ਐਮਰਸਨ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਐਮਰਸਨ ( 1803– 1882 ) : ਰਾਲਫ ਵਾਲਡੋ ਐਮਰਸਨ ( Emerson ) ਉਨ੍ਹੀਵੀਂ ਸਦੀ ਦੇ ਅਮਰੀਕਾ ਦਾ ਇੱਕ ਅਤਿਅੰਤ ਪ੍ਰਭਾਵਸ਼ਾਲੀ ਚਿੰਤਕ , ਲੇਖਕ ਅਤੇ ਬੁਲਾਰਾ ਸੀ । ਉਸ ਨੇ ਪਰੰਪਰਾ ਨੂੰ ਪਾਲਣ ਦੀ ਥਾਂ ਇੱਕ ਨਵੀਂ ਪਰੰਪਰਾ ਸਿਰਜਣ ਦਾ ਸਾਹਸ ਵਿਖਾਇਆ ਅਤੇ ਲਗਪਗ ਅੱਧੀ ਸਦੀ ਐਮਰਸਨ ਅਮਰੀਕੀਆਂ ਦੀ ਸੋਚ ਨੂੰ ਪ੍ਰਭਾਵਿਤ ਕਰਦਾ ਰਿਹਾ ।

        ਐਮਰਸਨ ਦਾ ਜਨਮ ਇੱਕ ਖ਼ੁਸ਼ਹਾਲ ਘਰਾਣੇ ਵਿੱਚ ਹੋਇਆ ਪਰ ਪ੍ਰਸਿੱਧੀ ਉਸ ਨੇ ਸਖ਼ਤ ਮਿਹਨਤ ਕਰ ਕੇ ਹੀ ਕਮਾਈ । ਉਸ ਦਾ ਜਨਮ ਬੋਸਟਨ , ਅਮਰੀਕਾ ਵਿੱਚ , 25 ਮਈ 1803 ਨੂੰ ਹੋਇਆ । ਉਸ ਦੇ ਪਿਤਾ ਵੱਡੇ ਗਿਰਜੇ ਦੇ ਪਾਦਰੀ ਸਨ ਪਰ ਐਮਰਸਨ ਕੇਵਲ ਅੱਠ ਵਰ੍ਹਿਆਂ ਦਾ ਹੀ ਸੀ ਜਦੋਂ ਉਸ ਦੇ ਪਿਤਾ ਚੱਲ ਵਸੇ ਅਤੇ ਪਰਿਵਾਰ ਨੂੰ ਅਨੇਕਾਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ ਪਰ ਫਿਰ ਵੀ ਲਾਇਕ ਅਤੇ ਹੁਸ਼ਿਆਰ ਐਮਰਸਨ ਨੂੰ ਆਪਣੇ ਸਮੇਂ ਦੇ ਸਿੱਖਿਆ ਦੇ ਚੰਗੇ ਕੇਂਦਰਾਂ ਵਿੱਚ ਭੇਜਿਆ ਗਿਆ । ਐਮਰਸਨ ਨੇ ਆਪਣੀ ਬਹੁਤੀ ਪੜ੍ਹਾਈ ਵਜ਼ੀਫ਼ੇ ਜਿੱਤ ਕੇ ਪ੍ਰਾਪਤ ਕੀਤੀ । ਚੋਦ੍ਹਾਂ ਸਾਲ ਦੀ ਉਮਰ ਵਿੱਚ ਐਮਰਸਨ ਹਾਰਵਰਡ ਕਾਲਜ ਵਿੱਚ ਦਾਖ਼ਲ ਹੋਇਆ ਜਿੱਥੇ ਉਸ ਨੇ ਸਖ਼ਤ ਮਿਹਨਤ ਸਦਕਾ ਕਈ ਇਨਾਮ-ਸਨਮਾਨ ਪ੍ਰਾਪਤ ਕੀਤੇ । ਇੱਥੇ ਹੀ ਉਸ ਨੇ ਇੱਕ ਰਸਾਲਾ ਛਾਪਣਾ ਅਰੰਭ ਕੀਤਾ ਜਿਹੜਾ ਲਗਪਗ ਪੰਜ ਦਹਾਕੇ ਛਪਦਾ ਰਿਹਾ ।

