ਕਮਲ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਮਲ [ਨਾਂਪੁ] ਕੰਵਲ ਦਾ ਫੁੱਲ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7108, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਮਲ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਮਲ. ਸੰ. ਸੰਗ੍ਯਾ—ਕੌਲ ਫੁੱਲ. ਜਲਜ. “ਹਰਿ ਚਰਣਕਮਲ ਮਕਰੰਦ ਲੋਭਿਤ ਮਨੋ.” (ਧਨਾ ਮ: ੧) Lotus. L. (Nelumbium Sheciosum) ੨ ਜਲ। ੩ ਅੱਖ ਦਾ ਡੇਲਾ । ੪ ਇੱਕ ਛੰਦ. ਲੱਛਣ—ਚਾਰ ਚਰਣ, ਪ੍ਰਤਿ ਚਰਣ ਇੱਕ ਨਗਣ—।।।.

ਉਦਾਹਰਣ—

ਭਜਨ। ਕਰਨ। ਦੁਖਨ। ਦਰਨ।।

(ਅ) ਦੇਖੋ, ਛੱਪਯ ਦਾ ਭੇਦ ੧੪। ੫ ਕਮਲਾ ਦਾ ਸੰਖੇਪ. ਲ੖ਮੀ (ਲੱਛਮੀ). “ਸਕਲ ਅਨੂਪ ਰੂਪ ਕਮਲ ਬਿਖੈ ਸਮਾਤ.” (ਭਾਗੁ ਕ)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6955, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਮਲ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਮਲ: ਪੰਜਾਬੀ ਵਿਚ ਕੰਵਲ ਵੀ ਲਿਖਿਆ ਜਾਂਦਾ ਹੈ ਅਤੇ ਭਾਰਤੀ ਕਥਾ-ਕਹਾਣੀਆਂ ਵਿਚ ਇਹ ਸਭ ਤੋਂ ਵੱਧ ਚਿੰਨ੍ਹਾਤਮਿਕ ਅਤੇ ਦਾਰਸ਼ਨਿਕ ਮਹੱਤਵ ਰੱਖਣ ਵਾਲਾ ਫੁੱਲ ਹੈ।

      ਭਾਰਤੀ ਪ੍ਰੇਮਾਤਮਿਕ ਅਤੇ ਅਧਿਆਤਮਿਕ ਸਾਹਿਤ ਵਿਚ ਇਸਦੀ ਵਰਤੋਂ ਪੁਰਾਤਨ ਸਮਿਆਂ ਤੋਂ ਦੇਖੀ ਜਾ ਸਕਦੀ ਹੈ। ਸੰਸਕ੍ਰਿਤ ਭਾਸ਼ਾ ਵਿਚ ਇਸ ਨੂੰ ਵੱਖ-ਵੱਖ ਨਾਵਾਂ ਨਾਲ ਜਾਣਿਆ ਜਾਂਦਾ ਹੈ ਜਿਵੇਂ ਸਰੋਜ , ਜਲਜ, ਵਾਰਿਜ, ਨੀਰਜ (ਪਾਣੀ ਵਿਚ ਉੱਗਿਆ ਹੋਇਆ), ਪੰਕਜ (ਚਿੱਕੜ ਵਿਚ ਉੱਗਿਆ ਹੋਇਆ), ਪਦਮ , ਅਰਵਿੰਦ, ਪੁੰਡਰੀਕ ਅਤੇ ਸ਼੍ਰੀਨਿਵਾਸ (ਧਨ ਦੀ ਦੇਵੀ ਲਕਸ਼ਮੀ ਦਾ ਸਥਾਨ)। ਇਹ ਫੁੱਲ ਗੰਧਲੇ ਪਾਣੀ ਵਿਚ ਉੱਗਦਾ ਹੈ ਪਰੰਤੂ ਫਿਰ ਵੀ ਆਪਣੇ ਆਪ ਨੂੰ ਇਸ ਤੋਂ ਬਚਾ ਕੇ ਰੱਖਦਾ ਹੈ। ਇਸ ਤਰ੍ਹਾਂ ਇਹ ਅਸ਼ੁੱਧਤਾ ਵਿਚ ਸ਼ੁੱਧਤਾ ਦੇ ਚਿੰਨ੍ਹ ਦੇ ਤੌਰ ਤੇ ਕੰਮ ਕਰਦਾ ਹੈ। ਧਾਰਮਿਕ ਸਾਹਿਤ ਵਿਚ ਇਸ ਦੀ ਵਰਤੋਂ ਆਮ ਤੌਰ ਤੇ ਦੁਨਿਆਵੀ ਹੋਂਦ ਵਿਚਲੇ ਲੋਭ ਅਤੇ ਲਾਲਚ ਦੀ ਮਲੀਨਤਾ ਦੇ ਦਰਮਿਆਨ ਰਹਿ ਕੇ ਵੀ ਇਸ ਤੋਂ ਮੁਕਤ ਰਹਿਣ ਵਾਲੇ ਵਿਅਕਤੀ ਲਈ ਕੀਤੀ ਜਾਂਦੀ ਹੈ। ਇਸ ਸੰਦਰਭ ਵਿਚ ਇਸਦੀ ਵਰਤੋਂ ਭਗਵਦ ਗੀਤਾ (V.10) ਅਤੇ ਗੁਰੂ ਗ੍ਰੰਥ ਸਾਹਿਬ ਵਿਚ ਕਈ ਥਾਵਾਂ ਤੇ ਕੀਤੀ ਗਈ ਮਿਲਦੀ ਹੈ। ਸਿੱਖ ਧਰਮ ਗ੍ਰੰਥ ਵਿਚ ਇਸ ਨੂੰ ਮੁਰਗਾਬੀ ਨਾਲ ਜੋੜ ਕੇ ਵੀ ਵੇਖਿਆ ਜਾਂਦਾ ਹੈ ਜੋ ਕਿ ਪਾਣੀ ਉੱਪਰ ਤੈਰਦੇ ਹੋਏ ਵੀ ਆਪਣੇ ਖੰਭਾਂ ਨੂੰ ਗਿੱਲਾ ਨਹੀਂ ਹੋਣ ਦਿੰਦੀ। ਭਾਰਤ ਦੇ ਅਧਿਆਤਮਿਕ ਇਤਿਹਾਸ ਅਤੇ ਮਿਥਿਹਾਸ ਵਿਚਲੀ ਵਿਸ਼ਣੁ ਦੀ ਕਥਾ ਵਿਚ ਕਿਹਾ ਮਿਲਦਾ ਹੈ ਕਿ ਜਿਸ ਕਮਲ ਫੁੱਲ ਵਿਚੋਂ ਬ੍ਰਹਮਾ ਦਾ ਜਨਮ ਹੋਇਆ ਉਹ ਵਿਸ਼ਣੁ ਦੀ ਧੁੰਨੀ ਵਿਚੋਂ ਨਿਕਲਿਆ ਸੀ। ਇਸੇ ਕਰਕੇ ਵਿਸ਼ਣੁ ਦਾ ਇਕ ਗੁਣਵਾਚਕ ਨਾਂ ਪਦਮਨਾਭ ਹੈ ਜਿਸ ਤੋਂ ਭਾਵ ਹੈ ਕਿ ਉਹ ਜਿਸਦੀ ਨਾਭੀ ਵਿਚ ਕਮਲ ਹੈ। ਵਿਸ਼ਣੁ ਨੂੰ ਪਦਮਪਾਣਿ (ਜਿਸਦੇ ਕਮਲ ਵਰਗੇ ਹੱਥ ਹੋਣ) ਵੀ ਕਿਹਾ ਜਾਂਦਾ ਹੈ, ਪਰ ਇਹ ਗੁਣਵਾਚਕ ਨਾਂ ਬਾਅਦ ਵਿਚ ਬ੍ਰਹਮਾ ਅਤੇ ਮਹਾਤਮਾ ਬੁੱਧ ਲਈ ਵੀ ਇਸਤੇਮਾਲ ਕੀਤਾ ਗਿਆ ਹੈ। ਵਿਸ਼ਣੁ ਦੀ ਪਤਨੀ ਲਕਸ਼ਮੀ ਨੂੰ ਕਮਲਾ ਜਾਂ ਪਦਮਾ (ਜਿਸਦੇ ਹੱਥ ਵਿਚ ਕਮਲ ਹੋਵੇ) ਅਤੇ ਕਮਲਾਲਯ ਵੀ ਕਿਹਾ ਜਾਂਦਾ ਹੈ ਕਿਉਂਕਿ ਇਕ ਪੁਰਾਤਨ ਹਿੰਦੂ ਕਥਾ ਅਨੁਸਾਰ ਸ੍ਰਿਸ਼ਟੀ ਰਚਨਾ ਸਮੇਂ ਉਹ ਤੈਰਦੇ ਹੋਏ ਕਮਲ ਦੀਆਂ ਖਿੜੀਆਂ ਹੋਈਆਂ ਪੱਤੀਆਂ ਤੇ ਪ੍ਰਗਟ ਹੋਈ ਸੀ।   

      ਬ੍ਰਹਮਾ ਨੂੰ ਪਦਮਾਲਯ ਕਿਹਾ ਜਾਂਦਾ ਹੈ ਕਿਉਂਕਿ ਉਹ ਉਸ ਕਮਲ ਤੇ ਬੈਠੇ ਸਨ ਜਿਹੜਾ ਵਿਸ਼ਣੁ ਦੀ ਧੁੰਨੀ ਵਿਚੋਂ ਨਿਕਲਿਆ ਸੀ। ਬ੍ਰਹਮਾ ਜੀ ਦੀ ਤਰ੍ਹਾਂ ਮਹਾਤਮਾ ਬੁੱਧ ਵੀ ਕਮਲ ਤੇ ਬੈਠੇ ਹੋਏ ਦਿਖਾਏ ਜਾਂਦੇ ਹਨ।

