ਕਰਤਾਰਪੁਰੀ ਬੀੜ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਕਰਤਾਰਪੁਰੀ ਬੀੜ : ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਹੁ- ਚਰਚਿਤ ਆਦਿ-ਬੀੜ ‘ ਕਰਤਾਰਪੁਰੀ ਬੀੜ’ ਦੇ ਨਾਂ ਨਾਲ ਪ੍ਰਸਿੱਧ ਹੈ ਕਿਉਂਕਿ ਇਹ ਧੀਰਮੱਲ ਦੀ ਸੰਤਾਨ ਪਾਸ ਕਰਤਾਰ- ਪੁਰ ਕਸਬੇ ਵਿਚ ਸੁਰਖਿਅਤ ਹੈ । ਅਜ ਕਲ ਇਸ ਦੀ ਸਾਂਭ- ਸੰਭਾਲ ਸੋਢੀ ਅਮਰਜੀਤ ਸਿੰਘ ਕਰ ਰਿਹਾ ਹੈ । ਇਸ ਬੀੜ ਬਾਰੇ ਆਮ ਪ੍ਰਸਿੱਧ ਹੈ ਕਿ ਇਹ ਉਹੀ ਬੀੜ ਹੈ ਜਿਸ ਨੂੰ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਤੋਂ ਲਿਖਵਾ ਕੇ ਸੰਮਤ 1661 ਬਿ. ( 1604 ਈ. ) ਵਿਚ ਤਿਆਰ ਕੀਤਾ ਸੀ

              ਇਸ ਦੀ ਪ੍ਰਮਾਣਿਕਤਾ ਬਾਰੇ ਵਾਦ-ਵਿਵਾਦ ਸਰਦਾਰ ਜੀ.ਬੀ. ਸਿੰਘ ( ਵੇਖੋ ) ਦੀ ਪੁਸਤਕ ‘ ਪ੍ਰਾਚੀਨ ਬੀੜਾਂ ’ ਦੇ ਛਪਣ ਤੋਂ ਬਾਦ ਸ਼ੁਰੂ ਹੋਇਆ । ਭਾਵੇਂ ਇਸ ਤੋਂ ਪਹਿਲਾਂਰਾਗਮਾਲਾ ’ ਦੀ ਸਮਸਿਆ ਵੀ ਭੜਕ ਪਈ ਸੀ । ‘ ਰਾਗਮਾਲਾ’ ਸੰਬੰਧੀ ਚਲੇ ਵਾਦ-ਵਿਵਾਦ ਨੂੰ ਠਲ੍ਹ ਪਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਾਰਮਿਕ ਸਲਾਹਕਾਰ ਕਮੇਟੀ ਨੇ ਵਿਦਵਾਨਾਂ ਦੀ ਇਕ ਚਾਰ ਮੈਂਬਰੀ ਕਮੇਟੀ ਕਰਤਾਰਪੁਰੀ ਬੀੜ ਦੀ ਪ੍ਰਮਾਣਿਕਤਾ ਨਿਸਚਿਤ ਕਰਨ ਲਈ ਭੇਜੀ । ਇਸ ਕਮੇਟੀ ਵਿਚ ਭਾਈ ਜੋਧ ਸਿੰਘ , ਪ੍ਰੋ. ਤੇਜਾ ਸਿੰਘ , ਪ੍ਰਿੰਸੀਪਲ ਗੰਗਾ ਸਿੰਘ ਆਦਿ ਸ਼ਾਮਲ ਸਨ । ਇਨ੍ਹਾਂ ਨੇ ਆਪਣੀ 11 ਅਕਤੂਬਰ 1945 ਈ. ਦੀ ਰਿਪੋਰਟ ਵਿਚ ਤਸਦੀਕ ਕੀਤਾ ਕਿ ‘ ਰਾਗਮਾਲਾ’ ਕਰਤਾਰਪੁਰੀ ਬੀੜ ਵਿਚ ਮੌਜੂਦ ਹੈ । ਇਸ ਤੋਂ ਬਾਦ ਅਗਸਤ 1946 ਈ. ਵਿਚ ਭਾਈ ਜੋਧ ਸਿੰਘ ਫਿਰ ਇਸ ਬੀੜ ਦੇ ਦਰਸ਼ਨਾਂ ਲਈ ਗਏ ਅਤੇ ਆਪਣੇ ਨਾਲ ‘ ਖ਼ਾਲਸਾ ਸਮਾਚਾਰ’ ਦੇ ਸੰਪਾਦਕ ਗਿਆਨੀ ਮਹਾਂ ਸਿੰਘ ਨੂੰ ਵੀ ਲੈਂਦੇ ਗਏ ਜਿਨ੍ਹਾਂ ਨੇ ਬੜੇ ਵਿਸਤਾਰ ਨਾਲ ਇਸ ਬੀੜ ਤੋਂ ਨੋਟਸ ਅਤੇ ਉਤਾਰੇ ( ਟ੍ਰੇਸਿੰਗ ) ਲਏ ਜੋ ਬਾਦ ਵਿਚ ‘ ਕਰਤਾਰਪੁਰੀ ਬੀੜ ਦੇ ਦਰਸ਼ਨ ’ ( ਵੇਖੋ ) ਨਾਂ ਅਧੀਨ ਸੰਨ 1968 ਈ. ਵਿਚ ਪੰਜਾਬੀ ਯੂਨੀਵਰਸਿਟੀ ਵਲੋਂ ਪੁਸਤਕ ਰੂਪ ਵਿਚ ਛਾਪ ਦਿੱਤੇ ਗਏ , ਇਹ ਸਿੱਧ ਕਰਨ ਲਈ ਕਿ ਗੁਰੂ ਅਰਜਨ ਦੇਵ ਜੀ ਦੁਆਰਾ ਤਿਆਰ ਕਰਵਾਈ ਇਹੀ ਅਸਲ ਬੀੜ ਹੈ । ਕਰਤਾਰਪੁਰੀ ਬੀੜ ਨੂੰ ਪ੍ਰਮਾਣਿਕ ਮੰਨਣ ਵਾਲੇ ( ਪੂਰਵ ਪੱਖੀ ) ਵਿਦਵਾਨ ਆਮ ਤੌਰ ’ ਤੇ ਹੇਠ ਲਿਖੇ ਤੱਥਾਂ ਦੇ ਆਧਾਰ’ ਤੇ ਇਸ ਨੂੰ ਪ੍ਰਮਾਣਿਕ ਮੰਨਦੇ ਹਨ :

