ਅਲੀ ਹੈਦਰ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਅਲੀ ਹੈਦਰ (1690–1785) : ਇੱਕ ਅਜਿਹਾ ਦਰਵੇਸ਼ ਕਵੀ, ਜਿਸ ਦੇ ਜੀਵਨ ਸੰਬੰਧੀ ਕੋਈ ਭਰੋਸੇਯੋਗ ਸਮਗਰੀ ਨਹੀਂ ਮਿਲਦੀ, ਅਲੀ ਹੈਦਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਮਲਿਕ ਫ਼ਜ਼ਲਦੀਨ ਕੱਕੇਜ਼ਈ ਨੇ 1898 ਵਿੱਚ ਅਲੀ ਹੈਦਰ ਦੀ ਰਚਨਾ ਨੂੰ ਪ੍ਰਕਾਸ਼ਿਤ ਕਰਨ ਦਾ ਕਾਰਜ ਅਰੰਭਿਆ। ਉਸ ਨੇ ਹੀ ਅਲੀ ਹੈਦਰ ਦੀ ਜਨਮ ਮਿਤੀ ਸੰਬੰਧੀ ਸਭ ਤੋਂ ਪਹਿਲਾਂ ਸੰਕੇਤ ਕੀਤਾ। ਬਾਵਾ ਬੁਧ ਸਿੰਘ ਨੇ 1913 ਵਿੱਚ ਕਵੀ ਦੇ ਜੀਵਨ ਬਿਰਤਾਂਤ ਦਾ ਪਤਾ ਕਰਨ ਲਈ ਉਸ ਦੀ ਕੁਲ ਵਿੱਚੋਂ ਸ਼ੇਖ਼ ਗ਼ੁਲਾਮ ਮੀਰਾਂ ਨੂੰ ਲਿਖਿਆ। ਉੱਤਰ ਵਿੱਚ ਉਸ ਨੇ ਅਲੀ ਹੈਦਰ ਦਾ ਜਨਮ 1690 ਦੱਸਿਆ ਅਤੇ ਇਹ ਵੀ ਕਿ ਉਸ ਨੇ 95 ਸਾਲ ਦੀ ਰਸੀ ਹੋਈ ਉਮਰ ਭੋਗੀ। ਕਵੀ ਦੇ ਪਿਤਾ ਦਾ ਨਾਂ ਸ਼ੇਖ਼ ਮੁਹੰਮਦ ਆਮੀਨ ਸੀ।

     ਅਲੀ ਹੈਦਰ ਦੇ ਜਨਮ ਸਥਾਨ ਬਾਰੇ ਵੀ ਕਈ ਰਾਵਾਂ ਹਨ। ਕਈ ਉਸਨੂੰ ਜ਼ਿਲ੍ਹਾ ਮੁਲਤਾਨ ਵਿੱਚ ਪਿੰਡ ਕਾਜ਼ੀ ਗਾਇਬ ਦਾ ਦੱਸਦੇ ਹਨ, ਕਈ ਪਿੰਡ ਚੌਂਤਰਾ ਦਾ ਤੇ ਕਈ ਪਿੰਡ ਹਮਜਾਨਾਂ ਦਾ। ਅਸਲ ਵਿੱਚ ਇਹ ਸਾਰੇ ਪਿੰਡ ਦਰਿਆ ਰਾਵੀ ਦੇ ਕੰਢੇ ਉੱਤੇ ਹਨ। ਦਰਿਆ ਦੇ ਹੜ੍ਹਾਂ ਨਾਲ ਇਹ ਪਿੰਡ ਕਈ ਵਾਰ ਉਜੜੇ ਤੇ ਕਈ ਵਾਰ ਵੱਸੇ। ਇਸ ਅਫ਼ਰਾ-ਤਫ਼ਰੀ ਵਿੱਚ ਲੋਕ ਨਾਲ-ਨਾਲ ਦੇ ਪਿੰਡਾਂ ਵਿੱਚ ਵਸਦੇ ਰਹੇ। ਸਿੱਟੇ ਵਜੋਂ ਅਲੀ ਹੈਦਰ ਚੌਂਤਰਾਂ ਪਿੰਡ ਦਾ ਹੀ ਵਸਨੀਕ ਸਿੱਧ ਹੁੰਦਾ ਹੈ ਜਿੱਥੇ ਉਸ ਦਾ ਮਜ਼ਾਰ ਹੈ। ਉਸ ਦੇ ਮਜ਼ਾਰ `ਤੇ ਹਰ ਸਾਲ ਮੇਲਾ ਲੱਗਦਾ ਹੈ।