        ਹਾਰਵਰਡ ਤੋਂ ਪੜ੍ਹਾਈ ਮੁਕਾ ਕੇ ਕੁਝ ਚਿਰ ਐਮਰਸਨ ਨੇ ਉਸ ਸਕੂਲ ਵਿੱਚ ਪੜ੍ਹਾਇਆ ਜਿੱਥੇ ਉਸ ਦਾ ਆਪਣਾ ਭਰਾ ਵੀ ਵਿਦਿਆਰਥੀ ਸੀ । ਹਾਰਵਰਡ ਦੇ ਧਰਮ ਅਧਿਐਨ ਦੀ ਪ੍ਰਸਿੱਧ ਸੰਸਥਾ ਤੋਂ ਧਰਮ ਦੀ ਸਿੱਖਿਆ ਪ੍ਰਾਪਤ ਕਰ ਕੇ ਉਹ ਪਾਦਰੀ ਲੱਗ ਗਿਆ ਜਿਸ ਸਦਕਾ ਉਸ ਦੀ ਭਾਸ਼ਣ ਦੇਣ ਅਤੇ ਵਿਖਿਆਨ ਦੀ ਯੋਗਤਾ ਅਤੇ ਕਲਾ ਦਾ ਵਿਕਾਸ ਹੋਇਆ । ਇਹਨਾਂ ਹੀ ਦਿਨਾਂ ਵਿੱਚ ਉਸ ਨੇ ਇੱਕ ਸੁੰਦਰ ਲੜਕੀ ਐਲਨ ਟੱਕਰ ਨਾਲ ਪਿਆਰ- ਵਿਆਹ ਕੀਤਾ । ਇਹ ਇੱਕ ਆਦਰਸ਼ ਵਿਆਹ ਸੀ ਪਰ ਮੰਦੇ-ਭਾਗਾਂ ਨਾਲ ਇਸ ਵਿਆਹ ਦੀ ਉਮਰ ਬੜੀ ਛੋਟੀ ਸੀ ਅਤੇ ਲਗਪਗ ਅਠ੍ਹਾਰਾਂ ਮਹੀਨਿਆਂ ਵਿੱਚ ਹੀ ਐਲਨ ਕਾਲ-ਵੱਸ ਹੋ ਗਈ । ਐਲਨ ਦੀ ਮੌਤ ਨਾਲ ਐਮਰਸਨ ਝੰਜੋੜਿਆ ਗਿਆ । ਉਸ ਨੇ ਈਸਾਈ ਧਰਮ ਵਿੱਚੋਂ ਧਰਵਾਸ ਅਤੇ ਭਰੋਸਾ , ਸ਼ਾਂਤੀ ਅਤੇ ਟਿਕਾਓ ਪੈਦਾ ਕਰਨ ਅਤੇ ਪ੍ਰਾਪਤ ਕਰਨ ਦਾ ਯਤਨ ਕੀਤਾ ਪਰ ਸਫਲ ਨਾ ਹੋਇਆ । ਉਸ ਨੂੰ ਧਰਮ ਮੁਕਤੀ ਦੀ ਥਾਂ ਤੇ ਕੈਦ ਪ੍ਰਤੀਤ ਹੋਣ ਲੱਗ ਪਿਆ ਅਤੇ ਉਸ ਨੇ ਪਾਦਰੀ ਵਜੋਂ ਵਿਚਰਨ ਤੋਂ ਇਨਕਾਰ ਕਰ ਦਿੱਤਾ । ਆਪਣੇ ਅੰਤਲੇ ਵਿਖਿਆਨ ਵਿੱਚ ਉਸ ਨੇ ਸੰਗਤ ਨੂੰ ਕਿਹਾ ਕਿਉਂਕਿ ਉਸ ਦਾ ਧਰਮ ਵਿੱਚ ਵਿਸ਼ਵਾਸ ਨਹੀਂ ਰਿਹਾ ਸੋ ਉਹ ਇਸ ਕਾਰਜ ਨੂੰ ਤਿਆਗ ਰਿਹਾ ਹੈ ।