      ਪਦਮ ਰੇਖਾ ਬਾਰੇ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਹ ਮਹਾਨ ਵਿਅਕਤੀਆਂ ਦੇ ਸੱਜੇ ਹੱਥ ਜਾਂ ਪੈਰ ਤੇ ਕਮਲ ਰੂਪ ਵਿਚ ਹੁੰਦੀ ਹੈ। ਕਿਹਾ ਜਾਂਦਾ ਹੈ ਕਿ ਇਸ ਤਰ੍ਹਾਂ ਦਾ ਇਕ ਰੇਖਾ-ਚਿੱਤਰ ਕ੍ਰਿਸ਼ਨ ਜੀ ਦੇ ਪੈਰ ਉੱਪਰ ਸੀ। ਗੁਰੂ ਅਮਰਦਾਸ , ਸਿੱਖ ਧਰਮ ਦੇ ਤੀਜੇ ਅਧਿਆਤਮਿਕ ਗੁਰੂ , ਬਾਰੇ ਵੀ ਕਿਹਾ ਜਾਂਦਾ ਹੈ ਕਿ ਉਨ੍ਹਾਂ ਦੇ ਪੈਰ ਤੇ ਵੀ ਇਸੇ ਤਰ੍ਹਾਂ ਦਾ ਚਿੰਨ੍ਹ ਸੀ।

      ਕਮਲ ਸਰੀਰ ਦੇ ਵੱਖ-ਵੱਖ ਅੰਗਾਂ ਦੀ ਸੁੰਦਰਤਾ ਦਾ ਵੀ ਚਿੰਨ੍ਹ ਹੈ ਅਤੇ ਇਸੇ ਕਰਕੇ ਵਿਸ਼ੇਸ਼ ਸੰਗਿਆਵਾਂ ਨਾਲ ਇਸ ਦਾ ਪ੍ਰਯੋਗ ਹੁੰਦਾ ਹੈ ਜਿਵੇਂ ਕਮਲ ਵਰਗੀਆਂ ਸੁੰਦਰ ਅੱਖਾਂ ਲਈ ਕਮਲ-ਨਯਨ ਅਤੇ ਅਰਵਿੰਦ ਲੋਚਨ, ਸੁੰਦਰ ਮੁਖੜੇ ਲਈ ਮੁਖਾਰ-ਵਿੰਦ, ਸੁੰਦਰ ਪੈਰਾਂ ਲਈ ਚਰਨ-ਕਮਲ ਅਤੇ ਚਰਨਾਰਵਿੰਦ, ਸੁੰਦਰ ਹੱਥਾਂ ਲਈ ਹਸਤ ਕਮਲ ਆਦਿ। ਹਿੰਦੂ ਅਤੇ ਬੁੱਧ ਧਰਮ ਤੋਂ ਇਲਾਵਾ ਜੈਨ ਧਰਮ ਵਿਚ ਵੀ ਕਮਲ ਨੂੰ ਪਵਿੱਤਰ , ਸ਼ੁੱਧਤਾ ਅਤੇ ਅਧਿ- ਆਤਮਿਕਤਾ ਦਾ ਸ਼ੁਭ ਚਿੰਨ੍ਹ ਮੰਨਿਆ ਗਿਆ ਹੈ।

      ਭਾਰਤੀ ਅਧਿਆਤਮਿਕ ਪਰੰਪਰਾ ਵਿਚ ਭਗਤੀ ਦੇ ਇਕ ਵਿਸ਼ੇਸ਼ ਆਸਣ ਨੂੰ ਪਦਮਾਸਣ ਕਿਹਾ ਗਿਆ ਹੈ। ਇਸ ਆਸਣ ਦੀ ਸਿੱਖ ਧਰਮ ਵਿਚ ਵੀ ਪ੍ਰਸੰਸਾ ਕੀਤੀ ਗਈ ਮਿਲਦੀ ਹੈ। ਇਸ ਆਸਣ ਵਿਚ ਸਰੀਰ ਨੂੰ ਥੋੜ੍ਹਾ ਜਿਹਾ ਅੱਗੇ ਨੂੰ ਕਰਦੇ ਹੋਏ ਚੌਂਕੜੀ ਮਾਰ ਕੇ ਧਿਆਨ ਲਗਾ ਕੇ ਬੈਠਣਾ ਹੁੰਦਾ ਹੈ। ਹਠਯੋਗ ਦੇ ਰਹੱਸਵਾਦ ਵਿਚ ਜਾਗਰਿਤ ਕੁੰਡਲਿਨੀ ਦੁਆਰਾ ਵਿੰਨ੍ਹੇ ਜਾਣ ਵਾਲੇ ਛੇ ਨਾੜੀ ਕੇਂਦਰਾਂ (ਚੱਕਰਾਂ) ਨੂੰ ਵੀ ਪਦਮ ਕਿਹਾ ਜਾਂਦਾ ਹੈ।