     ਅਲੀ ਹੈਦਰ ਨੂੰ ਛੋਟੀ ਉਮਰ ਵਿੱਚ ਹੀ ਪੜ੍ਹਨ ਦੀ ਚੇਟਕ ਲੱਗ ਗਈ। ਉਸ ਨੇ ਧਾਰਮਿਕ ਤੇ ਦੁਨਿਆਵੀ ਸਿੱਖਿਆ ਗ੍ਰਹਿਣ ਕੀਤੀ। ਸਾਰੇ ਦਾ ਸਾਰਾ ਕੁਰਾਨ ਉਸ ਨੂੰ ਜ਼ਬਾਨੀ ਯਾਦ ਸੀ। ਮੁਲਤਾਨ ਦਾ ਇਲਾਕਾ ਉਸ ਸਮੇਂ ਸੂਫ਼ੀ ਦਰਵੇਸ਼ ਦਾ ਗੜ੍ਹ ਸੀ। ਇਸ ਕਰ ਕੇ ਉਹ ਸੂਫ਼ੀ ਵਿਚਾਰਧਾਰਾ ਦੇ ਰੰਗ ਵਿੱਚ ਰੰਗਿਆ ਗਿਆ। ਅਲੀ ਹੈਦਰ ਦਾ ਸੰਬੰਧ ਸੂਫ਼ੀਆਂ ਦੇ ਕਾਦਿਰੀ ਸਿਲਸਿਲੇ ਨਾਲ ਜੋੜਿਆ ਜਾਂਦਾ ਹੈ। ਅਲੀ ਹੈਦਰ ਆਪਣੀ ਕਾਵਿ ਰਚਨਾ ਵਿੱਚ ਕਾਦਿਰੀ ਸਿਲਸਿਲੇ ਦੇ ਬਾਨੀ ਅੱਗੇ ਸਿਰ ਝੁਕਾਉਂਦਾ ਹੈ :

