ਸੰਭੋਗ ਮਨਾਹੀ (incest taboo) ਸਰੋਤ : ਸਮਾਜ-ਵਿਗਿਆਨ ਦਾ ਵਿਸ਼ਾ-ਕੋਸ਼

ਸੰਭੋਗ ਮਨਾਹੀ (incest taboo): ਮਨਾਹੀ, ਵਰਜਣ (ਟੈਬੂ) ਸ਼ਬਦ ਦੀ ਵਰਤੋਂ ਪਹਿਲਾਂ ਕੈਪਟਨ ਕੁੱਕ ਨੇ ਪੋਲੀਨੇਸ਼ੀਆ ਦੀ ਯਾਤਰਾ ਬਾਰੇ ਲਿਖਦਿਆਂ ਕੀਤੀ। ਇਸ ਦਾ ਸੰਕੇਤ ਕਿਸੇ ਵੀ ਵਰਜਿਤ ਚੀਜ਼ (ਖ਼ੁਰਾਕ, ਥਾਂ, ਕਿਰਿਆ) ਵੱਲ ਹੁੰਦਾ ਹੈ। ਇਸ ਨੂੰ ਅਜਿਹੀ ਮਨਾਹੀ ਵੀ ਆਖਿਆ ਜਾਂਦਾ ਹੈ ਜਿਸ ਦੀ ਉਲੰਘਣਾ ਕਰਨ ਉੱਤੇ ਕੁਦਰਤ ਆਪ ਸਜ਼ਾ ਦਿੰਦੀ ਹੈ, ਇਹ ਰਸਮੀ ਤੌਰ ਉੱਤੇ ਕਿਸੇ ਵਤੀਰੇ ਦੀ ਮਨਾਹੀ ਹੁੰਦੀ ਹੈ। ਇਹ ਮਨਾਹੀ ਕੁਝ ਥਾਵਾਂ ਉੱਤੇ ਜਾਣ ਦੀ ਵੀ ਹੋ ਸਕਦੀ ਹੈ ਜਿਵੇਂ ਕਬਰਾਂ, ਮੜ੍ਹੀਆਂ ਕੋਈ ਪੁਰਾਣੀ ਇਮਾਰਤ, ਕੁਝ ਚੀਜ਼ਾਂ ਖਾਣ ਬਾਰੇ ਵੀ ਹੋ ਸਕਦੀ ਹੈ ਜਿਵੇਂ ਮੁਸਲਮਾਨਾਂ ਵਿੱਚ ਸੂਰ ਦਾ ਮਾਸ, ਜਾਂ ਅਜਿਹਾ ਮਾਸ ਜੋ ਹਲਾਲ ਵਿਧੀ ਨਾਲ ਨਾ ਤਿਆਰ ਕੀਤਾ ਗਿਆ ਹੋਵੇ, ਜਾਂ ਹਿੰਦੂਆਂ ਵਿੱਚ ਗਊਬੱਧ, ਜਾਂ ਮਾਸ ਖਾਣਾ, ਜਾਂ ਗੰਢਾ, ਲਸਣ ਮਸਰ ਦੀ ਦਾਲ ਆਦਿ ਖਾਣ ਉੱਤੇ ਮਨਾਹੀ। ਇਹ ਮਨਾਹੀ ਇਸਤਰੀਆਂ ਦੇ ਮਾਹਵਾਰੀ ਦੌਰਾਨ ਰਸੋਈ ਵਿੱਚ ਜਾਣ, ਜਾਂ ਮਾਹਵਾਰੀ ਦੌਰਾਨ ਲਿੰਗਾਤਮਕ ਸੰਬੰਧਾਂ ਜਾਂ ਬੱਚੇ ਦੇ ਜੰਮਣ ਤੋਂ ਕੁਝ ਚਿਰ ਪਹਿਲਾਂ ਅਤੇ ਪਿੱਛੋਂ ਲਿੰਗਾਤਮਕ ਸੰਬੰਧਾਂ ਉੱਪਰ ਮਨਾਹੀ ਵੀ ਹੋ ਸਕਦੀ ਹੈ। ਪੰਜਾਬੀ/ਭਾਰਤੀ ਸਮਾਜ ਵਿੱਚ ਪਤੀ ਜਾਂ ਸ਼ੌਹਰ ਦਾ ਨਾਮ ਲੈਣ ਦੀ ਮਨਾਹੀ ਵੀ ਵੇਖਣ ਵਿੱਚ ਆਈ ਹੈ।

