ਰਾਮ-ਕਾਵਿ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਰਾਮ-ਕਾਵਿ : ਭਾਰਤੀ ਸੰਸਕ੍ਰਿਤੀ ਵਿੱਚ ਰਾਮ ਇੱਕ ਆਦਰਸ਼ਕ ਨਾਇਕ ਹੈ। ਰਾਮ ਨੂੰ ਨਾਇਕ ਬਣਾ ਕੇ ਬਹੁਤ ਸਾਰੀ ਕਾਵਿ-ਰਚਨਾ ਕੀਤੀ ਗਈ ਹੈ। ਅਜਿਹੀ ਕਾਵਿ ਰਚਨਾ ਨੂੰ ਰਾਮ-ਕਾਵਿ ਦੀ ਕੋਟੀ ਵਿੱਚ ਰੱਖਿਆ ਜਾਂਦਾ ਹੈ। ਉੱਤਰ ਭਾਰਤ ਵਿੱਚ ਰਾਮ-ਕਾਵਿ ਭਗਤੀ ਦਾ ਪ੍ਰਵਰਤਕ ਤੇ ਮੋਹਰੀ ਸੁਆਮੀ ਰਾਮਾਨੰਦ ਹੈ। ਉਸ ਦੇ ਦੱਸੇ ਮਾਰਗ ਦਾ ਅਨੁਸਰਨ ਕਰ ਕੇ ਨਿਰਗੁਣ ਰਾਮ ਦੀ ਭਗਤੀ ਕਬੀਰ ਨੇ ਅਤੇ ਸਰਗੁਣ ਰਾਮ ਦੀ ਭਗਤੀ ਗੋਸੁਆਮੀ ਤੁਲਸੀਦਾਸ ਨੇ ਕੀਤੀ। ਤੁਲਸੀਦਾਸ ਦਾ ਰਾਮ ਨਿਰਗੁਣ-ਸਰਗੁਣ ਦੋਨਾਂ ਰੂਪਾਂ ਵਿੱਚ ਪਾਇਆ ਜਾਂਦਾ ਹੈ। ਉਸ ਵਿੱਚ ਭੇਦ ਹੈ। ਵਿਵਹਾਰਿਕ ਖੇਤਰ ਵਿੱਚ ਇਹ ਰਾਮ ਵਿਸ਼ਨੂੰ ਦਾ ਅਵਤਾਰ ਹੈ ਅਤੇ ਦਸਰਥ ਪੁੱਤਰ ਹੈ। ਉਸ ਨੇ ਧਰਮ ਦਾ ਉਧਾਰ ਅਤੇ ਅਧਰਮ ਦਾ ਵਿਨਾਸ਼ ਕਰਨ ਲਈ ਅਵਤਾਰ ਧਾਰਨ ਕੀਤਾ। ਤੁਲਸੀ ਦੇ ਰਾਮ ਵਿੱਚ ਸ਼ਕਤੀ ਅਤੇ ਸੁੰਦਰਤਾ ਦਾ ਸੁਮੇਲ ਹੈ। ਉਹ ਮਰਯਾਦਾ ਪੁਰਸ਼ੋਤਮ ਅਤੇ ਜਨਤਾ ਦਾ ਰਖਵਾਲਾ ਹੈ। ਤੁਲਸੀ ਨੇ ਦਾਸ ਭਗਤੀ ਨਾਲ ਰਾਮ ਦੀ ਪੂਜਾ ਕੀਤੀ ਹੈ। ਤੁਲਸੀਦਾਸ ਦੀ ਭਗਤੀ ਵੇਦ ਸ਼ਾਸਤਰ ਦੀ ਮਰਯਾਦਾ ਦੇ ਅਨੁਕੂਲ ਹੈ।ਰਾਮਚਰਿਤਮਾਨਸ ਵਿੱਚ ਤੁਲਸੀ ਨੇ ਆਦਰਸ਼ ਪੁੱਤਰ, ਆਦਰਸ਼ ਸਮਾਜ ਅਤੇ ਆਦਰਸ਼ ਰਾਜ ਦੀ ਕਲਪਨਾ ਕੀਤੀ ਹੈ। ਸਾਰਾ ਕਾਵਿ ਸੁਮੇਲ ਦੀ ਵਿਰਾਟ ਚੇਸ਼ਠਾ ਹੈ। ਲੋਕ ਅਤੇ ਸ਼ਾਸਤਰ ਦਾ ਸੁਮੇਲ ਹੈ। ਨਿਰਗੁਣ ਅਤੇ ਸਰਗੁਣ ਦਾ ਸੁਮੇਲ ਹੈ। ਰਾਮਚਰਿਤਮਾਨਸ ਸ਼ੁਰੂ ਤੋਂ ਆਖ਼ਰ ਤੱਕ ਸੁਮੇਲਤਾ ਦਾ ਕਾਵਿ ਹੈ। ਰਾਮ-ਕਾਵਿ ਵਿੱਚ ਸਾਰੀਆਂ ਸ਼ੈਲੀਆਂ ਅਤੇ ਸਾਰੇ ਰਸਾਂ ਦਾ ਸੁਮੇਲ ਪਾਇਆ ਜਾਂਦਾ ਹੈ। ਇਸ ਵਿੱਚ ਬ੍ਰਜ ਅਤੇ ਅਵਧੀ ਦੋਨਾਂ ਭਾਸ਼ਾਵਾਂ ਦਾ ਸੁੰਦਰ ਸੁਮੇਲ, ਸਹਿਜਤਾ ਨਾਲ ਪ੍ਰਯੋਗ ਹੋਇਆ ਹੈ। ਇਸ ਧਾਰਾ ਦਾ ਪ੍ਰਮੁਖ ਕਵੀ ਤੁਲਸੀਦਾਸ ਹੈ, ਪਰ ਕੇਸ਼ਵ, ਅਗਰਦਾਸ, ਨਾਭਾਦਾਸ, ਪ੍ਰਾਣਚੰਦ- ਚੌਹਾਨ ਨੇ ਰਾਮ-ਕਾਵਿ ਦੇ ਵਿਕਾਸ ਵਿੱਚ ਵੱਡਮੁੱਲਾ ਯੋਗਦਾਨ ਪਾਇਆ ਹੈ।

     ਰਾਮ-ਭਗਤ ਕਵੀਆਂ ਦੇ ਰਾਮ ਵਿਸ਼ਨੂੰ ਦੇ ਅਵਤਾਰ ਹਨ ਅਤੇ ਪਰਮ ਬ੍ਰਹਮਾ ਸਰੂਪ ਹਨ। ਉਹ ਪਾਪ ਦਾ ਵਿਨਾਸ਼ ਕਰਨ ਲਈ ਯੁੱਗ-ਯੁੱਗ ਵਿੱਚ ਅਵਤਾਰ ਲੈਂਦੇ ਹਨ। ਰਾਮ ਵਿਸ਼ਨੂੰ ਦਾ ਅਵਤਾਰ ਹੈ ਅਤੇ ਭਗਤ ਕਵੀ ਮਾਨਵ ਰੂਪ ਵਿੱਚ ਉਹਨਾਂ ਦਾ ਸਾਧਕ ਹੈ। ਇਹਨਾਂ ਦੇ ਰਾਮ ਵਿੱਚ ਸ਼ੀਲ, ਸ਼ਕਤੀ, ਸੁੰਦਰਤਾ ਦਾ ਸੁਮੇਲ ਹੈ। ਸ਼ਕਤੀ ਨਾਲ ਉਹ ਦੁਸ਼ਟਾਂ ਦਾ ਨਿਵਾਰਨ ਕਰਦੇ ਹਨ ਅਤੇ ਭਗਤਾਂ ਨੂੰ ਸੰਕਟ ਤੋਂ ਮੁਕਤ ਕਰਦੇ ਹਨ। ਉਹ ਆਪਣੇ ਸ਼ੀਲ-ਗੁਣ ਨਾਲ ਲੋਕਾਂ ਨੂੰ ਆਚਾਰ ਦੀ ਸਿੱਖਿਆ ਦਿੰਦੇ ਹਨ ਅਤੇ ਆਪਣੀ ਕਰੁਣਾ ਨਾਲ ਪਤਿਤਾਂ ਅਤੇ ਅਧਰਮੀਆਂ ਦਾ ਉੱਧਾਰ ਕਰਦੇ ਹਨ। ਇਹਨਾਂ ਦਾ ਲੋਕ-ਰੱਖਿਆ ਦਾ ਰੂਪ ਪ੍ਰਧਾਨ ਹੈ। ਰਾਮ-ਕਾਵਿ ਦਾ ਦ੍ਰਿਸ਼ਟੀਕੋਣ ਬਹੁਤ ਵਿਆਪਕ ਹੈ। ਲੋਕ-ਰੱਖਿਆ ਦੀ ਦ੍ਰਿਸ਼ਟੀ ਤੋਂ ਵੇਖਿਆ ਜਾਵੇ ਤਾਂ ਇਹ ਸਾਹਿਤ ਅਤਿਅੰਤ ਵਿਆਪਕ ਹੈ। ਇਸ ਸਾਹਿਤ ਵਿੱਚ ਜੀਵਨ ਦੀਆਂ ਅਨੇਕ ਉੱਚਤਮ ਭੂਮੀਆਂ ਪ੍ਰਸਤੁਤ ਕੀਤੀਆਂ ਗਈਆਂ ਹਨ। ਇਹਨਾਂ ਨੇ ਗ੍ਰਹਿਸਥ ਜੀਵਨ ਦੀ ਉਪੇਖਿਆ ਨਹੀਂ ਕੀਤੀ, ਬਲਕਿ ਲੋਕ-ਸੇਵਾ ਅਤੇ ਆਦਰਸ਼ ਰਾਮ-ਸੀਤਾ ਦੀ ਪੇਸ਼ਕਾਰੀ ਕਰ ਕੇ ਜੀਵਨ ਸਤਰ ਨੂੰ ਉੱਚਾ ਉਠਾਉਣ ਦੀ ਕੋਸ਼ਿਸ਼ ਕੀਤੀ ਹੈ।

     ਰਾਮ-ਕਾਵਿ ਵਿੱਚ ਆਦਰਸ਼ ਪੱਖ ਅਤਿਅੰਤ ਉੱਚਾ ਹੈ। ਰਾਮ ਆਦਰਸ਼ ਪੁੱਤਰ ਹੈ। ਉਹ ਆਦਰਸ਼ ਰਾਜਾ ਵੀ ਹੈ। ਸੀਤਾ ਆਦਰਸ਼ ਪਤਨੀ ਹੈ, ਕੌਸ਼ਲਿਆ ਆਦਰਸ਼ ਮਾਤਾ, ਲਛਮਣ ਅਤੇ ਭਰਤ ਆਦਰਸ਼ ਭਰਾ ਹਨ। ਹਨੂਮਾਨ ਆਦਰਸ਼ ਸੇਵਕ ਹੈ। ਇਸ ਕਾਵਿ ਵਿੱਚ ਜੀਵਨ ਦਾ ਮੁਲਾਂਕਣ ਆਚਾਰ ਦੀ ਕਸੌਟੀ ’ਤੇ ਕੀਤਾ ਗਿਆ ਹੈ। ਰਾਜਾ-ਪ੍ਰਜਾ, ਪਿਤਾ-ਪੁੱਤਰ, ਪਤੀ-ਪਤਨੀ, ਭਰਾ- ਭਰਾ, ਸਵਾਮੀ-ਸੇਵਕ ਅਤੇ ਪੜੋਸੀ-ਪੜੋਸੀ ਦੇ ਸੁੰਦਰ ਅਥਵਾ ਸਿਹਤਮੰਦ ਸੰਬੰਧਾਂ ਰਾਹੀਂ ਸਮਾਜਿਕ ਆਚਾਰ ਉੱਤੇ ਜ਼ੋਰ ਦਿੱਤਾ ਹੈ।

     ਰਾਮ ਭਗਤ ਕਵੀ ਰਾਮ ਦੇ ਸ਼ੀਲ, ਸ਼ਕਤੀ ਅਤੇ ਸੁੰਦਰਤਾ ਉੱਤੇ ਮੁਗਧ ਹਨ। ਇਹੀ ਕਾਰਨ ਹੈ ਕਿ ਰਾਮ- ਭਗਤ ਕਵੀਆਂ ਨੇ ਆਪਣੇ ਅਤੇ ਰਾਮ ਦੇ ਵਿੱਚ ਸੇਵਕ- ਸੇਵਾ ਦਾ ਭਾਵ ਸਵੀਕਾਰ ਕੀਤਾ ਹੈ। ਰਾਮ-ਭਗਤ ਕਵੀਆਂ ਦਾ ਭਗਤੀ ਸੰਬੰਧੀ ਦ੍ਰਿਸ਼ਟੀਕੋਣ ਅਧਿਕ ਉਦਾਰ ਹੈ। ਰਾਮ-ਕਾਵਿ ਦੇ ਪਾਤਰ ਆਚਾਰ ਅਤੇ ਲੋਕ ਮਰਯਾਦਾ ਦੀ ਆਦਰਸ਼ ਵਿਆਖਿਆ ਪ੍ਰਸਤੁਤ ਕਰਦੇ ਹਨ। ਇਹਨਾਂ ਦਾ ਚਰਿੱਤਰ ਮਹਾਨ ਅਤੇ ਅਨੁਕਰਨ ਯੋਗ ਹੈ। ਤੁਲਸੀ ਦੇ ਕਾਵਿ ਵਿੱਚ ਰਾਮ ਅਨੇਕਾਂ ਹੀ ਤਰ੍ਹਾਂ ਦੀਆਂ ਲੀਲ੍ਹਾਵਾਂ ਕਰਦੇ ਹਨ। ਇਸ ਕਾਵਿ ਦੀ ਭਾਸ਼ਾ ਅਵਧੀ ਹੈ। ਕੇਸ਼ਵ ਦੀ ਰਾਮ-ਚੰਦਰਿਕਾ ਵਿੱਚ ਬ੍ਰਜਭਾਸ਼ਾ ਦਾ ਪ੍ਰਯੋਗ ਹੋਇਆ ਹੈ। ਬਾਅਦ ਵਿੱਚ ਰਾਮ ਭਗਤੀ ਦੇ ਰਸਿਕ ਸੰਪਰਦਾਇ ਦੇ ਕਵੀਆਂ ਨੇ ਬ੍ਰਜਭਾਸ਼ਾ ਦਾ ਪ੍ਰਯੋਗ ਕੀਤਾ ਹੈ। ਤੁਲਸੀ ਨੇ ਅਵਧੀ ਅਤੇ ਬ੍ਰਜ ਭਾਸ਼ਾ ਦਾ ਪ੍ਰਯੋਗ ਬੜੇ ਹੀ ਸਫਲ ਢੰਗ ਨਾਲ ਕੀਤਾ ਹੈ। ਰਾਮ-ਕਾਵਿ ਵਿੱਚ ਭੋਜਪੁਰੀ, ਬੁੰਦੇਲਖੰਡੀ, ਫ਼ਾਰਸੀ ਦੇ ਸ਼ਬਦਾਂ ਦਾ ਪ੍ਰਯੋਗ ਹੋਇਆ ਹੈ।

     ਤੁਲਸੀ ਦੀ ਭਾਸ਼ਾ ਅਲੰਕਾਰਿਕ ਨਾ ਹੋ ਕੇ ਸੁਭਾਵਿਕ, ਸਰਸ ਅਤੇ ਭਾਵ ਵਿਅੰਜਕ ਹੈ। ਭਗਤੀ ਕਾਲੀਨ ਰਾਮ- ਕਾਵਿ, ਮਾਤਰਾ ਅਤੇ ਪਰਿਣਾਮ ਦੀ ਦ੍ਰਿਸ਼ਟੀ ਤੋਂ ਕ੍ਰਿਸ਼ਨ ਕਾਵਿ ਤੋਂ ਘੱਟ ਹੈ, ਪਰੰਤੂ ਇਸ ਸਾਹਿਤ ਨੇ ਭਾਸ਼ਾ ਦੀ ਦ੍ਰਿਸ਼ਟੀ ਤੋਂ ਵਿਸ਼ੇਸ਼ ਪ੍ਰਕਾਰ ਦਾ ਆਪਣਾ ਸਥਾਨ ਬਣਾਇਆ ਹੋਇਆ ਹੈ। ਭਾਸ਼ਾ ਦੀ ਦ੍ਰਿਸ਼ਟੀ ਤੋਂ ਇਹ ਸਾਹਿਤ ਮਹਾਨ ਹੈ। ਇਸ ਵਿੱਚ ਦੋਨਾਂ ਭਾਸ਼ਾਵਾਂ, ਬ੍ਰਜ ਅਤੇ ਅਵਧੀ ਦਾ ਬੜਾ ਹੀ ਸਫਲ ਪ੍ਰਯੋਗ ਹੋਇਆ ਹੈ।

     ਤੁਲਸੀ ਭਾਰਤੀ ਸੰਸਕ੍ਰਿਤੀ ਦਾ ਇੱਕ ਜਵਲੰਤ ਪ੍ਰਤੀਕ ਹੈ, ਉਹ ਕਲਿਕਾਲ ਦਾ ਬਾਲਮੀਕੀ ਹੈ। ਮੁਗ਼ਲ ਸ਼ਾਸਨ ਕਾਲ ਦਾ ਸਭ ਤੋਂ ਵੱਡਾ ਵਿਅਕਤੀ ਹੈ। ਉਹ ਮਹਾਤਮਾ ਬੁੱਧ ਤੋਂ ਬਾਅਦ ਭਾਰਤ ਦਾ ਸਭ ਤੋਂ ਵੱਡਾ ਲੋਕ-ਰੱਖਿਅਕ ਹੈ। ਤੁਲਸੀਦਾਸ ਨੇ ਜਿਹੜੇ ਸਮਾਜ ਨੂੰ ਦੇਖਿਆ, ਉਹ ਬੜਾ ਹੀ ਅਜੀਬ ਸੀ। ਉਸ ਦੇ ਗ੍ਰੰਥਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਸ ਸਮੇਂ ਦਾ ਸਮਾਜ ਓਨੇ ਉੱਚੇ ਆਦਰਸ਼ ਤੇ ਨਹੀਂ ਚੱਲ ਸਕਿਆ। ਉੱਚ-ਵਰਗ ਦੇ ਲੋਕ ਵਿਲਾਸੀ ਜੀਵਨ ਵਿੱਚ ਚੂਰ ਸਨ ਅਤੇ ਨੀਵੇਂ ਵਰਗ ਦੇ ਲੋਕ ਪੜ੍ਹੇ-ਲਿਖੇ ਨਹੀਂ ਸਨ। ਪੰਡਤਾਂ, ਵਿਗਿਆਨੀਆਂ ਦਾ ਸਮਾਜ ਵਿੱਚ ਕੋਈ ਸਰੋਕਾਰ ਹੀ ਨਹੀਂ ਸੀ। ਜਾਤ- ਪਾਤ ਦੀ ਪ੍ਰਥਾ ਬੜੀ ਹੀ ਕਠੋਰ ਸੀ। ਸਮਾਜਿਕ ਕਦਰਾਂ- ਕੀਮਤਾਂ ਦਾ ਖੁੱਲ੍ਹ ਕੇ ਖੰਡਨ ਹੋ ਰਿਹਾ ਸੀ। ਉਸ ਸਮੇਂ ਵਿਰਾਗੀ ਹੋ ਜਾਣਾ ਇੱਕ ਸਧਾਰਨ ਜਿਹੀ ਗੱਲ ਸੀ।

     ਤੁਲਸੀਦਾਸ ਲਿਖਦਾ ਹੈ ਕਿ ਇੱਕ ਤੇ ਕਲਿਕਾਲ ਸੀ ਦੂਸਰਾ ਉਸ ਵਿੱਚ ਅਨੇਕ ਖ਼ਾਮੀਆਂ ਸਨ। ਲੋਕ ਵੇਦ ਅਤੇ ਧਰਮ ਤੋਂ ਦੂਰ ਹੋ ਚੁੱਕੇ ਸਨ। ਸੱਜਣ ਲੋਕ ਦੁੱਖੀ ਸਨ। ਹਰ ਪਾਸੇ ਪਾਪ ਹੀ ਪਾਪ ਸੀ। ਉਸ ਦੇ ਸਮੇਂ ਦਾ ਸਮਾਜ ਨੈਤਿਕ, ਧਾਰਮਿਕ, ਸੰਸਕ੍ਰਿਤੀ ਅਤੇ ਆਰਥਿਕ ਦ੍ਰਿਸ਼ਟੀ ਤੋਂ ਹਾਸੋਹੀਣਾ ਸੀ। ਤੁਲਸੀ ਦੇ ਸਾਮ੍ਹਣੇ ਇੱਕ ਮਹੱਤਵਪੂਰਨ ਕਾਰਜ ਸੀ, ਜੋ ਉਸ ਨੇ ਸਮਾਜ ਦੀ ਭਲਾਈ ਲਈ ਪੂਰਾ ਕਰਨਾ ਸੀ।

     ਤੁਲਸੀਦਾਸ ਇੱਕ ਮਹਾਨ ਜੀਵਨ ਦ੍ਰਿਸ਼ਟੀ ਵਾਲਾ ਕਵੀ ਹੈ। ਉਸ ਨੇ ਮੱਧ-ਕਾਲੀਨ ਭਾਰਤ ਦੀ ਸੰਪੂਰਨ ਚੇਤਨਾ ਨੂੰ ਕਾਵਿਮਈ ਵਾਣੀ ਦਿੱਤੀ। ਉਸ ਨੇ ਉਹਨਾਂ ਸਮਾਜਿਕ ਕਦਰਾਂ-ਕੀਮਤਾਂ, ਨੈਤਿਕਤਾਵਾਂ ਦਾ ਵਿਰੋਧ ਕੀਤਾ ਜੋ ਸਮਾਜਿਕ ਵਿਵਸਥਾ ਨੂੰ ਜਕੜਦੀਆਂ ਸਨ। ਉਸ ਨੇ ਸਰਗੁਣ, ਨਿਰਗੁਣ ਗਿਆਨ, ਭਗਤੀ, ਕਰਮ ਦਾ ਉਚਿਤ ਸਥਾਨ ਨਿਰਧਾਰਿਤ ਕੀਤਾ ਅਤੇ ਉਹਨਾਂ ਦੇ ਮਹੱਤਵ ਦਾ ਪ੍ਰਤਿਪਾਦਨ ਕੀਤਾ। ਉਸ ਸਮੇਂ ਦਾ ਸਮਾਜ ਆਦਰਸ਼ਹੀਨ, ਸੰਸਕ੍ਰਿਤੀ-ਰਹਿਤ, ਮਰਯਾਦਾ-ਪਤਿਤ ਸੀ। ਤੁਲਸੀਦਾਸ ਨੇ ਸਮਾਜਿਕ ਜੀਵਨ ਦਾ ਮੁਲਾਂਕਣ, ਆਚਾਰ ਦੀ ਕਸੌਟੀ ਉੱਤੇ ਕੀਤਾ ਹੈ। ਉਸ ਦਾ ਦ੍ਰਿੜ੍ਹ ਵਿਸ਼ਵਾਸ ਹੈ ਕਿ ਕੋਈ ਵੀ ਸਮਾਜ ਅਰਥਾਤ ਰਾਸ਼ਟਰ ਆਚਾਰ ਦੇ ਬਲ ਉੱਤੇ ਹੀ ਜਿਊਂ ਸਕਦਾ ਹੈ। ਧਾਰਮਿਕ ਅਤੇ ਸੰਸਕ੍ਰਿਤੀ ਮਰਯਾਦਾ ਦਾ ਉਲੰਘਣ ਕਰਨ ਵਾਲੇ ਸਮਾਜ ਦਾ ਨਾਸ਼ ਜ਼ਰੂਰੀ ਸੀ। ਆਦਮੀ ਅਤੇ ਪਰਿਵਾਰ ਆਦਰਸ਼ ਸਮਾਜ ਦੀਆ ਆਧਾਰਸ਼ਿਲਾਵਾਂ ਹਨ। ਸੀਤਾ ਆਦਰਸ਼ ਪਤਨੀ, ਕੌਸ਼ਲਿਆ ਆਦਰਸ਼ ਮਾਤਾ, ਲਛਮਣ ਤੇ ਭਰਤ ਆਦਰਸ਼ ਭਰਾ ਅਤੇ ਹਨੂਮਾਨ ਆਦਰਸ਼ ਸੇਵਕ ਹੈ। ਅੱਜ ਦਾ ਹਿੰਦੂ ਧਰਮ ਤੁਲਸੀਦਾਸ ਧਰਮ ਹੈ ਅਤੇ ਅੱਜ ਦਾ ਹਿੰਦੂ ਰਾਸ਼ਟਰ ਤੁਲਸੀਦਾਸ ਦਾ ਨਿਰਮਿਤ ਰਾਸ਼ਟਰ ਹੈ।

     ਤੁਲਸੀਦਾਸ, ਲੋਕ-ਮੰਗਲ ਭਾਵਨਾ ਦੀ ਦ੍ਰਿਸ਼ਟੀ ਨਾਲ ਸਮਾਜ ਵਿੱਚ ਮਰਯਾਦਾ ਦੀ ਛੋਟੀ-ਵੱਡੀ ਸ਼੍ਰੇਣੀ ਦਾ ਵਿਧਾਨ ਜ਼ਰੂਰੀ ਮੰਨਦਾ ਹੈ। ਮਰਯਾਦਾ ਤੋਂ ਬਿਨਾਂ ਸਮਾਜ ਖੰਡਿਆ ਜਾਂਦਾ ਹੈ, ਉਸ ਦਾ ਸਰੀਰ ਖ਼ਤਮ ਹੋ ਜਾਂਦਾ ਹੈ। ਤੁਲਸੀਦਾਸ ਆਦਰਸ਼ ਅਤੇ ਚੰਗੇ ਜੀਵਨ ਦਾ ਪੱਖਪਾਤੀ ਹੈ। ਉਸ ਦੇ ਰਾਮ ਵਿੱਚ ਸ਼ੀਲ, ਸ਼ਕਤੀ, ਸੁੰਦਰਤਾ ਦਾ ਸੁਮੇਲ ਹੈ। ਸੱਚ ਇਹ ਹੈ ਕਿ ਤੁਲਸੀਦਾਸ ਨੇ ਆਪਣੇ ਸਮੇਂ ਦੀਆਂ ਸਮਾਜਿਕ ਪਰਿਸਥਿਤੀਆਂ ਦਾ ਹੱਲ ਵਰਨ-ਵਿਵਸਥਾ ਦੇ ਪ੍ਰਤਿਪਾਦਨ ਦੇ ਨਾਲ-ਨਾਲ ਉਦਾਰ ਭਗਤੀ-ਪਰੰਪਰਾ ਦੇ ਨਿਰੂਪਣ ਤੇ ਉਚਿਤ ਸਮਝਿਆ। ਨਿਆਂ ਅਤੇ ਸਮਤਾ ਦੀ ਵਿਵਸਥਾ ਦਾ ਆਦਰਸ਼ ਸਾਮ੍ਹਣੇ ਰੱਖ ਕੇ ਲੋਕ-ਸੰਘਰਸ਼ ਦੀ ਪ੍ਰੇਰਨਾ ਦਿੱਤੀ।

     ਹਿੰਦੂ ਧਰਮ ਵਿੱਚ ਗ੍ਰਹਿਸਥ ਆਸ਼੍ਰਮ ਨੂੰ ਉੱਚਾ ਮੰਨਿਆ ਗਿਆ ਹੈ। ਸੂਰਦਾਸ ਅਤੇ ਤੁਲਸੀਦਾਸ ਦੋਹਾਂ ਕਵੀਆਂ ਨੇ ਹਿੰਦੂ-ਸੰਸਕ੍ਰਿਤੀ ਦੇ ਇਸ ਸਮੁੱਚੇ ਪੱਖ ਨੂੰ ਬਖ਼ੂਬੀ ਚੁਣਿਆ ਹੈ। ਦੋਵੇਂ ਹੀ ਗ੍ਰਹਿਸਥ ਜੀਵਨ ਦੇ ਕੁਸ਼ਲ ਚਿਤੇਰੇ ਹਨ। ਤੁਲਸੀਦਾਸ ਰਾਮ ਦੇ ਮਾਧਿਅਮ ਰਾਹੀਂ ਦਸਰਥ ਦੇ ਆਦਰਸ਼ ਪਰਿਵਾਰ ਦੀਆਂ ਆਦਰਸ਼ ਪਰੰਪਰਾਵਾਂ ਨੂੰ ਪੁਨਰ ਸਥਾਪਿਤ ਕਰਦਾ ਹੈ। ਰਾਮ ਇੱਕ ਪੁੱਤਰ, ਮਿੱਤਰ, ਪਤੀ, ਸ਼ਾਸਕ ਸਾਰੇ ਆਦਰਸ਼ਾਂ ਦਾ ਪ੍ਰਤਿਰੂਪ ਹੈ। ਉਹ ਭਾਰਤੀ ਸਮਾਜ ਦੇ ਲਈ ਉੱਚ ਲੋਕਾਂ ਦਾ ਹਰਮਨ-ਚਿਤੇਰਾ ਕਵੀ ਹੈ। ਉਸ ਦੀ ਲਿਖਣ ਦੀ ਪ੍ਰਵਿਰਤੀ ਇੱਕ ਪਾਸੇ ਵਿਅਕਤੀਵਾਦੀ ਸਾਧਨਾ ਦੇ ਮਾਰਗ ਵਿੱਚ ਸ਼ੁੱਧ ਭਗਤੀ ਮਾਰਗ ਦਾ ਉਪਦੇਸ਼ ਦਿੰਦੀ ਹੈ ਅਤੇ ਦੂਸਰੀ ਗੱਲ ਲੋਕ- ਰੱਖਿਅਕ ਵਿੱਚ ਆਉਂਦੇ ਪਰਿਵਾਰਿਕ ਅਤੇ ਸਮਾਜਿਕ ਕਰਤੱਵਾਂ ਦਾ ਸੁੰਦਰ ਪੱਖ ਦਿਖਾ ਕੇ ਮੁਗਧ ਕਰਦੀ ਹੈ। ਰਾਮਚਰਿਤ ਦੇ ਭਗਤੀ ਸਰੋਵਰ ਵਿੱਚ ਜਿੱਥੇ ਤੁਲਸੀਦਾਸ ਨੇ ਲੋਕਾਂ ਨੂੰ ਅੰਮ੍ਰਿਤ ਰਸ ਦਾ ਸਵਾਦ ਚਖਾਇਆ, ਉੱਥੇ ਲੋਕਾਂ ਦੇ ਜੀਵਨ ਨੂੰ ਸਿੱਧਾ ਰਾਹ ਵੀ ਦਿਖਾਇਆ। ਤੁਲਸੀ ਦਾਸ ਸਿਰਫ਼ ਭਗਤ ਹੀ ਨਹੀਂ, ਉਸ ਦੇ ਮਨ ਵਿੱਚ ਲੋਕ- ਭਲਾਈ ਦੀ ਕਰਮ-ਚੇਸ਼ਠਾ ਹੈ। ਉਸ ਨੇ ਕਾਮ, ਕ੍ਰੋਧ, ਲੋਭ, ਮੋਹ ਨੂੰ ਮਨੁੱਖ ਦਾ ਪ੍ਰਬਲ ਦੁਸ਼ਮਣ ਮੰਨਿਆ ਹੈ। ਉਸ ਦੇ ਕਾਵਿ ਦਾ ਵਿਸ਼ਾ ਬੜਾ ਹੀ ਵਿਆਪਕ ਹੈ। ਜੀਵਨ ਦੇ ਕਿਸੇ ਇੱਕ ਅੰਗ ਵਿਸ਼ੇਸ਼ ਨੂੰ ਗ੍ਰਹਿਣ ਨਾ ਕਰ ਕੇ ਸਮੁੱਚੇ ਰੂਪ ਦਾ ਚਿਤਰਨ ਕੀਤਾ ਹੈ। ਉਸ ਦੀ ਪਹੁੰਚ ਮਾਨਵ ਜੀਵਨ ਦੀ ਛੋਟੀ ਤੋਂ ਛੋਟੀ ਸਮੱਸਿਆ ਉੱਤੇ ਸੀ। ਕਵੀ ਨੂੰ ਲੋਕ-ਧਰਮ ਅਤੇ ਲੋਕ-ਮਰਯਾਦਾ ਦਾ ਸਦਾ ਹੀ ਧਿਆਨ ਰਿਹਾ। ਤੁਲਸੀਦਾਸ ਧਰਮ, ਸੰਸਕ੍ਰਿਤੀ ਨੂੰ ਸਦਾ ਹੀ ਧਿਆਨ ਵਿੱਚ ਰੱਖ ਕੇ ਚੱਲਦਾ ਹੈ। ਉਸ ਦੀ ਭਾਸ਼ਾ ਜਿੰਨੀ ਲੌਕਿਕ ਹੈ, ਓਨੀ ਹੀ ਸ਼ਾਸਤਰੀ ਵੀ ਹੈ ਅਤੇ ਸੰਸਕ੍ਰਿਤ ਦਾ ਬੋਲ-ਬਾਲਾ ਜ਼ਿਆਦਾ ਪਾਇਆ ਗਿਆ ਹੈ। ਤੁਲਸੀਦਾਸ ਦੀ ਕਵਿਤਾ ਭਗਤੀ ਨਾਲ ਓਤ-ਪੋਤ ਅਤੇ ਕਵਿਤਾ ਵਿੱਚ ਰਸ ਦੀ ਮਾਤਰਾ ਜ਼ਿਆਦਾ ਝਲਕਦੀ ਹੈ। ਸਮੁੱਚਾ ਕਾਵਿ ਤੁਲਸੀਦਾਸ ਦੀ ਭਗਤੀ ਉੱਤੇ ਨਿਰਭਰ ਹੈ।

     ਤੁਲਸੀਦਾਸ ਨੇ ਰਾਮਚਰਿਤਮਾਨਸ ਰਾਹੀਂ ਦੱਸਿਆ ਹੈ ਕਿ ਲੋਕਾਂ ਨੂੰ ਸਮਾਜ ਵਿੱਚ ਰਹਿਣ ਅਤੇ ਸਮਾਜ ਨੂੰ ਤਰੱਕੀ ਦੇ ਰਾਹ ’ਤੇ ਪਹੁੰਚਾਉਣ ਲਈ ਕਿਸ ਤਰ੍ਹਾਂ ਆਪਸ ਵਿੱਚ ਮਿਲ ਕੇ ਰਹਿਣਾ ਚਾਹੀਦਾ ਹੈ। ਰਾਮ ਰਾਹੀਂ ਭਗਵਾਨ ਨਹੀਂ ਬਲਕਿ ਸਮਾਜ ਵਿੱਚ ਰਹਿ ਰਹੇ ਇੱਕ ਪਰਿਵਾਰ ਦੇ ਕਰਤੱਵਾਂ ਨੂੰ ਸਾਮ੍ਹਣੇ ਰੱਖਿਆ ਹੈ। ਸੀਤਾ ਨੂੰ ਪਤਨੀ ਦੇ ਰੂਪ ਵਿੱਚ ਪੇਸ਼ ਕੀਤਾ ਹੈ। ਭਰਾ, ਸੇਵਕ, ਦੋਸਤ ਇਹਨਾਂ ਸਾਰਿਆਂ ਰਿਸ਼ਤਿਆਂ ਨੂੰ ਸਮਾਜ ਵਿੱਚ ਇੱਕ ਪਰਿਵਾਰ ਵਿੱਚ ਕਿਵੇਂ ਨਿਭਾਇਆ ਜਾ ਸਕਦਾ ਹੈ, ਉਸ ਨਜ਼ਰੀਏ ਤੋਂ ਪੇਸ਼ ਕੀਤਾ ਹੈ।


ਲੇਖਕ : ਹਰਮਿੰਦਰ ਸਿੰਘ ਬੇਦੀ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1083, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.