      ਭਾਰਤੀ ਕਲਾ ਵਿਚ ਕਮਲ ਦਾ ਵਿਸ਼ੇਸ਼ ਚਿਤਰਨ ਕਰਦੇ ਹੋਏ ਇਸਨੂੰ ਸਿੱਧੇ ਖੜ੍ਹੇ ਕੱਪ ਪਿਆਲੇ ਦੇ ਰੂਪ ਵਿਚ ਦਰਸਾਇਆ ਗਿਆ ਹੈ ਜੋ ਕਿ ਮਨ ਦੇ ਗਿਆਨ ਰੂਪੀ ਅੰਮ੍ਰਿਤ ਗ੍ਰਹਿਣ ਕਰਨ ਹਿਤ ਤਤਪਰ ਹੋਣ ਦਾ ਚਿੰਨ੍ਹ ਹੈ। ਇਸ ਤਰ੍ਹਾਂ ਇਹ ਉਸ ਕੱਪ ਦੀ ਤਰ੍ਹਾਂ ਨਹੀਂ ਜੋ ਕਿ ਮੂਧਾ ਪਿਆ ਹੈ ਅਤੇ ਮਨ ਨੂੰ ਗਿਆਨ ਗ੍ਰਹਿਣ ਕਰਨ ਤੋਂ ਰੋਕ ਕੇ ਮਾਇਆ ਅਤੇ ਅਗਿਆਨ ਵੱਲ ਮੋੜਦਾ ਹੈ।

      ਸਿੱਖ ਧਾਰਮਿਕ ਸਾਹਿਤ ਵਿਚ ਇਸ ਦਾ ਚਿੰਨ੍ਹਾਤਮਿਕ ਪ੍ਰਯੋਗ ਅਨੇਕਾਂ ਵਾਰ ਹੋਇਆ ਹੈ। ਇਸ ਸੰਦਰਭ ਵਿਚ ਕਮਲ ਚਿੰਨ੍ਹ ਦਾ ਪ੍ਰਯੋਗ ਇੰਨਾ ਵਿਆਪਕ ਹੈ ਕਿ ਲੰਮੇ ਸਮੇਂ ਤੋਂ ਸਥਾਪਿਤ ਹੋ ਚੁੱਕੀ ਪਰੰਪਰਾ ਅਨੁਸਾਰ ਇਹ ਸਿਰਫ਼ ਚਿੰਨ੍ਹ ਜਾਂ ਰੂਪਕ ਨਾ ਰਹਿ ਕੇ ਰੂਪਕ ਚਿਨ੍ਹਿਤ ਪਦਾਰਥ ਨੂੰ ਦਰਸਾਉਣ ਵਾਲਾ ਹੋ ਨਿਬੜਿਆ ਹੈ। ਅਜਿਹਾ ਕਰਦੇ ਸਮੇਂ ਉਹ ਨਾ ਤਾਂ ਤੁਲਨਾ ਕਰ ਰਿਹਾ ਹੁੰਦਾ ਹੈ ਅਤੇ ਨਾ ਹੀ ਉਪਮਾ ਅਥਵਾ ਰੂਪਕ ਅਲੰਕਾਰ ਹੁੰਦਾ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਹਨ: ਆਵੈ ਨ ਜਾਵੈ ਚੂਕੈ ਆਸਾ॥ ਗੁਰ ਕੈ ਸਬਦਿ ਕਮਲੁ ਪਰਗਾਸਾ। (ਗੁ.ਗ੍ਰੰ. 224)। ਕਮਲ ਇੱਥੇ ਮਨ ਲਈ ਹੈ। ਇਸੇ ਤਰ੍ਹਾਂ ਗੁਰੂ ਅਮਰਦਾਸ ਜੀ ਵੀ ਦ੍ਰਿੜ ਕਰਦੇ ਹਨ ਕਿ: ਗੁਰ ਕੈ ਸਬਦਿ ਕਮਲੁ ਪਰਗਾਸਿਆ ਹਉਮੈ ਦੁਰਮਤਿ ਖੋਈ। (ਗੁ.ਗ੍ਰੰ. 1334)।

