ਗਰਬ ਗੰਜਨੀ ਟੀਕਾ ਸਰੋਤ : 
    
      ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
      
           
     
      
      
      
        ਗਰਬ ਗੰਜਨੀ ਟੀਕਾ: ‘ਜਪੁਜੀ ’ ਬਾਣੀ  ਦਾ ਇਸ ਨਾਂ ਅਧੀਨ  ਕੀਤਾ ਟੀਕਾ  ਭਾਈ  ਸੰਤੋਖ  ਸਿੰਘ  ਦੀ ਇਕ ਮਹੱਤਵ- ਪੂਰਣ ਪ੍ਰਾਪਤੀ  ਹੈ। ਇਸ ਵਿਚ ਮਹਾਕਵੀ ਨੇ ਸਿੱਖ-ਇਤਿਹਾਸ ਦੀ ਥਾਂ’ਤੇ ਸਿੱਖ-ਅਧਿਆਤਮਵਾਦ ਦੀ ਸਰਬ ਪ੍ਰਮੁਖ ਰਚਨਾ  ‘ਜਪੁਜੀ’ ਦਾ ਟੀਕਾ ਹੀ ਨਹੀਂ  ਕੀਤਾ, ਸਗੋਂ  ਇਸ ਰਚਨਾ ਦਾ ਭਾਰਤੀ ਸਾਹਿਤਿਕ ਮਾਨ-ਦੰਡਾਂ ਦੇ ਆਧਾਰ’ਤੇ ਪਹਿਲੀ ਵਾਰ  ਵਿਸ਼ਲੇਸ਼ਣ ਕੀਤਾ ਹੈ ਅਤੇ  ਇਸ ਦੀਆਂ ਅਨੇਕ  ਤੁਕਾਂ  ਦੇ ਅਰਥਾਂ ਸੰਬੰਧੀ ਪਾਈਆਂ  ਗਈਆਂ ਭ੍ਰਾਂਤੀਆਂ ਨੂੰ ਦੂਰ  ਕੀਤਾ ਹੈ। ਇਸ ਟੀਕੇ ਦੀ ਰਚਨਾ-ਪ੍ਰੇਰਣਾ ਕੈਥਲ  ਨਰੇਸ਼ ਭਾਈ ਉਦੈ ਸਿੰਘ  ਤੋਂ ਪ੍ਰਾਪਤ ਹੋਈ ਜੋ  ਸੰ. 1852 ਬਿ. (1795 ਈ.) ਵਿਚ ਰਚੇ  ਗਏ ਸੁਆਮੀ ਆਨੰਦਘਨ ਦੇ ਜਪੁਜੀ ਦੇ ਟੀਕੇ ਦੇ ਅਰਥ-ਸੰਚਾਰ ਤੋਂ ਕਾਫ਼ੀ  ਅਸੰਤੁਸ਼ਟ ਅਤੇ ਕੁਝ ਹਦ  ਤਕ  ਉਦਾਸ ਸਨ।  ਸੰਤੋਖ ਸਿੰਘ ਨੂੰ ਆਪਣਾ ਰਾਜ-ਕਵੀ ਨਿਯੁਕਤ  ਕਰਨ ਉਪਰੰਤ ਭਾਈ ਉਦੈ ਸਿੰਘ ਦੀ ਪਹਿਲੀ ਇੱਛਾ  ਇਹੀ ਸੀ  ਕਿ ਆਨੰਦਘਨ ਦੇ ਟੀਕੇ ਵਿਚਲੇ  ਦੋਸ਼-ਆਰੋਪਣ  ਦਾ ਸਾਹਿਤਿਕ ਦ੍ਰਿਸ਼ਟੀ ਤੋਂ ਸਹੀ ਢੰਗ  ਨਾਲ  ਜਵਾਬ ਦਿੱਤਾ ਜਾਏ। ਫਲਸਰੂਪ 1829 ਈ. (1886 ਬਿ.) ਵਿਚ ‘ਗਰਬ  ਗੰਜਨੀ’ ਟੀਕੇ ਦੀ ਰਚਨਾ ਸੰਪੂਰਣ ਹੋਈ। ਇਨ੍ਹਾਂ ਤੱਥਾਂ ਬਾਰੇ ਭਾਈ ਸਾਹਿਬ ਨੇ ਟੀਕੇ ਵਿਚ ਕਈਆਂ ਥਾਂਵਾਂ ਉਤੇ ਸੰਕੇਤ ਕੀਤਾ ਹੈ।
	            ਸਪੱਸ਼ਟ ਹੈ ਕਿ ਆਨੰਦਨ ਦੁਆਰਾ ਆਪਣੀ ਵਿਦਵੱਤਾ ਦਾ ਹੰਕਾਰ  ਅਤੇ ਇਸ਼ਟ-ਬੁੱਧੀ ਦੇ ਵਿਖੰਡਨ ਦਾ ਪ੍ਰਤਿਕਰਮ ਹੀ ਗਰਬਗੰਜਨੀ ਟੀਕਾ ਦੀ ਰਚਨਾ-ਪ੍ਰੇਰਣਾ ਦਾ ਮੂਲ  ਕਾਰਣ ਹੈ। ਇਸ ਗੱਲ  ਦੀ ਪੁਸ਼ਟੀ ਇਸ ਟੀਕੇ ਦੇ ਨਾਂ ਤੋਂ ਵੀ ਭਲੀ-ਭਾਂਤ ਹੋ ਜਾਂਦੀ ਹੈ। ਮਹਾਕਵੀ ਨੇ ਲਿਖਿਆ ਹੈ— ਇਕ ਟੀਕਾ ਸ੍ਰੀ ਜਪੁਜੀ ਕੋ ਅਨੰਦਘਨ ਨੇ ਕਰਯੋ ਹੈ। ਗੁਰ ਨਿਸਚੇ ਤੇ ਜੋ ਹੀਨ ਹੈਂ ਨਰ ਅਲਪ ਬੁਧੀ ਤਿਨ ਕੋ ਪ੍ਰਚਾ.... ਐਸੋ ਅਰਥ ਕਰਨ ਤੇ ਤੂਸਨਿ ਹੀ ਭਲੀ ਹੈ। ਐਸੇ ਰੀਤ ਭਏ ਜੋ ਅੰਧ ਅਰਥ ਕਰਤ ਹੈ। ... ਜੇ ਕੋਈ ਪਖਵਾਦੀ ਇਸ ਬਾਤ ਕੋ ਨਹੀ ਮਾਨਤੇ ਸੋ ਉਲੂ ਕੀ ਨਿਆਈਂ ਜਗਤ ਕੋ ਦੁਖ ਰੂਪੀ ਅੰਧੇਰ ਮੋ ਪਰੇ ਭ੍ਰਮਤੇ ਹੈਂ। ਐਸੀ ਖੋਟੀ ਬਾਤੈਂ ਅਨੰਦ-ਘਨ ਕੀ ਜਾਨ ਕਰ ਟੀਕਾ ਕਰਯੋ ਹੈ।
	            ਇਹ ਟੀਕਾ ਨਿਰਾ-ਪੁਰਾ ਟੀਕਾ ਨਹੀਂ, ਸਗੋਂ ਇਕ ਪ੍ਰਕਾਰ ਦਾ ਭਾਸ਼ ਹੈ ਜਿਸ ਵਿਚ ਜਪੁਜੀ ਦੀਆਂ ਅਨੇਕ ਪਉੜੀਆਂ ਅਤੇ ਤੁਕਾਂ ਦੀ ਦਾਰਸ਼ਨਿਕ ਵਿਆਖਿਆ ਕੀਤੀ ਗਈ  ਹੈ। ਅਜਿਹੇ ਦਾਰਸ਼ਨਿਕ ਵਿਸ਼ਲੇਸ਼ਣ ਵੇਲੇ  ਬ੍ਰਹਮ ਜੀਵ , ਜਗਤ , ਮੁਕਤੀ  ਆਦਿ ਵਿਸ਼ਿਆਂ ਉਤੇ ਯਥਾ-ਪ੍ਰਸੰਗ ਪ੍ਰਕਾਸ਼ ਪਾਇਆ ਗਿਆ ਹੈ ਅਤੇ ਗੁਰਬਾਣੀ ਦੀ ਪਵਿੱਤਰਤਾ ਵੇਦ- ਤੁਲ  ਦਰਸਾਈ ਗਈ ਹੈ। ਗੁਰਬਾਣੀ ਹੀ ਭਵਸਾਗਰ ਤੋਂ ਤਰਨ ਦਾ ਇਕ-ਮਾਤ੍ਰ ਸਾਧਨ ਹੈ। ‘ਓਅੰਕਾਰ ’ ਸ਼ਬਦ  ਦੀ ਵਿਆਖਿਆ ਕਰਦਿਆਂ ਉਨ੍ਹਾਂ ਨੇ ਉਪਨਿਸ਼ਦਾਂ, ਪੁਰਾਣਾਂ , ਸ਼ਾਸਤ੍ਰਾਂ ਵਿਚ ਦਸੇ  ਗਏ ਇਸ ਦੇ ਲਗਭਗ 63 ਨਿਰਗੁਣ ਅਤੇ ਸਗੁਣ ਰੂਪਾਂ ਦਾ ਉਲੇਖ ਕੀਤਾ ਹੈ। ਪ੍ਰਸਿੱਧ ਭਾਰਤੀ ਛੇ ਦਰਸ਼ਨਾਂ ਦਾ ਵਿਸ਼ਲੇਸ਼ਣ ਕਰਦਿਆਂ ਉਨ੍ਹਾਂ ਨੇ ਸਿੱਖ  ਦਰਸ਼ਨ ਨੂੰ ਵੇਦਾਂਤ  ਦੇ ਅਨੁਰੂਪ ਮੰਨਿਆ ਹੈ ਅਤੇ ਹੋਰਨਾਂ ਮਤਾਂ  ਦੇ ਸਮਾਨਾਂਤਰ ਉਸ ਦਾ ਮਹੱਤਵ ਸਥਾਪਿਤ ਕੀਤਾ ਹੈ। ਇਸ ਪ੍ਰਕਾਰ ਦੇ ਹੋਰ  ਵੀ ਅਨੇਕ ਕਥਨ ਮਿਲ ਜਾਂਦੇ  ਹਨ। ਅਸਲ  ਵਿਚ, ਕਵੀ ਨੇ ਦਰਸ਼ਨ ਵਰਗੇ  ਗੰਭੀਰ  ਵਿਸ਼ੇ  ਨੂੰ ਬੜੇ  ਸਰਲ ਢੰਗ ਨਾਲ ਸਮਝਾਉਣ ਦਾ ਉਦਮ  ਕੀਤਾ ਹੈ ਅਤੇ ਕਥਨ ਵਿਚ ਸਪੱਸ਼ਟਤਾ ਲਿਆਉਣ ਲਈ  ਰਾਮਾਇਣ, ਮਹਾਭਾਰਤ , ਪੁਰਾਣ  ਸਾਹਿਤ ਆਦਿ ਤੋਂ ਅਨੇਕ ਪ੍ਰਸੰਗਾਂ ਦੀ ਵਰਤੋਂ  ਕੀਤੀ ਹੈ। ਸ਼ੰਕਿਆਂ ਦੀ ਨਿਵ੍ਰਿਤੀ ਲਈ ਪ੍ਰਸ਼ਨੋਤਰੀ ਸ਼ੈਲੀ  ਰਾਹੀਂ ਪਰ-ਪੱਖ ਦੇ ਖੰਡਨ ਅਤੇ ਸਵ-ਪੱਖ ਦੇ ਮੰਡਨ ਦਾ ਉਦਮ ਕੀਤਾ ਹੈ।
