ਕੋਨਰਡ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਕੋਨਰਡ (1857–1924) : ਅੰਗਰੇਜ਼ੀ ਨਾਵਲ ਦੇ ਖੇਤਰ ਵਿੱਚ ਕੋਨਰਡ ਜੋਸਫ (Conrad Joseph) ਇੱਕ ਪ੍ਰਸਿੱਧ ਨਾਵਲਕਾਰ ਹੋਇਆ ਹੈ, ਜਿਸ ਨੇ ਆਪਣੀਆਂ ਰਚਨਾਵਾਂ ਵਿੱਚ ਤਣਾਅ ਅਤੇ ਦਬਾਅ ਅਧੀਨ ਵਿਅਕਤੀਆਂ ਨੂੰ ਵਿਰੋਧੀ ਸਥਿਤੀਆਂ ਵਿੱਚ ਵਿਚਰਦਿਆਂ ਵਿਖਾਇਆ ਹੈ। ਤਣਾਅ ਅਧੀਨ ਵਿਚਰਦੇ ਵਿਅਕਤੀਆਂ ਦੀ ਸਰੀਰਕ ਅਤੇ ਮਾਨਸਿਕ ਸਥਿਤੀ ਨੂੰ ਪੇਸ਼ ਕਰ ਕੇ ਕੋਨਰਡ ਨੇ ਵਿਅਕਤੀਗਤ ਵਿਹਾਰ ਦੇ ਨਵੇਂ ਦਿਸਹੱਦੇ ਉਜਾਗਰ ਕੀਤੇ ਹਨ। ਕੋਨਰਡ ਨੇ ਕਲਾ-ਪੱਖ ਤੋਂ ਵੀ ਨਾਵਲ-ਲੇਖਣ ਵਿੱਚ ਕਈ ਨਵੇਂ ਪ੍ਰਯੋਗ ਕੀਤੇ ਹਨ।

     ਜੋਸਫ ਕੋਨਰਡ ਪੋਲੈਂਡ ਦਾ ਵਾਸੀ ਸੀ ਅਤੇ ਉਸ ਦਾ ਪੂਰਾ ਨਾਂ ਜੋਸਫ ਟਿਓਡਰ ਕੋਨਰਡ ਨੈਲਕਜ਼ ਕਾਰਜ਼ੈਨੀ ਓਵਸਕੀ ਸੀ, ਜਿਸ ਨੂੰ ਉਸ ਨੇ ਅੰਗਰੇਜ਼ੀ ਪਾਠਕਾਂ ਲਈ ਸੰਖੇਪ ਅਤੇ ਸੌਖਾ ਬਣਾ ਕੇ ਜੋਸਫ ਕੋਨਰਡ ਕਰ ਲਿਆ ਸੀ । ਕੋਨਰਡ ਦਾ ਜਨਮ 3 ਦਸੰਬਰ 1857 ਨੂੰ ਬਰਡੀਸੀਜ਼ਿਓ ਵਿਖੇ ਹੋਇਆ। ਉਸ ਦਾ ਬਚਪਨ ਦੁਸ਼ਵਾਰੀਆਂ ਭਰਿਆ ਸੀ। ਉਸ ਦੇ ਮਾਪੇ ਪੋਲੈਂਡ ਨੂੰ ਰੂਸ ਤੋਂ ਅਜ਼ਾਦ ਕਰਵਾਉਣ ਵਾਲੀ ਵਿਦਰੋਹੀ ਲਹਿਰ ਵਿੱਚ ਭਾਗ ਲੈਣ ਕਾਰਨ ਸਰਕਾਰੀ ਕਰੋਪੀ ਦਾ ਸ਼ਿਕਾਰ ਹੋਏ ਸਨ। 1862 ਵਿੱਚ ਸਰਕਾਰ ਨੇ ਕੋਨਰਡ ਦੇ ਪਿਤਾ ਨੂੰ, ਜਿਹੜਾ ਆਪ ਇੱਕ ਲੇਖਕ ਅਤੇ ਅਨੁਵਾਦਕ ਸੀ, ਜਲਾਵਤਨ ਕਰ ਕੇ ਰੂਸ ਭੇਜ ਦਿੱਤਾ ਅਤੇ ਉਸ ਦੀ ਪਤਨੀ ਅਤੇ ਚਾਰ ਸਾਲ ਦਾ ਕੋਨਰਡ ਪਿਤਾ ਦੀ ਜਲਾਵਤਨੀ ਵਿੱਚ ਉਸ ਦੇ ਨਾਲ ਰਹੇ। 1865 ਵਿੱਚ ਕੋਨਰਡ ਦੀ ਮਾਂ ਮਰ ਗਈ ਅਤੇ ਕੋਨਰਡ ਦੀ ਜ਼ੁੰਮੇਵਾਰੀ ਉਸਦੇ ਮਾਮੇ ਨੇ ਸਾਂਭ ਲਈ। 1868 ਵਿੱਚ ਕੋਨਰਡ ਹਾਈ ਸਕੂਲ ਵਿੱਚ ਦਾਖ਼ਲ ਹੋਇਆ ਅਤੇ ਅਗਲੇ ਵਰ੍ਹੇ ਉਹ ਆਪਣੇ ਪਿਤਾ ਨਾਲ ਕਰੈਕੋ ਚਲਾ ਗਿਆ। ਚੜ੍ਹਦੀ ਜਵਾਨੀ ਵਿੱਚ ਸਮੁੰਦਰ ਨੇ ਕੋਨਰਡ ਦੀ ਸੋਚ ਨੂੰ ਮੱਲ ਲਿਆ। 1873 ਵਿੱਚ ਪੱਛਮੀ ਯੂਰਪ ਵਿੱਚ ਆਪਣੀਆਂ ਛੁੱਟੀਆਂ ਦੌਰਾਨ ਕੋਨਰਡ ਨੇ ਪਹਿਲੀ ਵਾਰ ਸਮੁੰਦਰ ਵੇਖਿਆ। ਅਗਲੇ ਵਰ੍ਹੇ ਉਹ ਫ਼੍ਰਾਂਸ ਗਿਆ, ਜਿੱਥੇ ਉਸ ਨੇ ਫ਼੍ਰਾਂਸੀਸੀ ਸਮੁੰਦਰੀ ਫ਼ੌਜ ਵਿੱਚ ਨੌਕਰੀ ਕਰ ਲਈ ਅਤੇ ਅਗਲੇ 20 ਸਾਲ ਉਹ ਸਮੁੰਦਰ ਗਾਹੁੰਦਾ ਰਿਹਾ। 1877 ਵਿੱਚ ਉਸ ਨੇ ਸਮੁੰਦਰੀ ਜਹਾਜ਼ ਵਿੱਚ ਫ਼੍ਰਾਂਸ ਤੋਂ ਸਪੇਨ ਲਈ ਹਥਿਆਰ ਲਿਜਾਉਣ ਦਾ ਯਤਨ ਕੀਤਾ। ਇਸੇ ਵੇਲੇ ਫ਼੍ਰਾਂਸ ਦੇ ਅਜ਼ਾਦੀ-ਸੰਗਰਾਮ ਵਿੱਚ ਕੰਮ ਕਰਦੀ ਇੱਕ ਲੜਕੀ ਨਾਲ ਪਿਆਰ ਕੀਤਾ ਅਤੇ ਆਪਣੇ ਇੱਕ ਰਕੀਬ ਨਾਲ ਉਸ ਨੇ ਇੱਕ ਤਲਵਾਰ-ਯੁੱਧ ਵੀ ਕੀਤਾ। ਕਿਹਾ ਜਾਂਦਾ ਹੈ ਕਿ ਇੱਕ ਵਾਰ ਕੋਨਰਡ ਨੇ ਆਤਮਘਾਤ ਕਰਨ ਦਾ ਯਤਨ ਵੀ ਕੀਤਾ ਸੀ।

     1878 ਵਿੱਚ ਕੋਨਰਡ ਪਹਿਲੀ ਵਾਰੀ ਇੰਗਲੈਂਡ ਗਿਆ, ਜਿੱਥੇ ਉਸ ਨੇ ਅੰਗਰੇਜ਼ੀ ਸਮੁੰਦਰੀ ਜਹਾਜ਼ਾਂ ਉੱਤੇ ਨੌਕਰੀ ਕੀਤੀ। ਇਸ ਨੌਕਰੀ ਦੌਰਾਨ ਕੋਨਰਡ ਆਸਟ੍ਰੇਲੀਆ, ਭਾਰਤ, ਸਿੰਘਾਪੁਰ, ਜਾਵਾ, ਬੋਰਨੀਓ ਆਦਿ ਦੂਰ- ਦੁਰਾਡੀਆਂ ਥਾਵਾਂ ਤੇ ਗਿਆ ਅਤੇ ਉਸ ਦਾ ਇਹ ਅਨੁਭਵ ਉਸਦੇ ਵਿਭਿੰਨ ਨਾਵਲਾਂ ਵਿੱਚ ਵਿਸਤਾਰ ਨਾਲ ਪੇਸ਼ ਹੋਇਆ ਹੈ। ਆਪਣੀ ਨੌਕਰੀ ਦੌਰਾਨ ਹੀ ਕੋਨਰਡ ਚਾਹੁਣ ਲੱਗ ਪਿਆ ਸੀ ਕਿ ਉਹ ਆਪਣੇ ਵਿਸਤ੍ਰਿਤ ਅਨੁਭਵਾਂ ਨੂੰ ਲਿਖੇ। ਇਸ ਆਸ਼ੇ ਨਾਲ ਉਸ ਨੇ ਇੱਕ ਨਾਵਲ ਐਲਮੇਅਰਜ਼ ਫਾਲੀ ਲਿਖਿਆ, ਜਿਹੜਾ ਉਸ ਨੇ ਇੱਕ ਯਾਤਰਾ ਦੌਰਾਨ ਗੱਡੀ ਵਿੱਚ ਇੱਕ ਹੋਰ ਸਵਾਰੀ, ਜਾਨ ਗਾਲਜ਼ਵਰਦੀ, ਜਿਹੜਾ ਆਪ ਇੱਕ ਲੇਖਕ ਵਜੋਂ ਪ੍ਰਸਿੱਧ ਹੋਇਆ, ਨਾਲ ਵਿਚਾਰਿਆ। ਇਹ ਨਾਵਲ 1892 ਵਿੱਚ ਛਪਿਆ, ਇਸ ਦੀ ਸਫਲਤਾ ਨੇ ਕੋਨਰਡ ਨੂੰ ਇੱਕ ਲੇਖਕ ਵਜੋਂ ਜੀਵਨ ਜਿਊਂਣ ਦੀ ਪ੍ਰੇਰਨਾ ਦਿੱਤੀ। 1896 ਵਿੱਚ ਕੋਨਰਡ ਨੇ ਇੱਕ ਅੰਗਰੇਜ਼ ਇਸਤਰੀ ਜੈਸੀ ਜਾਰਜ ਨਾਲ ਵਿਆਹ ਕਰ ਲਿਆ। ਜਿਸ ਨੇ ਦੋ ਪੁੱਤਰਾਂ ਨੂੰ ਜਨਮ ਦਿੱਤਾ। ਪਹਿਲੇ ਪੁੱਤਰ ਦੇ ਜਨਮ ਉਪਰੰਤ ਇਹ ਪਰਿਵਾਰ ਇੰਗਲੈਂਡ ਵਿੱਚ ਕੈਂਟ ਵਿਖੇ ਟਿਕ ਗਿਆ ਅਤੇ ਕੋਨਰਡ ਕਈ ਪ੍ਰਸਿੱਧ ਲੇਖਕਾਂ ਦੇ ਸੰਪਰਕ ਵਿੱਚ ਆਇਆ। ਜਾਨ ਗਾਲਜ਼ਵਰਦੀ ਤਾਂ ਉਸ ਦਾ ਪਹਿਲਾ ਹੀ ਜਾਣੂ ਸੀ। ਜਿਨ੍ਹਾਂ ਹੋਰ ਪ੍ਰਸਿੱਧ ਨਾਵਲਕਾਰਾਂ ਅਤੇ ਲੇਖਕਾਂ ਨਾਲ ਕੋਨਰਡ ਦੀ ਸਾਂਝ ਉਪਜੀ, ਉਹਨਾਂ ਵਿੱਚੋਂ ਹੈਨਰੀ ਜੇਮਜ਼, ਆਰਨੋਲਡ ਬੈਨੇਟ, ਰੁਡਯਾਰਡ ਕਿਪਲਿੰਗ, ਸਟੀਫਨ ਕਰੇਨ ਆਦਿ ਪ੍ਰਮੁਖ ਸਨ।