      ਕਮਲ ਦਾ ਚਿੰਨ੍ਹ ਗੁਰਮੁਖ ਵਾਸਤੇ ਵੀ ਵਰਤਿਆ ਜਾਂਦਾ ਹੈ ਜੋ ਦੁਨਿਆਵੀ ਅਪਵਿੱਤਰਤਾ ਤੋਂ ਅਭਿੱਜ ਹੈ। ਗੁਰੂ ਨਾਨਕ ਦੇਵ ਜੀ ਕਹਿੰਦੇ ਹਨ: ਗੁਰਮੁਖਿ ਨਿਰਮਲ ਰਹਹਿ ਪਿਆਰੇ॥ ਜਿਉ ਜਲ ਅੰਭ ਊਪਰਿ ਕਮਲ ਨਿਰਾਰੇ॥ (ਗੁ.ਗ੍ਰੰ. 353)। ਇਸੇ ਤਰ੍ਹਾਂ ਗੁਰੂ ਰਾਮਦਾਸ ਜੀ ਵੀ ਦੱਸਦੇ ਹਨ: ਵਿਚੇ ਗ੍ਰਿਹ ਸਦਾ ਰਹੈ ਉਦਾਸੀ ਜਿਉ ਕਮਲੁ ਰਹੈ ਵਿਚਿ ਪਾਣੀ ਹੇ॥ (ਗੁ.ਗ੍ਰੰ. 1070)। ਕੁਝ ਥਾਵਾਂ ਤੇ ਮਨੁੱਖੀ ਸਰੀਰ ਦੀ ਕੋਮਲਤਾ ਅਤੇ ਸੁੰਦਰਤਾ ਦੀ, ਤੁਲਨਾ ਕਮਲ ਫੁੱਲ ਨਾਲ ਕੀਤੀ ਜਾਂਦੀ ਹੈ। ਗੁਰੂ ਅਮਰਦਾਸ ਜੀ ਦਾ ਬਚਨ ਹੈ: ਕਾਇਆ ਕਮਲੁ ਹੈ ਕੁਮਲਾਣਾ॥(ਗੁ.ਗ੍ਰੰ. 1051)।

