ਔਸਬੌਨ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਔਸਬੌਨ (1929–1994): ਗ੍ਰੇਟ ਬ੍ਰਿਟੇਨ ਦੇ ਪਹਿਲੇ ਗੁਸੈਲੇ ਨੌਜਵਾਨ ਵੱਲੋਂ ਜਾਣੇ ਜਾਂਦੇ ਨਾਟਕਕਾਰ ਜਾਨ ਔਸਬੌਨ (John Osborne) ਦਾ ਜਨਮ 12 ਦਸੰਬਰ 1929 ਨੂੰ ਇਕ ਵਪਾਰੀ ਆਰਟਿਸਟ ਦੇ ਘਰ ਹੋਇਆ। ਉਸ ਦੀ ਮਾਤਾ ਇਕ ਸ਼ਰਾਬਖ਼ਾਨੇ ਵਿੱਚ ਨੌਕਰੀ ਕਰਦੀ ਸੀ। ਪਿਤਾ ਦੀ ਮੌਤ ਤੋਂ ਪਿੱਛੋਂ ਉਸ ਨੇ ਬੈਲਮੌਂਟ ਕਾਲਜ ਵਿੱਚ ਪੱਤਰਕਾਰੀ ਦੇ ਕੋਰਸ ਲਈ ਦਾਖ਼ਲਾ ਲੈ ਲਿਆ। ਪਰ ਛੇਤੀ ਪਿੱਛੋਂ ਹੀ ਉਹ ਅਦਾਕਾਰੀ ਵੱਲ ਆਕਰਸ਼ਿਤ ਹੋ ਗਿਆ ਜਿਸ ਕਰ ਕੇ ਉਸ ਨੇ ਐਨਥਨੀ ਕਰੈਟਨ ਦੀ ਰਾਜਸੀ ਟੂਰਿੰਗ ਕੰਪਨੀ ਨਾਲ ਰਲ ਕੇ ਦੋ ਡਰਾਮਿਆਂ ਉਪਰ ਕੰਮ ਕੀਤਾ ਜੋ ਪਿੱਛੋਂ ਖੇਡੇ ਵੀ ਗਏ। ਉਸ ਨੇ ਸਟੈਲਾ ਦੀ ਸਹਾਇਤਾ ਨਾਲ ਪਹਿਲਾ ਨਾਟਕ ਡੈਵਿਲ ਇਨਸਾਈਡ ਹਿੰਮ ਲਿਖਿਆ ਜਿਹੜਾ 1950 ਵਿੱਚ ਖੇਡਿਆ ਗਿਆ। ਇਹ ਨਾਟਕ ਵੈਲਿਸ ਨਾਂ ਦੇ ਨੌਜਵਾਨ ਉਦਾਲੇ ਘੁੰਮਦਾ ਹੈ ਜਿਹੜਾ ਇਕ ਲੜਕੀ, ਜਿਹੜੀ ਉਸ ਉਪਰ ਆਪਣੇ ਬੱਚੇ ਦਾ ਬਾਪ ਹੋਣ ਦਾ ਝੂਠਾ ਇਲਜ਼ਾਮ ਲਾਉਂਦੀ ਹੈ, ਨੂੰ ਮਾਰ ਦਿੰਦਾ ਹੈ।

      1955 ਵਿੱਚ ਕਰੈਟਨ ਨਾਲ ਰਲ ਕੇ ਉਸ ਨੇ ਪਰਸਨਲ ਐਨੀਮੀ ਨਾਟਕ ਲਿਖਿਆ, ਜਿਸ ਵਿੱਚ ਫ਼ੌਜੀ ਕੈਦੀ ਦੇ ਕੋਰੀਆ ਤੋਂ ਵਾਪਸ ਨਾ ਆਉਣ ਦੇ ਫ਼ੈਸਲੇ ਦੇ ਪ੍ਰਭਾਵਾਂ ਨੂੰ ਉਸ ਦੇ ਪਰਿਵਾਰ ਅਤੇ ਦੋਸਤਾਂ ਉਪਰ ਪੈਂਦਾ ਦਰਸਾਇਆ ਗਿਆ ਹੈ। 1956 ਵਿੱਚ ਲਿਖੇ ਲੁੱਕ ਬੈਕ ਇਨ ਐਂਗਰ ਨੇ ਤਾਂ ਜਿਵੇਂ ਅੰਗਰੇਜ਼ੀ ਡਰਾਮੇ ਵਿੱਚ ਇਕ ਕ੍ਰਾਂਤੀ ਹੀ ਲੈ ਆਂਦੀ। ਕਿਉਂਜੋ ਇਸ ਨਾਟਕ ਦੇ ਨਾਇਕ ਨੇ ਅਜਿਹੀ ਰਸਮਈ ਅਵਾਜ਼ ਉਠਾਈ ਕਿ ਨੌਜਵਾਨ ਗੁਸੈਲੀ ਪੀੜ੍ਹੀ ਇਹ ਸੋਚਣ ਲਈ ਮਜਬੂਰ ਸੀ ਕਿ ਮਰਨ ਲਈ ਚੰਗਾ ਕੁਝ ਵੀ ਤਾਂ ਬਾਕੀ ਨਹੀਂ ਕਿਉਂਕਿ ਲੇਖਕ ਵੱਲੋਂ ਇਸ ਨਾਟਕ ਵਿੱਚ ਨਿਮਨ ਮੱਧ ਵਰਗ ਦੇ ਦੂਹਰੇ ਮਾਪਦੰਡਾਂ ਨੂੰ ਵਿਅੰਗਾਤਮਿਕ ਢੰਗ ਨਾਲ ਪ੍ਰਗਟਾਇਆ ਗਿਆ ਹੈ। 1957 ਵਿੱਚ ਔਸਬੌਨ ਨੇ ਦਾ ਐਂਟਰਟੇਨਰ ਨਾਂ ਦਾ ਨਾਟਕ ਲਿਖਿਆ ਜਿਸ ਦਾ ਮੁੱਖ ਪਾਤਰ ਆਰਚੀ ਰਾਈਸ ਅਧੇੜ ਉਮਰ ਦਾ ਸੰਗੀਤਿਕ ਦਿਲ ਪਰਚਾਵਾ ਕਰਨ ਕਰ ਕੇ ਆਪਣੇ ਪਰਿਵਾਰ ਅਤੇ ਦਰਸ਼ਕਾਂ ਨਾਲ ਤਾਲ-ਮੇਲ ਕਰਨ ਤੋਂ ਅਸਮਰਥ ਰਹਿੰਦਾ ਹੈ। ਜਾਨ ਔਸਬੌਨ ਦੇ ਨਾਟਕ ਐਪੀਟਾਪ ਫਾਰ ਜਾਰਜ ਡੀਲੋਨ (1958) ਦਾ ਕੇਂਦਰੀ ਪਾਤਰ ਇਕ ਅਸਫਲ ਕਿਸਮ ਦਾ ਲੇਖਕ /ਕਲਾਕਾਰ ਹੈ ਜਿਹੜਾ ਆਪਣੀਆਂ ਹੀ ਨਾਟਕੀ ਗ਼ਲਤ ਫ਼ਹਿਮੀਆਂ ਵਿੱਚ ਉਲਝਿਆ ਰਹਿੰਦਾ ਹੈ। ਔਸਬੌਨ ਦੇ 1959 ਵਿੱਚ ਲਿਖੇ ਨਾਟਕ ਦਾ ਵਰਲਡ ਆਫ਼ ਪੌਲ ਸਲਿੱਕੀ ਦਾ ਮੁੱਖ ਪਾਤਰ ਇਕ ਕਾਲਮ ਨਵੀਸ ਹੈ। ਜਿਹੜਾ ਨਾਇਕ /ਖਲਨਾਇਕ ਸੰਬੰਧੀ ਲਿਖਦਿਆਂ ਸਫਲਤਾ ਅਸਫਲਤਾ ਦੇ ਭੁਲੇਖੇ ਵਿੱਚ ਪਿਆ ਰਹਿੰਦਾ ਹੈ।

