ਅਣ-ਅਧਿਕਾਰਿਤ ਪ੍ਰਵੇਸ਼ ਤੋਂ ਬਚਾਅ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Protection from Unauthorized Access
ਕੰਪਿਊਟਰ ਤੇ ਅਣ-ਅਧਿਕਾਰਿਤ ਪ੍ਰਵੇਸ਼ ਨੂੰ ਪ੍ਰਵੇਸ਼ ਨਿਯੰਤਰਣ (Access Control) ਰਾਹੀਂ ਰੋਕਿਆ ਜਾ ਸਕਦਾ ਹੈ। ਪ੍ਰਵੇਸ਼-ਨਿਯੰਤਰਣ ਇਕ ਸੁਰੱਖਿਅਤ ਕਦਮ ਹੈ ਜੋ ਨਿਰਧਾਰਿਤ ਕਰਦਾ ਹੈ ਕਿ ਕਿਸੇ ਦੇ ਕੰਪਿਊਟਰ ਜਾਂ ਨੈੱਟਵਰਕ ਨੂੰ ਕੌਣ , ਕਦੋਂ ਅਤੇ ਕਿਸ ਕੰਮ ਲਈ ਵਰਤ ਰਿਹਾ ਹੈ। ਬਾਜ਼ਾਰ ਵਿੱਚ ਕਈ ਵਪਾਰਿਕ ਸਾਫਟਵੇਅਰ ਵੀ ਆ ਚੁੱਕੇ ਹਨ ਜੋ ਅਣ-ਅਧਿਕਾਰਿਤ ਪ੍ਰਵੇਸ਼ ਨੂੰ ਨਿਯੰਤਰਣ ਕਰਨ ਦੀਆਂ ਸੇਵਾਵਾਂ ਪ੍ਰਦਾਨ ਕਰਵਾਉਂਦੇ ਹਨ।
ਅਣ-ਅਧਿਕਾਰਿਤ ਪ੍ਰਵੇਸ਼ ਨੂੰ ਅਸੀਂ ਹੇਠਾਂ ਲਿਖੇ ਚਾਰ ਤਰੀਕਿਆਂ ਰਾਹੀਂ ਨਿਯੰਤਰਿਤ ਕਰ ਸਕਦੇ ਹਾਂ:
· ਵਰਤੋਂਕਾਰ ਦਾ ਨਾਮ ਅਤੇ ਪਾਸਵਰਡ (User Name and Password)
· ਪ੍ਰਮਾਣਿਤ ਵਸਤੂ (Processed Object)
· ਜੀਵ ਅੰਕੜਾ ਵਿਗਿਆਨ ਯੰਤਰ (Biometrics Devices)
· ਕਾਲ ਬੈਕ ਸਿਸਟਮ (Call Back System)
ਵਰਤੋਂਕਾਰ ਦਾ ਨਾਮ ਅਤੇ ਪਾਸਵਰਡ