      ਕੁਝ ਥਾਵਾਂ ਤੇ ਕਮਲ ਦੀ ਵਰਤੋਂ ਆਮ ਮਨੁੱਖਤਾ ਲਈ ਕੀਤੀ ਗਈ ਹੈ। ਇੱਥੇ ਇਸ ਨੂੰ ਹੰਸ ਦੇ ਚਿੰਨ੍ਹ ਦੇ ਨਾਲ ਵਰਤਿਆ ਗਿਆ ਹੈ। ਹੰਸ ਮਾਨਵਤਾ ਵਿਚੋਂ ਪਵਿੱਤਰ ਅਤੇ ਮੁਕਤ ਵਿਅਕਤੀਆਂ ਲਈ ਵਰਤਿਆ ਗਿਆ ਹੈ। ਗੁਰੂ ਨਾਨਕ ਦੇਵ ਜੀ ਫ਼ੁਰਮਾਉਂਦੇ ਹਨ: ਏਕੋ ਸਰਵਰੁ ਕਮਲ ਅਨੂਪ॥ ਸਦਾ ਬਿਗਸੈ ਪਰਮਲ ਰੂਪ॥ ਊਜਲ ਮੋਤੀ ਚੂਗਹਿ ਹੰਸ॥ ਸਰਬ ਕਲਾ ਜਗਦੀਸੈ ਅੰਸ॥ (ਗੁ.ਗ੍ਰੰ. 352)। ਇੱਥੇ ਝੀਲ ਪਰਮਸੱਤਾ ਦਾ, ਕਮਲ ਜਗਤ ਦੇ ਜੀਵ ਦਾ ਅਤੇ ਹੰਸ ਮੁਕਤ ਆਤਮਾ ਦਾ ਚਿੰਨ੍ਹ ਹੈ। ਇਕ ਹੋਰ ਥਾਂ ਇਹ ਸਾਰੇ ਚਿੰਨ੍ਹ ਇਕਸੁਰਤਾ ਰਾਹੀਂ ਪਰਮਸੱਤਾ (ਝੀਲ), ਮਨੁੱਖਤਾ (ਕਮਲ), ਅਤੇ ਮੁਕਤ ਆਤਮਾ (ਹੰਸ) ਰਾਹੀਂ ਸਾਰਿਆਂ ਦੀ ਤੱਤ-ਰੂਪ ਏਕਤਾ ਦੇ ਮਹੱਤਵ ਨੂੰ ਉਜਾਗਰ ਕਰਦੇ ਹਨ। ਗੁਰੂ ਨਾਨਕ ਸਾਹਿਬ ਦੱਸਦੇ ਹਨ: ਪ੍ਰਣਵੈ ਨਾਨਕੁ ਬੇਨਤੀ ਤੂ ਸਰਵਰੁ ਤੂ ਹੰਸੁ॥ ਕਉਲੁ ਤੂ ਹੈ ਕਵੀਆ ਤੂ ਹੈ ਆਪੇ ਵੇਖਿ ਵਿਗਸੁ॥(ਗੁ.ਗ੍ਰੰ. 23)। ਗੁਰਬਾਣੀ ਵਿਚ ਆਤਮਾ ਦੀ ਪਰਮਾਤਮਾ ਨਾਲ ਸ਼ਰਧਾਪੂਰਨ ਏਕਤਾ ਨੂੰ ਭੰਵਰੇ ਦੀ ਕਮਲ ਪ੍ਰਤੀ ਖਿੱਚ ਦੇ ਪ੍ਰਤੀਕ ਰਾਹੀਂ ਪ੍ਰਗਟਾਇਆ ਗਿਆ ਹੈ: ਭਵਰੁ ਤੁਮਾਰਾ ਇਹੁ ਮਨੁ ਹੋਵਉ ਹਰਿ ਚਰਣਾ ਹੋਹੁ ਕਉਲਾ॥ (ਗੁ.ਗ੍ਰੰ. 496)। ਭਾਈ ਗੁਰਦਾਸ ਆਪਣੀਆਂ ਵਾਰਾਂ ਵਿਚ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਗੁਰੂ ਜੀ ਦੇ ਪਰਮਾਤਮਾ ਨਾਲ ਮਿਲਾਪ ਦੀ ਤੁਲਨਾ ਭੰਵਰੇ ਦੇ ਰਾਤ ਨੂੰ ਬੰਦ ਕਮਲ ਫੁੱਲ ਵਿਚ ਸਥਾਨ ਗ੍ਰਹਿਣ ਕਰਨ ਨਾਲ ਕਰਦੇ ਹਨ। ਉਹ ਦੱਸਦੇ ਹਨ ਕਿ: ਚਰਣਕਵਲ ਮਿਲਿਭਵਰ ਜਿਉ ਸੁਖ ਸੰਪਟ ਵਿਚਿ ਰੈਣਿ ਵਿਹਾਣੀ॥(ਭਾਈ ਗੁਰਦਾਸ, ਵਾਰਾਂ, 24.23)। ਇਸੇ ਤਰ੍ਹਾਂ ਆਰਤੀ ਦੇ ਅਖੀਰ ਵਿਚ ਗੁਰੂ ਨਾਨਕ ਸਾਹਿਬ ਫ਼ੁਰਮਾਉਂਦੇ ਹਨ: ਹਰਿ ਚਰਣ ਕਮਲ ਮਕਰੰਦ ਲੋਭਿਤ ਮਨੋ ਅਨਦਿਨੋ ਮੋਹਿ ਆਹੀ ਪਿਆਸਾ॥ ਕ੍ਰਿਪਾ ਜਲੁ ਦੇਹਿ ਨਾਨਕ ਸਾਰਿੰਗ ਕਉ ਹੋਇ ਜਾ ਤੇ ਤੇਰੈ ਨਾਮਿ ਵਾਸਾ॥ (ਗੁ.ਗ੍ਰੰ. 663)

      ਇਸ ਤਰ੍ਹਾਂ ਭਾਰਤੀ ਧਾਰਮਿਕ ਕਾਵਿ ਵਿਚ ਕਮਲ ਸ਼ੁੱਧ ਅਤੇ ਬੇਦਾਗ਼ ਆਤਮਾ, ਮੁਕਤ ਆਤਮਾ ਗਿਆਨ ਪ੍ਰਾਪਤੀ ਹਿਤ ਤਿਆਰ ਮਨ, ਦੁਨਿਆਵੀ ਅਸ਼ੁੱਧੀਆਂ ਤੋਂ ਬੇ-ਅਸਰ ਇਕ ਨੇਕ ਗ੍ਰਹਿਸਤੀ, ਅਤੇ ਅਨੰਦ ਦੀ ਅਵਸਥਾ ਵਿਚ ਪਰਮਸੱਤਾ ਨਾਲ ਜੁੜੇ ਸ਼ਰਧਾਲੂ ਦੇ ਪ੍ਰਤੀਕ ਵਜੋਂ ਵਰਤਿਆ ਗਿਆ ਮਿਲਦਾ ਹੈ। ਗੁਰਬਾਣੀ ਵਿਚ ਵੀ ਕਮਲ ਇਸੇ ਵਿਸ਼ੇ ਨੂੰ ਦਰਸਾਉਂਦਾ ਹੈ।        