        ਪਾਦਰੀ ਦੀ ਪਦਵੀ ਤੋਂ ਵਿਹਲੇ ਹੋ ਕੇ ਐਮਰਸਨ ਦੇ ਸਾਮ੍ਹਣੇ ਆਪਣੀ ਰੋਟੀ-ਰੋਜ਼ੀ ਦੀ ਸਮੱਸਿਆ ਉਪਜ ਪਈ । ਇਸੇ ਸਮੇਂ ਅਮਰੀਕਾ ਵਿੱਚ ਵਿਦਵਾਨਾਂ ਨੂੰ ਬੁਲਾ ਕੇ ਲੈਕਚਰ ਕਰਵਾਉਣ ਦਾ ਰਿਵਾਜ ਪਿਆ ਅਤੇ ਵੱਖ-ਵੱਖ ਸ਼ਹਿਰਾਂ ਵਿਚਲੇ ਕਲੱਬਾਂ ਵਿੱਚ ਬੁਲਾਰਿਆਂ ਨੂੰ ਬੁਲਵਾ ਕੇ ਉਹਨਾਂ ਦੇ ਵਿਚਾਰ ਸੁਣੇ ਜਾਂਦੇ ਸਨ । ਐਮਰਸਨ ਨੇ ਵੀ ਕਈ ਲੈਕਚਰ ਦਿੱਤੇ ਅਤੇ ਇਤਨੇ ਕੁ ਪੈਸੇ ਇਕੱਠੇ ਕਰ ਲਏ ਕਿ ਉਹ ਯੂਰਪ ਘੁੰਮਣ ਦੇ ਆਪਣੇ ਪ੍ਰੋਗਰਾਮ ਨੂੰ ਅਮਲੀ ਜਾਮਾ ਪਹਿਨਾ ਸਕਣ ਵਿੱਚ ਸਫਲ ਹੋਇਆ । ਇਸ ਯਾਤਰਾ ਨੇ ਉਸ ਨੂੰ ਨਵੇਂ ਅਨੁਭਵ ਦਿੱਤੇ , ਨਵੇਂ ਦ੍ਰਿਸ਼ਟੀਕੋਣ ਸਿਰਜੇ , ਨਵੇਂ ਵਿਸ਼ੇ ਸੁਝਾਏ ਅਤੇ ਨਵੇਂ ਢੰਗ ਨਾਲ ਆਪਣੀ ਗੱਲ ਕਹਿਣ ਦੀ ਸਮਰੱਥਾ ਪ੍ਰਦਾਨ ਕੀਤੀ । ਐਮਰਸਨ ਲਗਪਗ ਦੋ ਦਹਾਕੇ ਲੈਕਚਰ ਕਰਦਾ ਰਿਹਾ । ਉਸ ਦੇ ਵਿਚਾਰਾਂ ਵਿੱਚ ਨਵੀਨਤਾ ਸੀ ਅਤੇ ਪਰੰਪਰਾ ਦਾ ਖੰਡਨ ਉਹ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਕਰ ਕੇ ਸ੍ਰੋਤਿਆਂ ਨੂੰ ਨਵੇਂ ਗਿਆਨ ਨਾਲ ਜੁੜਨ ਦੀ ਪ੍ਰੇਰਨਾ ਦਿੰਦਾ ਸੀ । 