ਓਪਰੇਟਿੰਗ ਸਿਸਟਮ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Operating System

ਓਪਰੇਟਿੰਗ ਸਿਸਟਮ ( ਸੰਚਾਲਨ ਪ੍ਰਣਾਲੀ ) ਪ੍ਰੋਗਰਾਮਾਂ ਦਾ ਇਕ ਅਜਿਹਾ ਸਮੂਹ ਹੈ ਜੋ ਵਰਤੋਂਕਾਰ ( User ) ਅਤੇ ਕੰਪਿਊਟਰ ਦਰਮਿਆਨ ਸਬੰਧ ਸਥਾਪਿਤ ਕਰਦਾ ਹੈ । ਇਹ ਕੰਪਿਊਟਰ ਦੇ ਵੱਖ-ਵੱਖ ਸਾਧਨਾਂ/ਵਸੀਲਿਆਂ ( Resources ) ਦਾ ਪ੍ਰਬੰਧ ਕਰਦਾ ਹੈ । ਇਹ ਇਕ ਕਿਸਮ ਦਾ ਸਿਸਟਮ ਸਾਫਟਵੇਅਰ ਹੁੰਦਾ ਹੈ । ਓਪਰੇਟਿੰਗ ਸਿਸਟਮ ਹਾਰਡਵੇਅਰ ਅਤੇ ਸਾਫਟਵੇਅਰ ਲਈ ਇਕ ਪ੍ਰਬੰਧਕੀ ਅਮਲੇ ਦਾ ਕੰਮ ਕਰਦਾ ਹੈ ।

ਸਾਰੇ ਐਪਲੀਕੇਸ਼ਨ ਪ੍ਰੋਗਰਾਮਜ਼ ਕਿਸੇ ਨਾ ਕਿਸੇ ਓਪਰੇਟਿੰਗ ਸਿਸਟਮ ਦੀ ਵਰਤੋਂ ਕਰ ਕੇ ਆਪਣੇ ਸਰੋਤਾਂ ਜਾਂ ਸਾਧਨਾਂ ਦੀ ਵਰਤੋਂ ਕਰਦੇ ਹਨ । ਓਪਰੇਟਿੰਗ ਸਿਸਟਮ ਕੰਪਿਊਟਰ ਵਿੱਚ ਲੋਅਡ ( Load ) ਹੋਣ ਵਾਲਾ ਸਭ ਤੋਂ ਪਹਿਲਾ ਪ੍ਰੋਗਰਾਮ ਹੈ । ਇਹ ਸਿਸਟਮ ਨੂੰ ਬੂਟ ( Boot ) ਕਰਦਾ ਜਾਂ ਚਲਾਉਂਦਾ ਹੈ । ਇਸ ਤੋਂ ਬਿਨਾਂ ਕੰਪਿਊਟਰ ਨੂੰ ਚਲਾਉਣਾ ਸੰਭਵ ਨਹੀਂ । ਓਪਰੇਟਿੰਗ ਸਿਸਟਮ ਸੀਪੀਯੂ , ਮੈਮਰੀ , ਇਨਪੁਟ ਤੇ ਆਉਟਪੁਟ ਇਕਾਈਆਂ ਉੱਤੇ ਨਿਯੰਤਰਣ ਰੱਖਦਾ ਹੈ । ਇਹ ਕੰਪਿਊਟਰ ਤੋਂ ਬੜੀ ਕੁਸ਼ਲਤਾ ਨਾਲ ਕੰਮ ਲੈਣ ਲਈ ਜ਼ਿੰਮੇਵਾਰ ਹੁੰਦਾ ਹੈ ।

( i ) ਸੀਯੂਆਈ ਅਤੇ ਜੀਯੂਆਈ ( CUI & GUI ) : ਸੀਯੂਆਈ ਦਾ ਪੂਰਾ ਨਾਮ ਹੈ- ਕਰੈਕਟਰ ਯੂਜ਼ਰ             ਇੰਟਰਫੇਸ ( Character User Interface ) । ਇਹ ਇਕ ਅਜਿਹਾ ਸਾਫਟਵੇਅਰ ਹੈ ਜਿਸ ਵਿੱਚ ਕਮਾਂਡਾਂ ( ਹਦਾਇਤਾਂ ) ਦੀ ਵਰਤੋਂ ਕਰਕੇ ਕੰਪਿਊਟਰ ਨਾਲ ਜੁੜਿਆ ਜਾ ਸਕਦਾ ਹੈ । ਇਸ ਵਿੱਚ ਵਰਤੋਂਕਾਰ ਕਮਾਂਡ       ਪਰਾਮਟ ਉੱਤੇ ਆਪਣੀਆਂ ਹਦਾਇਤਾਂ ( Commands ) ਟਾਈਪ ਕਰਦਾ ਹੈ । ਸੀਯੂਆਈ ਦੀ ਸਭ ਤੋਂ ਉੱਤਮ ਉਦਾਹਰਨ ਹੈ- ਡਾਸ ( DOS ) । ਇਹ ਵਰਤੋਂ ਵਿੱਚ ਕਠਿਨ ਹੁੰਦਾ ਹੈ ਕਿਉਂਕਿ ਇਸ ਵਿੱਚ ਵਰਤੋਂਕਾਰ ਨੂੰ ਕਮਾਂਡਾਂ ਯਾਦ ਰੱਖਣੀਆਂ ਪੈਂਦੀਆਂ ਹਨ । ਓਪਰੇਟਿੰਗ ਸਿਸਟਮ ਦੀ ਦੂਸਰੀ ਕਿਸਮ ਹੈ-ਜੀਯੂਆਈ । ਜੀਯੂਆਈ ਦਾ ਪੂਰਾ ਨਾਮ ਹੈ- ਗ੍ਰਾਫਿਕਸ ਯੂਜ਼ਰ ਇੰਟਰਫੇਸ । ਇਸ ਵਿੱਚ ਵਰਤੋਂਕਾਰ ਨੂੰ ਕਮਾਂਡਾਂ ਯਾਦ ਰੱਖਣ ਦੀ ਲੋੜ ਨਹੀਂ ਪੈਂਦੀ । ਇਸ ਵਿੱਚ ਨਾਂ ਤਾਂ ਕਮਾਂਡ ਪਰਾਮਟ ਹੁੰਦਾ ਹੈ ਤੇ ਨਾਂ ਹੀ ਕਮਾਂਡਾਂ ਵਰਤੀਆਂ ਜਾਂਦੀਆਂ ਹਨ । ਇਸ ਵਿੱਚ ਵੱਖ-ਵੱਖ ਮੀਨੂ ( Menu ) ਅਤੇ ਉਹਨਾਂ ਦੇ ਵਿਕਲਪ ( Options ) ਹੁੰਦੇ ਹਨ । ਇਹਨਾਂ ਮੀਨੂਆਂ ਨੂੰ ਮਾਊਸ ਦੇ ਕਲਿੱਕ ਰਾਹੀਂ ਚੁਣਿਆ ਅਤੇ ਲਾਗੂ ਕੀਤਾ ਜਾਂਦਾ ਹੈ ।

( ii ) ਓਪਰੇਟਿੰਗ ਸਿਸਟਮ ਦੀ ਲੋੜ ( Need of Operating System ) : ਓਪਰੇਟਿੰਗ ਸਿਸਟਮ ਦੀ ਲੋੜ ਬਾਰੇ ਜਾਣਨ ਤੋਂ ਪਹਿਲਾਂ ਸਾਨੂੰ ਪੁਰਾਣੇ ਅਤੇ ਅਜੋਕੇ ਆਧੁਨਿਕ ਕੰਪਿਊਟਰਾਂ ਵਿਚਲੇ ਫ਼ਰਕ ਨੂੰ ਜ਼ਰੂਰ ਸਮਝ ਲੈਣਾ ਚਾਹੀਦਾ ਹੈ ।

ਪੁਰਾਣੇ ਕੰਪਿਊਟਰ ਸਿਸਟਮ ਇਕ ਸਮੇਂ ਉੱਤੇ ਸਿਰਫ਼ ਇਕ ਪ੍ਰੋਗਰਾਮ ਦਾ ਹੀ ਪਾਲਨ ( Execution )           ਕਰ ਸਕਦੇ ਸਨ ਅਰਥਾਤ ਸਿਰਫ਼ ਇਕ ਕੰਮ ਹੀ ਕਰਦੇ ਸਨ । ਜਦੋਂ ਪ੍ਰੋਸੈਸਰ ਕੋਲ ਬਹੁਤ ਜ਼ਿਆਦਾ ਕੰਮ ਇਕੱਠੇ ਹੋ ਜਾਂਦੇ ਸੀ ਤਾਂ ਪ੍ਰੋਸੈਸਰ ਕੰਮਾਂ ( Processor ) ਨੂੰ ਕ੍ਰਮਵਾਰ ਇਕ-ਇਕ ਕਰਕੇ ਪੁਗਾਉਂਦਾ ਸੀ । ਜੇਕਰ ਅੱਧਵਾਟਿਓਂ ਕਿਸੇ ਪ੍ਰੋਗਰਾਮ ਨੂੰ ਕੁਝ ਇਨਪੁਟ ਦੀ ਲੋੜ ਪੈਂਦੀ ਸੀ ਤਾਂ ਰਹਿੰਦੇ ਕੰਮ ਦਾ ਪਾਲਨ ਰੁਕ ਜਾਂਦਾ ਸੀ ਤੇ ਇਹ ਇਨਪੁਟ ਪ੍ਰਾਪਤ ਹੋਣ ਉਪਰੰਤ ਹੀ ਦੁਬਾਰਾ ਚਾਲੂ ਹੁੰਦਾ ਸੀ । ਇਨਪੁਟ ਪ੍ਰਾਪਤ ਕਰਨ ਉੱਤੇ ਲੱਗੇ ਸਮੇਂ ਦੌਰਾਨ ਸੀਪੀਯੂ ਜਾਂ ਪ੍ਰੋਸੈਸਰ ਬਿਲਕੁਲ ਵਿਹਲਾ ਰਹਿੰਦਾ ਸੀ । ਸੋ ਉਸ ਸਮੇਂ ਅਜਿਹੇ ਓਪਰੇਟਿੰਗ ਸਿਸਟਮ ਦੀ ਲੋੜ ਮਹਿਸੂਸ ਹੋਣ ਲੱਗੀ ਜੋ ਸੀਪੀਯੂ ਦੇ ਵਿਹਲੇ ( Idle ) ਸਮੇਂ ਨੂੰ ਘੱਟ     ਤੋਂ ਘੱਟ ਕਰ ਸਕੇ ।

ਅਜੋਕੇ ਆਧੁਨਿਕ ਕੰਪਿਊਟਰਾਂ ਵਿੱਚ ਓਪਰੇਟਿੰਗ ਸਿਸਟਮ ਵੀ ਆਧੁਨਿਕ ਕਿਸਮ ਦੇ ਆ ਗਏ ਹਨ । ਇਹ ਓਪਰੇਟਿੰਗ ਸਿਸਟਮ ਬਹੁਤ ਤੇਜ਼ ਰਫ਼ਤਾਰ ਨਾਲ ਕੰਮ ਕਰਦੇ ਹਨ ਤੇ ਸੀਪੀਯੂ ਨੂੰ ਘੱਟ ਤੋਂ ਘੱਟ ਵਿਹਲਾ ਰਹਿਣ ਦਿੰਦੇ ਹਨ । ਆਧੁਨਿਕ ਓਪਰੇਟਿੰਗ ਸਿਸਟਮ ਵਾਲੇ ਕੰਪਿਊਟਰ ਨੂੰ ਜੇਕਰ ਕੁਝ ਕੰਮ ਸਮੂਹਿਕ ਰੂਪ ਵਿੱਚ ਦੇ ਦਿੱਤੇ ਜਾਣ ਤਾਂ ਇਹ ਇਹਨਾਂ ( ਕੰਮਾਂ ) ਨੂੰ ਵਾਰੀ ਨਾਲ ਥੋੜ੍ਹਾ-ਥੋੜ੍ਹਾ ਸਮਾਂ ਵੰਡ ਕੇ ਦੇ ਦਿੰਦਾ ਹੈ । ਅਜਿਹੇ ਮੰਤਵ ਲਈ ਸਭਨਾਂ ਕੰਮਾਂ ਨੂੰ ਵਾਰੀ ਨਾਲ ਟਾਈਮ ਸਲਾਈਸ ( Slice ) ਜਾਰੀ ਕੀਤੀ ਜਾਂਦੀ ਹੈ । ਇਕ ਕੰਮ ਦੌਰਾਨ ਜੇਕਰ ਕਿਸੇ ਇਨਪੁਟ ਦੀ ਜ਼ਰੂਰਤ ਪੈ ਜਾਵੇ ਜਾਂ ਫਿਰ ਨਤੀਜਾ ਪੇਸ਼ ਕਰਨਾ ਹੋਵੇ ਤਾਂ ਉਦੋਂ ਸੀਪੀਯੂ ਵਿਹਲਾ ਨਹੀਂ ਰਹਿੰਦਾ ਸਗੋਂ ਅਗਲਾ ਕੰਮ ਪਕੜ ਲੈਂਦਾ ਹੈ । ਸੋ ਆਧੁਨਿਕ ਕੰਪਿਊਟਰਾਂ ਵਿੱਚ ਨਵੀਨਤਮ ਓਪਰੇਟਿੰਗ ਸਿਸਟਮਾਂ ਦੇ ਸਹਾਰੇ ਸੀਪੀਯੂ ਨੂੰ ਵੱਧ ਤੋਂ ਵੱਧ ਵਰਤ ਕੇ ਕੰਮਾਂ ਨੂੰ ਛੇਤੀ-ਛੇਤੀ ਕਰਵਾਇਆ ਜਾਂਦਾ ਹੈ । ਸੋ ਇਹ ਓਪਰੇਟਿੰਗ ਸਿਸਟਮ ਹੀ ਹੈ ਜੋ ਕੰਪਿਊਟਰ ਤੋਂ ਕੰਮ ਲੈਣ ਦੀ ਵਿਊਂਤ ਬਣਾਉਂਦਾ ਹੈ ਤੇ ਉਸ ਦੀ ਸਮਾਂ ਵੰਡ ਕਰਕੇ ਪੂਰਾ ਕਰਨ ਵਿੱਚ ਮਦਦ ਕਰਦਾ ਹੈ ।