( 1 )       ਗੁਰੂ ਅਰਜਨ ਸਾਹਿਬ ਦੇ ਨੀਸਾਣ ,

( 2 )     ਲਿਖੇ ਜਾਣ ਦੀ ਤਾਰੀਖ਼ ਸੰਮਤ 1661 ਬਿ. ,

( 3 )     ਗੁਰੂ ਰਾਮਦਾਸ ਦੇ ਦਸਖ਼ਤਾਂ ਦੀ ਸਿੱਧੀ ਨਕਲ ,

( 4 )     ਰਹਿਰਾਸ ਵਿਚ ਕੇਵਲਸੋਦਰਜੁੱਟ ਦੇ ਪੰਜ ਸ਼ਬਦਾਂ ਦੀ ਹੋਂਦ ,

( 5 )     ਜੈਜਾਵੰਤੀ ਰਾਗ ਤੋਂ ਛੁਟ ਬਾਕੀ 30 ਰਾਗਾਂ ਵਿਚਲੀ ਬਾਣੀ ਅਤੇ ਅਜੋਕਾ ਬਾਣੀ ਕ੍ਰਮ ,

( 6 )     ਰਾਗਮਾਲਾ ਦਾ ਅੰਤ ਉਤੇ ਹੋਣਾ ,

( 7 )             ਬੰਨੋ ਵਾਲੀ ਬੀੜ ਵਿਚਲੀ ਵਾਧੂ ਬਾਣੀ ਦਾ ਅਭਾਵ ।

                      ਇਸ ਬੀੜ ਨੂੰ ਪ੍ਰਮਾਣਿਕ ਨ ਮੰਨਣ ਵਾਲੇ ਆਮ ਤੌਰ’ ਤੇ ਉਹ ਵਿਦਵਾਨ ਹਨ ਜਿਨ੍ਹਾਂ ਨੂੰ ਇਹ ਬੀੜ ਵੇਖਣ ਦਾ ਅਵਸਰ ਨਹੀਂ ਮਿਲਿਆ , ਜਿਵੇਂ ਸਰਦਾਰ ਜੀ.ਬੀ.ਸਿੰਘ , ਡਾ. ਪਿਆਰ ਸਿੰਘ ਆਦਿ । ਬਸ ਸੁਣੀਆਂ-ਸੁਣਾਈਆਂ ਗੱਲਾਂ ਜਾਂ ਚਿੱਠੀਆਂ ਦੇ ਆਧਾਰ’ ਤੇ ਹੀ ਫ਼ੈਸਲੇ ਦੇ ਦਿੱਤੇ ਅਤੇ ਕਈ ਪ੍ਰਕਾਰ ਦੇ ਪਾਠਾਂਤਰਾਂ ਵਲ ਸੰਕੇਤ ਵੀ ਕਰ ਦਿੱਤਾ । ਡਾ. ਪਿਆਰ ਸਿੰਘ ਨੇ ਹੋਰਨਾਂ ਵਿਦਵਾਨਾਂ ਦੇ ਆਧਾਰ’ ਤੇ ਪੰਜ ਪ੍ਰਕਾਰ ਦੇ ਪਾਠਾਂਤਰਾਂ ਵਲ ਸੰਕੇਤ ਕੀਤਾ ਹੈ ਅਤੇ ਇਸੇ ਤਰ੍ਹਾਂ ਦੇ ਹੋਰ ਕਈ ਸ਼ੰਕੇ ਉਠਾਏ ਹਨ । ਪਰ ਹਨ ਤਾਂ ਇਹ ਸ਼ੰਕੇ ਹੀ , ਜਦ ਤਕ ਕੋਈ ਠੋਸ ਪ੍ਰਮਾਣ/ਤੱਥ ਸਾਹਮਣੇ ਨਹੀਂ ਆਉਂਦਾ , ਕਰਤਾਰਪੁਰੀ ਬੀੜ ਦੀ ਪ੍ਰਮਾਣਿਕਤਾ ਨੂੰ ਵੰਗਾਨਾ ਸਰਲ ਨਹੀਂ ਹੈ ।

