ਮੁਨਸ਼ਾ ਸਿੰਘ ਦੁਖੀ (1890 - 1971) ਸਰੋਤ :
ਪੰਜਾਬੀ ਸਟੇਜੀ ਕਾਵਿ, ਸਰੂਪ, ਸਿਧਾਂਤ ਤੇ ਸਥਿਤੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਮੁਨਸ਼ਾ ਸਿੰਘ ਦੁਖੀ ਦਾ ਜਨਮ 1 ਜੁਲਾਈ 1890 ਨੂੰ ਜੰਡਿਆਲਾ ਮੰਜਕੀ, ਜ਼ਿਲ੍ਹਾ ਜਲੰਧਰ ਵਿਚ ਸੂਬੇਦਾਰ ਨਿਹਾਲ ਸਿੰਘ ਤੇ ਮਾਤਾ ਮਹਿਤਾਬ ਕੌਰ ਦੇ ਘਰ ਹੋਇਆ। ਛੋਟੀ ਉਮਰ ਵਿਚ ਹੀ ਕਲਕੱਤੇ ਚਲੇ ਗਏ। ਬੰਗਾਲੀ ਸਾਹਿਤ ਅਤੇ ਇਨਕਲਾਬੀਆਂ ਦਾ ਪ੍ਰਭਾਵ ਪਿਆ। ਵਿਦੇਸ਼ ਯਾਤਰਾ ਕਰਦਿਆਂ ਸਿੰਘਾਪੁਰ ਹਾਂਗਕਾਂਗ, ਸਨਫਰਾਂਸਿਸਕੋ ਅਤੇ ਵੈਨਕੂਵਰ ਗਏ। ਉਥੇ ਕਰਤਾਰ ਸਿੰਘ ਸਰਾਭਾ ਅਤੇ ਲਾਲਾ ਹਰਦਿਆਲ ਵਰਗੇ ਯੋਧਿਆਂ ਨੇ ਇਨਕਲਾਬ ਦਾ ਬੀੜਾ ਚੁੱਕਿਆ ਹੋਇਆ ਸੀ। ਉਥੇ ਗ਼ਦਰ ਅਤੇ ਗ਼ਦਰ ਦੀ ਗੂੰਜ , ਆਜਾਦੀ ਦੀ ਗੂੰਜ ਵਿਚ ਮੁਨਸ਼ਾ ਸਿੰਘ ਦੁਖੀ ਦੀਆਂ ਕਵਿਤਾਵਾਂ ਪ੍ਰਕਾਸ਼ਿਤ ਹੁੰਦੀਆਂ ਰਹੀਆਂ। 1915 ਵਿਚ ਗ੍ਰਿਫਤਾਰ ਹੋਏ। ਪੰਜ ਸਾਲ ਲੰਮੀ ਮੁਸ਼ੱਕਤੀ ਕੈਦ ਭੋਗੀ। ਇਸ ਤੋਂ ਬਾਅਦ ਦੁਖੀ ਜੀ ਨੇ ਕਲਕੱਤੇ ਵਿਚ ਕਵੀ ਕੁਟੀਆ ਨਾਂ ਦੀ ਸਭਾ ਸਥਾਪਤ ਕੀਤੀ ਅਤੇ ਕਵੀ ਪ੍ਰੈਸ ਚਲਾ ਕੇ 1927 ਵਿਚ ਕਵੀ ਮਾਸਿਕ ਪੱਤਰ ਜਾਰੀ ਕੀਤਾ। ਇਸੇ ਸਮੇਂ ਸਿੰਡੀਕੇਟ ਤੇ ਸਾਂਝੀਵਾਲਤਾ ਨਾਂ ਦੇ ਹਫਤਾਵਾਰ ਵੀ ਕਢਦੇ ਰਹੇ। ਉਹ ਵਿਹਾਰ ਸੁਧਾਰ , ਅਕਾਲੀ , ਮੌਜੀ , ਜੀਵਨ ਨਾਲ ਵੀ ਜੁੜੇ ਰਹੇ। ਉਨ੍ਹਾਂ ਦਾ ਪੰਜਾਬੀ ਪੱਤਰਕਾਰੀ ਵਿਚ ਪ੍ਰਮੁੱਖ ਸਥਾਨ ਹੈ। ਉਨ੍ਹਾਂ ਦੀਆਂ ਕਾਵਿ-ਪੁਸਤਕਾਂ ਸਤਾਰਾਂ ਦੇ ਕਰੀਬ ਹਨ ਜਿਨ੍ਹਾਂ ਵਿਚੋਂ ਪ੍ਰੇਮ ਕਾਂਗਾਂ, ਪ੍ਰੇਮ ਬਾਂਗਾਂ, ਪ੍ਰੇਮ ਚਾਂਗਾਂ, ਦੁੱਖ ਹਰਨ ਪ੍ਰਕਾਸ਼ ਪ੍ਰਮੁੱਖ ਹਨ। ਉਨ੍ਹਾਂ ਦੀਆਂ ਕਵਿਤਾਵਾਂ ਇਕ ਪਾਸੇ ਤਾਂ ਭਾਰਤੀ ਕਾਵਿ ਸ਼ਾਸਤਰ ਦੇ ਨਿਯਮਾਂ ਅਨੁਸਾਰ ਹੈ ਅਤੇ ਦੂਸਰੇ ਪਾਸੇ ਉਨ੍ਹਾਂ ਵਿਚ ਦੇਸ਼ ਆਜ਼ਾਦੀ ਦੀ ਤੀਬਰ ਤੜਪ ਸੀ। ਉਨ੍ਹਾਂ ਦੀ ਕਵਿਤਾ ਵਿਚ ਵੰਨ-ਸੁਵੰਨੇ ਰਸ ਅਤੇ ਮੌਲਿਕ ਅਲੰਕਾਰ ਮਿਲਦੇ ਹਨ। ਉਨ੍ਹਾਂ ਨੇ ਦੇਸ਼ ਦੀ ਆਜ਼ਾਦੀ ਸਮੇਂ ਲੱਗਭਗ ਦੀ ਹਰ ਮਹੱਤਵਪੂਰਨ ਘਟਨਾ ਬਾਰੇ ਕੁਝ ਨਾ ਕੁਝ ਜ਼ਰੂਰ ਲਿਖਿਆ ਹੈ। ਜਦੋਂ ਉਹ ਜੇਲ੍ਹ ਵਿਚ ਬੰਦ ਸਨ ਤਾਂ ਉਸ ਸਮੇਂ ਦੀ ਇਕ ਮਹੱਤਵਪੂਰਨ ਸੀਹਰਫੀ ਇਉਂ ਹੈ :
ਤੇ-ਤੁਧ ਨਾ ਮਾਤਾ ਜੀ ਫਿਕਰ ਕਰਨਾ,
ਐਵੇਂ ਝੂਰਨਾ ਨਾਹ ਡੁੱਲ੍ਹੇ ਬੇਰਾਂ ਦੇ ਲਈ ।
ਕੌਣ ਪੁਛਦਾ ਅੰਮੀਏ ਗਿੱਦੜਾਂ ਨੂੰ,
ਅਕਸਰ ਪਿੰਜਰੇ ਬਣੇ ਨੇ ਸ਼ੇਰਾਂ ਦੇ ਲਈ।
ਭੇਖੀ ਕਪੜੇ ਰੰਗਦੇ ਟੁੱਕ ਖਾਤਰ,
ਸੂਹੇ ਕੇਸਰੀ ਬਾਣੇ ਦਲੇਰਾਂ ਦੇ ਲਈ।
ਕੰਧ ਮੁਢ ਕਰੋਲਣੀ ਖੜੀ ਰਹਿੰਦੀ,
ਮਾਤਾ ਬਣੇ ਮਿਆਨ ਸ਼ਮਸ਼ੇਰਾਂ ਦੇ ਲਈ।