     1961 ਵਿੱਚ ਲਿਖੇ ਔਸਬੌਨ ਦੇ ਨਾਟਕ ਲੂਥਰ ਨੂੰ ਆਲੋਚਕਾਂ ਵੱਲੋਂ ਬਹੁਤ ਪ੍ਰਸੰਸਾ ਪ੍ਰਾਪਤ ਹੋਈ। ਜਿਹੜਾ ਕਿ ਬਰਟੋਲਟ ਬਰੈਂਚੇਸਟ ਦੇ ਨਾਟਕ ਗਲੀਲੀਉ ਉਪਰ ਆਧਾਰਿਤ ਸੀ। ਇਸ ਤੋਂ ਪਿੱਛੋਂ 1963 ਵਿੱਚ ਲੇਖਕ ਨੇ ਦੋ ਇਕਾਂਗੀ-ਪਲੇਜ਼ ਫਾਰ ਇੰਗਲੈਂਡ ਲਿਖੇ। ਦਾ ਬਲੱਡ ਆਫ਼ ਬੈਂਬਰਰਾਜ ਉਸ ਦਾ ਪ੍ਰੈਸ ਅਤੇ ਦੂਰਦਰਸ਼ਨ ਉਪਰ ਵਿਅੰਗ ਹੈ। ਲੇਖਕ ਦਾ ਇਕ ਹੋਰ ਨਾਟਕ ਅੰਡਰ ਪਲੇਨ ਕਵਰ ਇਕ ਅਜਿਹੇ ਜੋੜੇ ਸੰਬੰਧੀ ਹੈ ਜਿਹੜਾ ਇਕ ਦੂਜੇ ਨੂੰ ਦੁਖੀ ਕਰਨ ਵਿੱਚ ਹੀ ਅਨੰਦ ਮਹਿਸੂਸ ਕਰਦਾ ਹੈ।

      1964 ਵਿੱਚ ਲੇਖਕ ਨੂੰ ਬਿਲਮੈਂਟ ਲੈਂਡ ਨਾਂ ਦੇ ਖ਼ਰਚੀਲੇ ਸੁਭਾਅ ਵਾਲੇ ਵਕੀਲ ਦੇ ਇਕੱਲੇਪਨ ਦੀਆਂ ਔਖੀਆਂ ਘੜੀਆਂ ਵਾਲੇ ਜੀਵਨ ਨੂੰ ਦਰਸਾਉਂਦਾ ਇਨ ਐਡਮਿਸੀਬਲ ਐਵੀਡੈਂਸ ਨਾਂ ਦਾ ਨਾਟਕ ਲਿਖਿਆ। 1965 ਵਿੱਚ ਔਸਬੌਨ ਨੇ ਇਕ ਹੋਰ ਨਾਟਕ ਏ ਪੇਟਰੀਏਟ ਫਾਰ ਮੀ ਨਾਟਕ ਲਿਖਿਆ ਜਿਸ ਦਾ ਪਲਾਟ ਇਕ ਅੋਸਟਰੀਅਨ ਕਰਨਲ (ਰਿਟਾਇਰਡ) ਉਦਾਲੇ ਘੁੰਮਦਾ ਹੈ ਜਿਸ ਨੂੰ ਰੂਸੀ ਸੂਹੀਏ ਇਕ ਧੋਖੇਬਾਜ਼ ਦਰਸਾ ਕੇ ਆਤਮ-ਹੱਤਿਆ ਲਈ ਮਜਬੂਰ ਕਰਦੇ ਹਨ।

