ਕੈਥਲ ਰਿਆਸਤ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਕੈਥਲ ਰਿਆਸਤ: ਇਸ ਦਾ ਸੰਬੰਧ ਸਿੱਖ ਇਤਿਹਾਸ ਨਾਲ ਜੁੜਦਾ ਹੈ। ਭਾਈ ਭਗਤੂ ਦੀ ਸੰਤਾਨ ਵਿਚੋਂ ਭਾਈ ਗੁਰਬਖ਼ਸ਼ ਸਿੰਘ ਦੇ ਲੜਕੇ ਭਾਈ ਦੇਸੂ ਸਿੰਘ ਨੇ ਸਤਲੁਜ ਪਾਰ ਦੇ ਇਸ ਇਲਾਕੇ ਨੂੰ ਆਪਣੇ ਅਧੀਨ ਕੀਤਾ ਅਤੇ ਸੰਨ 1767 ਈ. ਵਿਚ ਇਥੇ ਆਪਣੀ ਰਾਜਧਾਨੀ ਕਾਇਮ ਕੀਤੀ। ਉਸ ਦੇ ਸੰਨ 1780 ਈ. ਵਿਚ ਹੋਏ ਦੇਹਾਂਤ ਤੋਂ ਬਾਦ ਉਸ ਦੇ ਪੁੱਤਰ ਭਾਈ ਲਾਲ ਸਿੰਘ ਨੇ ਰਾਜ ਕੀਤਾ। ਲਾਲ ਸਿੰਘ ਨੇ ਸੰਨ 1809 ਈ. ਵਿਚ ਅੰਗ੍ਰੇਜ਼ ਸਰਕਾਰ ਦੀ ਸਰਪ੍ਰਸਤੀ ਪ੍ਰਾਪਤ ਕੀਤੀ। ਉਸ ਦੇ ਦੇਹਾਂਤ ਤੋਂ ਬਾਦ ਉਸ ਦਾ ਵੱਡਾ ਲੜਕਾ ਪ੍ਰਤਾਪ ਸਿੰਘ ਗੱਦੀ ਉਤੇ ਬੈਠਾ, ਪਰੰਤੂ ਜਲਦੀ ਹੀ ਉਹ ਗੁਜ਼ਰ ਗਿਆ। ਉਸ ਦੀ ਕੋਈ ਨਰੀਨਾ ਔਲਾਦ ਨ ਹੋਣ ਕਾਰਣ ਉਸ ਦਾ ਛੋਟਾ ਭਾਈ ਉਦੈ ਸਿੰਘ ਰਾਜਾ ਬਣਿਆ। ਉਦੈ ਸਿੰਘ ਨੇ ਬੜੇ ਸੁਚਜ ਨਾਲ ਆਪਣੀ ਹਕੂਮਤ ਚਲਾਈ ਪਰ ਉਸ ਦੀ ਕੋਈ ਔਲਾਦ ਨਹੀਂ ਸੀ। 15 ਮਾਰਚ, 1843 ਈ. ਨੂੰ ਉਸ ਦੀ ਮ੍ਰਿਤੂ ਹੋ ਜਾਣ ਕਾਰਣ ਅੰਗ੍ਰੇਜ਼ ਸਰਕਾਰ ਨੇ ਉਸ ਦੀ ਰਿਆਸਤ ਨੂੰ ਆਪਣੇ ਅਧਿਕਾਰ ਵਿਚ ਲੈ ਲਿਆ ਅਤੇ ਕੁਝ ਕੁ ਹਿੱਸਾ ਉਸੇ ਖ਼ਾਨਦਾਨ ਨਾਲ ਸੰਬੰਧਿਤ ਅਰਨੌਲੀ ਰਿਆਸਤ ਦੇ ਭਾਈ ਗੁਲਾਬ ਸਿੰਘ ਨੂੰ ਦੇ ਦਿੱਤਾ।
ਭਾਈ ਉਦੈ ਸਿੰਘ ਨੇ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਲਈ ਕਈ ਉਦਮ ਕੀਤੇ, ਜਿਨ੍ਹਾਂ ਵਿਚੋਂ ਸਭ ਤੋਂ ਮਹੱਤਵਪੂਰਣ ਹੈ ਮਹਾਕਵੀ ਭਾਈ ਸੰਤੋਖ ਸਿੰਘ ਨੂੰ ਪਟਿਆਲਿਓਂ ਬੁਲਵਾ ਕੇ ਆਪਣੇ ਦਰਬਾਰ ਵਿਚ ਰਖਣਾ ਅਤੇ ਉਸ ਤੋਂ ‘ਗੁਰ ਪ੍ਰਤਾਪ ਸੂਰਜ ’ ਗ੍ਰੰਥ ਦੀ ਰਚਨਾ ਕਰਵਾਉਣਾ। ਇਸ ਗ੍ਰੰਥ ਨੂੰ ਸਿੱਖ- ਇਤਿਹਾਸ ਵਿਚ ਮਹੱਤਵਪੂਰਣ ਸਥਾਨ ਪ੍ਰਾਪਤ ਹੈ ਅਤੇ ਮੁੱਖ ਗੁਰੂ-ਧਾਮਾਂ ਵਿਚ ਇਸ ਦੀ ਨਿੱਤ ਕਥਾ-ਵਾਰਤਾ ਹੁੰਦੀ ਹੈ। ਭਾਈ ਉਦੈ ਸਿੰਘ ਨੇ ਸੁਆਮੀ ਆਨੰਦਘਨ (ਵੇਖੋ) ਵਲੋਂ ਆਪਣੇ ‘ਜਪੁਜੀ ’ ਦੇ ਟੀਕੇ ਵਿਚ ਕੀਤੇ ਵਿਅੰਗਾਂ ਦਾ ਸਮਾਧਾਨ ਕਰਨ ਲਈ ਮਹਾਕਵੀ ਤੋਂ ਜਪੁਜੀ ਦਾ ‘ਗਰਬ ਗੰਜਨੀ’ (ਵੇਖੋ) ਨਾਂ ਦਾ ਟੀਕਾ ਲਿਖਵਾਇਆ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1294, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਕੈਥਲ ਰਿਆਸਤ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੈਥਲ ਰਿਆਸਤ: ਇਕ ਸਿੱਖ ਰਿਆਸਤ ਜਿੱਥੋਂ ਦਾ ਰਾਜ ਪਰਵਾਰ ਭਾਈ ਭਗਤੂ ਦੀ ਸੰਤਾਨ ਵਿਚੋਂ ਸੀ। ਭਾਈ ਭਗਤੂ, ਗੁਰੂ ਅਰਜਨ ਦੇਵ ਜੀ ਦੇ ਸਮੇਂ ਦਾ ਬਹੁਤ ਹੀ ਸਤਿਕਾਰਿਤ ਸਿੱਖ ਸੀ। ਫੂਲਕੀਆਂ ਮਿਸਲ ਦੀ ਤਰ੍ਹਾਂ ਇਸ ਪਰਵਾਰ ਦਾ ਮੁੱਢ ਵੀ ਭੱਟੀ ਰਾਜਪੂਤਾਂ ਤੋਂ ਹੀ ਮੰਨਿਆ ਜਾਂਦਾ ਹੈ। ਭਾਈ ਭਗਤੂ ਦੇ ਉੱਤਰਾਧਿਕਾਰੀਆਂ ਵਿਚੋਂ ਇਕ ਭਾਈ ਰਾਮ ਦਿਆਲ ਸੀ। ਭਾਈ ਰਾਮ ਦਿਆਲ ਦਾ ਪੁੱਤਰ , ਗੁਰਬਖ਼ਸ਼ ਇਕ ਪਵਿੱਤਰ ਹਸਤੀ ਦੇ ਤੌਰ ਤੇ ਪ੍ਰਸਿੱਧ ਸੀ। ਇਹ ਪਟਿਆਲਾ ਰਿਆਸਤ ਦੇ ਬਾਨੀ ਬਾਬਾ ਆਲਾ ਸਿੰਘ ਦੀਆਂ ਜਿੱਤਾਂ ਵਿਚ ਲਗਾਤਾਰ ਉਸ ਦਾ ਮਿੱਤਰ ਰਿਹਾ ਸੀ। 