     ਕੋਨਰਡ ਦਾ ਪਹਿਲਾ ਨਾਵਲ ਐਲਮੇਅਰਜ਼ ਫਾਲੀ ਇੱਕ ਗੁੰਝਲਦਾਰ ਪਲਾਟ ਵਾਲਾ ਨਾਵਲ ਹੈ, ਜਿਸ ਵਿੱਚ ਨਾਵਲ ਦਾ ਪ੍ਰਮੁਖ ਪਾਤਰ ਐਲਮੇਅਰ ਇੱਕ ਮਲਾਇਨ ਇਸਤਰੀ ਨਾਲ ਵਿਆਹ ਉਪਰੰਤ ਇੱਕ ਧੀ ਵਾਲੇ ਪਰਿਵਾਰ ਵਿੱਚ ਰਹਿ ਰਿਹਾ ਹੈ। ਐਲਮੇਅਰ ਕਈ ਵਾਰੀ ਸੋਚਦਾ ਹੈ ਕਿ ਉਹ ਯੂਰਪ ਮੁੜ ਜਾਵੇਗਾ ਪਰ ਸਥਿਤੀਆਂ ਉਸਦੇ ਵਿਰੁੱਧ ਹਨ। ਉਸ ਦੀ ਧੀ ਇੱਕ ਮਲਾਇਨ ਪੁਰਸ਼ ਨਾਲ ਦੌੜ ਜਾਂਦੀ ਹੈ ਅਤੇ ਉਦਾਸ-ਮਾਯੂਸ ਪਿਤਾ ਅਫੀਮ ਦਾ ਸਹਾਰਾ ਲੈਂਦਾ ਅਤੇ ਦੁਖਦਾਈ ਮੌਤ ਮਰ ਜਾਂਦਾ ਹੈ। ਕੋਨਰਡ ਦਾ ਦੂਜਾ ਨਾਵਲ ਏਨ ਆਊਟ ਕਾਸਟ ਆਫ਼ ਦਾ ਆਈਲੈਂਡਸ (1896) ਵੀ ਪਹਿਲੇ ਨਾਵਲ ਵਰਗਾ ਹੈ। ਐਲਮੇਅਰ ਇਸ ਨਾਵਲ ਵਿੱਚ ਵੀ ਆਉਂਦਾ ਹੈ। ਇਸ ਨਾਵਲ ਦਾ ਨਾਇਕ ਇੱਕ ਚਾਲਬਾਜ਼ ਵਿਅਕਤੀ ਵਿਲੀਅਮਸ ਹੈ, ਜਿਹੜਾ ਧੋਖੇ ਅਤੇ ਅਕ੍ਰਿਤਘਣਤਾ ਵਾਲਾ ਜੀਵਨ ਜਿਊਂ ਕੇ ਕਈਆਂ ਲਈ ਦੁਖਾਂਤ ਸਿਰਜਦਾ ਹੈ। ਉਹ ਆਪਣੀ ਪਤਨੀ ਨੂੰ ਤਿਆਗ ਕੇ ਜਿਸ ਇਸਤਰੀ ਨਾਲ ਪਿਆਰ ਕਰਦਾ ਹੈ, ਉਹ ਹੀ ਗੋਲੀ ਮਾਰ ਕੇ ਉਸ ਨੂੰ ਮਾਰ ਦਿੰਦੀ ਹੈ। ਆਪਣੇ ਅਗਲੇ ਨਾਵਲ ਦਾ ਨਿਗਰ ਆਫ਼ ਦਾ ਨਾਰਸੀਸੱਯ (1897) ਵਿੱਚ ਕੋਨਰਡ ਸਮੁੰਦਰੀ ਜੀਵਨ ਨੂੰ ਪੇਸ਼ ਕਰਦਾ ਹੈ ਅਤੇ ਇਸ ਨਾਵਲ ਵਿੱਚ ਉਹ ਆਪਣੇ ਮਨ-ਭਾਉਂਦੇ ਵਿਸ਼ੇ, ਮਨੁੱਖੀ ਹਮਦਰਦੀ ਦੇ ਰਹੱਸਾਤਮਿਕ ਪੱਖਾਂ ਨੂੰ ਪੇਸ਼ ਕਰਦਾ ਹੈ। ਇਸ ਨਾਵਲ ਵਿੱਚ ਕੋਨਰਡ ਨੇ ਜਿਸ ਸਫਲਤਾ ਨਾਲ ਇੱਕ ਸਮੁੰਦਰੀ ਤੂਫਾਨ ਨੂੰ ਪੇਸ਼ ਕੀਤਾ ਹੈ, ਉਸ ਨਾਲ ਉਹ ਹੋਰ ਵੀ ਪ੍ਰਸਿੱਧ ਹੋ ਗਿਆ।ਦਾ ਹਾਰਟ ਆਫ਼ ਡਾਰਕਨੈਸ (1899), ਕੋਨਰਡ ਦਾ ਇੱਕ ਬਹੁ-ਚਰਚਿਤ ਨਾਵਲ ਹੈ, ਜਿਸ ਵਿੱਚ ਕੋਨਰਡ ਨੇ ਲਗਪਗ ਇੱਕ ਦਹਾਕਾ ਪਹਿਲਾਂ ਆਪਣੀ ਕਾਂਗੋ ਯਾਤਰਾ ਨੂੰ ਆਧਾਰ ਬਣਾਇਆ ਹੈ। ਮਾਰਲੋ ਇਸ ਨਾਵਲ ਦਾ ਬਿਰਤਾਂਤਕਾਰ ਹੈ ਅਤੇ ਇਹ ਨਾਵਲ ਉਨ੍ਹੀਵੀਂ ਸਦੀ ਦੌਰਾਨ ਸਾਮਰਾਜਵਾਦੀ ਲਾਲਚ ਅਤੇ ਲੁੱਟ ਨੂੰ ਪੇਸ਼ ਕਰਦਾ ਹੈ। ਇਸ ਨਾਵਲ ਵਿੱਚ ਕੋਨਰਡ ਮਨੁੱਖੀ ਮਾਨਸਿਕਤਾ ਦੀਆਂ ਹਨੇਰੀਆਂ ਅਤੇ ਡੂੰਘੀਆਂ ਪਰਤਾਂ ਨੂੰ ਸਫਲਤਾ ਨਾਲ ਫ਼ਰੋਲਦਾ ਹੈ। ਇਸ ਵਿੱਚ ਕੁਰਟਜ਼ ਨਾਂ ਦਾ ਪਾਤਰ ਪੇਸ਼ ਕੀਤਾ ਗਿਆ ਹੈ, ਜਿਸ ਦਾ ਜੀਵਨ ਉਦੇਸ਼ ਹੈ, ਕਾਂਗੋ ਨੂੰ ਸੱਭਿਅਕ ਅਤੇ ਖ਼ੁਸ਼ਹਾਲ ਦੇਸ ਬਣਾਉਣਾ, ਪਰ ਅੰਤ ਨੂੰ ਜਿਨ੍ਹਾਂ ਨੂੰ ਉਹ ਸੱਭਿਅਕ ਅਤੇ ਖ਼ੁਸ਼ਹਾਲ ਬਣਾਉਣਾ ਚਾਹੁੰਦਾ ਸੀ, ਉਹ ਕਾਂਗੋ ਲੋਕ ਹੀ ਉਸ ਦੀ ਮੌਤ ਦਾ ਕਾਰਨ ਬਣਦੇ ਹਨ।

     ਕੋਨਰਡ ਦੀ ਨਾਵਲ ਕਲਾ ਦੇ ਪਹਿਲੇ ਪੜਾਅ ਦਾ ਸਿਖਰ ਲਾਰਡ ਜਿਮ ਨਾਵਲ ਸੀ, ਜਿਹੜਾ 1900 ਵਿੱਚ ਛਪਿਆ। ਇਸ ਨਾਵਲ ਵਿੱਚ ਵੀ ਮੁੱਖ ਬੁਲਾਰਾ ਮਾਰਲੋ ਹੈ, ਜੋ ਬਿਰਤਾਂਤਕਾਰ ਦਾ ਰੋਲ ਨਿਭਾਉਂਦਾ ਹੈ। ਇਹ ਨਾਵਲ ਕੋਨਰਡ ਦੀ ਪ੍ਰੋੜ੍ਹ ਨਾਵਲ ਕਲਾ ਦਾ ਨਮੂਨਾ ਹੈ ਅਤੇ ਇੱਕ ਪੜ੍ਹਤ ਨਾਲ ਇਸ ਨਾਵਲ ਦੀਆਂ ਵਿਭਿੰਨ ਪਰਤਾਂ ਉਜਾਗਰ ਨਹੀਂ ਹੁੰਦੀਆਂ। ਇਹ ਨਾਵਲ ਵੀਹਵੀਂ ਸਦੀ ਦੀ ਅੰਗਰੇਜ਼ੀ ਨਾਵਲ ਕਲਾ ਦਾ ਉਲੇਖ ਯੋਗ ਨਮੂਨਾ ਹੈ। ਇਸ ਨਾਵਲ ਦਾ ਨਾਇਕ ਇੱਕ ਸਮੁੰਦਰੀ ਜਹਾਜ਼ ‘ਪਟਨਾ’ ਦਾ ਨਵਾਂ ਕਪਤਾਨ ਹੈ। ਮੱਕੇ ਹੱਜ ਲਈ ਜਾ ਰਹੇ ਮੁਸਾਫਰਾਂ ਨਾਲ ਭਰਿਆ ਜਹਾਜ਼ ਰਾਤ ਨੂੰ ਕਿਸੇ ਚੀਜ਼ ਨਾਲ ਟਕਰਾਉਂਦਾ ਹੈ ਅਤੇ ਅਫਵਾਹ ਫੈਲ ਜਾਂਦੀ ਹੈ ਕਿ ਜਹਾਜ਼ ਡੁੱਬ ਰਿਹਾ ਹੈ। ਜਹਾਜ਼ ਪ੍ਰਤਿ ਵਫ਼ਾਦਾਰ ਰਹਿਣ ਦੀ ਸੌਂਹ ਦੀ ਪ੍ਰਵਾਹ ਨਾ ਕਰਦਾ ਹੋਇਆ ਲਾਰਡ ਜਿੰਮ ਛਾਲ ਮਾਰ ਦਿੰਦਾ ਹੈ।ਜਹਾਜ਼ ਡੁੱਬਦਾ ਨਹੀਂ ਅਤੇ ਸਾਰੇ ਲਾਰਡ ਜਿਮ ਨੂੰ ਡਰਪੋਕ ਕਹਿੰਦੇ ਹਨ। ਇਹ ਨਾਵਲ ਲਾਰਡ ਜਿਮ ਦੇ ਅੰਤਰ-ਦਵੰਦਾਂ, ਸ੍ਵੈ-ਪੜਚੋਲਾਂ, ਆਤਮ-ਗਿਲਾਨੀਆਂ ਅਤੇ ਮਾਨਸਿਕ ਉਲਝਣਾਂ ਨੂੰ ਪੇਸ਼ ਕਰਦਾ ਹੈ। ਕੋਨਰਡ ਆਪਣੇ ਨਾਵਲ ਲਾਰਡ ਜਿਮ ਨਾਲ ਵਿਸ਼ਵ ਭਰ ਵਿੱਚ ਪ੍ਰਸਿੱਧ ਹੋਇਆ।

     ਕੋਨਰਡ ਨੇ ਕਈ ਨਾਵਲ ਅਜਿਹੇ ਵੀ ਲਿਖੇ, ਜਿਨ੍ਹਾਂ ਦੇ ਵਿਸ਼ੇ ਰਾਜਨੀਤਿਕ ਹਨ। ਕਈ ਆਲੋਚਕ ਨਾਸਟਰੋਮੋ (1904) ਨੂੰ ਕੋਨਰਡ ਦੀ ਸਭ ਤੋਂ ਉੱਤਮ ਰਚਨਾ ਮੰਨਦੇ ਹਨ। ਇਸ ਨਾਵਲ ਵਿੱਚ ਕੋਸਟਾਗੁਨਾ ਵਿੱਚ ਚਾਂਦੀ ਦੀ ਇੱਕ ਖਾਣ ਹਥਿਆਉਣ ਲਈ ਲਾਲਚ ਦਾ ਸ਼ਿਕਾਰ ਵਿਅਕਤੀਆਂ ਅਤੇ ਸਥਿਤੀਆਂ ਨੂੰ ਪੇਸ਼ ਕੀਤਾ ਗਿਆ ਹੈ।

