ਕਨ੍ਹੀਆ ਮਿਸਲ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਕਨ੍ਹੀਆ ਮਿਸਲ : ਸਿੱਖਾਂ ਦੀਆਂ 12 ਮਿਸਲਾਂ ਵਿਚੋਂ ਇਕ , ਜਿਸ ਦੀ ਸਥਾਪਨਾ ਪੱਛਮੀ ਪੰਜਾਬ ਦੇ ਲਾਹੌਰ ਜ਼ਿਲ੍ਹੇ ਦੇ ਕਾਨ੍ਹਾ ਪਿੰਡ ਦੇ ਵਸਨੀਕ ਖ਼ੁਸ਼ਹਾਲ ਸਿੰਘ ਸੰਧੂ ਦੇ ਪੁੱਤਰ ਸ. ਜੈ ਸਿੰਘ ਨੇ ਕੀਤੀ ਸੀ । ਜੈ ਸਿੰਘ ਨੇ ਨਵਾਬ ਕਪੂਰ ਸਿੰਘ ਪਾਸੋਂ ਅੰਮ੍ਰਿਤ ਛਕ ਕੇ ਆਪਣਾ ਸੁਤੰਤਰ ਜੱਥਾ ਕਾਇਮ ਕੀਤਾ । ਇਸ ਦੇ ਜੱਥੇ ਦਾ ਨਾਂ ਇਸ ਦੇ ਪਿੰਡ ਦੇ ਨਾਂ ਉਤੇ ਪਿਆ । ਇਸ ਨੇ ਗੁਰਦਾਸਪੁਰ , ਬਟਾਲਾ , ਮੁਕੇਰੀਆਂ ਦੇ ਇਲਾਕੇ ਨੂੰ ਆਪਣੇ ਅਧੀਨ ਕੀਤਾ ਅਤੇ ਜੰਮੂ ਤਕ ਆਪਣੀ ਰਿਆਸਤ ਦਾ ਵਿਸਤਾਰ ਕੀਤਾ । ਸੰਨ 1748 ਈ. ਵਿਚ ਜਦੋਂ ਦਲ-ਖ਼ਾਲਸਾ ਦੀ ਸਥਾਪਨਾ ਹੋਈ ਤਾਂ ਇਸ ਦੇ ਜੱਥੇ ਨੂੰ ਮਿਸਲ ਬਣਾ ਕੇ ਤਰੁਣਾ ਦਲ ਦੇ ਅਧੀਨ ਰਖਿਆ ਗਿਆ । ਸੰਨ 1778 ਈ. ਵਿਚ ਇਸ ਨੇ ਸੁਕਰਚਕੀਆ ਮਿਸਲ ਦੇ ਸ. ਮਹਾਂ ਸਿੰਘ ਅਤੇ ਸ. ਜੱਸਾ ਸਿੰਘ ਆਹਲੂਵਾਲੀਆ ਨਾਲ ਮਿਲ ਕੇ ਜੱਸਾ ਸਿੰਘ ਰਾਮਗੜ੍ਹੀਆਂ ਨੂੰ ਹਾਂਸੀ ਹਿਸਾਰ ਵਲ ਖਦੇੜਿਆ । ਪਰ ਸੰਨ 1785 ਈ. ਵਿਚ ਸ. ਮਹਾਂ ਸਿੰਘ ਨੇ ਸ. ਜੱਸਾ ਸਿੰਘ ਰਾਮਗੜ੍ਹੀਆ ਅਤੇ ਪਹਾੜੀ ਰਾਜੇ ਸੰਸਾਰ ਚੰਦ ਕਟੋਚ ਦੀ ਸਹਾਇਤਾ ਨਾਲ ਜੈ ਸਿੰਘ ਦੀ ਰਾਜਧਾਨੀ ਅਚਲ ਬਟਾਲਾ ਉਤੇ ਹਮਲਾ ਕੀਤਾ । ਇਸ ਲੜਾਈ ਵਿਚ ਜੈ ਸਿੰਘ ਨੂੰ ਹਾਰ ਹੋਈ ਅਤੇ ਉਸ ਦਾ ਲੜਕਾ ਸ. ਗੁਰਬਖ਼ਸ਼ ਸਿੰਘ ਮਾਰਿਆ ਗਿਆ ।

