ਸੁੰਦਰ ਸਿੰਘ ਲਾਇਲਪੁਰੀ, ਮਾਸਟਰ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੁੰਦਰ ਸਿੰਘ ਲਾਇਲਪੁਰੀ, ਮਾਸਟਰ (1885-1969): ਇਕ ਅਧਿਆਪਕ, ਪੱਤਰਕਾਰ ਅਤੇ ਰਾਜਨੀਤੀਵਾਨ ਜਿਸਦਾ ਜਨਮ ਅੰਮ੍ਰਿਤਸਰ ਦੇ 12 ਕਿਲੋਮੀਟਰ ਦੱਖਣ ਵਿਚ ਬਹੋੜੂ ਦੇ ਵਸਨੀਕ ਲਖਮੀਰ ਸਿੰਘ ਕੰਬੋਜ ਅਤੇ ਰਾਮ ਕੌਰ ਦੇ ਘਰ 4 ਅਪ੍ਰੈਲ 1885 ਨੂੰ ਹੋਇਆ ਸੀ। ਇਹ ਪਰਵਾਰ ਪਿੱਛੋਂ ਨਹਿਰੀ ਕਲੋਨੀ, ਸ਼ੇਖ਼ੂਪੁਰਾ ਜ਼ਿਲੇ ਵਿਚ ਚਲਾ ਗਿਆ ਜਿਥੇ ਜਾ ਕੇ ਇਹਨਾਂ ਨੇ ਇਕ ਨਵਾਂ ਪਿੰਡ ਚੱਕ ਨੰਬਰ 18 ਬਹੋੜੂ ਵਸਾਇਆ। ਇਸਨੇ ਆਪਣੀ ਮੁੱਢਲੀ ਵਿੱਦਿਆ ਬਹੋੜੂ ਅਤੇ ਸ਼ੇਖੂਪੁਰਾ ਦੇ ਸ਼ਾਹਕੋਟ ਵਿਚ ਪ੍ਰਾਪਤ ਕਰਨ ਉਪਰੰਤ ਸੁੰਦਰ ਸਿੰਘ ਨੇ ਖ਼ਾਲਸਾ ਕਾਲਜ, ਅੰਮ੍ਰਿਤਸਰ ਤੋਂ ਬੀ.ਏ. (ਆਨਰਜ਼) ਦੀ ਡਿਗਰੀ ਹਾਸਲ ਕੀਤੀ ਅਤੇ ਬੀ.ਟੀ. ਗਵਰਨਮੈਂਟ ਟ੍ਰੇਨਿੰਗ ਕਾਲਜ, ਲਾਹੌਰ ਤੋਂ ਕੀਤੀ। 1908 ਵਿਚ, ਇਹ ਭਵਿੱਖ ਦੇ ਅਕਾਲੀ ਨੇਤਾ ਮਾਸਟਰ ਤਾਰਾ ਸਿੰਘ ਨਾਲ ਸਿਰਫ 15 ਰੁਪਏ ਪ੍ਰਤੀ ਮਾਸਿਕ ਤਨਖ਼ਾਹ ਤੇ ਖ਼ਾਲਸਾ ਹਾਈ ਸਕੂਲ ਲਾਇਲਪੁਰ ਵਿਚ ਨੌਕਰੀ ਤੇ ਲੱਗ ਗਿਆ। ਪਿੱਛੋਂ ਇਸ ਨੇ ਖ਼ਾਲਸਾ ਹਾਈ ਸਕੂਲ ਚੱਕ ਨੰਬਰ 41 ਅਤੇ ਸਾਂਗਲਾ ਵਿਖੇ ਲਗਾਤਾਰ ਨੌਕਰੀ ਕੀਤੀ।