ਜ਼ਾਲ-ਜ਼ਾਤ ਸਿਫ਼ਾਤ ਤੁਸਾਡੜੀ ਇਜ਼ਤ,

ਨਾਹੀ ਤਾਂ ਕੌਣ ਖੁਮੀਨੀਆਂ ਮੈਂ

ਜੇ ਵਤ ਸੋਂਦੀਆਂ ਮੰਦੀਆਂ, ਭਦੀਆਂ,

ਤੈਂਡੀ ਸੰਦ ਖੁਮੀਨੀਆਂ ਮੈਂ

ਮੈਂ ਜ਼ਿੱਦਲ ਥੀਂ ਭੀ ਸਦਕੇ ਵੈਨੀਆਂ,

ਸੰਦਾਂ ਦੀ ਰੀਸ ਕਰੇਨੀਆਂ ਮੈਂ

ਸ਼ਾਹ ਅਬਦੁਲ ਕਾਦਿਰ ਜੀਵੇ ਵੇ ਹੈਦਰ,

            ਜੈਂਦੇ ਆਸਰੇ ਜੀਨੀਆਂ ਮੈਂ

     ਅਲੀ ਹੈਦਰ ਇੱਕ ਦਰਵੇਸ਼ ਕਵੀ ਹੈ। ਉਸ ਦਾ ਕਿਸੇ ਨਾਲ ਵੈਰ-ਵਿਰੋਧ ਨਹੀਂ। ਪਰ ਆਪਣੇ ਸਮਕਾਲੀ ਹਾਲਾਤ ਨੂੰ ਦੇਖ ਕੇ ਉਸ ਨੇ ਚੁੱਪ ਨਹੀਂ ਵੱਟੀ ਸਗੋਂ ਖੁੱਲ੍ਹ ਕੇ ਆਪਣੇ ਵਿਚਾਰ ਪ੍ਰਗਟ ਕੀਤੇ ਹਨ। ਨਾਦਰਸ਼ਾਹ ਦੇ ਦਿੱਲੀ ਉੱਤੇ ਕੀਤੇ ਹਮਲੇ ਨੂੰ ਦੇਖਿਆ। ਚੁਫੇਰੇ ਤਬਾਹੀ ਤੇ ਬਰਬਾਦੀ ਦਾ ਆਲਮ ਸੀ। ਹਮਲਾ ਕਰਨ ਲਈ ਨਾਦਰ ਸ਼ਾਹ ਨੂੰ ਸੱਦਾ ਦੇਣ ਵਾਲਾ ਨਿਜ਼ਾਮ-ਉਲ-ਮੁਲਕ ਸੀ ਜਿਸ ਨੂੰ ਅਲੀ ਹੈਦਰ ਲਾਅਨਤਾਂ ਪਾਉਂਦਾ ਹੈ :

ਬੇ-ਬਿਖ ਜ਼ਹਿਰ ਨਹੀਂ ਜੋ ਖਾਹ ਮਾਰਨ,

ਕੁਝ ਸ਼ਰਮ ਨਹੀਂ ਹਿੰਦੁਸਤਾਨੀਆਂ ਨੂੰ

ਕਿਆ ਹਯਾ ਇਹਨਾਂ ਰਾਜਿਆਂ ਨੂੰ,

ਕੁਝ ਲੱਜ ਨਹੀਂ ਤੁਰਾਨੀਆਂ ਨੂੰ

ਭੈੜੇ ਭਰ ਭਰ ਦੇਵਣ ਖਜ਼ਾਨੇ,

ਫਾਰਸੀਆਂ ਖੁਰਾਸਾਨੀਆਂ ਨੂੰ

ਛੂਣੀਆਂ ਪਾਣੀਆਂ ਨੱਕ ਡੋਬਣ,

            ਜੋ ਲਹਿਵਨ ਨਾ ਵਡਿਆਂ ਪਾਣੀਆਂ ਨੂੰ

     ਰਾਜਨੀਤਿਕ ਚੇਤਨਾ ਦਰਸਾਉਂਦਾ, ਗ਼ਦਾਰਾਂ ਨੂੰ ਲਾਹਨਤਾਂ ਪਾਉਂਦਾ ਅਤੇ ਦੇਸ਼ ਦੀ ਖੁਆਰੀ ਦੇਖ ਕੇ ਰੱਤ ਦੇ ਹੰਝੂ ਵਹਾਉਣ ਵਾਲਾ ਕਵੀ ਅਲੀ ਹੈਦਰ ਇੱਕ ਦੇਸ਼ ਭਗਤ ਕਵੀ ਵਜੋਂ ਉੱਭਰ ਕੇ ਸਾਮ੍ਹਣੇ ਆਉਂਦਾ ਹੈ। ਮਲਿਕ ਫ਼ਜ਼ਲਦੀਨ ਕੱਕੇਜ਼ਈ ਦੁਆਰਾ ਸੰਪਾਦਿਤ ਪੁਸਤਕ (1898) ਵਿੱਚ ਅਲੀ ਹੈਦਰ ਦੀਆਂ ਸ਼ਾਮਲ ਰਚਨਾਵਾਂ ਹਨ-ਸੀਹਰਫੀਆਂ, ਕਾਫ਼ੀਆਂ ਅਤੇ ਵਾਰਤਾਲਾਪ।

     ਅਬਯਾਤ--ਅਲੀ ਹੈਦਰ ਵਿੱਚ ਸਭ ਤੋਂ ਪਹਿਲਾਂ ‘ਸੀਹਰਫੀਆਂ` ਆਉਂਦੀਆਂ ਹਨ ਜਿਨ੍ਹਾਂ ਦੀ ਗਿਣਤੀ ਛੇ ਹੈ। ਪਹਿਲੀ ਸੀਹਰਫੀ ਦਾ ਅਰੰਭ ਕਵੀ ਸਰਬ ਸ਼ਕਤੀਮਾਨ ਈਸ਼ਵਰ ਦੀ ਅਰਾਧਨਾ ਨਾਲ ਕਰਦਾ ਹੈ। ਰੱਬ ਦੀ ਮੌਜੂਦਗੀ ਵਿੱਚ ਉਸਨੂੰ ਕਿਸੇ ਤੋਂ ਡਰਨ ਦੀ ਜ਼ਰੂਰਤ ਨਹੀਂ :