ਵਰਤੋਂਕਾਰ ਦਾ ਨਾਮ ਇਕ ਪਛਾਣ (ਆਈਡੀ) ਹੁੰਦਾ ਹੈ। ਵਰਤੋਂਕਾਰ ਦਾ ਨਾਮ ਕੁਝ ਅੱਖਰਾਂ ਅਤੇ ਨੰਬਰਾਂ ਤੋਂ ਮਿਲ ਕੇ ਬਣਿਆ ਹੋ ਸਕਦਾ ਹੈ। ਵਿਭਿੰਨ ਵਰਤੋਂਕਾਰਾਂ ਦੀ ਵਿਲੱਖਣ ਪਛਾਣ ਲਈ ਯੂਜਰ ਨੇਮ ਦੀ ਵਰਤੋਂ ਕੀਤੀ ਜਾਂਦੀ ਹੈ। ਦੂਜੇ ਪਾਸੇ ਪਾਸਵਰਡ ਇਕ ਗੁਪਤ ਕੋਡ ਹੁੰਦਾ ਹੈ ਜੋ ਸਿਰਫ਼ ਵਰਤੋਂਕਾਰ ਨੂੰ ਹੀ ਪਤਾ ਹੁੰਦਾ ਹੈ। ਪਾਸਵਰਡ ਵਰਤੋਂਕਾਰ ਦੇ ਨਾਮ ਦੀ ਤਰ੍ਹਾਂ ਅੱਖਰਾਂ ਅਤੇ ਅੰਕਾਂ ਤੋਂ ਮਿਲ ਕੇ ਬਣਦਾ ਹੈ। ਵਰਤੋਂਕਾਰ ਦਾ ਨਾਮ ਅਤੇ ਪਾਸਵਰਡ ਦੀ ਸਹੀ ਵਰਤੋਂ ਯੂਜ਼ਰ ਨੂੰ ਕਿਸੇ ਕੰਪਿਊਟਰ ਜਾਂ ਇੰਟਰਨੈਟ ਵਰਤਣ ਦੀ ਪ੍ਰਵਾਨਗੀ ਦਿੰਦੀ ਹੈ।
ਇਕ ਤੋਂ ਵੱਧ ਵਰਤੋਂਕਾਰਾਂ ਵਾਲੇ ਓਪਰੇਟਿੰਗ ਸਿਸਟਮ (ਸੰਚਾਲਨ ਪ੍ਰਣਾਲੀ) ਵਾਲੇ ਕੰਪਿਊਟਰ ਵਿੱਚ ਕੰਮ ਕਰਨ ਲਈ ਤੁਹਾਨੂੰ ਪਹਿਲਾਂ ਵਰਤੋਂਕਾਰ ਦਾ ਨਾਮ ਅਤੇ ਪਾਸਵਰਡ ਦਾਖ਼ਲ ਕਰਨਾ ਪਵੇਗਾ। ਆਪਣੇ ਘਰ ਵਿੱਚ ਰੱਖੇ ਕੰਪਿਊਟਰ ਵਿੱਚ ਜੇਕਰ ਤੁਹਾਨੂੰ ਕਿਸੇ ਦੂਸਰੇ ਵਿਅਕਤੀ ਦੁਆਰਾ ਅੰਕੜਿਆਂ ਦੀ ਛੇੜ-ਛਾੜ ਦਾ ਖ਼ਤਰਾ ਬਣਿਆ ਹੋਇਆ ਹੈ ਤਾਂ ਉਸ ਦੀ ਕੰਟਰੋਲ ਪੈਨਲ > ਯੂਜ਼ਰ ਅਕਾਊਂਟ ਆਪਸ਼ਨ ਰਾਹੀਂ ਯੂਜ਼ਰ ਨੇਮ (ਵਰਤੋਂਕਾਰ ਦਾ ਨਾਮ) ਅਤੇ ਪਾਸਵਰਡ ਨਿਰਧਾਰਿਤ ਕਰ ਲਓ। ਹੁਣ ਪਰਿਵਾਰ ਵਿੱਚ ਜਿਸ ਨੂੰ ਤੁਹਾਡਾ ਪਾਸਵਰਡ ਪਤਾ ਹੋਵੇਗਾ ਉਹੀ ਕੰਪਿਊਟਰ ਚਲਾ ਸਕਦਾ ਹੈ। ਇੱਥੇ ਹੀ ਬਸ ਨਹੀਂ ਸਗੋਂ ਤੁਸੀਂ ਘਰ ਦੇ ਕਿਸੇ ਦੂਸਰੇ ਮੈਂਬਰ ਲਈ ਵੱਖਰੇ ਯੂਜ਼ਰ ਨੇਮ ਅਤੇ ਪਾਸਵਰਡ ਦੀ ਵਿਵਸਥਾ ਵੀ ਕਰ ਸਕਦੇ ਹੋ। ਇਸੇ ਪ੍ਰਕਾਰ ਤੁਸੀਂ ਇੰਟਰਨੈਟ ਚਲਾਉਣ ਲਈ ਵੀ ਯੂਜ਼ਰ ਨੇਮ ਅਤੇ ਪਾਸਵਰਡ ਲਾਗੂ ਕਰ ਸਕਦੇ ਹੋ। ਇਹ ਪ੍ਰਕਿਰਿਆ ਇਸੇ ਪ੍ਰਕਾਰ ਹੁੰਦੀ ਹੈ ਜਿਵੇਂ ਤੁਸੀਂ ਆਪਣੇ ਈ-ਮੇਲ ਪ੍ਰੋਗਰਾਮ ਵਿੱਚ ਪਹੁੰਚਣ ਲਈ ਮੇਲ ਆਈਡੀ ਅਤੇ ਪਾਸਵਰਡ ਭਰਦੇ ਹੋ।
ਪਾਸਵਰਡ ਦੀ ਚੋਣ ਦਾ ਫ਼ੈਸਲਾ ਬੜਾ ਸੋਚ-ਸਮਝ ਕੇ ਕਰਨਾ ਚਾਹੀਦਾ ਹੈ। ਪਾਸਵਰਡ ਵਿੱਚ ਅੱਖਰਾਂ ਦੇ ਨਾਲ-ਨਾਲ ਕੁਝ ਅੰਕਾਂ (ਚਿੰਨ੍ਹਾਂ) ਆਦਿ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਪਾਸਵਰਡ ਇੰਨਾ ਸੌਖਾ ਨਾ ਹੋਵੇ ਕਿ ਇਹ ਹਰ ਕਿਸੇ ਨੂੰ ਪਤਾ ਲਗ ਜਾਵੇ ਤੇ ਇੰਨਾ ਔਖਾ ਵੀ ਨਾ ਹੋਵੇ ਕਿ ਇਸ ਨੂੰ ਤੁਸੀਂ ਖ਼ੁਦ ਵੀ ਭੁੱਲ ਜਾਵੋ। ਜੇਕਰ ਤੁਸੀਂ ਚਾਹੁੰਦੇ ਹੋ ਕਿ ਪਾਸਵਰਡ ਔਖਾ ਵੀ ਹੋਵੇ ਤੇ ਚੇਤਾ ਵੀ ਨਾ ਭੁੱਲੇ ਤਾਂ ਆਪਣੇ ਨਾਮ, ਪਿਤਾ ਦਾ ਨਾਮ, ਟੈਲੀਫੋਨ/ਮੋਬਾਈਲ ਨੰਬਰ ਦੇ ਕੁਝ ਅੱਖਰਾਂ/ਅੰਕਾਂ ਨੂੰ ਮਿਲਾ ਕੇ ਪਾਸਵਰਡ ਬਣਾ ਲਓ। ਪਾਸਵਰਡ ਨੂੰ ਕਦੇ-ਕਦਾਈਂ ਬਦਲਦੇ ਵੀ ਰਹਿਣਾ ਚਾਹੀਦਾ ਹੈ।
ਪ੍ਰਮਾਣਿਤ ਵਸਤੂ
ਬੈਂਕ ਤੋਂ ਪੈਸੇ ਕਢਵਾਉਣ ਲਈ ਅਸੀਂ ਏਟੀਐਮ ਸੁਵਿਧਾ ਦੀ ਵਰਤੋਂ ਕਰਦੇ ਹਾਂ। ਏਟੀਐਮ (ਮਸ਼ੀਨ) ਰਾਹੀਂ ਆਪਣੇ ਖਾਤੇ ਤੱਕ ਪਹੁੰਚਣ ਲਈ ਅਸੀਂ ਬੈਂਕ ਤੋਂ ਮਿਲੇ ਕਾਰਡ (ਏਟੀਐਮ ਕਾਰਡ) ਅਤੇ ਪਾਸਵਰਡ ਦੀ ਵਰਤੋਂ ਕਰਦੇ ਹਾਂ। ਇੱਥੇ ਏਟੀਐਮ ਕਾਰਡ ਇਕ ਪ੍ਰਮਾਣਿਤ ਵਸਤੂ ਹੈ।
