ਅਨੰਦੁ (ਬਾਣੀ) ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਅਨੰਦੁ (ਬਾਣੀ): ਗੁਰੂ ਗ੍ਰੰਥ ਸਾਹਿਬ ਦੇ ਰਾਮਕਲੀ ਰਾਗ ਵਿਚ ਦਰਜ ਵੱਡੇ ਆਕਾਰ ਦੀ ਇਕ ਬਾਣੀ ਜਿਸ ਦਾ ਗੁਰੂ ਅਮਰਦਾਸ ਜੀ ਦੀ ਬਾਣੀ ਵਿਚ ਉਸੇ ਤਰ੍ਹਾਂ ਦਾ ਮਹੱਤਵ ਹੈ ਜਿਸ ਤਰ੍ਹਾਂ ਦਾ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚ ‘ਜਪੁਜੀ ’ ਦਾ ਅਤੇ ਗੁਰੂ ਅਰਜਨ ਦੇਵ ਜੀ ਦੀ ਬਾਣੀ ਵਿਚ ‘ਸੁਖਮਨੀ ’ ਦਾ ਹੈ। ਸਿੱਖ-ਧਰਮ ਦੇ ਸਾਰੇ ਮਾਂਗਲਿਕ ਅਤੇ ਧਾਰਮਿਕ ਅਨੁਸ਼ਠਾਨਾਂ ਅਤੇ ਮ੍ਰਿਤੂ ਸੰਬੰਧੀ ਕੀਤੇ ਜਾਣ ਵਾਲੇ ਕਰਮਾਂ/ਸੰਸਕਾਰਾਂ ਦੇ ਅਵਸਰ’ਤੇ ਇਸ ਬਾਣੀ ਦੇ ਸੰਖਿਪਤ ਰੂਪ (ਪਹਿਲੀਆਂ ਪੰਜ ਪਉੜੀਆਂ ਅਤੇ ਆਖੀਰਲੀ ਪਉੜੀ) ਦਾ ਕੀਰਤਨ ਜਾਂ ਪਠਨ-ਪਾਠਨ ਕੀਤਾ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਇਸ ਨੂੰ ਅੰਮ੍ਰਿਤ-ਸੰਚਾਰ ਦੇ ਸਮੇਂ ਪੜ੍ਹੀਆਂ ਜਾਣ ਵਾਲੀਆਂ ਪੰਜ ਬਾਣੀਆਂ ਵਿਚ ਵੀ ਸ਼ਾਮਲ ਕੀਤਾ ਸੀ। ਨਿੱਤ-ਨੇਮ ਦੀਆਂ ਬਾਣੀਆਂ ਵਿਚ ਵੀ ਇਸ ਦਾ ਪਾਠ ਕੀਤਾ ਜਾਂਦਾ ਹੈ। ਸ਼ਾਮ ਨੂੰ ਸੰਧਿਆ ਵੇਲੇ ਸਿੱਖ- ਸਾਧਕਾਂ ਦੁਆਰਾ ਪੜ੍ਹੀ ਜਾਣ ਵਾਲੀ ‘ਰਹਿਰਾਸ ’ ਵਿਚ ਵੀ ਇਸ ਬਾਣੀ ਦਾ ਸੰਖਿਪਤ ਰੂਪ ਸ਼ਾਮਲ ਹੈ।