                      ਗੁਰਬਖ਼ਸ਼ ਸਿੰਘ ਦੀ ਵਿਧਵਾ ਸਰਦਾਰਨੀ ਸਦਾ ਕੌਰ ( ਵੇਖੋ ) ਨੇ ਆਪਣੀ ਮਿਸਲ ਦੀ ਸਰਦਾਰੀ ਸੰਭਾਲੀ ਅਤੇ ਆਪਣੇ ਸਹੁਰੇ ਨਾਲ ਸਲਾਹ ਕਰਕੇ ਆਪਣੀ ਇਕਲੌਤੀ ਪੁੱਤਰੀ ਮਤਾਬ ਕੌਰ ਦਾ ਵਿਆਹ ਸ. ਮਹਾਂ ਸਿੰਘ ਦੇ ਲੜਕੇ ਰਣਜੀਤ ਸਿੰਘ ਨਾਲ ਕਰ ਦਿੱਤਾ । ਨਾਬਾਲਗ਼ ਰਣਜੀਤ ਸਿੰਘ ਨੂੰ ਸਦਾ ਕੌਰ ਨੇ ਪੂਰੀ ਸਰਪ੍ਰਸਤੀ ਪ੍ਰਦਾਨ ਕੀਤੀ ਅਤੇ 7 ਜੁਲਾਈ 1799 ਈ. ਨੂੰ ਲਾਹੌਰ ਉਤੇ ਰਣਜੀਤ ਸਿੰਘ ਦਾ ਕਬਜ਼ਾ ਕਰਵਾਇਆ । 11 ਅਪ੍ਰੈਲ 1801 ਈ. ਨੂੰ ਰਣਜੀਤ ਸਿੰਘ ਨੂੰ ਮਹਾਰਾਜਾ ਬਣਾਉਣ ਵਿਚ ਆਪਣਾ ਪੂਰਾ ਸਹਿਯੋਗ ਦਿੱਤਾ । ਉਸ ਤੋਂ ਬਾਦ ਅੰਮ੍ਰਿਤਸਰ , ਚਿਨਿਓਟ , ਕਸੂਰ , ਕਾਂਗੜਾ , ਹਜ਼ਾਰਾ , ਅਟਕ ਆਦਿ ਉਤੇ ਕੀਤੀਆਂ ਮੁਹਿੰਮਾਂ ਵੇਲੇ ਮੋਢੇ ਨਾਲ ਮੋਢਾ ਜੋੜ ਕੇ ਲੜਾਈ ਵਿਚ ਭਾਗ ਲਿਆ । ਪਰ ਕਈ ਕਾਰਣਾਂ ਕਰਕੇ ਦੋਹਾਂ ਵਿਚ ਨ ਨਿਭ ਸਕੀ । ਦੋਹਾਂ ਵਿਚ ਵਿਥ ਪੈਣ ਦਾ ਮੁਖ ਕਾਰਣ ਸੀ ਮਹਾਰਾਜੇ ਦਾ ਦੂਜੀ ਰਾਣੀ ਤੋਂ ਪੈਦਾ ਹੋਏ ਖੜਕ ਸਿੰਘ ਨੂੰ ਆਪਣਾ ਜਾਨਸ਼ੀਨ ਬਣਾਉਣਾ । ਆਪਣੇ ਆਪ ਨੂੰ ਸੁਤੰਤਰ ਰੂਪ ਵਿਚ ਰਾਣੀ ਪ੍ਰਤਿਸ਼ਠਿਤ ਕਰਵਾਉਣ ਲਈ ਸਦਾ ਕੌਰ ਨੇ ਅੰਗ੍ਰੇਜ਼ ਅਧਿਕਾਰੀ ਸਰ ਚਾਰਲੈਸ ਮੈਟਕਾਫ਼ ਨਾਲ ਸੰਪਰਕ ਕੀਤਾ । ਮਹਾਰਾਜੇ ਨੇ ਸਦਾ ਕੌਰ ਨੂੰ ਕੈਦ ਕਰਕੇ ਉਸ ਦੀ ਰਿਆਸਤ ਉਤੇ ਕਬਜ਼ਾ ਕਰ ਲਿਆ ਅਤੇ ਖ਼ਜ਼ਾਨਾ ਜ਼ਬਤ ਕਰ ਲਿਆ । ਬਟਾਲਾ ਕੰਵਰ ਸ਼ੇਰ ਸਿੰਘ ਨੂੰ ਜਾਗੀਰ ਵਜੋਂ ਦੇ ਦਿੱਤਾ ਅਤੇ ਬਾਕੀ ਰਿਆਸਤ ਦਾ ਪ੍ਰਬੰਧਕ ਸ. ਦੇਸਾ ਸਿੰਘ ਮਜੀਠੀਆ ਨੂੰ ਥਾਪਿਆ । ਸਦਾ ਕੌਰ ਦੀ ਨਜ਼ਰਬੰਦੀ ਦੀ ਅਵਸਥਾ ਵਿਚ ਸੰਨ 1832 ਈ. ਵਿਚ ਮ੍ਰਿਤੂ ਹੋ ਗਈ ।

                      ਕਨ੍ਹੀਆ ਮਿਸਲ ਦੀ ਦੂਜੀ ਸ਼ਾਖਾ ਦਾ ਸਰਦਾਰ ਹਕੀਕਤ ਸਿੰਘ ਸਿਧੂ ਸੀ ਜੋ ਕਾਨ੍ਹਾ ਪਿੰਡ ਦੇ ਨੇੜੇ ਝੁਲਕਾ ਪਿੰਡ ਦਾ ਜੰਮ-ਪਲ ਸੀ ਅਤੇ ਜੈ ਸਿੰਘ ਦਾ ਹਰ ਮੁਹਿੰਮ ਵਿਚ ਸਾਥੀ ਰਿਹਾ ਸੀ । ਉਸ ਨੇ ਕਲਾਨੌਰ , ਅਦਾਲਤਗੜ੍ਹ , ਪਠਾਨਕੋਟ ਆਦਿ ਕਸਬਿਆਂ ਉਤੇ ਕਬਜ਼ਾ ਕਰ ਲਿਆ । ਹਕੀਕਤ ਸਿੰਘ ਦੀ ਸੰਨ 1782 ਈ. ਵਿਚ ਮੌਤ ਹੋ ਗਈ । ਉਸ ਦੇ ਨਾਬਾਲਗ ਲੜਕੇ ਜੈਮਲ ਸਿੰਘ ਨੇ ਮਿਸਲ ਦੇ ਆਪਣੇ ਹਿੱਸੇ ਦੀ ਸਰਦਾਰੀ ਸੰਭਾਲੀ ਅਤੇ ਫਤਹਿਗੜ੍ਹ ਵਿਚ ਕਿਲ੍ਹੇ ਦੀ ਉਸਾਰੀ ਕਰਵਾਈ । ਉਸ ਦੀ ਲੜਕੀ ਚੰਦ ਕੌਰ ਦੀ ਸ਼ਾਦੀ ਕੁੰਵਰ ਖੜਕ ਸਿੰਘ ਨਾਲ ਹੋਈ । ਸੰਨ 1812 ਈ. ਵਿਚ ਜੈਮਲ ਸਿੰਘ ਦੀ ਮ੍ਰਿਤੂ ਹੋ ਗਈ । ਉਸ ਦੀ ਨਰੀਨਾ ਔਲਾਦ ਨ ਹੋਣ ਕਾਰਣ ਉਸ ਦੀ ਸਾਰੀ ਰਿਆਸਤ ਅਤੇ ਖ਼ਜ਼ਾਨੇ ਨੂੰ ਰਣਜੀਤ ਸਿੰਘ ਨੇ ਆਪਣੇ ਅਧੀਨ ਕਰ ਲਿਆ ਅਤੇ ਕੁੰਵਰ ਖੜਕ ਸਿੰਘ ਨੂੰ ਉਸ ਦਾ ਪ੍ਰਸ਼ਾਸਕ ਬਣਾਇਆ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 447, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.