ, ਨਵੀਂ ਮਿਲੀ ਆਜ਼ਾਦੀ ਨੂੰ ਸਾਂਭਣ ਵਿਚ ਅਸਮਰਥਾ, ਵੱਡੀਆਂ ਸ਼ਕਤੀਆਂ ਦੀ ਦਖ਼ਲ ਅੰਦਾਜੀ ਨਾਲ ਕਈ ਥਾਂਵਾ ਤੇ ਫ਼ੌਜ ਦਾ ਸਹਾਰਾ ਲੈ ਕੇ ਅਧਿਨਾਇਕ ਕਾਇਮ ਹੋਏ। ਪੱਛਮੀ ਏਸ਼ੀਆ, ਇੰਡੋਨੇਸ਼ੀਆ, ਉੱਤਰੀ ਕੋਰੀਆ, ਉੱਤਰੀ ਵਿਅਤਮਾਨ, ਬਰ੍ਹਮਾ, ਪਾਕਿਸਤਾਨ, ਇਰਾਕ ਆਦਿ ਦੇਸ਼ਾਂ ਵਿਚ ਅਧਿਨਾਇਕ ਕਾਫ਼ੀ ਸ਼ਕਤੀਸ਼ਾਲੀ ਰਹੇ ਹਨ। ਰੂਸ, ਚੀਨ, ਯੋਗੋਸਲਾਵੀਆ, ਚੈਕੋਸਲੋਵੇਕੀਆ, ਹੰਗਰੀ ਵਿਚ ਸਾਮਿਵਾਦੀ ਅਧਿਨਾਇਕਵਾਦ ਕਾਇਮ ਹੈ। ਸਾਮਵਾਦੀ ਅਧਿਨਾਇਕਵਾਦ ਅਤੇ ਫਾਸ਼ਿਸਟ ਅਧਿਨਾਇਕਵਾਦ ਵਿਚ ਭੇਦ ਕੇਵਲ ਇਹ ਹੈ ਕਿ ਜਿੱਥੇ ਸਾਮਿਵਾਦ ਵਿਚ ਪਾਰਟੀ ਹੀ ਅਧਿਕਾਰੀ ਹੁੰਦੀ ਹੈ, ਫੈਸ਼ਿਜ਼ਮ ਵਿਚ ਇਕ ਵਿਅਕਤੀ ਹੀ ਪਰਮ ਸੱਤਾ ਹੈ।
ਅਧਿਨਾਇਕਵਾਦ ਵਿਚ ਵਿਅਕਤੀਗਤ ਸੁਤੰਤਰਤਾ ਦੀ ਅਣਹੋਂਦ ਕਾਰਣ ਚੰਗੇ ਸਾਹਿੱਤ ਦਾ ਉਪਜਣਾ ਅਸੰਭਵ ਹੁੰਦਾ ਹੈ। ਇਹੀ ਕਾਰਣ ਹੈ ਕਿ ਅਧਿਨਾਇਕਵਾਦੀ ਸਾਹਿੱਤ ਕੇਵਲ ਚਾਰ ਪ੍ਰਚਾਰ ਜਾਂ ਘਟੀਆ ਪ੍ਰਾਪੇਗੰਡਾ ਸਾਹਿੱਤ ਹੀ ਹੁੰਦਾ ਹੈ। ਅਜਿਹੇ ਵਾਤਾਵਰਣ ਵਿਚ ਵਿਅਕਤਿਤ੍ਵਵਾਦੀ ਰਚਨਾਵਾਂ ਵਧੇਰੇ ਪੈਦਾ ਹੁੰਦੀਆਂ ਹਨ। ਪੰਜਾਬੀ ਸਾਹਿੱਤ ਵਿਚ ਇਸ ਪ੍ਰਕਾਰ ਦੀਆਂ ਰਚਨਾਵਾਂ ਦਾ ਅਭਾਵ ਹੈ ਕਿਉਂਕਿ ਇੱਥੇ ਕਦੇ ਅਧਿਨਾਇਕਵਾਦ ਨਹੀਂ ਰਿਹਾ।
ਲੇਖਕ : ਡਾ. ਮਹਿੰਦਰ ਪਾਲ ਕੋਹਲੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 897, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-14, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First