ਇਸ ਰਚਨਾ ਵਿਚ ਕੋਈ ਅਜਿਹਾ ਅੰਦਰਲਾ ਪ੍ਰਮਾਣ ਉਪਲਬਧ ਨਹੀਂ ਜਿਸ ਦੇ ਆਧਾਰ’ਤੇ ਇਸ ਦੀ ਰਚਨਾ-ਪ੍ਰੇਰਣਾ ਅਤੇ ਰਚਨਾ-ਕਾਲ ਬਾਰੇ ਕੋਈ ਅਧਿਕਾਰੀ ਗੱਲ ਕਹੀ ਜਾ ਸਕੇ। ਰਵਾਇਤ ਅਨੁਸਾਰ ਗੁਰੂ ਜੀ ਨੇ ਇਸ ਦੀ ਰਚਨਾ ਆਪਣੇ ਪੋਤਰੇ (ਬਾਬਾ ਮੋਹਰੀ ਦੇ ਪੁੱਤਰ) ‘ਅਨੰਦ ’ ਦੀ ਪੈਦਾਇਸ਼ ਵੇਲੇ ਸੰਨ 1554 ਈ. (ਸੰ. 1611 ਬਿ.) ਵਿਚ ਕੀਤੀ ਸੀ। ‘ਗੋਸਟਿ ਗੁਰੂ ਅਮਰਦਾਸ’ (ਨੰ.24) ਅਨੁਸਾਰ ਇਕ ਦਿਨ ਗੁਰੂ ਜੀ ਗੋਇੰਦਵਾਲ ਬੈਠੇ ਸਨ ਤਾਂ ਉਨ੍ਹਾਂ ਨੂੰ ਇਸਤਰੀਆਂ ਦੇ ਗਾਉਣ ਦੀ ਆਵਾਜ਼ ਆਈ। ਪੁਛਣ ਤੇ ਪਤਾ ਲਗਾ ਕਿ ਮੋਹਰੀ ਦੇ ਘਰ ਪੁੱਤਰ ਪੈਦਾ ਹੋਇਆ ਹੈ। ਇਸ ਕਾਰਣ ਇਸਤਰੀਆਂ ‘ਰਣ ਝੁਝਟੜਾ ਮੇਰੀ ਮਾਏ’ ਗਾ ਰਹੀਆਂ ਹਨ — ਤਬ ਗੁਰੂ ਅਮਰਦਾਸਿ ਕਹਿਆ ਜਿ ਬਚਾ ਰਣ ਝੁਝਟੜਾ ਕਵਣ ਹੈ। ਕਹੈ ਜਿ ਇਵ ਵੀ ਜਾਣਦੇ ਪਰੁ ਜਿਥੇ ਸਾਦੀ ਆਨੰਦ ਹੋਦਾ ਤਿਥੈ ਏਹੋ ਰਣ ਝੁਝਟੜਾ ਹੀ ਗਾਵਦੀਆਂ ਹੈਨਿ ਬਾਲਕਿ ਜਮਿਐ ਹੋਇਐ। ਤਬ ਗੁਰੂ ਕਹਿਆ ਜਿ ਬਚਾ ਜਿਨਿ ਏਹੁ ਭੇਜਿਆ ਹੈ ਉਸ ਦਾ ਆਨੰਦ ਗਾਵੀਐ ਜਿਸ ਦਾ ਆਨੰਦੋ ਹੀ ਆਨੰਦੁ ਹੋਇ ਰਹੇ।
ਇਸ ਉਥਾਨਿਕਾ ਤੋਂ ਸਪੱਸ਼ਟ ਹੈ ਕਿ ਪੋਤਰੇ ਦੇ ਜਨਮ ਦੀ ਖ਼ੁਸ਼ੀ ਨੂੰ ਕਿਸੇ ਅਲੌਕਿਕ ਖ਼ੁਸ਼ੀ ਨਾਲ ਸਮਨਵਿਤ ਕਰਕੇ ਗੁਰੂ ਜੀ ਨੇ ਅਦ੍ਵੈਤ-ਸਾਧਨਾ ਦੇ ਸੰਦਰਭ ਵਿਚ ‘ਜਗਤ ਜਲਿੰਦੇ’ ਨੂੰ ਸ਼ੀਤਲ ਕਰਨ ਦੀ ਜੁਗਤ ਦਾ ਪਰਿਚਯ ਦੇ ਕੇ ਬਾਣੀ-ਸਾਹਿਤ ਨੂੰ ਇਕ ਅਦੁੱਤੀ ਦੇਣ ਦਿੱਤੀ ਹੈ।