ਅਲਿਫ਼-ਏਥੇ ਉਥੇ ਅਸਾਂ ਆਸ ਤੈਂਡੀ,

ਤੇ ਆਸਰਾ ਤੈਂਡੜੇ ਜ਼ੋਰ ਦਾ ਈ

ਮਹੀਂ ਸਭ ਹਵਾਲੜੇ ਤੈਂਡੜੇ ਨੇ,

ਅਸਾਂ ਖ਼ੌਫ਼ ਨ ਗੰਦੜੇ ਚੋਰ ਦਾ ਈ

ਤੂੰ ਹੀ ਜਾਨ ਸਵਾਲ ਜਵਾਬ ਸੱਭੇ,

ਸਾਨੂੰ ਹੌਲ ਨਾ ਔਖੜੀ ਗੋਰ ਦਾ ਈ

ਅਲੀ ਹੈਦਰ ਨੂੰ ਸਿੱਕ ਤੈਂਡੜੀ ਏ,

            ਤੈਂਡੇ ਬਾਜ ਨਾ ਸਾਇਲ ਹੋਰ ਦਾ ਈ

     ਪੰਜਾਬ ਦੀ ਹਰਮਨਪਿਆਰੀ ਪ੍ਰੇਮ ਕਹਾਣੀ ਹੀਰ ਅਤੇ ਰਾਂਝਾ ਵਿੱਚ ਕਵੀ ਨੇ ਮਾਂ-ਧੀ ਦੀਆਂ ਗੱਲਾਂ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਬਿਆਨ ਕੀਤਾ ਹੈ। ਇਹਨਾਂ ਗੱਲਾਂ ਦੀ ਪਰਤ ਹੇਠਾਂ ਹੀਰ ਦਾ ਅਮੋੜ ਤੇ ਅਜ਼ਲੀ ਪਿਆਰ ਹੈ ਜੋ ਧੁਰੋਂ ਲਿਖਿਆ ਹੋਇਆ ਹੈ। ਮਾਂ-ਧੀ ਵਿਚਾਲੇ ਵਾਰਤਾਲਾਪ ਅਲੀ ਹੈਦਰ ਨੇ ਸੂਫ਼ੀ ਅੰਦਾਜ਼ ਵਿੱਚ ਪੇਸ਼ ਕੀਤੇ ਹਨ। ਹੀਰ ਦੀ ਮਾਂ ਉਸ ਨੂੰ ਨਸੀਹਤਾਂ ਦਿੰਦੀ ਹੈ ਤੇ ਉਸ ਨੂੰ ਦੁਨੀਆਂ ਦੀਆਂ ਨਜ਼ਰਾਂ ਤੋਂ ਬਚ ਕੇ ਰਹਿਣ ਲਈ ਆਖਦੀ ਹੈ ਪਰ ਧੀ ਜਵਾਬ ਦਿੰਦੀ ਹੈ ਕਿ ਉਹ ਰਾਂਝਣ ਨੂੰ ਆਪਣੇ ਦਿਲ ਵਿੱਚੋਂ ਕਿਵੇਂ ਕੱਢੇ :