1837– 38 ਵਿੱਚ ਉਸ ਨੇ ਬੋਸਟਨ ਵਾਸੀਆਂ ਨੂੰ ਮਨੁੱਖੀ ਸੱਭਿਆਚਾਰ ਦੇ ਵਿਸ਼ੇ ਤੇ ਦਸ ਲੈਕਚਰ ਦਿੱਤੇ ਜਿਨ੍ਹਾਂ ਨਾਲ ਉਸ ਨੂੰ ਪੰਜ ਸੌ ਡਾਲਰ ਪ੍ਰਾਪਤ ਹੋਏ । ਉਸ ਸਮੇਂ ਇਹ ਬੜੀ ਭਾਰੀ ਰਕਮ ਸੀ । ਇਹਨਾਂ ਲੈਕਚਰਾਂ ਕਾਰਨ ਐਮਰਸਨ ਦੀ ਪ੍ਰਸਿੱਧੀ ਵਧੀ ।

        ਐਮਰਸਨ ਦਾ ਮਨਭਾਉਂਦਾ ਵਿਸ਼ਾ ਪਦਾਰਥਾਂ ਤੋਂ ਪਰ੍ਹੇ ਦਾ ਸੰਸਾਰ ਸੀ । ਆਪਣੇ ਭਾਸ਼ਣਾਂ ਵਿੱਚ ਐਮਰਸਨ ਨੇ ਕਰਮਕਾਂਡੀ ਧਰਮ ਦਾ , ਪਦਾਰਥਵਾਦ ਦਾ ਅਤੇ ਨੀਗਰੋ ਲੋਕਾਂ ਦੀ ਗ਼ੁਲਾਮੀ ਦਾ ਵਿਰੋਧ ਕੀਤਾ । ਉਸ ਨੇ ਅਮਰੀਕਨਾਂ ਦੀ ਹਰ ਹੀਲੇ ਪੈਸੇ ਕਮਾਉਣ ਤੇ ਅਮੀਰ ਹੋਣ ਦੀ ਮਨੋਬਿਰਤੀ ਦਾ ਖੰਡਨ ਕੀਤਾ ਅਤੇ ਅਜਿਹੀ ਜੀਵਨ-ਜਾਚ ਦੀ ਭਰਪੂਰ ਆਲੋਚਨਾ ਕੀਤੀ । ਉਸ ਸਮੇਂ ਅਮਰੀਕਨਾਂ ਦੇ ਦੋ ਹੀ ਸ਼ੌਕ ਸਨ : ਪੈਸਾ ਕਮਾਉਣਾ ਅਤੇ ਗਿਰਜੇ ਜਾਣਾ । ਐਮਰਸਨ ਨੇ ਇਹਨਾਂ ਦੋਹਾਂ ਦੀ ਵਿਰੋਧਤਾ ਕੀਤੀ । ਇਵੇਂ ਹੀ ਇਸ ਸਮੇਂ ਅਮਰੀਕਾ ਗ਼ੁਲਾਮੀ ਦੇ ਪੱਖ ਵਿੱਚ ਅਤੇ ਗ਼ੁਲਾਮੀ ਦੇ ਵਿਰੋਧ ਵਿੱਚ ਵੰਡਿਆ ਹੋਇਆ ਸੀ । ਇਸ ਸਮੇਂ ਐਮਰਸਨ ਨੇ ਕਿਹਾ ਕਿ ‘ ਜੇ ਰੱਬ ਗ਼ੁਲਾਮੀ ਦੇ ਹੱਕ ਵਿੱਚ ਹੈ ਤਾਂ ਮੈਂ ਰੱਬ ਦੇ ਇਸ ਹੁਕਮ ਨੂੰ ਨਹੀਂ ਮੰਨਦਾ । ਉਸ ਦੇ ਇਹ ਸ਼ਬਦ ਦੂਰ-ਦੂਰ ਤੱਕ ਗੂੰਜ ਪੈਦਾ ਕਰ ਗਏ ।