     ਕੋਨਰਡ ਨੇ ਆਪਣੀਆਂ ਰਚਨਾਵਾਂ ਵਿੱਚ ਉਹਨਾਂ ਸਮੱਸਿਆਵਾਂ ਅਤੇ ਮਸਲਿਆਂ ਨੂੰ ਪੇਸ਼ ਕੀਤਾ ਸੀ, ਜਿਹੜੇ ਮਗਰੋਂ ਵੀਹਵੀਂ ਸਦੀ ਵਿੱਚ ਰਾਜਨੀਤਿਕ, ਆਰਥਿਕ ਅਤੇ ਸਮਾਜਿਕ ਖੇਤਰਾਂ ਵਿੱਚ ਚਰਚਾ ਦਾ ਵਿਸ਼ਾ ਬਣੇ। ਪਛਾਣ ਦੀ ਸਮੱਸਿਆ, ਆਤੰਕ, ਅਸੁਰੱਖਿਆ ਦੀ ਭਾਵਨਾ, ਅਖ਼ਲਾਕ ਦਾ ਸੰਕਟ, ਰਾਜਨੀਤਿਕ ਹਿੰਸਾ, ਆਰਥਿਕ ਸ਼ੋਸ਼ਣ, ਇਕੱਲਤਾ ਅਤੇ ਮਾਨਸਿਕ ਸੰਕਟ ਉਸ ਦੇ ਮਨਭਾਉਂਦੇ ਵਿਸ਼ੇ ਸਨ। ਆਪਣੇ ਨਾਵਲਾਂ ਵਿੱਚ ਬਿਰਤਾਂਤ ਸਿਰਜ ਕੇ ਕੋਨਰਡ ਨੇ ਨਾਵਲ ਕਲਾ ਦੇ ਪੱਖੋਂ ਨਵੇਂ ਪ੍ਰਯੋਗ ਕੀਤੇ। ਉਸ ਦੇ ਨਾਵਲਾਂ ਵਿੱਚ ਵਿਅੰਗ ਅਤੇ ਵਿਰੋਧਾਭਾਸਾਂ ਵਾਲੀ ਭਾਸ਼ਾ ਪ੍ਰਭਾਵ ਨੂੰ ਡੂੰਘੇਰਾ ਕਰਦੀ ਹੈ। ਕੋਨਰਡ ਦੀਆਂ ਹੋਰ ਰਚਨਾਵਾਂ ਟੇਲਜ਼ ਆਫ਼ ਅਨਰੈਸਟ (1898), ਦਾ ਮਿਰਰ ਆਫ਼ ਦਾ ਸੀ (1906), ਏ ਪਰਸਨਲ ਰਿਕਾਰਡ (1912) ਆਦਿ ਸਨ। ਕੋਨਰਡ ਦੇ ਖ਼ਤਾਂ ਦੀਆਂ ਵੀ ਤਿੰਨ ਜਿਲਦਾਂ ਛਪੀਆਂ। ਜਦੋਂ 1924 ਵਿੱਚ ਕੋਨਰਡ ਕਾਲ-ਵੱਸ ਹੋਇਆ ਤਾਂ ਸਾਰੇ ਵਿਸ਼ਵ ਨੇ ਸੋਗ ਮਨਾਇਆ।


ਲੇਖਕ : ਰਣਜੀਤ ਕੌਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 614, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-19, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.