      ਪਰ ਉਹ ਮਨਾਹੀ, ਜਿਸ ਨੇ ਸਮਾਜ ਵਿਗਿਆਨੀਆਂ ਜਾਂ ਮਾਨਵ ਵਿਗਿਆਨੀਆਂ ਦਾ ਵਧੇਰੇ ਧਿਆਨ ਖਿੱਚਿਆ ਹੈ, ਕੁਝ ਖ਼ਾਸ ਕਿਸਮ ਦੇ ਲਿੰਗਾਤਮਕ ਸੰਭੋਗ ਦੀ ਮਨਾਹੀ ਹੈ, ਜੋ ਮਿਸਰ ਜਾਂ ਮੈਕਸੀਕੋ ਦੇ ਸ਼ਾਹੀ ਘਰਾਣਿਆਂ ਤੋਂ ਬਿਨਾਂ ਲਗਭਗ ਹਰ ਸਮਾਜ ਵਿੱਚ ਮਿਲਦੀ ਹੈ। ਕੋਈ ਵੀ ਸਮਾਜ ਸਕੇ ਭੈਣ-ਭਰਾ, ਮਾਂ-ਪੁੱਤ, ਜਾਂ ਪਿਓ-ਧੀ ਵਿਚਕਾਰ ਸੰਭੋਗ ਦੀ ਆਗਿਆ ਨਹੀਂ ਦਿੰਦਾ। ਇਸ ਨੂੰ ਖ਼ੂਨ ਦੀ ਨਜ਼ਦੀਕੀ ਸਾਂਝ ਵਾਲੇ ਸੰਬੰਧੀਆਂ ਵਿੱਚ ਲਿੰਗਾਤਮਕ ਸੰਬੰਧਾਂ ਦੀ ਮਨਾਹੀ ਆਖਦੇ ਹਨ। ਇਸ ਤੋਂ ਭਾਵ ਉਹਨਾਂ ਰਿਸ਼ਤੇਦਾਰਾਂ ਵਿੱਚ ਲਿੰਗਾਤਮਕ ਸੰਬੰਧਾਂ ਦੀ ਮਨਾਹੀ ਹੈ, ਜਿਨ੍ਹਾਂ ਵਿਚ ਵਿਆਹ ਨਹੀਂ ਕੀਤਾ ਜਾ ਸਕਦਾ। ਇਸ ਨੂੰ ਮੂਲ ਪਰਵਾਰ ਵਿਚ ਭੈਣਾਂ-ਭਰਾਵਾਂ (ਖ਼ੂਨ ਨਾਲ ਸੰਬੰਧਿਤ ਲੋਕਾਂ) ਵਿੱਚ ਲਿੰਗਾਤਮਕ ਸੰਭੋਗ ਦੀ ਮਨਾਹੀ ਹੈ; ਜਾਂ ਅਜਿਹੇ ਲੋਕਾਂ ਵਿੱਚ ਲਿੰਗਾਤਮਕ ਸੰਭੋਗ ਦੀ ਮਨਾਹੀ ਹੈ, ਜਿਨ੍ਹਾਂ ਵਿਚ ਜੀਵ ਵਿਗਿਆਨਿਕ ਵਿੱਥ ਕਾਫ਼ੀ ਨਹੀਂ। ਇਸ ਤਰ੍ਹਾਂ ਪ੍ਰਾਥਮਿਕ ਰਿਸ਼ਤੇਦਾਰਾਂ (ਮਾਪੇ, ਭੈਣ, ਭਰਾ, ਬੱਚੇ) ਵਿਚਕਾਰ ਲਿੰਗਾਤਮਕ ਸੰਬੰਧਾਂ ਉੱਤੇ ਮਨਾਹੀ ਹੈ। ਅਜਿਹੇ ਸਾਕ, ਜਿਨ੍ਹਾਂ ਨਾਲ ਲਿੰਗਾਤਮਕ ਸੰਬੰਧ ਨਹੀਂ ਬਣਾਏ ਜਾ ਸਕਦੇ, ਵੱਖ ਵੱਖ ਸਮਾਜਾਂ ਵਿੱਚ ਵੱਖ-ਵੱਖ ਹਨ। ਕਈਆਂ ਵਿੱਚ ਭੂਆ, ਮਾਸੀ ਦੀ ਧੀ/ਪੁੱਤ ਨਾਲ ਵਿਆਹ ਯੋਗ ਸਮਝਿਆ ਜਾਂਦਾ ਹੈ, ਕਈਆਂ ਵਿੱਚ ਆਪਣੇ ਗੋਤ ਵਿੱਚ ਵਿਆਹ ਨਹੀਂ ਕੀਤਾ ਜਾਂਦਾ, ਕਈਆਂ ਵਿੱਚ ਚਾਰ ਜਾਂ ਸੱਤ ਗੋਤਾਂ ਵਿੱਚ ਵਿਆਹ/ਲਿੰਗਾਤਮਕ ਸੰਬੰਧ ਨਹੀਂ ਰੱਖੇ ਜਾਂਦੇ, ਪਰ ਹਰ ਸਮਾਜ ਵਿੱਚ ਕੁਝ (ਖ਼ੂਨ ਦੇ) ਰਿਸ਼ਤੇ ਅਜਿਹੇ ਹਨ, ਜਿਨ੍ਹਾਂ ਵਿਚ ਵਿਆਹ ਨਹੀਂ ਕੀਤੇ ਜਾ ਸਕਦੇ।

      ਲਿੰਗਾਤਮਕ ਮਨਾਹੀ ਦਾ ਇੱਕ ਵਰਣਨ ਜੀਵ-ਵਿਗਿਆਨਿਕ ਅਸੂਲ ਹੈ। ਮਨੁੱਖੀ ਜਿਣਸ ਨੇ ਬੜਾ ਚਿਰ ਪਹਿਲਾਂ ਇਹ ਗੱਲ ਸਮਝ ਲਈ ਪਰਤੀਤ ਹੁੰਦੀ ਹੈ ਕਿ ਅੰਦਰ ਵਿਆਹ (inbreading) ਨਾਲ ਨਸਲ ਪਤਨ ਵੱਲ ਜਾਂਦੀ ਹੈ ਅਤੇ (out breading) ਆਪਣੇ ਼ਸਾਕਾਦਾਰੀ ਸਮੂਹ ਤੋਂ ਬਾਹਰ ਵਿਆਹ ਨਾਲ ਨਸਲ ਵਿੱਚ ਸੁਧਾਰ ਹੁੰਦਾ ਹੈ। ਅਜਿਹਾ ਚੱਕਰ, ਜਿਸ ਵਿਚ ਵਿਆਹ ਨਹੀਂ ਕੀਤਾ ਜਾ ਸਕਦਾ, ਲਿੰਗਾਤਮਕ ਮਨਾਹੀ ਦਾ ਕਾਰਨ ਬਣਦਾ ਹੈ। ਬਹੁਤੇ ਮੁਲਕਾਂ ਵਿੱਚ ਗੋਤ ਤੋਂ ਬਾਹਰ ਵਿਆਹ (clan acxogamy) ਦਾ ਰਵਾਜ ਹੈ, ਜਿਸ ਨਾਲ ਸਮੂਹ ਅੰਦਰ ਪਰਜਨਣ ਨਹੀਂ ਹੁੰਦਾ, ਅਤੇ ਜਾਤ, ਉਪ ਜਾਤ ਜਾਂ ਕਬੀਲੇ ਦੇ ਨਾਲ ਨਸਲ ਵਿੱਚ ਲੋੜੋਂ ਵੱਧ ਮਿਲਗੋਭਾ, ਜਾਂ ਨਸਲ ਵਿਗਾੜ ਨਹੀਂ ਹੁੰਦਾ। ਭਾਵੇਂ ਸਾਰੇ ਸਮਾਜ-ਵਿਗਿਆਨੀ ਇਸ ਨੂੰ ਸੰਭੋਗ ਮਨਾਹੀ ਦਾ ਪੂਰਨ ਵਰਣਨ ਨਹੀਂ ਮੰਨਦੇ, ਫੇਰ ਵੀ ਇਹ ਇਸ ਮਨਾਹੀ ਦਾ ਕਾਫੀ ਹੱਦ ਤੱਕ ਵਰਣਨ ਕਰਦਾ ਹੈ।

      ਕੁਝ ਸਮਾਜ-ਵਿਗਿਆਨੀ ਇਸ ਨੂੰ ਸਮੂਹ ਦੀ ਏਕਤਾ ਸਥਾਪਿਤ ਰੱਖਣ ਦੀ ਇੱਛਾ ਦੇ ਸ਼ਬਦਾਂ ਵਿੱਚ ਬਿਆਨਦੇ ਹਨ। ਦੁਰਖੀਮ ਅਨੁਸਾਰ ਇਹ ਮਨਾਹੀਆਂ ਕੁਝ ਭਾਵਨਾਵਾਂ ਅਤੇ ਸਾਂਝੀਆਂ ਰਸਮਾਂ ਰਾਹੀਂ ਸਮੂਹਿਕ ਏਕਤਾ ਬਣਾਈ ਰੱਖਣ ਵੱਲ ਸੇਧਿਤ ਹੁੰਦੀਆਂ ਹਨ। ਮਨਾਹੀ ਸਮੂਹ ਦੀ ਸਾਂਝੀ ਭਾਵਨਾ ਦਾ ਚਿੰਨ੍ਹ ਹੁੰਦੀ ਹੈ। ਲੈਵੀ ਸਤਰਾਸ ਅਨੁਸਾਰ ਟੋਟਮ ਅਤੇ ਮਨਾਹੀਆਂ ਚਿੰਨ੍ਹਾਤਮਿਕ ਪ੍ਰਨਾਲੀਆਂ ਹਨ, ਜੋ ਪਸ਼ੂਪੁਣੇ ਅਤੇ ਸਮਾਜ, ਜਾਂ ਮਨੁੱਖ ਅਤੇ ਪਰਕਿਰਤੀ ਵਿੱਚ ਆਤਾ ਜਾਤ ਦਾ ਪ੍ਰਗਟਾਵਾ ਕਰਦੀਆਂ ਹਨ।


ਲੇਖਕ : ਪਰਕਾਸ਼ ਸਿੰਘ ਜੰਮੂ,
ਸਰੋਤ : ਸਮਾਜ-ਵਿਗਿਆਨ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 1411, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-22, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.