        ਐਮਰਸਨ ਪਰੰਪਰਾ ਦਾ ਵਿਰੋਧੀ ਜਾਂ ਧਰਮ ਦਾ ਆਲੋਚਕ ਹੀ ਨਹੀਂ ਸੀ , ਉਸ ਨੇ ਉਸਾਰੂ , ਹਾਂ-ਪੱਖੀ ਅਤੇ ਕਲਿਆਣਕਾਰੀ ਜੀਵਨ-ਜਾਚ ਦਾ ਪ੍ਰਚਾਰ ਵੀ ਕੀਤਾ । ਉਸ ਨੇ ਅਮਰੀਕਨਾਂ ਨੂੰ ਨਿਤਾਪ੍ਰਤੀ ਦੇ ਯਥਾਰਥ ਅਤੇ ਵਿਚਾਰਧਾਰਾ ਤੋਂ ਪਰ੍ਹੇ ਹੋ ਜਾਣ ਲਈ ਕਿਹਾ ਤਾਂ ਜੋ ਸ਼ਖ਼ਸੀਅਤ ਦਾ ਵਿਕਾਸ ਹੋ ਸਕੇ ਅਤੇ ਮਨੁੱਖ ਵਿੱਚ ਸਵੈ- ਭਰੋਸਾ ਵਧ ਸਕੇ । ਇਹ ਵਿਅਕਤੀ ਹੀ ਨਵੇਂ ਸਮਾਜ ਦਾ ਨਿਰਮਾਣ ਕਰਨ ਵਿੱਚ ਸਮਰੱਥ ਹੋਣਗੇ । ਐਮਰਸਨ ਦਾ ਵਿਸ਼ਵਾਸ ਸੀ ਕਿ ਜਦੋਂ ਤੱਕ ਮਨੁੱਖ ਅਧਿਆਤਮਵਾਦੀ ਲੀਹਾਂ ਉੱਤੇ ਨਹੀਂ ਢੱਲਦਾ ਉਸ ਨੂੰ ਜੀਵਨ ਵਿੱਚੋਂ ਤਸੱਲੀ ਅਤੇ ਖ਼ੁਸ਼ੀ ਪ੍ਰਾਪਤ ਨਹੀਂ ਹੋਵੇਗੀ । ਐਮਰਸਨ ਅਮਰੀਕਾ ਨੂੰ ਪਿਆਰ ਕਰਦਾ ਸੀ , ਅਮਰੀਕਾ ਉਸ ਦੀ ਮੂਲ ਜੀਵਨ- ਧਾਰਾ ਨਾਲ ਇੱਕਸੁਰ ਸੀ ਅਤੇ ਉਹ ਚਾਹੁੰਦਾ ਸੀ ਕਿ ਵਿਸ਼ਵ ਪੱਧਰ ਉੱਤੇ ਅਮਰੀਕਾ ਇੱਕ ਕ੍ਰਾਂਤੀਕਾਰੀ ਰੋਲ ਅਦਾ ਕਰੇ । ਐਮਰਸਨ ਨੇ ਅਮਰੀਕੀ ਸੰਗੀਤ ਅਤੇ ਅਮਰੀਕੀ ਕਲਾ ਦੇ ਵਿਕਾਸ ਦੀ ਲੋੜ ਉੱਤੇ ਜ਼ੋਰ ਦਿੱਤਾ । ਐਮਰਸਨ ਦਾ ਸਮੁੱਚਾ ਯਤਨ ਅਮਰੀਕੀ ਸੱਭਿਆਚਾਰ ਦਾ ਨਿਰਮਾਣ ਕਰਨਾ ਅਤੇ ਇਸ ਨੂੰ ਪ੍ਰਫੁਲਿਤ ਕਰਨਾ ਸੀ । ਐਮਰਸਨ ਨੇ ਆਪਣੇ ਵਿਚਾਰਾਂ ਨੂੰ ਆਪਣੇ ਰਸਾਲੇ ਵਿੱਚ ਛਾਪਿਆ ।

