ਕਾਨ੍ਹ ਸਿੰਘ ਮਾਨ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਾਨ੍ਹ ਸਿੰਘ ਮਾਨ (ਅ.ਚ.1848): ਹੁਕਮ ਸਿੰਘ ਦਾ ਸੁਪੁੱਤਰ ਸੀ ਜੋ ਛੋਟੀ ਉਮਰੇ ਹੀ ਮਹਾਰਾਜਾ ਰਣਜੀਤ ਸਿੰਘ ਦੇ ਅੰਗ-ਰੱਖਿਅਕਾਂ ਦਾ ਕਮਾਂਡਰ ਬਣ ਗਿਆ ਸੀ। ਇਸ ਨੇ ਮਹਾਰਾਜੇ ਦੀ ਅਗਵਾਈ ਹੇਠ ਕਈ ਸੈਨਿਕ ਮੁਹਿੰਮਾਂ ਵਿਚ ਭਾਗ ਲਿਆ ਅਤੇ 1836 ਵਿਚ ਜਨਰਲ ਪਦ ਤਕ ਤਰੱਕੀ ਕਰ ਗਿਆ। ਇਸਨੇ ਪਿਆਦਾ ਫ਼ੌਜਾਂ ਦੀਆਂ ਚਾਰ ਰੈਜਮੈਂਟਾਂ ਦੀ ਅਤੇ ਤੋਪਖ਼ਾਨਾ ਫ਼ੌਜ ਦੇ ਦਸ ਤੋਪਾਂ ਵਾਲੇ ਡੇਰੇ ਦੀ ਕਮਾਂਡ ਕੀਤੀ। ਪਹਿਲੀ ਐਂਗਲੋ-ਸਿੱਖ ਜੰਗ ਤੋਂ ਬਾਅਦ 1846 ਵਿਚ ਕਾਨ੍ਹ ਸਿੰਘ ਨੂੰ ਕਸ਼ਮੀਰ ਦੇ ਵਿਦਰੋਹੀ ਗਵਰਨਰ ਸ਼ੇਖ਼ ਇਮਾਮ ਉਦ-ਦੀਨ ਦੇ ਖ਼ਿਲਾਫ਼ ਮੁਹਿੰਮ ਦਾ ਮੁਖੀ ਥਾਪ ਕੇ ਭੇਜਿਆ ਗਿਆ ਸੀ। ਇਹ ਇਕ ਵੀ ਗੋਲੀ ਚਲਾਏ ਬਿਨਾਂ ਇਮਾਮ ਉਦ-ਦੀਨ ਨੂੰ ਕੈਦੀ ਬਣਾ ਕੇ ਲਾਹੌਰ ਲਿਆਉਣ ਵਿਚ ਸਫ਼ਲ ਰਿਹਾ। ਅਗਲੇ ਸਾਲ ਇਸਨੂੰ ਰੈਜ਼ੀਡੈਂਟ ਹੈਨਰੀ ਲਾਰੈਂਸ ਦੀ ਸਿਫ਼ਾਰਿਸ਼ ਤੇ ਰਣਜੋਧ ਸਿੰਘ ਮਜੀਠੀਆ ਦੇ ਉੱਤਰਾਧਿਕਾਰੀ ਦੇ ਤੌਰ ਤੇ ਲਾਹੌਰ ਦੇ ਜੱਜ ਦੀ ਪਦਵੀ ਤੇ ਨਿਯੁਕਤ ਕਰ ਦਿੱਤਾ ਗਿਆ। ਮਾਰਚ 1848 ਵਿਚ, ਲਾਹੌਰ ਦੇ ਆਰਜੀ ਅੰਗਰੇਜ਼ ਰੈਜ਼ੀਡੈਂਟ ਫ਼ਰੈਡਰਿਕ ਕਰੀ (Frederick Currie) ਨੇ ਜਨਰਲ ਕਾਨ੍ਹ ਸਿੰਘ ਨੂੰ ਮੁਲਤਾਨ ਦੇ ਗਵਰਨਰ ਦੀਵਾਨ ਮੂਲ ਰਾਜ ਦੁਆਰਾ ਅਸਤੀਫ਼ਾ ਦੇਣ ਕਾਰਨ ਉਸ ਦੀ ਜਗ੍ਹਾ ਨਾਮਜ਼ਦ ਕਰ ਦਿੱਤਾ ਸੀ। 14 ਅਪ੍ਰੈਲ 1848 ਨੂੰ ਮੁਲਤਾਨ ਪਹੁੰਚਣ’ਤੇ ਇਸਨੇ ਅੰਗਰੇਜ਼ ਅਫ਼ਸਰਾਂ ਨੂੰ ਬਿਨਾਂ ਕਿਸੇ ਦੇਰੀ ਤੋਂ ਕਿਲ੍ਹੇ ਉੱਪਰ ਕਬਜ਼ਾ ਕਰ ਲੈਣ ਦੀ ਸਿਫ਼ਾਰਿਸ਼ ਕੀਤੀ ਸੀ। 19 ਅਪ੍ਰੈਲ ਨੂੰ ਜਿਉਂ ਹੀ ਜਨਰਲ ਕਾਨ੍ਹ ਸਿੰਘ ਮਾਨ ਅਤੇ ਅੰਗਰੇਜ਼ ਅਫ਼ਸਰ ਦੀਵਾਨ ਮੂਲ ਰਾਜ ਤੋਂ ਚਾਰਜ ਲੈ ਕੇ ਕਿਲ੍ਹੇ ਤੋਂ ਬਾਹਰਰਹੇ ਸਨ ਤਾਂ ਮੁਲਤਾਨ ਫ਼ੌਜ ਦੇ ਦੋ ਸਿਪਾਹੀਆਂ ਨੇ ਹਮਲਾ ਕਰਕੇ ਦੋ ਅੰਗਰੇਜ਼ ਅਫ਼ਸਰਾਂ, ਵਾਨ ਐਗਨੀਉ ਅਤੇ ਵਿਲੀਅਮ ਐਂਡਰਸਨ, ਨੂੰ ਕਤਲ ਕਰ ਦਿੱਤਾ। ਦੀਵਾਨ ਮੂਲ ਰਾਜ ਨੇ ਵਿਦਰੋਹ ਕਰ ਦਿੱਤਾ ਅਤੇ ਕਾਨ੍ਹ ਸਿੰਘ ਅਤੇ ਉਸਦੇ ਨਾਬਾਲਿਗ਼ ਪੁੱਤਰ , ਵਸਾਵਾ ਸਿੰਘ ਨੂੰ ਕੈਦੀ ਬਣਾ ਲਿਆ। ਜਦੋਂ ਅੰਗਰੇਜ਼ ਫ਼ੌਜਾਂ ਨੇ ਕਿਲ੍ਹੇ ਉੱਪਰ ਬੰਬਾਰੀ ਕੀਤੀ ਤਾਂ ਦੋਵੇਂ ਪਿਉ- ਪੁੱਤਰ 30 ਦਸੰਬਰ 1848 ਨੂੰ ਜੇਲ੍ਹ ਅੰਦਰ ਹੀ ਮਾਰੇ ਗਏ ਸਨ।


ਲੇਖਕ : ਸ.ਸ.ਭ. ਅਤੇ ਅਨੁ.: ਪ.ਵ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 465, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.