                      ਇਸ ਬੀੜ ਸੰਬੰਧੀ ਅਧਿਐਨ ਵਿਚ ਮਹੱਤਵਪੂਰਣ ਪ੍ਰਾਪਤੀ ਡਾ. ਗੁਰਿੰਦਰ ਸਿੰਘ ਮਾਨ ਦਾ ਸੰਨ 1993 ਈ. ਵਿਚ ਲਿਖਿਆ ਸ਼ੋਧ-ਪ੍ਰਬੰਧ ( The Making of Sikh Scripture ) ਹੈ ਜਿਸ ਉਤੇ ਉਸ ਨੂੰ ਕੋਲੰਬੀਆ ਯੂਨੀਵਰਸਿਟੀ ਤੋਂ ਪੀ-ਐਚ.ਡੀ. ਦੀ ਡਿਗਰੀ ਮਿਲੀ ਸੀ । ਇਸ ਖੋਜ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਡਾ. ਮਾਨ ਨੇ ਖ਼ੁਦ ਇਸ ਬੀੜ ਦਾ ਬੜੀ ਨੀਝ ਨਾਲ ਅਧਿਐਨ ਕੀਤਾ ਅਤੇ ਹਰ ਤੱਥ ਨੂੰ ਪ੍ਰਮਾਣ-ਪੁਸ਼ਟ ਕਰਕੇ ਉਤਰ ਪੱਖੀਆਂ ਦੀਆਂ ਮਾਨਤਾਵਾਂ ਦਾ ਖੰਡਨ ਕੀਤਾ ਅਤੇ ਯੁਕਤੀ-ਪੂਰਵਕ ਬੀੜ ਦੀ ਪ੍ਰਮਾਣਿਕਤਾ ਸਥਾਪਿਤ ਕੀਤੀ । ਇਹ ਪੁਸਤਕ ਆਕਸਫੋਰਡ ਯੂਨੀਵਰਸਿਟੀ ਪ੍ਰੈਸ , ਨਿਊਯਾਰਕ ਵਲੋਂ ਛਪ ਗਈ ਹੈ । ਇਸ ਦੇ ਪੰਜਾਬੀ ਵਿਚ ਪ੍ਰਕਾਸ਼ਨ ਨਾਲ ਕਈ ਪ੍ਰਕਾਰ ਦੀਆਂ ਭ੍ਰਾਂਤੀਆਂ ਦੇ ਦੂਰ ਹੋਣ ਦੀ ਸੰਭਾਵਨਾ ਹੈ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1435, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.