ਅਣ-ਅਧਿਕਾਰਿਤ ਪਹੁੰਚ ਨੂੰ ਨਕੇਲ ਪਾਉਣ ਲਈ ਅਧਿਕਾਰਿਤ ਵਿਅਕਤੀਆਂ ਨੂੰ ਕੋਈ ਪ੍ਰਮਾਣਿਤ ਵਸਤੂ ਜਿਵੇਂ ਕਿ ਕਾਰਡ ਆਦਿ ਨਾਲ ਪਾਸਵਰਡ ਜਾਰੀ ਕੀਤਾ ਜਾਂਦਾ ਹੈ। ਉਪਰਲੇ ਤਰੀਕੇ (ਯੂਜ਼ਰ ਨੇਮ ਅਤੇ ਪਾਸਵਰਡ) ਨਾਲੋਂ ਇਹ ਤਰੀਕਾ ਵਧੇਰੇ ਭਰੋਸੇਯੋਗ ਮੰਨਿਆ ਗਿਆ ਹੈ। ਜੇਕਰ ਤੁਹਾਡਾ ਏਟੀਐਮ ਕਾਰਡ ਕਿਧਰੇ ਚੋਰੀ ਵੀ ਹੋ ਜਾਵੇ ਤਾਂ ਤੁਹਾਡਾ ਪਾਸਵਰਡ ਸੁਰੱਖਿਅਤ ਰਹਿੰਦਾ ਹੈ। ਇਸ ਤਰੀਕੇ ਰਾਹੀਂ ਅਣ-ਅਧਿਕਾਰਿਤ ਦਾਖ਼ਲੇ ਤੋਂ ਕਾਫ਼ੀ ਹੱਦ ਤੱਕ ਬਚਿਆ ਜਾ ਸਕਦਾ ਹੈ।
ਜੀਵ ਅੰਕੜਾ ਵਿਗਿਆਨ ਯੰਤਰ
ਜੀਵ ਅੰਕੜਾ ਵਿਗਿਆਨ ਯੰਤਰ ਜਾਂ ਬਾਇਓਮੀਟ੍ਰਿਕ ਡਿਵਾਈਸ ਦੀ ਵਰਤੋਂ ਕਿਸੇ ਵਿਅਕਤੀ ਦੀਆਂ ਨਿੱਜੀ ਵਿਸ਼ੇਸ਼ਤਾਵਾਂ ਦੀ ਪਛਾਣ ਕਰਨ ਲਈ ਕੀਤੀ ਜਾਂਦੀ ਹੈ। ਇਹਨਾਂ ਯੰਤਰਾਂ ਦੀ ਮਦਦ ਨਾਲ ਵਰਤੋਂਕਾਰ (ਯੂਜ਼ਰ) ਦਾ ਫਿੰਗਰਜ਼ ਪ੍ਰਿੰਟ, ਹੱਥਾਂ ਦੀ ਬਨਾਵਟ, ਆਵਾਜ਼, ਦਸਤਖ਼ਤ ਅਤੇ ਅੱਖਾਂ ਦੇ ਰੈਟੀਨੇ ਵਾਲੇ ਹਿਸੇ ਦਾ (ਸਕੈਨਿੰਗ ਰਾਹੀਂ) ਨਮੂਨਾ ਲੈ ਕੇ ਪਛਾਣ ਕੀਤੀ ਜਾਂਦੀ ਹੈ ਕਿ ਸਬੰਧਿਤ ਵਿਅਕਤੀ ਅਸਲ ਵਰਤੋਂਕਾਰ ਹੈ ਜਾਂ ਅਣ-ਅਧਿਕਾਰਿਤ ਵਿਅਕਤੀ ਹੈ। ਵਰਤਮਾਨ ਸਮੇਂ 'ਚ ਫਿੰਗਰ ਪ੍ਰਿੰਟ ਸਕੈਨਰ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਯੰਤਰ ਹੈ।