      1966 ਵਿੱਚ ਔਸਬੌਨ ਨੇ ਲੋਪਡ ਵੰਗ ਦੇ ਨਾਟਕ ਲਾਅ ਫਿਆਨਜਾ ਸੈਟੀਸ ਤੇ ਆਧਾਰਿਤ ਬੌਂਡ ਆਨਰਡ ਨਾਟਕ ਦੀ ਰਚਨਾ ਕੀਤੀ ਜਿਸ ਵਿੱਚ ਗ਼ਲਤ ਕਿਸਮ ਦੀ ਰੰਜ਼ਸ ਸਦਕਾ ਜ਼ੁਲਮ ਕਰਦਿਆਂ ਉਹ ਈਸਾ ਮਸੀਹ ਨੂੰ ਬੌਂਡ ਦੇਣ ਤੋਂ ਇਨਕਾਰੀ ਹੋ ਜਾਂਦਾ ਹੈ।

     1968 ਵਿੱਚ ਲੇਖਕ ਨੇ ਸਮਾਜਿਕ ਅਤੇ ਭਾਵੁਕ ਸਾਂਝਾਂ ਰੱਖਣ ਵਾਲੇ ਖ਼ਾਸ ਕਿਸਮ ਦੇ ਖ਼ੁਸ਼ਕਿਸਮਤ ਲੋਕਾਂ ਦੇ ਜੀਵਨ ਨੂੰ ਆਪਣੇ ਨਾਟਕਾਂ ਟਾਇਮ ਪ੍ਰੈਜ਼ੈਂਟ ਅਤੇ ਦਾ ਹੋਟਲ ਇਨ ਅਮੈਸਟਰ ਡੈਮ ਵਿੱਚ ਦਰਸਾਇਆ ਹੈ।

     ਔਸਬੌਨ ਦੇ ਨਾਟਕਾਂ ਵਿੱਚ ਅਸੀਮਿਤ ਭਾਵਨਾਵਾਂ ਦੇ ਪ੍ਰਗਟਾ ਤੋਂ ਬਿਨਾਂ ਈਮਾਨਦਾਰੀ ਅਤੇ ਕਦੇ-ਕਦੇ ਤਿੱਖੀ ਨਿਰਾਸਤਾ ਦਾ ਪ੍ਰਗਟਾਵਾ ਉਸ ਦੇ ਉਤਕ੍ਰਿਸ਼ਟ ਨਾਟਕਾਂ ਵਿੱਚ ਦਿਖਾਈ ਦਿੰਦਾ ਹੈ। ਕਦੇ-ਕਦੇ ਉਹ ਸੱਜੇ ਅਤੇ ਖੱਬੇ ਪੱਖੀ ਸ਼ਕਤੀਆਂ ਦੀ ਰਾਜਨੀਤਿਕ ਅਤੇ ਸਾਹਿਤਿਕ ਅਸਫਲਤਾ ਨੂੰ ਛੋਂਹਦਾ ਹੈ ਤਾਂ ਕਿ ਬਰਤਾਨੀਆ ਦੇ ਪੱਧਰ ਨੂੰ ਉਚਿਆਇਆ ਜਾ ਸਕੇ। ਉਹ ਬੇਸ਼ਕ ਇਕ ਨਾਟਕਕਾਰ ਸੀ ਪਰ ਉਸ ਨੂੰ ਇਕ ਵਧੀਆ ਕਲਾਕਾਰ ਹੋਣ ਦਾ ਮਾਣ ਵੀ ਪ੍ਰਾਪਤ ਸੀ। ਉਸ ਦੇ ਬਹੁਤ ਸਾਰੇ ਨਾਟਕ ਮੰਚ ਉਪਰ ਖੇਡੇ ਗਏ ਤੇ ਬਹੁਤ ਸਾਰਿਆਂ ਉਪਰ ਫ਼ਿਲਮਾਂ ਵੀ ਬਣੀਆਂ। ਸਭ ਤੋਂ ਵੱਡੀ ਗੱਲ ਇਹ ਕਿ ਉਹ ਜਿੱਥੇ ਆਪਣੇ ਨਾਟਕਾਂ ਵਿੱਚ ਵੱਖ-ਵੱਖ ਪਾਤਰਾਂ ਦੇ ਰੋਲ ਕਰਦਾ ਸੀ ਉੱਥੇ ਉਸ ਨੇ ਆਪਣੇ ਨਾਟਕਾਂ ਦੇ ਪਲਾਟਾਂ ਉਪਰ ਫ਼ਿਲਮਾਂ ਵੀ ਬਣਾਈਆਂ ਅਤੇ ਇਹਨਾਂ ਫ਼ਿਲਮਾਂ ਵਿੱਚ ਵੀ ਉਹ ਆਪ ਅਦਾਕਾਰੀ ਕਰਨ ਦੇ ਨਾਲ-ਨਾਲ ਨਿਰਦੇਸ਼ਨ ਵੀ ਕਰਦਾ ਸੀ।