	            ਇਸ ਟੀਕੇ ਵਿਚ ਭਾਈ ਸਾਹਿਬ ਨੇ ਜਪੁਜੀ ਦੀ ਸਾਹਿਤਿਕਤਾ ਦਾ ਵਿਸ਼ਲੇਸ਼ਣ ਵੀ ਕੀਤਾ ਹੈ। ਇਸ ਸਾਹਿਤਿਕ ਵਿਸ਼ਲੇਸ਼ਣ ਦੀ ਵਿਧੀ ਇਹ ਹੈ ਕਿ ਹਰ ਇਕ ਤੁਕ ਵਿਚ ਜੋ ਵੀ ਕੋਈ  ਅਲਿੰਕਾਰ, ਸ਼ਬਦ-ਸ਼ਕਤੀ, ਆਦਿ ਵਰਤੀ ਗਈ ਹੈ, ਉਸ ਦਾ ਭਾਰਤੀ ਕਾਵਿ ਸ਼ਾਸਤ੍ਰ’ਤੇ ਆਧਾਰਿਤ ਵਿਸ਼ਲੇਸ਼ਣ ਕੀਤਾ ਹੈ। ਪਰ  ਮੁੱਖ  ਤੌਰ  ’ਤੇ ਇਹ ਟੀਕਾ ਅਲਿੰਕਾਰਾਂ ਦੇ ਸੰਦਰਭ ਵਿਚ ਕੀਤਾ ਗਿਆ ਹੈ। ਜਪੁਜੀ ਵਿਚ 50 ਤੋਂ ਵਧ ਅਲਿੰਕਾਰਾਂ ਦੇ ਵਰਤੇ ਜਾਣ  ਦੀ ਸਥਾਪਨਾ ਕਰਦੇ  ਹੋਇਆਂ ਉਨ੍ਹਾਂ ਦੇ ਲੱਛਣ  ਵੀ ਦਸੇ ਗਏ ਹਨ। ਕਿਤੇ ਕਿਤੇ ਤਾਂ ਇਕੋ ਤੁਕ ਵਿਚ ਕਈ ਕਈ ਅਲਿੰਕਾਰਾਂ ਦੇ ਪਰੁਚੇ ਹੋਣ  ਦੀ ਗੱਲ ਕਹੀ  ਗਈ ਹੈ। ਅਜਿਹੇ ਪ੍ਰਸੰਗਾਂ ਵਿਚ ਕਵੀ ਦੀ ਵਿਦਵੱਤਾ ਦਾ ਅਹਿਸਾਸ ਹੁੰਦਾ  ਹੈ। ਅਜਿਹੇ ਵਿਸ਼ਲੇਸ਼ਣ ਵਿਚ ਪੈਣ ਵੇਲੇ ਵੀ ਭਾਈ ਸਾਹਿਬ ਗੁਰਬਾਣੀ ਨੂੰ ਸਾਧਾਰਣ ਕਾਵਿ ਤੋਂ ਵਿਸ਼ਿਸ਼ਟ ਅਤੇ ਸ੍ਰੇਸ਼ਠ ਸਮਝਦੇ ਹਨ। ਇਸ ਰਚਨਾ ਦਾ ਟੀਕਾ-ਭਾਗ ਗੱਦ  ਵਿਚ ਅਤੇ ਬੰਦਨਾ-ਭਾਗ ਜਾਂ ਲੱਛਣ ਪਦ  ਵਿਚ ਹਨ। ਇਸ ਵਿਚ ਕੋਈ ਸ਼ਕ  ਨਹੀਂ ਕਿ ਕਵੀ ਨੂੰ ਜੋ ਅਧਿਕਾਰ  ਪਦ ਵਿਚ ਪ੍ਰਾਪਤ ਹੈ, ਉਹ ਗੱਦ ਵਿਚ ਨਹੀਂ। ਗੱਦ ਦੀ ਰਚਨਾ ਕਰਨਾ ਉਨ੍ਹਾਂ ਦੀ ਮਨੋਵ੍ਰਿਤੀ ਅਨੁਰੂਪ ਨਹੀਂ ਸੀ, ਉਹ ਬੁਨਿਆਦੀ ਤੌਰ’ਤੇ ਕਵੀ ਸਨ। ਫਿਰ ਵੀ ਇਹ ਨਿਸੰਗ ਕਿਹਾ ਜਾ ਸਕਦਾ ਹੈ ਕਿ ਉਨ੍ਹਾਂ ਦੀ ਇਸ ਰਚਨਾ ਵਿਚ ਪ੍ਰੌੜ੍ਹ ਗੱਦ ਦੇ ਸਾਰੇ ਗੁਣ  ਮਿਲ ਜਾਂਦੇ ਹਨ।
    