ਹੱਥਾਂ ਦੀ ਬਨਾਵਟ ਨੂੰ ਪਛਾਣ ਕੇ ਤਸਦੀਕ ਕਰਨ ਵਾਲਾ ਯੰਤਰ ਵਿਅਕਤੀ ਦੇ ਹੱਥ ਦੀ ਤਸਵੀਰ ਅਤੇ ਅਕਾਰ ਨੂੰ ਨਾਪ ਸਕਦਾ ਹੈ। ਇਸ ਪ੍ਰਣਾਲੀ ਦੀ ਵਰਤੋਂ ਵੱਡੀਆਂ ਕੰਪਨੀਆਂ ਮੁਲਾਜ਼ਮਾਂ ਦੀ ਹਾਜ਼ਰੀ ਲਗਾਉਣ ਵਾਲੀ ਮਸ਼ੀਨ ਦੇ ਰੂਪ ਵਿੱਚ ਕਰਦੀਆਂ ਹਨ।
ਕੁਝ ਕੰਪਿਊਟਰ ਯੰਤਰਾਂ ਵਿੱਚ ਵੱਖ-ਵੱਖ ਵਿਅਕਤੀਆਂ ਦੇ ਚਿਹਰਿਆਂ ਦੀਆਂ ਫੋਟੋਆਂ ਨੂੰ ਸਾਂਭਿਆ ਜਾਂਦਾ ਹੈ। ਚਿਹਰੇ ਪਛਾਣਨ ਵਾਲੀ ਮਸ਼ੀਨ ਚਿਹਰੇ ਨੂੰ ਪੜ੍ਹਦੀ ਹੈ ਤੇ ਉਸ ਦੀ ਤੁਲਨਾ ਆਪਣੀ ਯਾਦਦਾਸ਼ਤ ਵਿੱਚ ਸਟੋਰ ਪਈ ਤਸਵੀਰ ਨਾਲ ਕਰਦੀ ਹੈ। ਜੇਕਰ ਤਸਵੀਰ ਦਾ ਸਹੀ ਮਿਲਾਣ ਹੋ ਜਾਵੇ ਤਾਂ ਮਸ਼ੀਨ ਉਸ ਵਿਅਕਤੀ ਨੂੰ ਅਧਿਕਾਰਿਤ ਜਾਂ ਸਹੀ ਵਰਤੋਂਕਾਰ ਘੋਸ਼ਿਤ ਕਰ ਦਿੰਦੀ ਹੈ ਤੇ ਉਹ ਉਸ ਕੰਪਿਊਟਰ/ਨੈੱਟਵਰਕ ਆਦਿ ਨੂੰ ਵਰਤਣ ਦੇ ਕਾਬਲ ਹੋ ਜਾਂਦਾ ਹੈ।
ਕਈ ਨੋਟ-ਬੁੱਕ ਕੰਪਿਊਟਰਾਂ ਵਿੱਚ ਅਜਿਹੀ ਤਕਨੀਕ ਵਰਤੀ ਜਾਂਦੀ ਹੈ। ਅਜਿਹੇ ਕੰਪਿਊਟਰ ਓਨੀ ਦੇਰ ਬੂਟ ਨਹੀਂ ਹੁੰਦੇ ਜਿੰਨੀ ਦੇਰ ਉਹਨਾਂ ਨੂੰ ਅਧਿਕਾਰਿਤ ਵਰਤੋਂਕਾਰ ਨਾ ਚਲਾਏ। ਇਹ ਯੰਤਰ ਤੁਹਾਡੇ ਚਿਹਰੇ ਨੂੰ ਐਨਕ ਜਾਂ ਬਿਨਾਂ ਐਨਕ ਦੇ, ਮੇਕਅਪ ਜਾਂ ਗਹਿਣੇ-ਗੱਟੇ ਪਾ ਕੇ ਅਤੇ ਇੱਥੋਂ ਤੱਕ ਕਿ ਵਾਲਾਂ ਦੇ ਬਦਲੇ ਹੋਏ ਸਟਾਈਲ ਵਿੱਚ ਵੀ ਪਛਾਣ ਸਕਦੇ ਹਨ।