ਮੈਂ ਤੇ ਰੰਗ ਮਾਹੀ ਤੇ ਰੱਤੀ, ਮੈਂ ਤੇ ਮੱਤ ਨਾ ਆਵੇ ਮਾਂ

ਕਿਆਮਹਿਬ ਫੀਸ਼ਿਮੀਮਨ`

ਕੌਣ ਇਹ ਰਾਜ਼ ਸੁਣਾਵੇ ਮਾਂ

ਅਲਹਬ ਯ ਅੱਲਾ` ਰਾਂਝੇ ਬਾਹਜੋਂ

ਹੋਰ ਨਾ ਨਜ਼ਰੀ ਆਵੇ ਮਾਂ

ਮਨ ਯਹਦ ਅੱਲਾ ਹੂੰ` ਹੈਦਰ

            ਉਸ ਨੂੰ ਰਾਹੋਂ ਕੌਣ ਭੁਲਾਵੇ ਮਾਂ

     ਅਲੀ ਹੈਦਰ ਮੁਲਤਾਨ ਦੇ ਇਲਾਕੇ ਵਿੱਚ ਪੈਦਾ ਹੋਇਆ ਤੇ ਇਸੇ ਇਲਾਕੇ ਵਿੱਚ ਵਿਚਰਦਾ ਰਿਹਾ। ਉਸ ਦੇ ਕਾਵਿ- ਬੰਦਾਂ ਵਿੱਚ ਲਹਿੰਦੀ ਜਾਂ ਮੁਲਤਾਨੀ ਦਾ ਪ੍ਰਭਾਵ ਦ੍ਰਿਸ਼ਟੀਗੋਚਰ ਹੁੰਦਾ ਹੈ :

ਮੀਮ-ਮਾਰ ਵੇ ਢੋਲੀ ਵੇਖਾਂ,

ਕੋਈ ਇਸ਼ਕ ਦਾ ਤ੍ਰਿਖੜਾ ਤਾਲ ਵਲੇ

ਮੈਂ ਤਾਂ ਸੁਹਣੀਆਂ ਖੇਡਾਂ ਖੇਡੀਆਂ ਨੇ,

ਹੁਣ ਵਤ ਖੇਡਾਂ ਇਸ਼ਕ ਧਮਾਲ ਵਲੇ

ਕਰ ਹੂ ਹੂ ਨਾਅਰਾ ਮੈਂ ਚਾਂਗ ਮਰੇਸਾਂ,

ਲੈਸਾਂ ਮਲੰਗਾਂ ਦਾ ਹਾਲ ਵਲੇ

ਮੈਂ ਯਾਰ ਦੇ ਵਿਹੜੇ ਝਾਤ ਪਏ ਸਾਂ,

            ਟਪ ਟਪ ਉਚੀ ਛਾਲ ਵਲੇ

     ਉਹ ਅਰਬੀ ਤੇ ਫ਼ਾਰਸੀ ਦਾ ਵੀ ਗਿਆਤਾ ਸੀ। ਇਸ ਕਰ ਕੇ ਉਸ ਦੀ ਕਵਿਤਾ ਵਿੱਚ ਇਹਨਾਂ ਦੋਹਾਂ ਭਾਸ਼ਾਵਾਂ ਦੇ ਸ਼ਬਦ ਢੇਰ ਸਾਰੀ ਮਿਕਦਾਰ ਵਿੱਚ ਮਿਲਦੇ ਹਨ। ਅਲੀ ਹੈਦਰ ਦੇ ਕਾਵਿ ਵਿੱਚ ਅਨੇਕਾਂ ਕਥਨ ਅਜਿਹੇ ਮਿਲਦੇ ਹਨ ਜੋ ਅਖੁੱਟ ਸਚਾਈਆਂ ਬਣ ਗਏ ਹਨ ਜਿਵੇਂ: ਖੈਰ ਇਸ਼ਕ ਦਾ ਧੂੜ ਕਦਮਾਂ ਦੀ, ਜ਼ੁਲਫ਼ ਦੀ ਫਾਹੀ, ਢੋਲਣ ਦਾ ਲਿਖਿਆ ਵਾਂਗ ਤਵੀਜ਼ਾਂ, ਅੱਖੀਆਂ ਸਾਵਣ ਲਇਆ, ਚੰਨਣ ਰੁੱਖ ਦਾ ਸਾਇਆ, ਰਾਂਝਣ ਖੀਰ ਤੇ ਹੀਰ ਸ਼ੱਕਰ, ਇਸ਼ਕੇ ਦੀ ਆਤਿਸ਼ ਆਦਿ। ਇਹ ਸਾਰੀਆਂ ਉਕਤੀਆਂ ਕਵੀ ਦੇ ਡੂੰਘੇ ਜੀਵਨ-ਤਜਰਬੇ ਦੀਆਂ ਲਖਾਇਕ ਹਨ :