ਮੈਮਰੀ ਦੇ ਪ੍ਰਬੰਧ , ਕੰਮਾਂ ਦਾ ਰਾਖਵਾਂਕਰਨ ਕਰਨ ਅਤੇ ਇਨਪੁਟ ਜਾਂ ਆਉਟਪੁਟ ਕਾਰਜ ਕਰਨ ਲਈ ਓਪਰੇਟਿੰਗ ਸਿਸਟਮ ਦੀ ਲੋੜ ਪੈਂਦੀ ਹੈ ।

( iii ) ਮਹੱਤਵਪੂਰਨ ਓਪਰੇਟਿੰਗ ਸਿਸਟਮ ( Important Operating Systems ) : ਕੰਪਿਊਟਰ ਦੇ ਮਹੱਤਵਪੂਰਨ ਓਪਰੇਟਿੰਗ ਸਿਸਟਮਾਂ ਦੇ ਨਾਮ ਹੇਠਾਂ ਲਿਖੇ ਅਨੁਸਾਰ ਹਨ :

· ਡਾਸ ( DOS )    

· OS/2

· ਮੈਕ ਓਪਰੇਟਿੰਗ ਸਿਸਟਮ

· ਵਿੰਡੋਜ਼ 95

· ਵਿੰਡੋਜ 98

· ਵਿੰਡੋਜ 2000

· ਵਿੰਡੋਜ ME

· ਵਿੰਡੋਜ XP

· ਵਿੰਡੋਜ XP 2000

· UNIX

· LINUX

· ਓਂਡਰਾਇਡ

· ਵਿੰਡੋਜ਼ 2003 ਸਰਵਰ

· ਵਿੰਡੋਜ਼ ਵਿਸਟਾ

· ਵਿੰਡੋਜ਼ 2007

· ਵਿੰਡੋਜ਼ 2008 ਆਦਿ       

( iv ) ਓਪਰੇਟਿੰਗ ਸਿਸਟਮ ਦੇ ਕੰਮ ( Functions of Operating System ) : ਓਪਰੇਟਿੰਗ ਸਿਸਟਮ ਦੁਆਰਾ ਕੀਤੇ ਜਾਣ ਵਾਲੇ ਕੰਮਾਂ ਦਾ ਵੇਰਵਾ ਹੇਠਾਂ ਲਿਖੇ ਅਨੁਸਾਰ ਹੈ :

1. ਇਹ ਕੰਪਿਊਟਰ ਦੀ ਮੈਮਰੀ ਦਾ ਸਮੁੱਚਾ ਪ੍ਰਬੰਧ ਕਰਦਾ ਹੈ ਤੇ ਸਟੋਰੇਜ ਮੀਡੀਆ ( Storage Media ) ਨਾਲ ਤਾਲਮੇਲ ਸਥਾਪਿਤ ਕਰਦਾ ਹੈ ।

2. ਇਹ ਪ੍ਰੋਸੈਸਰ ( Processor ) ਦੁਆਰਾ ਕਰਵਾਏ ਜਾਣ ਵਾਲੇ ਕੰਮਾਂ ਦਾ ਪ੍ਰਬੰਧ ਕਰਦਾ ਹੈ ਤੇ ਉਹਨਾਂ ਦੀ ਦੇਖ-ਰੇਖ ਕਰਦਾ ਹੈ ।

3. ਓਪਰੇਟਿੰਗ ਸਿਸਟਮ ਆਉਟਪੁਟ ( ਜਿਵੇਂ- ਮੌਨੀਟਰ , ਪ੍ਰਿੰਟਰ ਆਦਿ ) ਅਤੇ ਇਨਪੁਟ ( ਜਿਵੇਂ ਕੀਬੋਰਡ , ਮਾਊਸ ਆਦਿ ) ਦਾ ਪ੍ਰੋਸੈਸਰ ਨਾਲ ਅਤੇ ਆਪਸ ਵਿੱਚ ਤਾਲਮੇਲ ਬਣਾਉਂਦਾ ਹੈ ।

4. ਇਹ ਫਾਈਲਾਂ ਅਤੇ ਫੋਲਡਰਾਂ ਦਾ ਉਚਿਤ ਪ੍ਰਬੰਧ ਕਰਦਾ ਹੈ । ਨਵੀਆਂ ਫਾਈਲਾਂ ਬਣਾਉਣਾ ਅਤੇ ਪੁਰਾਣੀਆਂ ਫਾਈਲਾਂ ਨੂੰ ਡਿਲੀਟ ( Delete ) ਕਰਨਾ ਇਸ ਦੇ ਮਹੱਤਵਪੂਰਨ ਕੰਮ ਹਨ ।

5. ਇਹ ਫਾਈਲਾਂ ਅਤੇ ਫੋਲਡਰਾਂ ਨੂੰ ਇਕ ਸਟੋਰੇਜ ਮੀਡੀਆ ਤੋਂ ਦੂਸਰੇ ਵਿੱਚ ਕਾਪੀ ( Copy ) ਕਰਨ ' ਚ ਮਦਦ ਕਰਦਾ ਹੈ ।

6. ਇਹ ਪ੍ਰੋਸੈਸਰ ਦੁਆਰਾ ਕਰਵਾਏ ਜਾਣ ਵਾਲੇ ਕਾਰਜਾਂ ਨੂੰ ਪਹਿਲ ( Priority ) ਦੇ ਅਧਾਰ ' ਤੇ ਕ੍ਰਮਬੱਧ ਕਰਦਾ ਹੈ ।

7. ਇਹ ਕਿਸੇ ਗ਼ਲਤ ਕਮਾਂਡ ਦੇਣ ਸਮੇਂ ਜਾਂ ਕਮਾਂਡਾਂ ਦੀ ਦੁਰਵਰਤੋਂ ਕਰਨ ਸਮੇਂ ਤਰੁੱਟੀ ਸੁਨੇਹਾ ( Error Message ) ਪ੍ਰਦਰਸ਼ਿਤ ਕਰਦਾ ਹੈ ।

8. ਇਹ ਕੰਪਾਈਲਰ , ਅਸੈਂਬਲਰ , ਯੁਟਿਲਿਟੀ ਪ੍ਰੋਗਰਾਮ ਅਤੇ ਹੋਰਨਾਂ ਸਾਫਟਵੇਅਰਜ ਦਾ ਵੱਖ-ਵੱਖ ਵਰਤੋਂਕਾਰਾਂ ਨਾਲ ਸਬੰਧ ਸਥਾਪਿਤ ਕਰਦਾ ਹੈ ।

9. ਇਹ ਕੰਪਿਊਟਰ ਵਿਚਲੇ ਅੰਕੜਿਆਂ ( Data ) ਨੂੰ ਸੁਰੱਖਿਆ ਪ੍ਰਦਾਨ ਕਰਵਾਉਂਦਾ ਹੈ ।

10. ਇਹ ਓਪਰੇਟਰ ( ਵਰਤੋਂਕਾਰ ) ਅਤੇ ਕੰਪਿਊਟਰ ਦਰਮਿਆਨ ਸੰਚਾਰ ( Communication ) ਦਾ           ਕੰਮ ਕਰਦਾ ਹੈ ।