ਅਵਾਜ਼ ਪਛਾਣ ਪ੍ਰਣਾਲੀ ਵਿਅਕਤੀ ਦੀ ਆਵਾਜ਼ ਨੂੰ ਆਪਣੇ ਅੰਦਰ ਨਮੂਨੇ ਵਜੋਂ ਸਟੋਰ ਕੀਤੀ ਆਵਾਜ਼ ਨਾਲ ਮਿਲਾਉਂਦੀ ਹੈ। ਇਹਨਾਂ ਯੰਤਰਾਂ ਦੀ ਵਰਤੋਂ ਕਈ ਅਦਾਰੇ ਹਾਜ਼ਰੀ ਲਗਾਉਣ ਆਦਿ ਦੇ ਕੰਮਾਂ ਲਈ ਕਰਦੇ ਹਨ। ਇਸੇ ਪ੍ਰਕਾਰ ਤੁਹਾਡੇ ਦਸਤਖ਼ਤਾਂ ਨੂੰ ਪਛਾਣਨ ਵਾਲੇ ਯੰਤਰ ਵੀ ਆਮ ਵਰਤੇ ਜਾਣ ਲਗ ਪਏ ਹਨ। ਦਸਤਖ਼ਤ ਪਛਾਣ ਪ੍ਰਣਾਲੀ ਵਿੱਚ ਇਕ ਖ਼ਾਸ ਕਿਸਮ ਦੇ ਟੈਬਲੇਟ ਅਤੇ ਪੈੱਨ ਦਾ ਪ੍ਰਯੋਗ ਕੀਤਾ ਜਾਂਦਾ ਹੈ। ਇਹ ਪ੍ਰਣਾਲੀ ਪੈੱਨ ਦੇ ਦਬਾਅ ਅਤੇ ਰਫ਼ਤਾਰ ਆਦਿ ਨੂੰ ਵੀ ਪਛਾਣ ਲੈਂਦੀ ਹੈ।
ਬਹੁਤ ਹੀ ਸਖ਼ਤ ਸੁਰੱਖਿਆ ਵਾਲੇ ਖੇਤਰਾਂ ਵਿੱਚ ਇਕ ਵਿਲੱਖਣ ਪ੍ਰਣਾਲੀ ਵਰਤੀ ਜਾਂਦੀ ਹੈ। ਇਹ ਪ੍ਰਣਾਲੀ ਸਾਡੀਆਂ ਅੱਖਾਂ ਦੇ ਰੈਟੀਨੇ ਨੂੰ ਪੜ੍ਹ ਲੈਂਦੀ ਹੈ ਤੇ ਉਸ ਦਾ ਮਿਲਾਣ ਆਪਣੇ ਵਿੱਚ ਪਹਿਲਾਂ ਤੋਂ ਭਰੀ ਸੂਚਨਾ ਨਾਲ ਕਰਦੀ ਹੈ। ਇਸ ਪ੍ਰਣਾਲੀ ਵਿੱਚ ਅੱਖਾਂ ਦੇ ਪਿਛੇ ਦੀਆਂ ਬਿਲਕੁਲ ਬਾਰੀਕ ਲਹੂ-ਵਹਿਣੀਆਂ ਦੀ ਪਛਾਣ ਕੀਤੀ ਜਾਂਦੀ ਹੈ ਜੋ ਕਿ ਅਲੱਗ-ਅਲੱਗ ਵਿਅਕਤੀਆਂ ਦੀਆਂ (ਫਿੰਗਰਜ਼ ਪ੍ਰਿੰਟ ਦੀ ਤਰ੍ਹਾਂ) ਅਲੱਗ-ਅਲੱਗ ਹੁੰਦੀਆਂ ਹਨ। ਇਸ ਦੀ ਵਰਤੋਂ ਬਹੁਤ ਹੀ ਸੰਵੇਦਨਸ਼ੀਲ ਅੰਕੜੇ ਸਟੋਰ ਕਰਨ ਵਾਲੇ ਸਰਕਾਰੀ ਅਦਾਰੇ ਜਿਵੇਂ ਕਿ ਫ਼ੌਜ, ਸੁਰੱਖਿਆ ਅਤੇ ਵਿੱਤੀ ਸੰਸਥਾਨ ਆਦਿ ਵਿੱਚ ਕੀਤੀ ਜਾਂਦੀ ਹੈ। ਸਾਡੇ ਦੇਸ਼ ਵਿੱਚ ਅਧਾਰ ਕਾਰਡ ਬਣਾਉਣ ਲਈ ਵੀ ਇਸ ਤਕਨੀਕ ਦੀ ਵਰਤੋਂ ਕੀਤੀ ਜਾ ਰਹੀ ਹੈ।
ਕਾਲ ਬੈਕ ਪ੍ਰਣਾਲੀ
ਇਹ ਅਣ ਅਧਿਕਾਰਿਤ ਪ੍ਰਵੇਸ਼ ਤੋਂ ਬਚਾਅ ਦੀ ਇਕ ਮਹੱਤਵਪੂਰਨ ਪ੍ਰਣਾਲੀ ਹੈ। ਇਸ ਰਾਹੀਂ ਤੁਸੀਂ ਕਿਸੇ ਕੰਪਿਊਟਰ ਜਾਂ ਨੈੱਟਵਰਕ ਨਾਲ ਸਿਰਫ਼ ਉਦੋਂ ਹੀ ਜੁੜ ਸਕਦੇ ਹੋ ਜਦੋਂ ਤੁਸੀਂ ਪਹਿਲਾਂ ਤੋਂ ਹੀ ਦਿੱਤੇ ਟੈਲੀਫੋਨ ਨੰਬਰ ਉੱਤੇ ਕਾਲ ਕਰਦੇ ਹੋ। ਕਾਲ ਕਰਦੇ ਸਮੇਂ ਵਰਤੋਂਕਾਰ ਆਪਣਾ ਯੂਜ਼ਰ ਨੇਮ ਅਤੇ ਪਾਸਵਰਡ ਦਾਖ਼ਲ ਕਰਦਾ ਹੈ। ਜੇਕਰ ਇਹ ਸਹੀ ਹੋਵੇ ਤਾਂ ਕੰਪਿਊਟਰ ਤੁਹਾਨੂੰ ਵਾਪਿਸ (ਬੈਕ) ਕਾਲ ਕਰਦਾ ਹੈ ਤੇ ਕੰਪਿਊਟਰ ਵਰਤਣ ਲਈ ਨਿਰਦੇਸ਼ ਦਿੰਦਾ ਹੈ। ਇਸ ਪ੍ਰਕਾਰ ਅਸੀਂ ਦੇਖਦੇ ਹਾਂ ਕਿ ਕਾਲ ਬੈਕ ਪ੍ਰਣਾਲੀ ਸੁਰੱਖਿਆ ਦਾ ਪੁਖਤਾ ਇੰਤਜਾਮ ਮੁਹੱਈਆ ਕਰਵਾਉਂਦੀ ਹੈ। ਕਾਲ ਬੈਕ ਪ੍ਰਣਾਲੀ ਉਹਨਾਂ ਲੋਕਾਂ ਲਈ ਫ਼ਾਇਦੇਮੰਦ ਸਮਝੀ ਜਾਂਦੀ ਹੈ ਜੋ ਕਿਸੇ ਸੁੰਦਰ ਥਾਂ ਉੱਤੇ ਘਰ ਜਾਂ ਦਫ਼ਤਰ ਨਾਲ ਜੁੜ ਕੇ ਕੰਮ ਕਰਨਾ ਚਾਹੁੰਦੇ ਹਨ।
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 922, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First