ਕਾਫ਼-ਕੂੜਾ ਘੋੜਾ ਕੂੜਾ ਜੋੜਾ, ਕੂੜਾ ਸ਼ਾਹ ਅਸਵਾਰ।

ਕੂੜੇ ਬਾਸ਼ੇ ਕੂੜੇ ਸ਼ਿਕਰੇ, ਕੂੜੇ ਮੀਰ ਸ਼ਿਕਾਰ।

ਕੂੜੇ ਹਾਥੀ ਕੂੜੇ ਲਸ਼ਕਰ, ਕੂੜੇ ਫੌਜ ਕਟਾਰ।

                       ਕੂੜੇ ਸੂਹੇ ਕੂੜੇ ਸਾਲੂ, ਕੂੜੇ ਸੁਹਣੇ ਯਾਰ।


ਲੇਖਕ : ਬਖਸ਼ੀਸ਼ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 3140, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no

ਅਲੀ ਹੈਦਰ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਅਲੀ ਹੈਦਰ : ਇਹ ਮਨੁੱਖੀ ਏਕਤਾ ਦਾ ਨਿਡਰ ਪ੍ਰਚਾਰਕ ਸੂਫ਼ੀ ਕਵੀ ਔਰੰਗਜ਼ੇਬ ਦੇ ਰਾਜ ਸਮੇਂ ਹੋਇਆ ਹੈ। ਇਹ ਪਿੰਡ ਚੋਤੇਰਾ, ਜ਼ਿਲਾ ਮੁਲਤਾਨ (ਹੁਣ ਪਾਕਿਸਤਾਨ) ਵਿਚ 1690ਈ. ਵਿਚ ਪੈਦਾ ਹੋਇਆ।

          ਅਲੀ ਹੈਦਰ ਸੀਹਰਫ਼ੀਆਂ ਰਚਣ ਵਿਚ ਉਸਤਾਦ ਸੀ। ਇਸ ਦੇ ਰਚੇ ਬਾਰਾਂਮਾਂਹੇ ਤੇ ਬੈਂਤ ਵੀ ਮਿਲਦੇ ਹਨ ਪਰ ਇਸ ਦੀ ਬਹੁਤ ਸਾਰੀ ਰਚਨਾ ਜ਼ਾਇਆ ਹੀ ਚੁੱਕੀ ਹੈ। ਅਲੀ ਹੈਦਰ ਦੀ ਰਚਨਾ ਲਿਖਤੀ ਰੂਪ ਵਿਚ ਨਹੀਂ ਮਿਲਦੀ ਸੀ। ਮਲਕ ਫਜ਼ਲ ਦੀਨ ਨੇ ਇਸ ਦੀਆਂ ਰਚਨਾਵਾਂ ਕਵਾਲਾਂ ਕੋਲੋਂ ਬੜੀ ਕੋਸ਼ਿਸ਼ ਨਾਲ ਹਾਸਿਲ ਕੀਤੀਆਂ ਤੇ ਇਸ ਇਕੱਤਰ ਕੀਤੇ ਮਸਲੇ ਨੂੰ ‘ਅੱਲਾ ਵਾਲੇ ਦੀ ਦੁਕਾਨ’ ਨੇ ਪ੍ਰਕਾਸ਼ਿਤ ਕੀਤਾ।

          ਅਲੀ ਹੈਦਰ ਸ਼ਾਹ ਮੁਹੀਉੱਦੀਨ ਦਾ ਚੇਲਾ ਸੀ ਜੋ ਇਕ ਵਿਦਵਾਨ ਹੋ ਗੁਜ਼ਰਿਆ ਹੈ। ਅਲੀ ਹੈਦਰ ਨੇ ਬਹੁਤੀ ਰਚਨਾ ਬੈਂਤਾਂ ਵਿਚ ਕੀਤੀ ਹੈ। ਬੋਲੀ ਇਸ ਦੀ ਲਹਿੰਦੀ ਜਾਂ ਮੁਲਤਾਨੀ ਪੰਜਾਬੀ ਸੀ ਜਿਸ ਵਿਚ ਫ਼ਾਰਸੀ ਸ਼ਬਦਾਂ ਦਾ ਬਹੁਤ ਸਾਰਾ ਰਲਾ ਸੀ। ਠੇਠ ਤੇ ਕੇਂਦਰੀ ਪੰਜਾਬੀ ਤੋਂ ਦੂਰ ਦੀ ਬੋਲੀ ਕਰਕੇ ਅਲੀ ਹੈਦਰ ਦਾ ਕਲਾਮ ਸਮਝਣ ਵਿਚ ਕਾਫ਼ੀ ਔਖਿਆਈ ਹੁੰਦੀ ਹੈ ਪਰ ਉਸ ਵਿਚਲੇ ਸੋਜ਼ ਨੇ ਇਸ ਨੂੰ ਹਰਮਨ ਪਿਆਰਾ ਬਣਾਈ ਰੱਖਿਆ ਹੈ।

