ਮੂਸਨ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਮੂਸਨ (ਇਕ ਸਿੱਖ): ਗੁਰੂ ਗ੍ਰੰਥ ਸਾਹਿਬ ਦੇ ਚਉਬੋਲਿਆਂ ਵਿਚ ਉਲਿਖਿਤ ਅਤੇ ਪ੍ਰਸਿੱਧ ਲੋਕ-ਕਥਾ ਦਾ ਪਾਤਰ ਜੋ ਸੰਮਨ ਦਾ ਪੁੱਤਰ ਸੀ। ਸੰਮਨ ਅਤੇ ਮੂਸਨ ਨਾਲ ਸੰਬੰਧਿਤ ਲੋਕ-ਕਥਾ ਦੀਆਂ ਕਥਾਨਕ ਰੂੜ੍ਹੀਆਂ ਦਾ ਇਤਿਹਾਸ ਢਾਈ ਹਜ਼ਾਰ ਸਾਲ ਪੁਰਾਣਾ ਦਸਿਆ ਜਾਂਦਾ ਹੈ। ਇਸ ਦਾ ਮੁੱਢ ਭਾਵੇਂ ਮਿਸਰ ਵਿਚ ਬਝਿਆ, ਪਰ ਕਾਲਾਂਤਰ ਵਿਚ ਵਖ ਵਖ ਦੇਸ਼ਾਂ ਦੇ ਸਭਿਆਚਾਰਾਂ ਵਿਚ ਇਸ ਦੇ ਸਰੂਪ ਅਤੇ ਕਥਾਨਕ ਵਿਚ ਕਈ ਪ੍ਰਕਾਰ ਦੇ ਅੰਤਰ ਉਪਸਥਿਤ ਹੋ ਗਏ।

ਭਾਰਤ ਵਿਚ ਇਸ ਲੋਕ-ਕਥਾ ਦਾ ਪ੍ਰਵੇਸ਼ ਵਪਾਰੀਆਂ ਦੇ ਆਦਾਨ-ਪ੍ਰਦਾਨ ਨਾਲ ਹੋਇਆ ਅਤੇ ਇਥੋਂ ਦੇ ਸਭਿਆਚਾਰ ਅਨੁਸਾਰ ਇਸ ਨੇ ਆਪਣਾ ਸਰੂਪ ਢਾਲ ਲਿਆ। ਪਾਤਰਾਂ ਦੇ ਨਾਂਵਾਂ ਦਾ ਵੀ ਭਾਰਤੀਕਰਣ ਹੋ ਗਿਆ। ਪਹਿਲਾਂ ਇਹ ਕਥਾ ‘ਕਥਾ-ਸਰਿਤ-ਸਾਗਰ’ ਵਿਚ ‘ਘਟ ਅਤੇ ਕਰਪਰਾ’ ਰੂਪ ਵਿਚ ਸੋਮਦੇਵ ਨੇ ਚਿਤਰੀ, ਪਰ ਬਾਦ ਵਿਚ ਘਟ ਅਤੇ ਕਰਪਰਾ ਨਾਂ ਦੇ ਦੋਹਾਂ ਚੋਰਾਂ ਦੀ ਥਾਂ ਸੰਮਨ ਅਤੇ ਮੂਸਨ ਦੀ ਕਲਪਨਾ ਕੀਤੀ ਜਾਣ ਲਗੀ। ਸੰਸਕ੍ਰਿਤ ਦਾ ‘ਸੁਮਨਸੑ’ (ਚੰਗੇ ਮਨ ਵਾਲਾ) ਸ਼ਬਦ ‘ਸੰਮਨ’ ਰੂਪ ਵਿਚ ਵਿਕ੍ਰਿਤ ਹੋਇਆ ਅਤੇ ‘ਮੂਸ਼ਣ’ (ਚੋਰੀ ਕਰਨਾ) ਸ਼ਬਦ ਦਾ ਅਪਭ੍ਰੰਸ਼ ਰੂਪ ‘ਮੂਸਨ’ ਬਣਿਆ।