11. ਇਹ ਹਾਰਡਵੇਅਰ ਅਤੇ ਸਾਫਟਵੇਅਰ ਐਪਲੀਕੇਸ਼ਨਾਂ ਦਰਮਿਆਨ ਇਕ ਪੁਲ ਦਾ ਕੰਮ ਕਰਦਾ ਹੈ ।

12. ਓਪਰੇਟਿੰਗ ਸਿਸਟਮ ਗ਼ੈਰ ਪ੍ਰਵਾਣਿਤ ਵਰਤੋਂਕਾਰ ਨੂੰ ਕੰਪਿਊਟਰ ਵਰਤਣ ਤੋਂ ਮਨਾਹੀ ਕਰਦਾ ਹੈ ।

13. ਆਧੁਨਿਕ ਓਪਰੇਟਿੰਗ ਸਿਸਟਮ ਵਰਤੋਂਕਾਰ ਨੂੰ ਖੇਤਰੀ ਭਾਸ਼ਾਵਾਂ ਵਿੱਚ ਕੰਮ ਕਰਨ ਲਈ ਸੁਖਾਵਾਂ         ਵਾਤਾਵਰਨ ਮੁਹੱਈਆ ਕਰਵਾਉਂਦੇ ਹਨ ।

( v ) ਓਪਰੇਟਿੰਗ ਸਿਸਟਮ ਦੀਆਂ ਕਿਸਮਾਂ ( Types of Operating System ) : ਬਣਤਰ ਜਾਂ ਰੂਪ-ਰੇਖਾ ( Configuration ) ਦੇ ਅਧਾਰ ਉੱਤੇ ਓਪਰੇਟਿੰਗ ਸਿਸਟਮ ਦਾ ਹੇਠਾਂ ਲਿਖੇ ਭਾਗਾਂ ਵਿੱਚ ਵਰਗੀਕਰਨ ਕੀਤਾ ਜਾ ਸਕਦਾ ਹੈ :

1. ਸਿੰਗਲ ਯੂਜ਼ਰ ( Single User ) ਓਪਰੇਟਿੰਗ ਸਿਸਟਮ

2. ਬੈਚ ( Batch ) ਓਪਰੇਟਿੰਗ ਸਿਸਟਮ

3. ਟਾਈਮ ਸ਼ੇਅਰਿੰਗ ( Time Sharing ) ਓਪਰੇਟਿੰਗ ਸਿਸਟਮ

4. ਵਰਚੂਅਲ ਸਟੋਰੇਜ ( Virtual Storage ) ਓਪਰੇਟਿੰਗ ਸਿਸਟਮ

5. ਰੀਅਲ ਟਾਈਮ ( Real Time ) ਓਪਰੇਟਿੰਗ ਸਿਸਟਮ

6. ਮਲਟੀ ਪ੍ਰੋਸੈਸਿੰਗ ( Multiprocessing ) ਓਪਰੇਟਿੰਗ ਸਿਸਟਮ

7. ਵਰਚੂਅਲ ਮਸ਼ੀਨ ( Virtual Machine ) ਓਪਰੇਟਿੰਗ ਸਿਸਟਮ


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2226, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਓਪਰੇਟਿੰਗ ਸਿਸਟਮ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Operating System

ਇਸ ਦਾ ਸੰਖੇਪ ਨਾਮ ਹੈ- ਓਐਸ ( OS ) । ਇਹ ਪ੍ਰੋਗਰਾਮਾਂ ਦਾ ਅਜਿਹਾ ਸਮੂਹ ਹੈ ਜੋ ਕੰਪਿਊਟਰ ਦੇ ਵੱਖ-ਵੱਖ ਸਰੋਤਾਂ ( Resources ) ਨੂੰ ਨਿਯੰਤਰਿਤ ਕਰਦਾ ਹੈ ਅਤੇ ਵਰਤੋਂਕਾਰ ਨੂੰ ਕੰਪਿਊਟਰ ਨਾਲ ਜੋੜਦਾ ਹੈ । ਕੁਝ ਮਹੱਤਵਪੂਰਨ ਓਪਰੇਟਿੰਗ ਸਿਸਟਮ ਹਨ- ਡੌਸ , ਵਿੰਡੋਜ਼ , ਯੂਨੀਕਸ , ਲੀਨੇਕਸ ਆਦਿ ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2223, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.