          ਅਲੀ ਹੈਦਰ ਦਾ ਕਲਾਮ ਸੰਗੀਤਮਈ, ਲੈ-ਬੱਧ, ਸੁਝਾਊ, ਉਪਮਾਵਾਂ ਤੇ ਸੋਜ਼ ਭਰਿਆ ਹੋਣ ਕਾਰਨ ਹਾਫ਼ਿਜ਼ ਤੇ ਜਲਾਲਦੀਨ ਰੂਮੀ ਫ਼ਾਰਸੀ ਸੂਫ਼ੀ ਕਵੀਆਂ ਦੇ ਸੋਜ਼ ਵਾਲਾ ਆਖਿਆ ਜਾ ਸਕਦਾ ਹੈ।

          ਅਲੀ ਹੈਦਰ ਦੀ ਕਾਵਿ-ਰਚਨਾ ਮੂੰਹੋ-ਮੂੰਹ ਸਾਡੇ ਤੱਕ ਪਹੁੰਚੀ ਹੈ। ਇਸ ਲਈ ਹੋ ਸਕਦਾ ਹੈ ਕਿ ਉਸ ਅਸਲੀ ਰੂਪ ਕਾਫੀ ਹੱਦ ਤੱਕ ਗੰਵਾ ਬੈਠੀ ਹੋਵੇ।

          ਅਲੀ ਹੈਦਰ ਚਾਹੇ ਇਕ ਕੱਟੜ ਕਿਸਮ ਦਾ ਸੂਫ਼ੀ ਹੈ ਪਰ ਇਹ ਬਾਕੀ ਬਹੁਤ ਸਾਰੇ ਪੰਜਾਬੀ ਸੂਫ਼ੀ ਕਵੀਆਂ ਦੇ ਉਲਟ ਨਿਰਗੁਣਧਾਰਾ ਦੀ ਭਗਤੀ ਕਵਿਤਾ ਨੂੰ ਅਪਣਾਉਂਦਾ ਸੀ। ਇਸ ਨੇ ਰੱਬ ਦੇ ਨਿਰਗੁਣ ਰੂਪ ਦੇ ਸੋਹਲੇ ਗਾਏ ਹਨ।

          ਕਈ ਆਲੋਚਕਾਂ ਨੇ ਇਹ ਮਹਿਸੂਸ ਕੀਤਾ ਹੈ ਕਿ ਅਲੀ ਹੈਦਰ ਸ਼ਰ੍ਹਾ ਦਾ ਪਾਬੰਦ ਮੁਸਲਮਾਨ ਸੀ ਤੇ ਇਸ ਨੇ ਮੁਸਲਮਾਨੀ ਧਰਮ ਦੀ ਵਡਿਆਈ ਤੇ ਦੂਜੇ ਮੱਤਾਂ ਦੀ ਨਿਖੇਧੀ ਕੀਤੀ ਹੈ। ਇਹ ਵਿਚਾਰ ਪੂਰੀ ਤਰ੍ਹਾਂ ਦਰੁਸਤ ਨਹੀਂ ਕਿਉਂਕਿ ਭਾਵੇਂ ਅਲੀ ਹੈਦਰ ਬੁਲ੍ਹੇ ਸ਼ਾਹ ਵਰਗਾ ਬਾਗ਼ੀ ਸੂਫ਼ੀ ਨਹੀਂ ਸੀ। ਇਹ ਅਦਵੈਤਵਾਦੀ ਜ਼ਰੂਰ ਸੀ ਅਤੇ ਭੇਖ, ਭਰਮ ਤੇ ਦਿਖਾਵੇ ਦੇ ਵਿਰੁੱਧ ਸੀ।

          ਹ. ਪੁ.– ਪੰ. ਸ਼ਾ. ਤਜ਼.; ਸਾ. ਇ. – ਨਰੂਲਾ


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2103, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.