        ਐਮਰਸਨ ਦੀਆਂ ਪਹਿਲੀਆਂ ਦੋ ਪੁਸਤਕਾਂ ਜਿਹੜੀਆਂ ਉਸ ਦੇ ਲੇਖਾਂ ਦੇ ਸੰਗ੍ਰਹਿ ਸਨ , ਬੜੀਆਂ ਹਰਮਨ ਪਿਆਰੀਆਂ ਹੋਈਆਂ ਅਤੇ ਇਹਨਾਂ ਪੁਸਤਕਾਂ ਨੂੰ ਮਿਲੇ ਹੁੰਗਾਰੇ ਨਾਲ ਐਮਰਸਨ ਅਮਰੀਕਾ ਵਿੱਚ ਹੀ ਨਹੀਂ ਸਗੋਂ ਯੂਰਪ ਵਿੱਚ ਵੀ ਇੱਕ ਨਿਬੰਧਕਾਰ ਵਜੋਂ ਪ੍ਰਸਿੱਧ ਹੋਇਆ । ਇਹਨਾਂ ਕਿਤਾਬਾਂ ਦੇ ਵਿਸ਼ੇ ‘ ਸਵੈ- ਨਿਰਭਰਤਾ` , ‘ ਅਧਿਆਤਮਿਕ ਨੇਮ` , ‘ ਪ੍ਰਕਿਰਤੀ` , ‘ ਕਵੀ` ਆਦਿ ਸਨ । ਇਹਨਾਂ ਲੇਖਾਂ ਵਿੱਚ ਐਮਰਸਨ ਨੇ ਬੜੇ ਸੂਖਮ ਢੰਗ ਨਾਲ ਬੜੇ ਗੁੰਝਲਦਾਰ ਵਿਸ਼ਿਆਂ ਨੂੰ ਕਾਵਿ-ਮਈ ਵਾਰਤਕ ਵਿੱਚ ਪੇਸ਼ ਕਰ ਕੇ ਆਪਣੇ ਵਾਰਤਕਕਾਰ ਅਤੇ ਸ਼ੈਲੀਕਾਰ ਹੋਣ ਦਾ ਪ੍ਰਮਾਣ ਦਿੱਤਾ ।

        ਇਹਨਾਂ ਲੇਖਾਂ ਵਿੱਚ ਐਮਰਸਨ ਦਾ ਦ੍ਰਿਸ਼ਟੀਕੋਣ ਹਾਂ-ਪੱਖੀ , ਆਸ਼ਾਵਾਦੀ ਅਤੇ ਉਸਾਰੂ ਹੈ ਪਰ ਐਮਰਸਨ ਨੇ ਜੀਵਨ ਦੇ ਯਥਾਰਥ , ਗ਼ਰੀਬੀ ਦੀ ਕਰੂਪਤਾ , ਗ਼ੁਲਾਮੀ ਦੇ ਸਰਾਪ ਆਦਿ ਪੱਖਾਂ ਨੂੰ ਅੱਖੋਂ-ਪਰੋਖੇ ਨਹੀਂ ਕੀਤਾ । ਇਹੀ ਕਾਰਨ ਹੈ ਕਿ ਐਮਰਸਨ ਦੇ ਲੇਖਾਂ ਦੇ ਪੈਰ ਧਰਤੀ `ਤੇ ਹਨ ਅਤੇ ਸਿਰ ਤਾਰਿਆਂ ਵਿੱਚ ਹੈ । ‘ ਤਜਰਬਾ` ਨਾਂ ਦੇ ਨਿਬੰਧ ਵਿੱਚ ਉਸ ਨੇ ਜੀਵਨ ਵਿੱਚ ਵਾਪਰਨ ਵਾਲੇ ਦੁਖਾਂਤਾਂ ਅਤੇ ਪੈਣ ਵਾਲੇ ਘਾਟਿਆਂ ਨਾਲ ਸਾਮ੍ਹਣਾਂ ਹੋਣ ਉੱਤੇ ਇੱਕ ਨਰੋਆ , ਮੌਲਿਕ ਅਤੇ ਹੰਢਣਸਾਰ ਦ੍ਰਿਸ਼ਟੀਕੋਣ ਅਪਣਾਉਣ ਦੀ ਪ੍ਰੇਰਨਾ ਦਿੱਤੀ ।