ਰਵਾਇਤ ਅਨੁਸਾਰ ਗੁਰੂ ਅਰਜਨ ਦੇਵ ਜੀ ਆਪਣੇ ਸਿੱਖਾਂ ਨੂੰ ਸੱਚੀ ਅਤੇ ਨਿਸ਼ਕਾਮ ਭਗਤੀ ਬਾਰੇ ਉਪਦੇਸ਼ ਦੇਣ ਵੇਲੇ ਸੰਮਨ ਅਤੇ ਮੂਸਨ ਦੀ ਸਾਖੀ ਸੁਣਾਇਆ ਕਰਦੇ ਸਨ , ਪਰ ਬਾਦ ਵਿਚ ਪ੍ਰਚਾਰਕਾਂ ਨੇ ਬਿਨਾ ਕਿਸੇ ਇਤਿਹਾਸਿਕ ਆਧਾਰ ਦੇ ਇਨ੍ਹਾਂ ਦੋਹਾਂ ਨੂੰ ਗੁਰੂ ਅਰਜਨ ਦੇਵ ਜੀ ਦੇ ਸਿੱਖ ਕਹਿਣਾ ਸ਼ੁਰੂ ਕਰ ਦਿੱਤਾ ਅਤੇ ਗੁਰੂ ਗ੍ਰੰਥ ਸਾਹਿਬ ਵਿਚ ਸੰਕਲਿਤ ‘ਚਉਬੋਲੇ’ ਇਨ੍ਹਾਂ ਨਾਲ ਸੰਬੰਧਿਤ ਦਸੇ ਜਾਣ ਲਗੇ ਕਿਉਂਕਿ ਚਉਬੋਲਿਆਂ ਵਿਚ ਇਨ੍ਹਾਂ ਦੋਹਾਂ ਦਾ ਨਾਮ-ਉਲੇਖ ਹੋਇਆ ਹੈ—(1) ਸੰਮਨ ਜਉ ਇਸ ਪ੍ਰੇਮ ਕੀ ਦਮ ਕਿਹੁ ਹੋਤੀ ਸਾਟ (ਗੁ.ਗ੍ਰੰ.1363) ਅਤੇ ਮੂਸਨ ਮਸਕਰ ਪ੍ਰੇਮ ਕੀ ਰਹੀ ਜੁ ਅੰਬਰੁ ਛਾਇ (ਗੁ.ਗ੍ਰੰ.1364)। ਇਥੇ ਹੀ ਬਸ ਨਹੀਂ ‘ਮਤੰਗ’ ਅਤੇ ‘ਜਮਾਲ’ ਸ਼ਬਦਾਂ ਨੂੰ ਵੀ ਦੋ ਫ਼ਕੀਰਾਂ ਦੇ ਨਾਂਵਾਂ ਦੇ ਲਖਾਇਕ ਸਮਝਿਆ ਜਾਣ ਲਗਾ

ਸੰਮਨ ਅਤੇ ਮੂਸਨ ਦੀ ਸਾਖੀ ਇਸ ਤਰ੍ਹਾਂ ਦਸੀ ਜਾਂਦੀ ਹੈ ਕਿ ਸ਼ਾਹਬਾਜ਼ਪੁਰ (ਜ਼ਿਲ੍ਹਾ ਅੰਬਾਲਾ) ਦੇ ਵਸਨੀਕ ਇਹ ਦੋਵੇਂ ਪਿਉ-ਪੁੱਤਰ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸਿਦਕੀ ਸਿੱਖ ਸਨ। ਲਾਹੌਰ ਵਿਚ ਮਿਹਨਤ ਮਜ਼ਦੂਰੀ ਕਰਕੇ ਇਹ ਜੀਵਨ-ਨਿਰਵਾਹ ਕਰਦੇ ਸਨ। ਮਾਇਕ ਤੰਗੀ ਦੇ ਬਾਵਜੂਦ ਇਹ ਗੁਰੂ ਅਰਜਨ ਦੇਵ ਜੀ ਨੂੰ ਭੋਜਨ ਕਰਾਉਣਾ ਚਾਹੁੰਦੇ ਸਨ। ਇਸ ਲਈ ਇਨ੍ਹਾਂ ਨੇ ਅਧਿਕ ਉਜਰਤ ਦਿਵਾਉਣ ਵਾਲੀ ਬੁਰਜ ਦੀ ਉਸਾਰੀ ਸੰਬੰਧੀ ਮਜ਼ਦੂਰੀ ਕਰਨੀ ਸ਼ੁਰੂ ਕਰ ਦਿੱਤੀ। ਭੋਜਨ ਕਰਾਉਣ ਵਾਲੇ ਨਿਸ਼ਚਿਤ ਦਿਨ ਮੂਸਨ ਪੈੜ ਤੋਂ ਹੇਠਾਂ ਡਿਗ ਕੇ ਮਰ ਗਿਆ। ਸੰਮਨ ਨੇ ਅਡੋਲ ਮਨ ਨਾਲ ਉਸ ਦੀ ਲੋਥ ਘਰ ਦੇ ਇਕ ਕੋਠੇ ਵਿਚ ਬੰਦ ਕਰਕੇ ਗੁਰੂ ਜੀ ਲਈ ਭੋਜਨ ਤਿਆਰ ਕੀਤਾ। ਗੁਰੂ ਜੀ ਆਏ ਅਤੇ ਮੂਸਨ ਬਾਰੇ ਪੁਛਿਆ। ਸੰਮਨ ਨੇ ਦਸਿਆ ਤੁਸੀਂ ਆਪ ਅੰਤਰਯਾਮੀ ਹੋ, ਮੈਥੋਂ ਕੀ ਪੁਛਦੇ ਹੋ। ਗੁਰੂ ਜੀ ਨੇ ਮੂਸਨ ਨੂੰ ਆਵਾਜ਼ ਮਾਰੀ ਤਾਂ ਉਸ ਦੀ ਲੋਥ ਜਿੰਦਾ ਹੋ ਗਈ ਅਤੇ ਉਹ ਗੁਰੂ ਜੀ ਦੇ ਸਨਮੁਖ ਹਾਜ਼ਰ ਹੋ ਗਿਆ।

ਸੰਮਨ-ਮੂਸਨ ਬਾਰੇ ਇਕ ਹੋਰ ਸਾਖੀ ਵੀ ਪ੍ਰਚਲਿਤ ਹੈ। ਉਸ ਸਾਖੀ ਵਿਚ ਗੁਰੂ ਸਾਹਿਬ ਨੂੰ ਭੋਜਨ ਕਰਾਉਣ ਦੀ ਇੱਛਾ ਸੰਬੰਧੀ ਸਮਾਨਤਾ ਹੈ ਪਰ ਭੋਜਨ ਲਈ ਧਨ ਦੀ ਵਿਵਸਥਾ ਕਰਨ ਲਈ ਚੋਰੀ ਕਰਨ ਦਾ ਪ੍ਰਸੰਗ ਹੈ। ਚੋਰੀ ਗਵਾਂਢ ਦੇ ਇਕ ਸ਼ਾਹੂਕਾਰ ਦੇ ਘਰ ਕੀਤੀ ਗਈ ਹੈ। ਮੂਸਨ ਨੇ ਧਨ ਦੀ ਥੈਲੀ ਕਢ ਕੇ ਸੰਮਨ ਨੂੰ ਦੇ ਦਿੱਤੀ ਪਰ ਆਪ ਸੰਨ੍ਹ ਲਈ ਕੀਤੇ ਮਘੋਰੇ ਵਿਚ ਫਸ ਗਿਆ। ਪਕੜੇ ਜਾਣ’ਤੇ ਹੋਣ ਵਾਲੀ ਨਮੋਸ਼ੀ ਤੋਂ ਡਰਦਿਆਂ ਉਸ ਨੇ ਆਪਣੇ ਪਿਤਾ ਨੂੰ ਸਿਰ ਵਢ ਕੇ ਨਾਲ ਲੈ ਜਾਣ ਲਈ ਕਿਹਾ। ਉਹ ਸਿਰ ਵਢ ਕੇ ਘਰ ਲੈ ਗਿਆ। ਸਵੇਰੇ ਆਨੇ-ਬਹਾਨੇ ਧੜ ਵੀ ਲੈ ਗਿਆ ਅਤੇ ਸਿਰ ਤੇ ਧੜ ਨੂੰ ਕੋਠੇ ਵਿਚ ਇਕੱਠਾ ਰਖ ਦਿੱਤਾ। ਜਦੋਂ ਗੁਰੂ ਜੀ ਭੋਜਨ ਕਰਨ ਲਈ ਆਏ ਤਾਂ ਉਪਰਲੀ ਪਹਿਲੀ ਸਾਖੀ ਵਾਂਗ ਉਨ੍ਹਾਂ ਨੇ ਆਵਾਜ਼ ਮਾਰ ਕੇ ਮੂਸਨ ਨੂੰ ਜੀਉਂਦਾ ਕਰ ਦਿੱਤਾ। ਇਸ ਕਥਾ ਦੀਆਂ ਮੁੱਖ ਰੂੜ੍ਹੀਆਂ ਮਿਸਰ ਦੀ ‘ਰੇਂਪਸਿਨੀਤਸ’ ਦੀ ਲੋਕ-ਕਥਾ ਅਤੇ ਯੂਨਾਨ ਦੀ ‘ਆਗਮੇਦਜ਼—ਟਰੋਫੋਨੀਅਸ’ ਦੀ ਲੋਕ-ਕਥਾ ਨਾਲ ਦੂਰ ਤਕ ਸਮਾਨਤਾ ਰਖਦੀਆਂ ਹਨ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1988, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.