ਧਿਆਨ ਦੇਣ ਵਾਲਾ ਨੁਕਤਾ ਹੈ ਕਿ ਇਨ੍ਹਾਂ ਕਵੀਆਂ ਨੂੰ ਅਕਸਰ ਲੋਕ ਕਵੀ ਜਾਂ ਸਟੇਜੀ ਕਵੀ ਜਾਂ ਰਵਾਇਤੀ ਕਵੀ ਆਖ ਕੇ ਠੱਪ ਕਰ ਦਿੱਤਾ ਜਾਂਦਾ ਹੈ। ਅਸਲ ਵਿਚ ਤਾਂ ਇਹ ਅਜਿਹੇ ਕਵੀ ਸਨ ਜਿਹੜੇ ਆਧੁਨਿਕ ਭਾਵਾਂ ਨੂੰ ਨਾ ਕੇਵਲ ਅਨੁਭਵ ਹੀ ਕਰ ਰਹੇ ਸਨ ਸਗੋਂ ਆਧੁਨਿਕਤਾ ਨੂੰ ਭਾਰਤੀ ਪ੍ਰਸੰਗ ਵਿਚ ਰੱਖ ਕੇ ਵਿਚਾਰਨ ਦਾ ਯਤਨ ਵੀ ਕਰ ਰਹੇ ਸਨ। ਅਜਿਹਾ ਕਰਕੇ ਉਹ ਪੰਜਾਬੀਆਂ ਨੂੰ ਨਵੇਂ ਯੁੱਗ ਦੇ ਹਾਣੀ ਬਨਾਉਣ ਦੀ ਕੋਸ਼ਿਸ਼ ਕਰ ਰਹੇ ਸਨ :
ਅੱਜੇ ਕੱਲ ਵੈਹਸ਼ੀ ਅੱਜ ਬਣੇ ਆਕਲ,
ਗਿਣਤੀ ਵਿਚ ਕਿਉਂ ਨਹੀਂ ਸਾਇੰਸਦਾਨ ਤੇਰੇ ।
ਕਦਰ ਆਲਮਾਂ ਦੀ ਹਰ ਇਕ ਮੁਲਕ ਅੰਦਰ,
ਜਲਾਵਤਨ ਬੈਠੇ ਵਿਦਵਾਨ ਤੇਰੇ।
ਸਤਯੁਗ ਵਿਚ ਸਾਰੇ ਯੂਰਪ ਬੀਤਦਾ ਹੈ,
ਕਲਯੁਗ ਪੇਸ਼ ਪੈ ਗਿਆ ਬੇਈਮਾਨ ਤੇਰੇ।
ਯੂਰਪ ਵਿਚ ਚਰਚਾ ਤੇਰੇ ਨਿਗਲਨੇ ਦਾ,
ਸੁਤੇ ਘੂਕ ਕਿਉਂ ਪਏ ਬਲਵਾਨ ਤੇਰੇ।
ਬਦਲੇ ਮੌਤ ਆਜ਼ਾਦੀ ਦਾ ਮਿਲੇ ਹੋਕਾ ,
ਸੁਣ ਕੇ ਲਾਲ ਕੰਨੀ ਕਤਰਾਨ ਤੇਰੇ।
ਸਾਹਿਬ ਸਾਹਿਬ ਕਰਦੇ ਅੱਗੇ ਕੁੱਤਿਆਂ ਦੇ,
ਏਹ ਕਲੰਕ ਤੈਨੂੰ ਪੁੱਤਰ ਲਾਨ ਤੇਰੇ।
ਲੇਖਕ : ਡਾ. ਰਾਜਿੰਦਰ ਪਾਲ ਸਿੰਘ,
ਸਰੋਤ : ਪੰਜਾਬੀ ਸਟੇਜੀ ਕਾਵਿ, ਸਰੂਪ, ਸਿਧਾਂਤ ਤੇ ਸਥਿਤੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1423, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-18, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First