    ਮਾਸਟਰ ਸੁੰਦਰ ਸਿੰਘ ਕੌਮੀ ਅੰਦੋਲਨ ਵਿਚ ਸਰਗਰਮ ਸਰਦਾਰ ਹਰਚੰਦ ਸਿੰਘ ਲਾਇਲਪੁਰ ਦੇ ਸੰਪਰਕ ਵਿਚ ਆਉਣ ਨਾਲ ਰਾਜਨੀਤੀ ਵਿਚ ਦਾਖ਼ਲ ਹੋ ਗਿਆ। 1908 ਵਿਚ, ਪੰਜਾਬ ਸਰਕਾਰ ਨੇ ਕਾਲਜ ਦੇ ਮਾਮਲਿਆਂ ਵਿਚ ਆਪਣਾ ਕੰਟਰੋਲ ਮਜ਼ਬੂਤ ਕਰਨ ਲਈ ਖ਼ਾਲਸਾ ਕਾਲਜ, ਅੰਮ੍ਰਿਤਸਰ ਦੀ ਗਵਰਨਿੰਗ ਬਾਡੀ ਦਾ ਸੰਵਿਧਾਨ ਬਦਲ ਦਿੱਤਾ। ਮਾਸਟਰ ਸੁੰਦਰ ਸਿੰਘ ਨੇ ਇਕ ਸਖ਼ਤ ਸ਼ਬਦਾਵਾਲੀ ਵਿਚ ਲਿਖਿਆ ਪੈਂਫਲਟ ‘ਕੀ ਖ਼ਾਲਸਾ ਕਾਲਜ ਸਿੱਖਾਂ ਦਾ ਹੈ` ਜੁਲਾਈ 1909 ਵਿਚ ਛਾਪਿਆ। ਇਸ ਨੇ ਇਸ ਕਿਤਾਬਚੇ ਵਿਚ ਇਹ ਸਿੱਧ ਕਰ ਦਿੱਤਾ ਕਿ ਬ੍ਰਿਟਿਸ਼ ਸਰਕਾਰ ਸਿੱਖਾਂ ਤੋਂ ਉਸੇ ਤਰ੍ਹਾਂ ਹੀ ਕਾਲਜ ਖੋਹਣਾ ਚਾਹੁੰਦੀ ਹੈ ਜਿਵੇਂ ਇਸ ਨੇ ਸਿੱਖਾਂ ਤੋਂ ਧੋਖੇ ਨਾਲ ਇਹਨਾਂ ਦਾ ਰਾਜ ਖੋਹਿਆ ਹੈ। ਇਸ ਨੇ ਖ਼ਾਲਸਾ ਕਾਲਜ ਕੌਂਸਿਲ ਦੇ ਸਕੱਤਰ ਸੁੰਦਰ ਸਿੰਘ ਮਜੀਠੀਆ ਦੀ ਇਸ ਗੱਲ ਕਰਕੇ ਅਲੋਚਨਾ ਕੀਤੀ ਕਿ ਇਹ ਐਵੇਂ ਸਰਕਾਰੀ ਦਖ਼ਲਅੰਦਾਜ਼ੀ ਬਰਦਾਸ਼ਤ ਕਰ ਰਹੇ ਹਨ। ਇਸੇ ਸਾਲ ਹੀ ਇਸ ਨੇ ਲਾਇਲਪੁਰ ਤੋਂ ਇਕ ਪੰਜਾਬੀ ਅਖ਼ਬਾਰ ਸੱਚਾ ਢੰਡੋਰਾ ਛਾਪਣਾ ਅਰੰਭ ਕੀਤਾ। ਅਸਿਸਟੈਂਟ ਡਾਇਰੈਕਟਰ ਆਫ਼ ਕ੍ਰਿਮਿਨਲ ਇਨਟੈਲੀਜੈਂਸ ਦੀ 11 ਅਗਸਤ 1911 ਦੀ ਰਿਪੋਰਟ ਅਨੁਸਾਰ, “ਇਹ ਹਿੰਸਕ ਕੌਮੀ ਭਾਵਨਾਵਾਂ ਦੀਆਂ ਗੂੰਜਾਂ ਛਾਪਣ ਵਾਲਾ ਅਖ਼ਬਾਰ ਹੈ ਜੋ ਉਸ ਸਮੇਂ ਪੰਜਾਬ ਪ੍ਰੈਸ ਵਿਚ ਸੁਣਾਈ ਦੇ ਰਹੀਆਂ ਸਨ ਅਤੇ ਜਿਨ੍ਹਾਂ ਕਰਕੇ 1909-10 ਦੇ ਸਮੇਂ ਵਿਚ ਪ੍ਰੈਸ ਦੀਆਂ ਲੜੀਵਾਰ ਮੁਕਦਮੇ ਬਾਜੀਆਂ ਹੋਈਆਂ ਸਨ”। ਇਸ ਤਰਾਂ ਸੱਚਾ ਢੰਡੋਰਾ ਵੀ ਇਸ ਮੁਕੱਦਮੇ ਅਤੇ ਦਬਾਅ ਲਈ ਨਿਸ਼ਾਨਾ ਬਣ ਗਿਆ। ਸੁੰਦਰ ਸਿੰਘ ਸਰਕਾਰ ਦੁਆਰਾ ਆਪਣੀ ਸਹੂਲਤ ਲਈ ਗੁਰਦੁਆਰਾ ਰਕਾਬਗੰਜ ਦੀ ਢਾਹੀ ਕੰਧ ਦੇ ਅੰਦੋਲਨ ਵਿਚ ਦਿੱਲੀ ਵਿਖੇ ਕੰਧ ਬਣਾਉਣ ਲਈ ਮੂਹਰਲੀਆਂ ਕਤਾਰਾਂ ਵਿਚ ਸੀ।

    ਗੁਰਦੁਆਰਾ ਸੁਧਾਰ ਨੂੰ ਅੱਗੇ ਤੋਰਨ ਲਈ ਮਾਸਟਰ ਸੁੰਦਰ ਸਿੰਘ ਨੇ 21 ਮਈ 1920 ਵਿਚ ਲਾਹੌਰ ਤੋਂ ਇਕ ਰੋਜ਼ਾਨਾ ਅਖ਼ਬਾਰ ਅਕਾਲੀ ਅਰੰਭ ਕੀਤਾ। ਅਕਾਲੀ ਦੇ ਮੁੱਖ ਉਦੇਸ਼ ਸਨ: ਸਿੱਖ ਗੁਰਦੁਆਰਿਆਂ ਦਾ ਪਰਜਾਤੰਤਰੀ ਤਰੀਕੇ ਨਾਲ ਕਬਜ਼ਾ ਲੈਣਾ ਅਤੇ ਖ਼ਾਲਸਾ ਕਾਲਜ ਦਾ ਗੁਰਦੁਆਰਾ ਰਕਾਬਗੰਜ ਦੀ ਢਾਹੀ ਕੰਧ ਬਣਾਉਣੀ, ਸਿੱਖਾਂ ਵਿਚ ਰਾਜਨੀਤਿਕ ਅਤੇ ਕੌਮੀ ਜਾਗਰਤੀ ਪੈਦਾ ਕਰਨੀ ਅਤੇ ਨੁਮਾਇੰਦਾ ਸਿੱਖ ਸੰਗਠਨ ਦੀ ਪਰਜਾਤੰਤਰੀ ਸਿਧਾਂਤਾਂ ਤੇ ਸਥਾਪਨਾ ਕਰਨੀ। ਅਕਾਲੀ ਮੋਰਚਿਆਂ ਦਾ ਇਤਿਹਾਸ ਦੇ ਕਰਤਾ ਸੋਹਨ ਸਿੰਘ ਜੋਸ਼ , ਮਾਸਟਰ ਸੁੰਦਰ ਸਿੰਘ ਨੂੰ ਅਕਾਲੀ ਅਖ਼ਬਾਰ ਦੀ “ਧੜਕਣ ਅਤੇ ਆਤਮਾ" ਬਿਆਨਦੇ ਹਨ। ਜੁਲਾਈ 1922 ਵਿਚ, ਅਕਾਲੀ ਅਖ਼ਬਾਰ ਨੂੰ ਪ੍ਰਦੇਸੀ ਖ਼ਾਲਸਾ ਨਾਲ ਮਿਲਾ ਕੇ ਅੰਮ੍ਰਿਤਸਰ ਤੋਂ ਅਕਾਲੀ ਤੇ ਪ੍ਰਦੇਸੀ ਨਾਂ ਦਾ ਅਖ਼ਬਾਰ ਅਰੰਭ ਕੀਤਾ ਗਿਆ ਸੀ। ਮਾਸਟਰ ਸੁੰਦਰ ਸਿੰਘ ਨੂੰ ਦਰਬਾਰ ਸਾਹਿਬ ਦੀਆਂ ਕੁੰਜੀਆਂ ਲੈਣ ਦੇ ਸੰਬੰਧ ਵਿਚ ਅਰੰਭ ਹੋਏ ਅੰਦੋਲਨ ਕਾਰਨ ਅਜਨਾਲੇ ਤੋਂ 26 ਨਵੰਬਰ 1921 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ 4,000 ਰੁਪਏ ਜੁਰਮਾਨੇ ਨਾਲ ਛੇ ਮਹੀਨਿਆਂ ਦੀ ਸਜ਼ਾ ਦਿੱਤੀ ਗਈ ਸੀ। ਇਸਨੇ ਨਾਭੇ ਦੇ ਗੱਦੀਓਂ ਉਤਾਰੇ ਮਹਾਰਾਜੇ ਨੂੰ ਮੁੜ ਗੱਦੀ ਤੇ ਬਿਠਾਉਣ ਲਈ ਕੀਤੇ ਸ਼੍ਰੋਮਣੀ ਕਮੇਟੀ ਦੇ ਅੰਦੋਲਨ ਦੀ ਹਿਮਾਇਤ ਨਹੀਂ ਕੀਤੀ ਸੀ। ਇਸਦਾ ਵਿਚਾਰ ਸੀ ਕਿ ਧਾਰਮਿਕ ਜਮਾਤ ਸ਼੍ਰੋਮਣੀ ਕਮੇਟੀ ਲਈ ਰਾਜਨੀਤਿਕ ਮਾਮਲਿਆਂ ਵਿਚ ਦਖਲ ਅੰਦਾਜੀ ਕਰਨੀ ਉਚਿਤ ਨਹੀਂ ਹੈ ਅਤੇ ਨਾਭੇ ਦੇ ਮਸਲੇ ਨੂੰ ਸੈਂਟਰਲ ਸਿੱਖ ਲੀਗ ਨੂੰ ਨਜਿੱਠਣਾ ਚਾਹੀਦਾ ਹੈ। ਮਾਸਟਰ ਸੁੰਦਰ ਸਿੰਘ ਉਹਨਾਂ ਅਕਾਲੀ ਕੈਦੀਆਂ ਵਿਚੋਂ ਸੀ ਜਿਨ੍ਹਾਂ ਨੇ ਜੇਲ੍ਹ ਵਿਚੋਂ ਇਸ ਸ਼ਰਤ ਤੇ ਰਿਹਾਅ ਹੋਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਉਹ ਸਿੱਖ ਗੁਰਦੁਆਰਾ ਐਕਟ 1925 ਨੂੰ ਲਾਗੂ ਕਰਨਗੇ।

    ਅਖਬਾਰਾਂ ਵਿਚ ਆਪਣੇ ਆਰਟੀਕਲਾਂ ਤੋਂ ਇਲਾਵਾ ਮਾਸਟਰ ਸੁੰਦਰ ਸਿੰਘ ਨੇ ਮੌਜੂਦਾ ਸਮੇਂ ਦੇ ਭਖਦੇ ਮਾਮਲਿਆਂ ਉੱਤੇ ਛੋਟੇ-ਛੋਟੇ ਕਿਤਾਬਚੇ ਲਿਖ ਕੇ ਛਾਪੇ ਜਿਨ੍ਹਾਂ ਵਿਚ ਇਸਨੇ ਆਪਣੇ ਕਾਵਿਕ ਗੁਣ ਦਾ ਪ੍ਰਯੋਗ ਕੀਤਾ। ਇਹਨਾਂ ਦੇ ਵਿਸ਼ੇ ਗੁਰੂ ਸਾਹਿਬਾਨ ਦੀਆਂ ਜੀਵਨੀਆਂ ਤੋਂ ਲੈ ਕੇ ਸ਼ਰਾਬ ਪੀਣ ਦੀ ਭੈੜੀ ਵਾਦੀ ਅਤੇ ਗੁਰੂ ਕਾ ਬਾਗ ਮੋਰਚੇ ਦੇ ਦ੍ਰਿਸ਼ਾਂ ਬਾਰੇ ਸਨ। 1924 ਵਿਚ ਇਸ ਨੇ ਅਕਾਲੀ ਦੁਬਾਰਾ ਅਰੰਭ ਕਰ ਦਿੱਤਾ; ਇਸ ਵਾਰੀ ਇਹ ਉਰਦੂ ਵਿਚ ਸੀ ਅਤੇ ਲਾਹੌਰ ਤੋਂ ਛਪਦਾ ਸੀ ਅਤੇ ਦਿੱਲੀ ਤੋਂ ਇਸਨੇ ਹਿੰਦੁਸਤਾਨ ਟਾਈਮਜ਼ ਸ਼ੁਰੂ ਕੀਤਾ। ਪਰੰਤੁ ਇਹ ਸ਼ੁਰੂ ਹੋਣ ਦੇ ਬਾਅਦ ਸੁੰਦਰ ਸਿੰਘ ਦੀ ਗ੍ਰਿਫ਼ਤਾਰੀ ਮਗਰੋਂ ਜ਼ਿਆਦਾ ਲੰਮਾ ਸਮਾਂ ਨਾ ਚਲ ਸਕੇ। ਗੁਰੂ ‘ਖ਼ਾਲਸਾ, ਦਲੇਰ ਖ਼ਾਲਸਾ, ਮੇਲੂ , ਕੁੰਦਨ ਅਤੇ ਨਵਾਂ ਯੁੱਗ ਆਦਿ ਕੁਝ ਹੋਰ ਪੱਤਰ ਸਨ ਜਿਹੜੇ ਇਸ ਨੇ ਸ਼ੁਰੂ ਕੀਤੇ ਪਰੰਤੂ ਕੋਈ ਵੀ ਲੰਮਾਂ ਸਮਾਂ ਚੱਲ ਨਾ ਸਕਿਆ। ਸੁੰਦਰ ਸਿੰਘ ਨੇ ਵਪਾਰ ਉੱਤੇ ਵੀ ਹੱਥ ਅਜ਼ਮਾਇਆ ਅਤੇ ਬੰਬਈ ਇਕ ਦੁਕਾਨ ਬਣਾਈ ਪਰੰਤੂ ਦੋ ਸਾਲਾਂ ਵਿਚ ਹੀ ਇਹ ਬੰਦ ਕਰਨੀ ਪਈ। ਅਜ਼ਾਦੀ ਤੋਂ ਬਾਅਦ ਇਸ ਨੂੰ ਪੈਨਸ਼ਨ ਦਿੱਤੀ ਗਈ ਅਤੇ ਹਿਸਾਰ ਜ਼ਿਲੇ ਵਿਚ ਕੁਝ ਜ਼ਮੀਨ ਅਲਾਟ ਕੀਤੀ ਗਈ। ਇਹ ਆਪਣੇ ਭਤੀਜੇ ਦੇ ਘਰ 5 ਜਨਵਰੀ 1969 ਨੂੰ ਅਕਾਲ ਚਲਾਣਾ ਕਰ ਗਿਆ।


ਲੇਖਕ : ਮ.ਸ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 469, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.