ਕੜਾਹ ਪ੍ਰਸਾਦ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੜਾਹ ਪ੍ਰਸਾਦ: ਕੜਾਹ, ਘਿਉ , ਸੂਜੀ ਜਾਂ ਆਟੇ ਤੋਂ ਬਣਿਆ ਹੋਇਆ ਨਰਮ ਮਿੱਠਾ ਪਦਾਰਥ ਹੈ, ਜਿਸ ਨੂੰ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਭੇਟ ਕੀਤਾ ਜਾਂਦਾ ਹੈ ਤਾਂ ਇਹ ਪਰਮਾਤਮਾ ਦੀ ਕਿਰਪਾ ਅਰਥਾਤ ਪ੍ਰਸਾਦ ਵਿਚ ਤਬਦੀਲ ਹੋ ਜਾਂਦਾ ਹੈ। ਇਸ ਤਰ੍ਹਾਂ ਕੜਾਹ ਪ੍ਰਸਾਦ ਪਵਿੱਤਰ ਮੰਨਿਆ ਜਾਂਦਾ ਹੈ ਜੋ ਸਮੂਹ ਸਿੱਖ ਧਾਰਮਿਕ ਰਸਮਾਂ ਅਤੇ ਰੀਤਾਂ ਸਮੇਂ ਅਰਦਾਸ ਕਰਨ ਤੋਂ ਬਾਅਦ ਸੰਗਤ ਵਿਚ ਵਰਤਾਇਆ ਜਾਂਦਾ ਹੈ। ਕੜਾਹ ਸ਼ਬਦ ਸੰਸਕ੍ਰਿਤ ਦੇ ‘ਕਟਾਹ` ਸ਼ਬਦ ਵਿਚੋਂ ਨਿਕਲਿਆ ਹੈ ਜਿਸਦਾ ਅਰਥ ਹੈ ਪਾਣੀ ਉਬਾਲਣ ਵਾਲੀ ਕੜਾਹੀ ਅਤੇ ਇਸ ਸ਼ਬਦ ਦੇ ਬਦਲਵੇਂ ਅਰਥਾਂ ਵਿਚ ਇਕ ਕਟਾਹ ਜਿਸ ਵਿਚ ਵਿਸ਼ੇਸ਼ ਤਰੀਕੇ ਨਾਲ ਜੋ ਕੁਝ ਪਕਾਇਆ ਜਾਂਦਾ ਹੈ ਉਸ ਨੂੰ ਕੜਾਹ ਕਿਹਾ ਜਾਂਦਾ ਹੈ। ਸਿੱਖ ਸ਼ਬਦਾਵਲੀ ਵਿਚ ਇਸ ਸੰਗਤੀ ਭੋਜਨ ਨੂੰ ਹੋਰ ਵੀ ਬਹੁਤ ਸਾਰੇ ਨਾਵਾਂ ਨਾਲ ਜਾਣਿਆ ਜਾਂਦਾ ਹੈ ਜਿਵੇਂ ਦੇਗ , ਤਿਹਾਵਲ ਜਾਂ ਤ੍ਰਿਭਾਵਲੀ (ਇਕੋ ਜਿਹੀ ਮਿਕਦਾਰ ਵਿਚ ਮਿਲਾਈਆਂ ਗਈਆਂ ਤਿੰਨ ਵਸਤਾਂ- ਸ਼ੁੱਧ ਘਿਉ, ਕਣਕ ਦਾ ਆਟਾ ਅਤੇ ਖੰਡ) ਅਤੇ ਪੰਚਾਮ੍ਰਿਤ (ਬਹੁਤ ਜ਼ਿਆਦਾ ਪਵਿੱਤਰ)। ਕੜਾਹ ਕੁਝ ਦੂਜੀਆਂ ਧਾਰਮਿਕ ਰੀਤਾਂ ਵਿਚ ਵੀ ਪ੍ਰਚਲਿਤ ਹੈ। ਮੁਸਲਮਾਨ ਇਸ ਨੂੰ ਹਲਵਾ ਕਹਿੰਦੇ ਹਨ ਅਤੇ ਈਦ ਦੇ ਦਿਨ ਇਸ ਨੂੰ ਵੱਡੇ ਪੱਧਰ ਤੇ ਤਿਆਰ ਕਰਦੇ ਹਨ। ਪੁਰਾਤਨ ਆਰੀਆ ਲੋਕੀਂ ਵੀ ਆਪਣੇ ਇਸ਼ਟ ਅਤੇ ਮੂਰਤੀਆਂ ਨੂੰ ਕੜਾਹ ਭੇਟ ਕਰਦੇ ਸਨ ਪਰੰਤੂ ਇਸ ਨੂੰ ਉਹ ਲਾਪਸੀ ਕਹਿੰਦੇ ਸਨ।

      ਕੜਾਹ ਪ੍ਰਸਾਦ ਦਾ ਅਰਥ ਸਿੱਖ ਸੰਗਤ ਵਿਚ ਭੇਟ ਕੀਤੀ ਜਾਣ ਵਾਲੀ ਉਸ ਵਸਤੂ ਤੋਂ ਹੈ ਜਿਹੜੀ ਘਿਉ, ਕਣਕ ਦਾ ਆਟਾ ਅਤੇ ਖੰਡ ਦੇ ਇਕੋ ਜਿਹੇ ਤੋਲ ਦੀ ਸਮਗਰੀ ਤੋਂ ਤਿਆਰ ਹੁੰਦੀ ਹੈ। ਕੜਾਹ ਪ੍ਰਸਾਦ ਦੀ ਪਵਿੱਤਰਤਾ ਨੂੰ ਮੁੱਖ ਰੱਖਦਿਆਂ ਇਸ ਨੂੰ ਤਿਆਰ ਕੀਤੇ ਜਾਣ ਵਾਲਾ ਸਥਾਨ ਜਾਂ ਰਸੋਈ ਵੀ ਸਾਫ਼-ਸੁਥਰੀ ਹੋਣੀ ਜ਼ਰੂਰੀ ਹੈ ਅਤੇ ਇਸਨੂੰ ਤਿਆਰ ਕਰਨ ਵਾਲੇ ਵਿਅਕਤੀ ਦੇ ਕੱਪੜੇ ਸਾਫ਼-ਸੁਥਰੇ ਹੋਣ ਦੇ ਨਾਲ-ਨਾਲ ਉਸ ਨੂੰ ਸਿੱਖ ਰਹਿਤ ਦਾ ਵੀ ਪੂਰਾ ਗਿਆਨ ਹੋਣਾ ਜ਼ਰੂਰੀ ਹੈ। ਗੁਰਬਾਣੀ ਦੇ ਨਿਰਧਾਰਿਤ ਸ਼ਬਦ ਪੜ੍ਹਦੇ ਹੋਏ ਸਮਗਰੀ ਦੇ ਇਕ ਹਿੱਸੇ ਤੋਂ ਚਾਰ ਗੁਣਾ ਪਾਣੀ ਨੂੰ ਗਰਮ ਕੀਤਾ ਜਾਂਦਾ ਹੈ। ਇਸ ਵਿਚ ਖੰਡ ਪਾਈ ਜਾਂਦੀ ਹੈ ਅਤੇ ਇਸ ਨੂੰ ਪਾਣੀ ਵਿਚ ਘੁਲਣ ਹਿਤ ਪਾਣੀ ਨੂੰ ਹਿਲਾਇਆ ਜਾਂਦਾ ਹੈ। ਜਦੋਂ ਕੜਾਹਾ/ ਕੜਾਹੀ ਜਾਂ ਦੇਗ਼ ਵਿਚ ਪਾਣੀ ਉਬਲਣ ਲੱਗ ਜਾਵੇ ਤਾਂ ਇਸ ਤਿਆਰ ਹੋਈ ਚਾਸ਼ਣੀ ਨੂੰ ਇਕ ਪਾਸੇ ਰੱਖ ਲਿਆ ਜਾਂਦਾ ਹੈ। ਇਸ ਤੋਂ ਬਾਅਦ ਘਿਉ ਨੂੰ ਗਰਮ ਕਰਕੇ ਇਸ ਵਿਚ ਕਣਕ ਦੇ ਆਟੇ ਨੂੰ ਭੂਰਾ ਹੋਣ ਤਕ ਭੁੰਨਿਆ ਜਾਂਦਾ ਹੈ। ਉਪਰੰਤ ਕੜਾਹੀ ਵਿਚ ਖੰਡ ਦਾ ਘੋਲ (ਚਾਸ਼ਣੀ) ਮਿਲਾ ਕੇ ਇਸ ਨੂੰ ਹਿਲਾਇਆ ਜਾਂਦਾ ਹੈ। ਜਦੋਂ ਤਿਆਰ ਕੜਾਹ ਪ੍ਰਸਾਦ ਦੇ ਦੁਆਲੇ ਘਿਉ ਤੈਰਨ ਲੱਗ ਜਾਵੇ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਇਹ ਠੀਕ ਤਰ੍ਹਾਂ ਤਿਆਰ ਹੋ ਗਿਆ ਹੈ। ਫਿਰ ਇਸ ਨੂੰ ਕਿਸੇ ਹੋਰ ਬਰਤਨ , ਆਮ ਤੌਰ ਤੇ ਥਾਲੀ ਵਿਚ ਪਾਇਆ ਜਾਂਦਾ ਹੈ ਅਤੇ ਇਸ ਨੂੰ ਸਾਫ਼-ਸੁਥਰੇ ਚਿੱਟੇ ਕੱਪੜੇ ਨਾਲ ਢੱਕ ਕੇ ਗੁਰੂ ਗ੍ਰੰਥ ਸਾਹਿਬ ਦੇ ਸਾਮ੍ਹਣੇ (ਗੁਰਦੁਆਰੇ ਜਾਂ ਜਿੱਥੇ ਵੀ ਸੰਗਤ ਜੁੜੀ ਹੋਵੇ) ਅਰਦਾਸ ਹੋਣ ਤੋਂ ਪਹਿਲਾਂ ਲਿਜਾਇਆ ਜਾਂਦਾ ਹੈ। ਕੜਾਹ ਪ੍ਰਸਾਦ ਨੂੰ ਵਰਤਾਉਣ ਤੋਂ ਪਹਿਲਾਂ ਕਿਰਪਾਨ ਭੇਟ ਕੀਤੀ ਜਾਂਦੀ ਹੈ। ਫਿਰ ਗ੍ਰੰਥੀ ਜਾਂ ਕੋਈ ਸ਼ਰਧਾਲੂ ਸਿੱਖ ਇਸਨੂੰ ਛੋਟੇ ਬਾਟੇ ਵਿਚ ਪਾਉਂਦਾ ਹੈ ਅਤੇ ਪੰਜ ਪਿਆਰਿਆਂ ਦਾ ਪ੍ਰਤੀਕ ਸਮਝ ਕੇ ਇਸਨੂੰ ਸੰਗਤ ਵਿਚ ਬੈਠੇ ਪੰਜ ਅੰਮ੍ਰਿਤਧਾਰੀ ਸਿੱਖਾਂ ਵਿਚ ਵਰਤਾ ਦਿੰਦਾ ਹੈ। ਇਸ ਤੋਂ ਬਾਅਦ ਕੁਝ ਸੇਵਾਦਾਰ, ਆਮ ਤੌਰ ਤੇ ਜਿਨ੍ਹਾਂ ਨੂੰ ਵੀ ਗ੍ਰੰਥੀ ਕਹਿੰਦਾ ਹੈ, ਇਸ ਪਵਿੱਤਰ ਪ੍ਰਸਾਦ ਨੂੰ ਜਾਤ-ਪਾਤ ਅਤੇ ਊਚ-ਨੀਚ ਦਾ ਭੇਦਭਾਵ ਕੀਤੇ ਬਗ਼ੈਰ ਸਮੂਹ ਸੰਗਤ ਵਿਚ ਵਰਤਾ ਦਿੰਦੇ ਹਨ। ਹਰ ਇਕ ਵਿਅਕਤੀ, ਉਸਦਾ ਦੁਨਿਆਵੀ ਰੁਤਬਾ ਭਾਵੇਂ ਕੋਈ ਵੀ ਹੋਵੇ, ਫ਼ਰਸ਼ ਤੇ ਬੈਠ ਕੇ ਅਤੇ ਦੋਵੇਂ ਹੱਥ ਜੋੜ ਕੇ ਪ੍ਰਸਾਦ ਗ੍ਰਹਿਣ ਕਰਦਾ ਹੈ। ਦੈਵੀ ਬਖ਼ਸ਼ਸ਼ ਪ੍ਰਾਪਤ ਕਰਨ ਦਾ ਇਹ ਇਕ ਚਿੰਨ੍ਹ ਹੈ। ਗੁਰਦੁਆਰਿਆਂ ਵਿਚ ਕੜਾਹ ਪ੍ਰਸਾਦ ਵਰਤਾਉਣ ਦੀ ਇਹ ਰੀਤ ਗੁਰੂ ਅਰਜਨ ਦੇਵ ਜੀ ਦੇ ਸਮੇਂ ਤੋਂ ਸ਼ੁਰੂ ਹੋਈ ਜੋ ਆਪ ਕਿਸੇ ਨਾ ਕਿਸੇ ਖ਼ਾਸ ਮੌਕੇ ਤੇ ਹਰਿਮੰਦਰ ਸਾਹਿਬ ਪ੍ਰਸਾਦ ਵਰਤਾਉਣ ਜਾਇਆ ਕਰਦੇ ਸਨ।

      ਆਮ ਤੌਰ ਤੇ ਕੜਾਹ ਪ੍ਰਸਾਦ ਗੁਰਦੁਆਰਿਆਂ ਵਿਚ ਤਿਆਰ ਕੀਤਾ ਜਾਂਦਾ ਹੈ ਪਰ ਆਮ ਲੋਕ ਪ੍ਰਵਾਨਿਤ ਅਤੇ ਸ਼ਰਧਾਪੂਰਵਕ ਤਰੀਕੇ ਨਾਲ ਇਸਨੂੰ ਘਰ ਤਿਆਰ ਕਰਕੇ ਵੀ ਗੁਰਦੁਆਰੇ ਲਿਆ ਕੇ ਵਰਤਾ ਸਕਦੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ , ਅੰਮ੍ਰਿਤਸਰ ਦੇ ਪ੍ਰਬੰਧ ਅਧੀਨ ਆਏ ਵੱਡੇ ਗੁਰਦੁਆਰਿਆਂ ਵਿਚ ਪੱਕੇ ਕਾਊਂਟਰ ਬਣੇ ਹੋਏ ਹਨ ਜਿੱਥੇ ਤਿਆਰ ਕੜਾਹ ਪ੍ਰਸਾਦ ਨਕਦ ਅਦਾਇਗੀ ਕਰਕੇ ਮਿਲ ਜਾਂਦਾ ਹੈ। ਇਹ ਅਦਾਇਗੀ ਆਮ ਤੌਰ ਤੇ ਸਵਾ ਰੁਪਈਆ ਜਾਂ ਵਧੇਰੇ ਹੋ ਸਕਦੀ ਹੈ। ਇਸਤੋਂ ਬਾਅਦ ਸ਼ਰਧਾਲੂ ਇਸ ਨੂੰ ਸ਼ਰਧਾਪੂਰਨ ਤਰੀਕੇ ਨਾਲ ਗੁਰਦੁਆਰੇ ਲੈ ਜਾਂਦੇ ਹਨ।

      ਦੇਗ਼ ਜਾਂ ਕੜਾਹ ਪ੍ਰਸਾਦ ਸਾਰੀਆਂ ਸਿੱਖ ਰਸਮਾਂ-ਰੀਤਾਂ ਮੌਕੇ ਵਰਤਾਉਣਾ ਜ਼ਰੂਰੀ ਹੈ। ਭਾਵੇਂ ਕਿ ਛੋਟੇ ਅਵਸਰਾਂ ਤੇ ਜਾਂ ਜਿੱਥੇ ਦੀਵਾਨ ਵਿਚ ਸ਼ਰਧਾਲੂ ਇਸਨੂੰ ਤਿਆਰ ਨਾ ਕਰ ਸਕਦੇ ਹੋਣ, ਕਿਸੇ ਦੂਜੀ ਤਰ੍ਹਾਂ ਦਾ ਘੱਟ ਕੀਮਤ ਵਾਲਾ ਪ੍ਰਸਾਦ ਵੀ ਵਰਤਾਇਆ ਜਾ ਸਕਦਾ ਹੈ। ਕੜਾਹ ਪ੍ਰਸਾਦ ਦੇ ਬਦਲ ਵਜੋਂ ਕੇਵਲ ਚਾਰ ਚੀਜ਼ਾਂ ਵਰਤਾਈਆਂ ਜਾਂਦੀਆਂ ਹਨ ਜਿਵੇਂ ਪਤਾਸੇ, ਗੁੜ੍ਹ, ਫਲ , ਮਖਾਣੇ ਜਾਂ ਲਾਚੀਦਾਣਾ। ਹੋਰ ਮਠਿਆਈਆਂ ਆਮ ਤੌਰ ਤੇ ਭਾਵੇਂ ਪ੍ਰਸਾਦ ਦੇ ਤੌਰ ਤੇ ਵਰਤਾਈਆਂ ਨਹੀਂ ਜਾਂਦੀਆਂ ਪਰ ਇਹਨਾਂ ਤੇ ਕੋਈ ਪਾਬੰਦੀ ਨਹੀਂ ਹੈ।


ਲੇਖਕ : ਤ.ਸ. ਅਤੇ ਅਨੁ.: ਪ.ਵ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3611, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.