ਲੇਖਕ : ਗ.ਸ.ਤ. ਅਤੇ ਅਨੁ.: ਪ.ਵ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6876, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਕਮਲ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਕਮਲ (ਸੰ.। ਸੰਸਕ੍ਰਿਤ) ਕੌਲ ਫੁੱਲ। ਇਕ ਪ੍ਰਕਾਰ ਦਾ ਫੁੱਲ ਜੋ ਸਰੋਵਰਾਂ, ਛਪੜਾਂ ਵਿਚ ਉੱਗਦਾ ਹੈ। ਹਿੰਦੁਸਤਾਨ ਵਿਚ ਇਹ ਫੁੱਲ ਬੜਾ ਪਿਆਰਾ ਰਿਹਾ ਹੈ। ਕਵੀਆਂ ਨੇ ਕੋਮਲਤਾ, ਸੁੰਦ੍ਰਤਾ , ਸੂਰਜ ਨੂੰ ਤੱਕ ਕੇ ਖਿੜੇ ਦਾ ਦ੍ਰਿਸ਼ਟਾਂਤ ਵਰਤਿਆ ਹੈ। ਅੱਖਾਂ, ਹੱਥਾਂ ਪੈਰਾਂ ਦਾ ਰੂਪਕ ਦਿੱਤਾ ਹੈ। ਸਿਖ੍ਯਾ ਦਾਤਿਆਂ ਨੇ ਇਸ ਵਿਚ ਭਵਰੇ ਦਾ ਫਸ ਮਰਨਾ, ਇਸ ਦੀ ਪਾਣੀ ਨਾਲ ਪ੍ਰੀਤ , ਇਸ ਨਾਲ ਭੌਰੇ ਦਾ ਪ੍ਯਾਰ ਤੇ ਇਸ ਦਾ ਪਾਣੀ ਵਿਚ ਹੋਕੇ ਨਿਰਲੇਪ ਰਹਣਾ ਦਰਸਾਯਾ ਹੈ। ਬੋਧੀਆਂ ਦਾ ਇਹ ਧਾਰਮਕ ਫੁੱਲ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਹਿਰਦੇ ਦੇ ਦ੍ਰਿਸ਼ਟਾਤ ਵਿਚ ਬੀ ਆਯਾ ਹੈ ਤੇ ਇਸ ਦੇ ਖੇੜੇ ਤੋਂ ਸੁਰਤ ਦਾ ਖੇੜਾ ਤੇ ਆਤਮਾ ਦੇ ਸਾਖੀ ਪਦ ਵਿਚ ਉਚੇ ਹੋ ਜਾਣ ਦੇ ਰੂਪਕ ਵਿਚ ਬੀ ਵਰਤਿਆ ਹੈ। ਯਥਾ-‘ਊਧ ਕਵਲ ਬਿਗਸਾਂਤ’।

          ਇਸ ਪਦ ਦੇ ਕਮਲ, ਕਵਲ, ਕਉਲ ਆਦਿ ਪਾਠ ਲਿਖੇ ਹਨ। ਕਮਲ ਬਾਬਤ ਇਹ ਬੀ ਪ੍ਰਸਿਧ ਹੈ ਕਿ ਸੂਰਜ ਚੜ੍ਹੇ ਖਿੜਦੇ ਹਨ ਤੇ ਰਾਤ ਨੂੰ ਬੰਦ ਹੋ ਜਾਂਦੇ ਹਨ, ਪਰ ਕੁਮੁਦ (ਕੰਮੀਆ ਯਾ ਕਵੀਆਂ) ਜਾਤੀ ਦਾ ਕਵਲ ਚੰਦ ਨੂੰ ਵੇਖਕੇ ਖਿੜਦਾ ਹੈ।

ਦੇਖੋ, ‘ਜਮਾਲ’, ‘ਕਮਲ ਨੈਨ’