        ਐਮਰਸਨ ਇੱਕ ਸ਼ੈਲੀਕਾਰ ਸੀ ਅਤੇ ਉਸ ਨੂੰ ਰੂਪਕ ਅਤੇ ਉਪਮਾਵਾਂ ਸਿਰਜਣ-ਸਜਾਉਣ ਦੀ ਕਲਾ ਆਉਂਦੀ ਸੀ । ਉਸ ਕੋਲ ਦ੍ਰਿਸ਼ਟੀ ਦਾ ਸੁਹਜ ਸੀ ਅਤੇ ਬਿਆਨ ਕਰਨਾ ਉਸ ਨੂੰ ਆਉਂਦਾ ਸੀ । ਇਹਨਾਂ ਕਾਰਨਾਂ ਕਰ ਕੇ ਐਮਰਸਨ ਦੀਆਂ ਲਿਖਤਾਂ ਵਿੱਚ ਸਾਹਿਤ ਦਾ ਸਲੀਕਾ ਹੈ , ਕਲਪਨਾ ਦੀ ਵਿਸ਼ਾਲਤਾ ਅਤੇ ਅਨੁਭਵ ਦੀ ਡੂੰਘਾਈ ਹੈ । ਐਮਰਸਨ ਦੀਆਂ ਲਿਖਤਾਂ ਪਾਠਕਾਂ ਦਾ ਸੁਹਜ- ਸੁਆਦ ਉਚਿਆਉਣ ਦੇ ਨਾਲ ਉਹਨਾਂ ਨੂੰ ਗਿਆਨਵਾਨ ਬਣਾਉਣ ਦੀ ਸ਼ਕਤੀ ਨਾਲ ਵੀ ਭਰਪੂਰ ਹਨ । 1850 ਵਿੱਚ ਉਸ ਨੇ ਸੱਤ ਵਿਖਿਆਨਾਂ ਵਿੱਚ ਪ੍ਰਤਿਨਿਧ ਵਿਅਕਤੀਆਂ ( ਜਿਵੇਂ ਪਲੇਟੋ , ਸ਼ੇਕਸਪੀਅਰ , ਗੇਟੇ ਆਦਿ ) ਸੰਬੰਧੀ ਆਪਣੇ ਦ੍ਰਿਸ਼ਟੀਕੋਣ ਤੋਂ ਜਾਣਕਾਰੀ ਦਿੱਤੀ ਅਤੇ ਇਹਨਾਂ ਦੇ ਯੋਗਦਾਨ ਦੀ ਚਰਚਾ ਕੀਤੀ । ਉਨ੍ਹੀਵੀਂ ਸਦੀ ਦੇ ਅੱਧ ਦੇ ਨੇੜੇ ਐਮਰਸਨ ਨੇ ਇੰਗਲੈਂਡ ਦੀ ਵਿਸਤ੍ਰਿਤ ਯਾਤਰਾ ਕੀਤੀ ਅਤੇ ਆਪਣੇ ਢੰਗ ਨਾਲ ਅੰਗਰੇਜ਼ਾਂ ਦੀ ਜੀਵਨ-ਜਾਚ ਅਤੇ ਅੰਗਰੇਜ਼ਾਂ ਦੇ ਇਤਿਹਾਸ ਅਤੇ ਸੱਭਿਆਚਾਰ ਨੂੰ ਪ੍ਰਗਟਾਇਆ । ਇਹ ਪੁਸਤਕ ਲੰਮਾ ਅਰਸਾ ਇੰਗਲੈਂਡ ਜਾਣ ਵਾਲੇ ਅਮਰੀਕਨਾਂ ਨੂੰ ਇੰਗਲੈਂਡ ਬਾਰੇ ਮੁਢਲੀ ਜਾਣਕਾਰੀ ਪ੍ਰਦਾਨ ਕਰਦੀ ਰਹੀ ਹੈ ।

        ਐਮਰਸਨ ਨੇ 1835 ਵਿੱਚ ਦੂਜਾ ਵਿਆਹ ਕਰਵਾਇਆ ਜਿਸ ਵਿੱਚੋਂ ਚਾਰ ਬੱਚੇ ਜਨਮੇ । ਜਿਉਂ-ਜਿਉਂ ਐਮਰਸਨ ਦਾ ਪਰਿਵਾਰ ਵੱਧਦਾ ਗਿਆ ਤਿਉਂ-ਤਿਉਂ ਉਸ ਦੀ ਜਾਣ- ਪਛਾਣ ਦਾ ਘੇਰਾ ਵੀ ਵੱਧਦਾ ਗਿਆ । ਬੋਸਟਨ ਵਿੱਚ ਪਾਦਰੀ ਵਜੋਂ ਤਿਆਗ ਪੱਤਰ ਦੇਣ ਉਪਰੰਤ ਐਮਰਸਨ ਕੋਨਕੋਰਡ ਦੇ ਸਥਾਨ ਤੇ ਵਸ ਗਿਆ । ਇੱਥੇ ਹੀ ਪ੍ਰਸਿੱਧ ਵਿਦਿਆਰਥੀ ਥੋਰੋ ਉਸ ਦਾ ਸ਼ਾਗਿਰਦ ਬਣਿਆ । ਇਸ ਥੋਰੋ ਨੇ ਗਾਂਧੀ ਜੀ ਨੂੰ ਵਿਚਾਰਾਂ ਦੇ ਪੱਖੋਂ ਬੜਾ ਪ੍ਰਭਾਵਿਤ ਕੀਤਾ ਸੀ ।

        ਅਮਰੀਕਾ ਵਿੱਚ ਗ਼ੁਲਾਮੀ ਦੇ ਵਿਰੁੱਧ ਸੰਘਰਸ਼ ਵਿੱਚ ਐਮਰਸਨ ਨੇ ਇਬਰਾਹੀਮ ਲਿੰਕਨ ਦਾ ਸਾਥ ਦਿੱਤਾ ਅਤੇ ਉਹ ਅਮਰੀਕਾ ਦੀ ਰੀਪਬਲਿਕ ਪਾਰਟੀ ਦੇ ਪੱਖ ਵਿੱਚ ਭੁਗਤਿਆ । ਜਦੋਂ ਇਬਰਾਹੀਮ ਲਿੰਕਨ ਨੇ ਪਹਿਲੀ ਜਨਵਰੀ 1863 ਨੂੰ ਗ਼ੁਲਾਮੀ ਦੇ ਖ਼ਾਤਮੇ ਵਾਲੀ ਘੋਸ਼ਣਾ ਉੱਤੇ ਦਸਤਖਤ ਕੀਤੇ ਤਾਂ ਇਸ ਦਿਨ ਨੂੰ ਐਮਰਸਨ ਨੇ ਇੱਕ ਮਹਾਨ ਦਿਵਸ ਕਰਾਰ ਦਿੱਤਾ ।

          ਵਕਤ ਦੇ ਬੀਤਣ ਨਾਲ ਐਮਰਸਨ ਸਰੀਰਕ ਪੱਖੋਂ ਬਲਹੀਣ ਹੁੰਦਾ ਗਿਆ ਅਤੇ ਅੰਤ ਨੂੰ 79 ਸਾਲ ਦੀ ਉਮਰ ਵਿੱਚ 27 ਅਪ੍ਰੈਲ 1882 ਨੂੰ ਸੰਸਾਰ ਦਾ ਇੱਕ ਪ੍ਰਸਿੱਧ ਚਿੰਤਕ ਸਦਾ ਲਈ ਚੁੱਪ ਹੋ ਗਿਆ । ਉਸ ਦੇ ਮਰਨ ਦਾ ਸੋਗ ਅਮਰੀਕਾ ਵਿੱਚ ਹੀ ਨਹੀਂ ਸਮੁੱਚੇ ਯੂਰਪ ਵਿੱਚ ਮਨਾਇਆ ਗਿਆ ।


ਲੇਖਕ : ਨਰਿੰਦਰ ਸਿੰਘ ਕਪੂਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 928, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.