     ਸ਼ਾਇਦ ਇਹ ਹੀ ਕਾਰਨ ਹੈ ਕਿ ਔਸਬੌਨ ਦੀਆਂ ਬਹੁਤ ਸਾਰੀਆਂ ਰਚਨਾਵਾਂ ਉਪਰ ਉਹਨਾਂ ਨੂੰ ਵੱਖ-ਵੱਖ ਸੰਸਥਾਵਾਂ ਅਤੇ ਅਦਾਰਿਆਂ ਵੱਲੋਂ ਮਾਣ ਸਤਿਕਾਰ ਵੀ ਦਿੱਤਾ ਗਿਆ। ਉਦਾਹਰਨ ਵਜੋਂ 1972 ਵਿੱਚ ਉਸ ਨੂੰ ਉਸ ਦੇ ਸਕਰੀਨ ਪਲੇਅ ਦਾ ਗੋ ਬਿਟਵੀਨ ਲਈ ‘ਰਾਈਟਰਜ਼ ਗਿਲਡ ਆਫ਼ ਗਰੇਟ ਬ੍ਰਿਟੇਨ` ਅਵਾਰਡ ਪ੍ਰਾਪਤ ਹੋਇਆ। 1968 ਵਿੱਚ ਉਸ ਨੂੰ ਉਸ ਦੇ ਸਕਰੀਨ ਪਲੇਅ ਐਕਸੀਡੈਂਟ ਲਈ ‘ਮੈਰਿਟ ਸਕਰੌਲ` ਅਵਾਰਡ ਮਿਲਿਆ। 1964 ਵਿੱਚ ‘ਰਾਈਟਰਜ਼ ਗਿਲਡ ਗਰੇਟ ਬ੍ਰਿਟੇਨ` ਅਵਾਰਡ ਨਾਲ ਉਸ ਨੂੰ ਉਸ ਦੇ ਬੈਸਟ ਬ੍ਰਿਟਿਸ਼ ਡਰੇਮੈਟਿਕ ਸਕਰੀਨ ਪਲੇਅ ਦਾ ਸਰਵੈਂਟ ਲਈ ਸਨਮਾਨਿਤ ਕੀਤਾ ਗਿਆ।

      24 ਦਸੰਬਰ 1994 ਨੂੰ ਜਦੋਂ ਜਾਨ ਔਸਬੌਨ ਸ਼ਰਾਪਸ਼ਾਇਰ ਇੰਗਲੈਂਡ ਵਿੱਚ ਆਪਣੇ ਨਾਟਕਾਂ ਨੂੰ ਵੱਖ-ਵੱਖ ਨਾਟਘਰਾਂ ਵਿੱਚ ਖੇਡੇ ਜਾਣ ਸੰਬੰਧੀ ਰੁਝਿਆ ਹੋਇਆ ਸੀ ਤਾਂ ਉਸ ਨੂੰ ਅਚਾਨਕ ਹੀ ਦਿਲ ਦਾ ਦੌਰਾ ਪੈ ਗਿਆ ਜਿਸ ਕਰ ਕੇ ਉਹ ਨਾਟਕ ਪ੍ਰੇਮੀਆਂ, ਲੇਖਕਾਂ, ਕਲਾਕਾਰਾਂ ਅਤੇ ਆਪਣੇ ਦਰਸ਼ਕਾਂ ਤੋਂ ਸਦਾ ਲਈ ਵਿਛੜ ਗਿਆ।


ਲੇਖਕ : ਸ਼ਿਵਦੇਵ ਕੌਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 537, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.