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 6876, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਕਮਲ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਕਮਲ : ਨਿਲੰਬੋਨੇਸੀ ਕੁਲ ਨਾਲ ਸਬੰਧਤ ਇਕ ਜਲੀ ਬੂਟਾ ਜਿਸਦਾ ਵਿਗਿਆਨਕ ਨਾਂ ਨਿਲੰਬੋ ਨਿਉਸੀਫ਼ੇਰਾ (Nelumbo nucifera) ਹੈ। ਇਸ ਵਿਚ ਦੂਧੀਆ ਰਸ ਹੁੰਦਾ ਹੈ ਅਤੇ ਇਸ ਦੀ ਪ੍ਰਕੰਦ (ਭੋਂ) ਕਈ ਸਾਖਾਂ ਵਾਲੀ ਤੇ ਫੈਲੀ ਹੋਈ ਹੁੰਦੀ ਹੈ। ਪੱਤੇ ਪਾਣੀ ਤੋਂ ਕਾਫ਼ੀ ਉੱਚੇ ਉੱਚੇ ਹੁੰਦੇ ਹਨ ਅਤੇ 1 ਤੋਂ 3 ਫੁੱਟ ਤਕ ਚੌੜੀ ਡੂੰਘੀ ਕੌਲੀ ਵਾਂਗ ਗੋਲ ਹੁੰਦੇ ਹਨ। ਪੱਤਿਆਂ ਦੇ ਕੇਂਦਰ ਵਿਚੋਂ ਸ਼ਿਰਾਵਾਂ ਨਿਕਲਦੀਆਂ ਹਨ ਅਤੇ ਪੱਤਾਡੰਡੀ ਕਾਫ਼ੀ ਲੰਬੀ ਹੁੰਦੀ ਹੈ। ਮਈ ਦੇ ਮਹੀਨੇ ਤੋਂ ਚਿੱਟੇ ਜਾਂ ਗੁਲਾਬੀ ਦੇ ਰੰਗ, ਫੁੱਲ ਖਿੜਨੇ ਸ਼ੁਰੂ ਹੋ ਜਾਂਦੇ ਹਨ। ਫੁੱਲ ਡੰਡੀ ਅਤੇ ਕੰਡਿਆਂ ਵਾਲੀ ਹੁੰਦੀ ਹੈ। ਇਸ ਦੇ ਫ਼ਲ ਨੂੰ ਕੌਲ-ਚਪਣੀ ਜਾਂ ਖੇੜੀ ਕਿਹਾ ਜਾਂਦਾ ਹੈ ਜਿਸ ਵਿਚ ਉਪਰਲੇ ਪਾਸੇ ਬੀਜ ਟਿਕੇ ਹੁੰਦੇ ਹਨ। ਇਹ ਬੀਜ ਖਾਣ ਵਿਚ ਸੁਆਦੀ ਅਤੇ ਅਨਾਜ ਨਾਲੋਂ ਜ਼ਿਆਦਾ ਪੌਸ਼ਟਿਕ ਹੁੰਦੇ ਹਨ।

   ਕਮਲ ਦੇ ਨਿਸ਼ਾਸ਼ਤੇਦਾਰ  ਭੇਂ ਦੀ ਸਬਜ਼ੀ, ਪਕੌੜੇ ਅਤੇ ਅਚਾਰ ਪਾਇਆ ਜਾਂਦਾ ਹੈ। ਫੁੱਲ ਸਜਾਵਟ ਜਾਂ ਪੂਜਾ ਆਦਿ ਲਈ ਵਰਤੇ ਜਾਂਦੇ ਹਨ।ਇਸਦੇ ਪੁੰਕੇਸਰ ਸ਼ਹਿਦ, ਤਾਜ਼ੇ ਮੱਖਣ ਜਾਂ ਖੰਡ ਨਾਲ ਰਲਾ ਕੇ ਬਵਾਸੀਰ ਦੇ ਇਲਾਜ ਵਾਸਤੇ ਦਿਤੇ ਜਾਂਦੇ ਹਨ। ਤਾਜ਼ੀ ਭੇਂ ਤੋਂ ਤਿਆਰ ਕੀਤਾ ਅਖਰੋਟ ਸੁੰਗਧਿਤ, ਸੁਆਦੀ ਅਤੇ ਪੌਸ਼ਟਿਕ ਹੁੰਦਾ ਹੈ। ਇਹ ਅਖਰੋਟ ਬੱਚਿਆਂ ਨੂੰ ਦਸਤ, ਪੇਚਸ ਜਾਂ ਬਦਹਜ਼ਮੀ ਦੀ ਹਾਲਤ ਵਿਚ ਦਿਤਾ ਜਾਂਦਾ ਹੈ ਅਤੇ ਚਮੜੀ ਦੇ ਰੋਗਾਂ ਲਈ ਇਸ ਦਾ ਲੇਪ ਤਿਆਰ ਕਰਕੇ ਲਗਾਇਆ ਜਾਂਦਾ ਹੈ। ਪੱਤਿਆਂ ਅਤੇ ਫੁੱਲ ਡੰਡੀ ਦਾ ਦੂਧੀਆ ਰਸ ਪੇਚਸ ਠੀਕ ਕਰਦਾ ਹੈ। ਬੀਜ ਸ਼ਾਂਤਕਾਰੀ ਪੌਸ਼ਟਿਕ ਅਤੇ ਉਲਟੀਆਂ ਰੋਕਣ ਵਾਲੇ ਹੁੰਦੇ ਹਨ । ਸ਼ਾਂਤਕਾਰੀ ਪ੍ਰਭਾਵ ਕਾਰਨ ਇਹ ਕੋੜ੍ਹ ਅਤੇ ਚਮੜੀ ਦੇ ਹੋਰ ਕਈ ਰੋਗਾਂ ਦੀ ਦਵਾਈ ਬਣਾਉਣ ਲਈ ਵਰਤੇ ਜਾਂਦੇ ਹਨ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 833, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-07-20-10-00-10, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ; ਐਨ. ਸਾ. ਟੈ; ਐਨ. ਥ੍ਰਿ. ਪੰ. ਗੁ. ਪੋ. -ਡਾ. ਸ਼ਰਮਾ

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.