1764 ਵਿਚ, ਭਾਈ ਗੁਰਬਖ਼ਸ਼ ਸਿੰਘ ਦੇ ਅਕਾਲ ਚਲਾਣੇ ਉਪਰੰਤ ਉਸ ਦੇ ਪੰਜ ਲੜਕਿਆਂ ਨੇ ਆਪਣੇ ਪਿਤਾ ਦੀ ਜਾਇਦਾਦ ਆਪਸ ਵਿਚ ਵੰਡ ਲਈ ਸੀ। ਭਾਈਆਂ ਵਿਚੋਂ ਸਭ ਤੋਂ ਵਧੇਰੇ ਸ਼ਕਤੀਸ਼ਾਲੀ ਸਮਝੇ ਜਾਂਦੇ ਦੇਸੂ ਸਿੰਘ ਨੇ 1764 ਅਤੇ 1768 ਵਿਚਕਾਰ ਕੈਥਲ ਵਿਖੇ ਆਪਣੀ ਅਜ਼ਾਦ ਰਿਆਸਤ ਸਥਾਪਿਤ ਕਰ ਲਈ ਸੀ। ਇਸ ਦਾ ਛੋਟਾ ਪੁੱਤਰ ਲਾਲ ਸਿੰਘ, ਬਾਗ਼ੀ ਅਤੇ ਮਹਤੱਵਕਾਂਖੀ ਸੁਭਾਅ ਦਾ ਸੀ। 1781 ਵਿਚ ਪਿਤਾ ਦੇ ਅਕਾਲ ਚਲਾਣੇ ਤੋਂ ਬਾਅਦ ਲਾਲ ਸਿੰਘ ਨੂੰ ਬਗ਼ਾਵਤ ਦੇ ਦੋਸ਼ ਅਧੀਨ ਜੇਲ੍ਹ ਜਾਣਾ ਪਿਆ, ਪਰੰਤੂ ਉਸ ਨੇ ਜੇਲ੍ਹ ਵਿਚੋਂ ਬਚ ਨਿਕਲਣ ਦਾ ਰਸਤਾ ਲੱਭ ਲਿਆ, ਆਪਣੇ ਭਰਾ ਨੂੰ ਕਤਲ ਕਰ ਦਿੱਤਾ ਅਤੇ ਆਪਣੀ ਰਿਆਸਤ ਨੂੰ ਦੂਰ ਤੀਕ ਫੈਲਾਇਆ। 1809 ਵਿਚ, ਕੈਥਲ ਰਿਆਸਤ ਅੰਗਰੇਜ਼ੀ ਰਾਜ ਦੀ ਸੁਰੱਖਿਆ ਅਧੀਨ ਆ ਗਈ ਸੀ। ਉਸ ਸਮੇਂ ਲਾਲ ਸਿੰਘ ਢਾਈ ਲੱਖ ਦਾ ਮਾਲੀਆ ਲੈ ਰਿਹਾ ਸੀ ਅਤੇ ਮਹਾਰਾਜਾ ਪਟਿਆਲਾ ਤੋਂ ਦੂਸਰੇ ਨੰਬਰ ਤੇ ਸੀ ਜਿਸ ਦਾ ਸਲਾਨਾ ਮਾਲੀਆ ਛੇ ਲੱਖ ਰੁਪਏ ਸੀ ਜਦੋਂ ਕਿ ਨਾਭਾ ਰਿਆਸਤ ਫੂਲਕੀਆਂ ਸਰਦਾਰਾਂ ਵਿਚ ਤੀਸਰੇ ਨੰਬਰ ਤੇ ਸੀ ਜਿਸਦਾ ਮਾਲੀਆ ਡੇਢ ਲੱਖ ਰੁਪਏ ਸੀ। ਤਰੱਕੀ ਦੀ ਟੀਸੀ ‘ਤੇ ਪਹੁੰਚ ਕੇ ਕੈਥਲ ਛੇਤੀ ਹੀ ਕਮਜ਼ੋਰ ਹੋ ਗਿਆ। ਇੱਥੋਂ ਦਾ ਅਖੀਰਲਾ ਸਰਦਾਰ ਭਾਈ ਉਦੈ ਸਿੰਘ 15 ਮਾਰਚ 1843 ਵਿਚ ਆਪਣੇ ਅਕਾਲ ਚਲਾਣੇ ਤੋਂ ਪਹਿਲਾਂ ਕਈ ਸਾਲਾਂ ਤਕ ਮੰਜੇ ਉੱਪਰ ਪਿਆ ਰਿਹਾ। ਇਸ ਦੇ ਜੀਵਨ ਦੇ ਅਖੀਰਲੇ ਦਹਾਕੇ ਵਿਚ ਪਟਿਆਲਾ- ਕੈਥਲ ਸਰਹੱਦ ਉਪਰ ਅਕਸਰ ਹਮਲੇ ਹੁੰਦੇ ਰਹੇ ਅਤੇ ਇਹ ਉਜੜੇ ਹੋਏ ਪਿੰਡਾਂ ਦਾ ਇਲਾਕਾ ਬਣ ਕੇ ਰਹਿ ਗਿਆ ਸੀ। ਇਹ ਭਾਈ ਉਦੈ ਸਿੰਘ ਸੀ ਜਿਸ ਨੇ ਪ੍ਰਸਿੱਧ ਗ੍ਰੰਥ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਦੇ ਲੇਖਕ ਅਤੇ ਮਹਾਨ ਕਵੀ ਭਾਈ ਸੰਤੋਖ ਸਿੰਘ ਨੂੰ ਸਰਪ੍ਰਸਤੀ ਪ੍ਰਦਾਨ ਕੀਤੀ ਸੀ। ਇਹ ਗ੍ਰੰਥ ਸਿੱਖ ਧਰਮ ਦਾ ਕਵਿਤਾ ਵਿਚ ਰਚਿਆ ਪਹਿਲਾ ਇਤਿਹਾਸ ਸੀ। ਭਾਈ ਉਦੈ ਸਿੰਘ ਬੇਔਲਾਦ ਹੀ ਮਰ ਗਿਆ ਸੀ। ਉਪਰੰਤ ਰਿਆਸਤ ਦੇ ਸਰਦਾਰ ਦੀ ਜ਼ੁੰਮੇਵਾਰੀ ਅਤੇ ਇਲਾਕੇ ਦਾ ਕੁਝ ਹਿੱਸਾ ਜਿਸ ਦਾ ਮਾਲੀਆ ਲਗ-ਪਗ ਇਕ ਲੱਖ ਰੁਪਏ ਸਲਾਨਾ ਸੀ ਇਕ ਰਿਸ਼ਤੇਦਾਰ ਅਰਨੌਲੀ ਦੇ ਭਾਈ ਗੁਲਾਬ ਸਿੰਘ ਨੂੰ ਦੇ ਦਿੱਤਾ ਗਿਆ। ਰਾਜ ਦਾ ਮੁੱਖ ਹਿੱਸਾ ਜਿਸ ਤੋਂ ਲਗ-ਪਗ ਚਾਰ ਲੱਖ ਰੁਪਏ ਸਲਾਨਾ ਦੀ ਆਮਦਨ ਸੀ ਅਤੇ ਜਿਸ ਵਿਚ ਕੈਥਲ ਦਾ ਕਸਬਾ ਵੀ ਸ਼ਾਮਲ ਸੀ ਅੰਗਰੇਜ਼ੀ ਰਾਜ ਵਿਚ ਸ਼ਾਮਲ ਕਰ ਲਿਆ ਗਿਆ। ਕੈਥਲ ਜ਼ਿਲਾ ਹੈਡ- ਕੁਆਟਰ ਬਣ ਗਿਆ ਪਰੰਤੂ 1849 ਵਿਚ ਇਸ ਨੂੰ ਥਾਨੇਸਰ ਜ਼ਿਲੇ ਵਿਚ ਮਿਲਾ ਦਿੱਤਾ ਗਿਆ ਅਤੇ 1862 ਵਿਚ ਇਸ ਨੂੰ ਕਰਨਾਲ ਜ਼ਿਲੇ ਦੀ ਤਹਿਸੀਲ ਬਣਾ ਦਿੱਤਾ ਗਿਆ।
ਦੇਖੋ ਕਪੂਰਥਲਾ ਰਿਆਸਤ
ਲੇਖਕ : ਬ.ਰ. ਅਤੇ ਆਈ.ਸੀ. ਅਤੇ ਅਨੁ.: ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1294, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First