ਇਸ ਰਚਨਾ ਵਿਚ ਕੁਲ 40 ਪਉੜੀਆਂ ਹਨ ਜਿਨ੍ਹਾਂ ਵਿਚ, ਕਹਿੰਦੇ ਹਨ, 39ਵੀਂ ਪਉੜੀ ਚੌਥੇ ਗੁਰੂ ਦੀ ਅਤੇ 40ਵੀਂ ਪਉੜੀ ਪੰਚਮ ਗੁਰੂ ਦੀ ਰਚੀ ਹੈ। ਪਰ ਇਥੇ ਧਿਆਨਯੋਗ ਗੱਲ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਦਾ ਸੰਪਾਦਨ ਕਰਨ ਵੇਲੇ ਗੁਰੂ ਅਰਜਨ ਦੇਵ ਜੀ ਨੇ ਆਪਣੇ ਰਚੇ ਜੋ ਸ਼ਬਦ/ਸ਼ਲੋਕ ਕਿਸੇ ਹੋਰ ਬਾਣੀਕਾਰ ਦੀ ਰਚਨਾ ਵਿਚ ਜਿਥੇ ਕਿਥੇ ਸ਼ਾਮਲ ਕੀਤੇ ਸਨ, ਉਥੇ ਉਸ ਤੱਥ ਸੰਬੰਧੀ ਆਵੱਸ਼ਕ ਜਾਣਕਾਰੀ ਆਰੰਭ ਵਿਚ ਹੀ ਦੇ ਦਿੱਤੀ ਸੀ, ਜਿਵੇਂ ਮਲਾਰ ਰਾਗ ਵਿਚ ਸੰਕਲਿਤ ਗੁਰੂ ਨਾਨਕ ਦੇਵ ਜੀ ਰਚਿਤ ਵਾਰ ਦੀ 28ਵੀਂ ਪਉੜੀ ਪੰਜਵੇਂ ਗੁਰੂ ਦੀ ਲਿਖੀ ਹੋਣ ਕਾਰਣ ਉਸ ਸੰਬੰਧੀ ਆਰੰਭ ਵਿਚ ਸੰਕੇਤ ਕਰ ਦਿੱਤਾ ਗਿਆ ਹੈ — ਪਉੜੀ ਨਵੀ ਮ.੫। ਇਸ ਤੱਥ ਦੇ ਪ੍ਰਕਾਸ਼ ਵਿਚ ‘ਅਨੰਦੁ’ ਬਾਣੀ ਵਿਚਲੀਆਂ ਸਾਰੀਆਂ ਪਉੜੀਆਂ ਗੁਰੂ ਅਮਰਦਾਸ ਜੀ ਦੀਆਂ ਰਚੀਆਂ ਸਿੱਧ ਹੁੰਦੀਆਂ ਹਨ।
‘ਅਨੰਦੁ’ ਦੀ ਪਹਿਲੀ ਪਉੜੀ ਵਿਚ ਸਤਿਗੁਰੂ ਦੇ ਮੇਲ ਦੀ ਖ਼ੁਸ਼ੀ ਪ੍ਰਗਟ ਕੀਤੀ ਗਈ ਹੈ। ਦੂਜੀ ਵਿਚ ਖ਼ੁਸ਼ੀ ਦੇਣ ਵਾਲੇ ਸਮਰਥ ਹਰਿ ਦੇ ਸਦਾ ਨਾਲ ਰਹਿਣ ਲਈ ਮਨ ਨੂੰ ਸਾਵਧਾਨ ਕੀਤਾ ਗਿਆ ਹੈ। ਤੀਜੀ ਵਿਚ ਪਰਮਾਤਮਾ ਨਾਲ ਮੇਲ ਕਰਾਉਣ ਵਾਲੇ ਗੁਣਾਂ ਦੀ ਬਖ਼ਸ਼ਿਸ਼ ਲਈ ਅਰਜ਼ੋਈ ਕੀਤੀ ਗਈ ਹੈ। ਚੌਥੀ ਵਿਚ ਸੰਤ-ਜਨਾਂ ਨੂੰ ਸ਼ਬਦ ਵਿਚ ਲੀਨ ਰਹਿਣ ਦੀ ਸਲਾਹ ਦਰਜ ਹੈ। ਪੰਜਵੀਂ ਵਿਚ ਨਾਮ ਜਪਣ ਦੀ ਦਾਤ ਭਾਗਾਂ ਵਾਲਿਆਂ ਨੂੰ ਧੁਰ ਦਰਗਾਹੋਂ ਮਿਲਣੀ ਦਸੀ ਗਈ ਹੈ। ਅਗਲੀਆਂ ਪਉੜੀਆਂ ਵਿਚ ਆਨੰਦ-ਪੂਰਵਕ ਜੀਉਣ ਦੀ ਵਿਧੀ ਜਾਂ ਨਾਮ ਦੀ ਪ੍ਰਾਪਤ ਦੀ ਜੁਗਤ (ਆਨੰਦ-ਸਿੱਧਾਂਤ) ਸਪੱਸ਼ਟ ਕੀਤੀ ਗਈ ਹੈ। ਇਸ ਜੁਗਤ ਵਿਚ ਤਨ-ਮਨ ਸਭ ਕੁਝ ਕਾਰਜ-ਸ਼ੀਲ ਹੋਣਾ ਚਾਹੀਦਾ ਹੈ। ਸੱਚਾ ਆਨੰਦ ਪੂਰਣ ਰੂਪ ਵਿਚ ਬ੍ਰਹਮ-ਲੀਨਤਾ ਦੀ ਅਵਸਥਾ ਹੈ। ਇਹ ਨਾਮ- ਸਾਧਨਾ ਦਾ ਸਿਖਰ ਹੈ ਅਤੇ ਇਹੀ ਗੁਰੂ ਅਮਰਦਾਸ ਜੀ ਦੀ ਆਨੰਦਵਾਦੀ ਭਗਤੀ ਦਾ ਧੁਰਾ ਹੈ।
ਇਹ ਇਕ ਰੂਪਕਾਤਮਕ ਰਚਨਾ ਹੈ। ਇਸ ਵਿਚ ਮਨੁੱਖ ਇਕ ਵਣਜਾਰਾ ਹੈ ਜਿਸ ਨੇ ਸੰਸਾਰ ਰੂਪੀ ਬੀਹੜ ਵਿਚੋਂ ਲਿੰਘਣਾ ਹੈ। ਇਸ ਮਾਰਗ ਉਤੇ ਅਨੇਕ ਪ੍ਰਕਾਰ ਦੀਆਂ ਵਿਰੋਧੀ ਸ਼ਕਤੀਆਂ ਦਾ ਜਮਘਟ ਹੈ। ਭੈ-ਭੀਤ ਜਿਗਿਆਸੂ ਦਾ ਉਤਸਾਹ ਵਧਾਉਣ ਲਈ ਗੁਰੂ ਦਾ ਸ਼ਬਦ ਇਕ ਮਹੱਤਵਪੂਰਣ ਅਤੇ ਵਿਸ਼ਵਸਤ ਤੱਤ੍ਵ ਹੈ। ਇਸ ‘ਸ਼ਬਦ’ ਦੀ ਅਗਵਾਈ ਵਿਚ ਮਨੁੱਖ ਆਪਣੇ ਮੰਤਵ, ਅਰਥਾਤ ਬ੍ਰਹਮ-ਪ੍ਰਾਪਤੀ ਵਿਚ ਸਿੱਧੀ ਪ੍ਰਾਪਤ ਕਰਦਾ ਹੈ। ਇਸ ਤਰ੍ਹਾਂ ‘ਮਿੱਟੀ ਦਾ ਪੁਤਲਾ ’ ਵਿਸ਼ੇ-ਵਾਸਨਾਵਾਂ ਦਾ ਦਮਨ ਕਰਦਾ ਹੋਇਆ ਗੁਰੂ ਦੀ ਬਾਣੀ ਵਿਚ ਲੀਨ ਰਹਿ ਕੇ ਲੌਕਿਕਤਾ ਵਿਚ ਹੀ ਅਲੌਕਿਕ ਤੱਤ੍ਵ ਅਥਵਾ ਆਨੰਦ ਨੂੰ ਪ੍ਰਾਪਤ ਕਰ ਲੈਂਦਾ ਹੈ।
ਧਰਤੀ ਦਾ ਆਕਾਸ਼ ਨਾਲ, ਭੌਤਿਕਤਾ ਦਾ ਅਧਿਆਤਮਿਕਤਾ ਨਾਲ, ਆਤਮਾ ਦਾ ਪਰਮਾਤਮਾ ਨਾਲ ਨਾਤਾ ਜੋੜਨ ਲਈ ਇਸ ਰਚਨਾ ਵਿਚ ਮਹੱਤਵਪੂਰਣ ਭੂਮਿਕਾ ਪੇਸ਼ ਕੀਤੀ ਗਈ ਹੈ। ਅਸਲ ਵਿਚ, ਜਿਗਿਆਸੂ ਨੂੰ ਧਰਤੀ ਤੋਂ ਬੈਕੁੰਠ ਤਕ ਪਹੁੰਚਾਉਣ ਵਿਚ ਸਹਾਇਕ ਰੂਪ ਵਿਚ ਪ੍ਰਸਤੁਤ ਹੋਣ ਵਾਲੀ ਇਹ ਰਚਨਾ ਇਕ ਸੀੜ੍ਹੀ ਹੈ ਅਤੇ ਇਹੀ ਇਸ ਦੀ ਰੂਪਕਾਤਮਕਤਾ ਹੈ। ਇਸ ਦਾ ਆਰੰਭ ਬੜੇ ਉਤਸਾਹਪੂਰਵਕ ਢੰਗ ਨਾਲ ਹੋਇਆ ਹੈ। ਸ਼ੁਰੂ ਵਿਚ ਹੀ ‘ਅਨੰਦ ਭਇਆ ਮੇਰੀ ਮਾਏ’ ਕਹਿ ਦੇਣ ਨਾਲ ਜਿਗਿਆਸੂ ਇਕਦਮ ਆਕਰਸ਼ਿਤ ਹੋ ਜਾਂਦਾ ਹੈ। ਇਸ ਰਚਨਾ ਦਾ ਅੰਤ ਵੀ ਬੜਾ ਨਾਟਕੀ ਹੈ। ਅੰਤਿਮ ਪਉੜੀ ਵਿਚ ਇਸ ਦੇ ਮਹਾਤਮ ਵਲ ਸੰਕੇਤ ਕਰਦਿਆਂ ਗੁਰੂ ਜੀ ਨੇ ‘ਆਨੰਦ’ ਨੂੰ ਸਰਬ ਪ੍ਰਮੁਖ ਉਪਲਬਧੀ ਦਸਿਆ ਹੈ। ਜਿਗਿਆਸੂ ਨੂੰ ਸਮਝਾਉਣ ਲਈ ਬੜੀ ਕਲਾਤਮਕਤਾ ਨਾਲ ਸ਼ਰੀਰਿਕ ਅੰਗਾਂ , ਵਖ ਵਖ ਮਤਾਂ ਦੇ ਧਰਮ-ਸਾਧਕਾਂ ਅਤੇ ਜਨ- ਸਾਧਾਰਣ ਨੂੰ ਸੰਬੋਧਿਤ ਕੀਤਾ ਗਿਆ ਹੈ। ਇਸ ਤਰ੍ਹਾਂ ਪਰੰਪਰਾਗਤ ਆਨੰਦਵਾਦੀ ਸਿੱਧਾਂਤ ਨੂੰ ਮੱਧ-ਯੁਗ ਦੀਆਂ ਪਰਿਸਥਿਤੀਆਂ ਦੇ ਅਨੁਰੂਪ ਨਵਾਂ ਪਰਿਵੇਸ਼ ਪ੍ਰਦਾਨ ਕੀਤਾ ਗਿਆ ਹੈ।
ਸਹਿਜ ਅਲਿੰਕਾਰ-ਯੋਜਨਾ ਇਸ ਰਚਨਾ ਦੀ ਕਲਾਤਮਕ ਵਿਸ਼ੇਸ਼ਤਾ ਹੈ। ਰਾਮਕਲੀ ਰਾਗ ਵਿਚ ਰਚੇ ਹੋਣ ਕਾਰਣ ਗੁਰਬਾਣੀ ਦੇ ਹੋਰ ਸ਼ਬਦਾਂ/ਸ਼ਲੋਕਾਂ ਵਾਂਗ ਇਸ ਵਿਚ ਰਾਗ ਨੂੰ ਵਿਸ਼ੇਸ਼ ਮਹੱਤਵ ਦਿੱਤਾ ਗਿਆ ਹੈ ਅਤੇ ਛੰਦ ਨੂੰ ਗੌਣ ਸਥਾਨ ਮਿਲਿਆ ਹੈ। ਇਸ ਲਈ ਛੰਦ-ਗਤ ਲਯਬੱਧਤਾ ਰਾਗਾਤਮਕ ਆਵੱਸ਼ਕਤਾ ਹੈ। ਇਸ ਵਿਚਲੀਆਂ 40 ਪਉੜੀਆਂ ਵਿਚੋਂ 33 ਪੰਜ ਪੰਜ ਪੰਕਤੀਆਂ ਦੀਆਂ ਹਨ ਅਤੇ ਬਾਕੀ ਸੱਤ ਪਉੜੀਆਂ ਛੇ ਛੇ ਤੁਕਾਂ ਦੀਆਂ ਹਨ। ਪੰਕਤੀਆਂ ਦੇ ਆਕਾਰ ਕਈ ਤਰ੍ਹਾਂ ਦੇ ਹਨ, ਪਰ ਲਯਾਤਮਕਤਾ ਸਭ ਵਿਚ ਇਕ-ਸਮਾਨ ਹੈ। ਵਾਕਾਂਸ਼ਾਂ ਅਥਵਾ ਤੁਕਾਂ ਦੀ ਪੁਨਰਾਵ੍ਰਿਤੀ ਨੇ ਸੰਗੀਤਾਤਮਕਤਾ ਪੈਦਾ ਕਰਨ ਵਿਚ ਸਹਾਇਤਾ ਕੀਤੀ ਹੈ। ਉਂਜ ਭਾਵੇਂ ‘ਕੁੰਡਲੀਆ’ ਛੰਦ ਦੇ ਲੱਛਣਾਂ ਦਾ ਕੁਝ ਆਭਾਸ ਹੋਵੇ, ਪਰ ਇਨ੍ਹਾਂ ਵਿਚ ਮਾਤ੍ਰਾ ਸੰਬੰਧੀ ਕਿਸੇ ਨਿਯਮ ਦੀ ਕੈਦ ਨੂੰ ਸਵੀਕਾਰ ਨਹੀਂ ਕੀਤਾ ਗਿਆ। ਇਥੇ ਧ੍ਵਨੀਆਤਮਕਤਾ ਦੀ ਪ੍ਰਧਾਨਤਾ ਕਹੀ ਜਾ ਸਕਦੀ ਹੈ, ਛੰਦ ਦਾ ਸ਼ਾਸਤ੍ਰੀ ਨਿਰਵਾਹ ਉਪੇਖਸ਼ਿਤ ਹੈ। ਇਸ ਤਰ੍ਹਾਂ ਇਹ ਇਕ ਸੁੰਦਰ ਰਾਗ-ਬੱਧ ਰਚਨਾ ਹੈ। ਵਾਸਤਵ ਵਿਚ, ਸ੍ਰੇਸ਼ਠ ਭਾਵ-ਵਿਭੂਤੀ ਨੂੰ ਬਨਾਵਟੀ ਸਾਧਨਾਂ ਦੀ ਲੋੜ ਹੀ ਨਹੀਂ ਹੁੰਦੀ।
‘ਅਨੰਦੁ’ ਬਾਣੀ ਵਿਚ ਸਰਲ ਮਨ ਦੀ ਰਸਾਤਮਕ ਅਭਿਵਿਅਕਤੀ ਹੋਈ ਹੈ। ਰਾਸਾਤਮਕਤਾ ਦਾ ਮੂਲ ਕਾਰਣ ਭਾਸ਼ਾ ਦੀ ਸਰਲਤਾ ਅਤੇ ਸਵੱਛਤਾ ਹੈ। ਇਸ ਵਿਚ ਸਧੁੱਕੜੀ ਅਤੇ ਬ੍ਰਜ ਭਾਸ਼ਾ ਦੇ ਅੰਸ਼ ਮੌਜੂਦ ਹਨ। ਸ਼ਬਦ-ਯੋਜਨਾ ਵੇਲੇ ਲਯ ਅਤੇ ਸੰਗੀਤ ਨੂੰ ਮੁਖ ਰਖਿਆ ਗਿਆ ਹੈ। ਇਸ ਵਿਚ ਭਾਰਤੀ ਵਿਰਸੇ ਦੀ ਸ਼ਬਦਾਵਲੀ ਦੀ ਪ੍ਰਧਾਨਤਾ ਹੈ, ਅਰਬੀ- ਫ਼ਾਰਸੀ ਪਿਛੋਕੜ ਵਾਲੇ ਨਾਂ-ਮਾਤ੍ਰ ਸ਼ਬਦ ਵਰਤੇ ਗਏ ਹਨ। ਭਾਸ਼ਾ-ਗਤ ਅਲੰਕਰਣ ਲਈ ਮੁੱਖ ਸਾਧਨ ਅਨੁਪ੍ਰਾਸ ਹੈ। ਕਠੋਰ ਸ਼ਬਦਾਵਲੀ ਦਾ ਅਭਾਵ ਰਚੈਤਾ-ਗੁਰੂ ਸਾਹਿਬ ਦੇ ਵਿਅਕਤਿਤਵ ਦੀ ਛਾਪ ਦਾ ਲਖਾਇਕ ਹੈ। ਬਿਰਧ ਅਵਸਥਾ ਵਿਚ ਜਿਤਨਾ ਸੰਜਮ ਅਤੇ ਸਨੇਹ ਕਿਸੇ ਸ੍ਰੇਸ਼ਠ ਸਾਧਕ ਵਿਚ ਹੋ ਸਕਦਾ ਹੈ, ਉਸ ਦਾ ਆਭਾਸ ਇਸ ਰਚਨਾ ਵਿਚ ਸਹਿਜ ਹੀ ਹੋ ਜਾਂਦਾ ਹੈ। ਇਸ ਰਚਨਾ ਦੀ ਹਰ ਇਕ ਪਉੜੀ ਆਪਣੇ ਆਪ ਵਿਚ ਸੁਤੰਤਰ ਭਾਵ-ਸੰਚਾਰ ਕਰਦੀ ਹੋਈ ਵੀ ਆਨੰਦਵਾਦੀ ਭਾਵ-ਧਾਰਾ ਦੀ ਸੰਗਲੀ ਵਿਚ ਪਰੁਚੀ ਹੋਈ ਹੈ। ਇਸ ਤਰ੍ਹਾਂ ਹਰ ਪਉੜੀ ਦਾ ਦੋਹਰਾ ਕਰਤੱਵ ਹੈ। ਭਾਵ ਅਤੇ ਕਲਾ ਦੋਹਾਂ ਪੱਖਾਂ ਤੋਂ ਇਹ ਇਕ ਪ੍ਰੌੜ੍ਹ ਰਚਨਾ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1768, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First