      
      
      
         ਲੇਖਕ : ਡਾ. ਰਤਨ ਸਿੰਘ ਜੱਗੀ, 
        ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2471, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
      
      
   
   
      ਗਰਬ ਗੰਜਨੀ ਟੀਕਾ ਸਰੋਤ : 
    
      ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
      
           
     
      
      
      
        ਗਰਬ ਗੰਜਨੀ ਟੀਕਾ: ਭਾਈ ਸੰਤੋਖ  ਸਿੰਘ  ਦੁਆਰਾ ਨਿਰਮਲਾ ਪਰੰਪਰਾ  ਵਿਚ ਲਿਖਿਆ ਗਿਆ ਗੁਰੂ ਨਾਨਕ ਦੇਵ  ਜੀ ਦੇ ਜਪੁ  (ਜੀ) ਦਾ ਟੀਕਾ  ਹੈ। ਪ੍ਰਸਿੱਧ ਕਵੀ, ਇਤਿਹਾਸਕਾਰ ਅਤੇ  ਮਹਾਨ ਗ੍ਰੰਥ  ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ  ਦੇ ਲੇਖਕ ਟੀਕਾਕਾਰ ਦੀ ਵਾਰਤਕ  ਵਿਚ ਇਹ ਇਕਲੌਤੀ ਰਚਨਾ  1886 ਬਿਕਰਮੀ/1829 ਈ. ਵਿਚ ਸੰਪੂਰਨ ਹੋ ਗਈ  ਸੀ।  ਜਦੋਂ  ਕਿ ਇਸ ਦੀਆਂ ਸਾਰੀਆਂ ਕਾਵਿ ਰਚਨਾਵਾਂ ਬ੍ਰਜ  ਭਾਸ਼ਾ  ਵਿਚ ਲਿਖੀਆਂ ਹੋਈਆਂ ਸਨ , ਪਰ  ਇਹ ਸਧੂਕੜੀ ਭਾਸ਼ਾ ਵਿਚ ਸੀ। ਸੰਤੋਖ ਸਿੰਘ ਨੇ ਟੀਕਾਕਾਰੀ ਦੀ ਇਹ ਜ਼ੁੰਮੇਵਾਰੀ  ਆਪਣੇ ਸਰਪ੍ਰਸਤ, ਕੈਥਲ  ਦੇ ਸ਼ਾਸਕ ਉਦੈ ਸਿੰਘ  (ਦੇ. 1843) ਦੇ ਹੁਕਮ  ਅਨੁਸਾਰ ਲਈ , ਜੋ  ਕਿ ਇਸ ਤੋਂ ਪਹਿਲੇ  ਉਦਾਸੀ  ਸਾਧੂ, ਅਨੰਦਘਨ ਦੁਆਰਾ ਲਿਖੇ ਟੀਕੇ ਤੋਂ ਸੰਤੁਸ਼ਟ ਨਹੀਂ  ਸੀ ਅਤੇ ਉਸ ਦੀ ਇੱਛਾ  ਸੀ ਕਿ ਇਸਨੂੰ ਨਵੇਂ ਸਿਰੇ  ਤੋਂ ਤਿਆਰ ਕੀਤਾ ਜਾਵੇ। ਗਰਬ ਗੰਜਨੀ ਟੀਕਾ ਦੀ ਮੂਲ  ਹੱਥ-ਲਿਖਤ, ਡਾ. ਬਲਬੀਰ ਸਿੰਘ ਸਾਹਿਤ ਕੇਂਦਰ  ਦੇਹਰਾਦੂਨ ਵਿਚ ਸੁਰੱਖਿਅਤ ਪਈ ਹੈ। ਇਸ ਨੂੰ ਪਹਿਲੀ ਵਾਰ  1910 ਵਿਚ ਪ੍ਰਕਾਸ਼ਿਤ ਕੀਤਾ ਗਿਆ ਅਤੇ ਫਿਰ 1961 ਵਿਚ ਕੁਝ ਸੋਧਾਂ ਉਪਰੰਤ ਦੁਬਾਰਾ ਪ੍ਰਕਾਸ਼ਿਤ ਕੀਤਾ ਗਿਆ ਸੀ। ਦੂਸਰੇ  ਸੰਸਕਰਨ ਵਿਚ ਛਪੇ  ਹੋਏ ਪੰਨਿਆਂ  ਦੀ ਗਿਣਤੀ 184 ਹੈ।
	     ਇਸ ਟੀਕੇ ਦੇ ਅਰੰਭ  ਵਿਚ ਪਰਮਾਤਮਾ  ਦੀ ਉਸਤਤ  ਹੈ, ਫਿਰ ਅੱਗੇ  ਦੋਹੇ ਹਨ ਜੋ ਪਹਿਲਾਂ ਦਸਾਂ ਗੁਰੂਆਂ ਦੀ ਮਹਿਮਾ ਕਰਦੇ  ਹਨ ਅਤੇ ਫਿਰ ਵਿੱਦਿਆ  ਦੀ ਦੇਵੀ  ਸਰਸਵਤੀ ਦਾ ਗੁਣਗਾਨ ਕਰਦੇ ਹਨ। ਕਵੀ ਆਪਣੇ ਉਸਤਾਦ  ਗਿਆਨੀ  ਸੰਤ ਸਿੰਘ  ਦਾ ਸਨਮਾਨ ਕਰਦਾ  ਹੈ, ਜਿਸ ਨੂੰ ਇਸ ਨੇ ਆਪਣੇ ਮੁਢਲੇ ਦਿਨਾਂ ਵਿਚ ਮੂਲ ਪਾਠ  ਦੀ ਵਿਆਖਿਆ ਕਰਦੇ ਹੋਏ ਸੁਣਿਆ ਹੋਇਆ ਸੀ। ਇਸ ਤੋਂ ਇਹ ਵੀ ਸਪਸ਼ਟ ਹੋ ਜਾਂਦਾ ਹੈ ਕਿ ਇਸ (ਕਵੀ) ਨੇ ਇਸ ਟੀਕੇ ਦਾ ਕਾਰਜ  ਕਿਵੇਂ ਅਰੰਭ ਕੀਤਾ। ਇਸਨੇ ਜਪੁਜੀ  ਸਾਹਿਬ ਦੀ ਮਹਾਨ ਉੱਚਤਾ ਨੂੰ ਪ੍ਰਗਟ ਕੀਤਾ ਅਤੇ ਆਮ  ਲੋਕਾਂ ਨੂੰ ਇਸ ਤੋਂ ਜਾਣੂੰ  ਕਰਵਾਇਆ। ਇਹ ਸਾਰੀਆਂ ਵਿਆਖਿਆਵਾਂ ਪਹਿਲੇ ਚਾਰ ਪੰਨਿਆਂ ਵਿਚ ਦਰਜ ਹਨ ਅਤੇ ਮੂਲ ਟੀਕਾ ਪੰਜਵੇਂ ਪੰਨੇ  ਤੋਂ ਸ਼ੁਰੂ ਹੁੰਦਾ  ਹੈ। ਇਸ ਟੀਕੇ ਦੇ ਅੰਤ ਵਿਚ ਚਾਰ ਦੋਹੇ ਇਸ ਦੇ ਸਿਰਲੇਖ  ਸੰਬੰਧੀ ਜਾਣਕਾਰੀ ਦਿੰਦੇ ਹਨ: ਗਰਬ ਗੰਜਨੀ ਟੀਕਾ ਉਹ ਟੀਕਾ ਹੈ ਜੋ ਭਰਮਾਂ ਨੂੰ ਦੂਰ  ਕਰਦਾ ਹੈ ਅਤੇ ਹੰਕਾਰ  (ਗਰਬ-ਹੰਕਾਰ) ਦਾ (ਗੰਜਨੀ-ਨਸ਼ਟ ਕਰਨ ਵਾਲਾ) ਨਾਸ਼ ਕਰਦਾ ਹੈ। ਇਸ ਟੀਕੇ ਦੀ ਪੇਸ਼ਕਾਰੀ ਗੋਸਟਿ  ਦੇ ਰੂਪ  ਵਿਚ ਕੀਤੀ ਗਈ ਹੈ। ਸਿੱਖ  ਨੂੰ ਇੱਥੇ ਮੁਮੋਖੀ ਅਰਥਾਤ  ਮੋਖ  ਜਾਂ ਮੁਕਤੀ  ਦੀ ਪ੍ਰਾਪਤੀ  ਲਈ ਯਤਨਸ਼ੀਲ ਕਿਹਾ ਹੈ: ਉਹ ਗੁਰੂ  ਨੂੰ ਸਵਾਲ ਕਰਦਾ ਹੈ ਕਿ ਉਹ ਮੁਕਤੀ ਕਿਵੇਂ ਹਾਸਲ ਕਰ  ਸਕਦਾ ਹੈ ਅਤੇ ਗੁਰੂ ਉਹਨਾਂ ਪ੍ਰਸ਼ਨਾਂ ਦੇ ਉੱਤਰ  ਦਿੰਦਾ ਹੈ। ਭਾਵੇਂ ਕਿ ਲੇਖਕ ਆਪ ਨਿਰਮਲਾ ਪਰੰਪਰਾ ਨਾਲ  ਸੰਬੰਧਿਤ ਹੈ ਪਰੰਤੂ  ਇਸ ਦੀਆਂ ਵਿਆਖਿਆਵਾਂ ਵਿਚ ਵੇਦਾਂਤਿਕ ਰੰਗਤ  ਪ੍ਰਮੁਖ ਰੂਪ ਵਿਚ ਮਿਲਦੀ ਹੈ। ਇਸ ਦਾ ਵਿਸ਼ਵਾਸ  ਹੈ ਕਿ ਗੁਰੂ ਦੇ ਸ਼ਬਦਾਂ ਦੀ ਵਿਆਖਿਆ ਉਹਨਾਂ ਟੀਕਿਆਂ ਨੂੰ ਆਧਾਰ ਮੰਨ  ਕੇ ਕੀਤੀ ਜਾਵੇ ਜਿਹੜੇ ਪਹਿਲਾਂ ਵੀ ਵੇਦਾਂ ਨੂੰ ਸਮਝਣ ਵਿਚ ਸਹਾਈ ਹੋਏ ਹਨ। ਇਹ ਗੁਰੂ ਨਾਨਕ  ਦੇਵ  ਜੀ ਦਾ ਪਰਮ  ਸ਼ਕਤੀਮਾਨ ਪਰਮਾਤਮਾ ਦੇ ਅਵਤਾਰ  ਦੇ ਰੂਪ ਵਿਚ ਸਤਿਕਾਰ ਕਰਦਾ ਹੈ ਜੋ ਨਿਰਾਕਾਰ ਅਤੇ ਰੂਪ ਰਹਿਤ  ਹੈ। ਇਸ ਟੀਕੇ ਵਿਚ ਸਧੂਕੜੀ ਭਾਸ਼ਾ ਦਾ ਪ੍ਰਯੋਗ ਕੀਤਾ ਗਿਆ ਹੈ, ਜਿਸ ਵਿਚ ਬ੍ਰਜ ਅਤੇ ਸੰਸਕ੍ਰਿਤ  ਸ਼ਬਦਾਵਲੀ ਦੀ ਭਰਮਾਰ ਹੈ।
    
      
      
      
         ਲੇਖਕ : ਗ.ਦੇ.ਸ. ਅਤੇ ਅਨੁ.: ਜ.ਪ.ਕ.ਸੰ., 
        ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2470, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
      
      
   
   
      
        
      
      
      
      
      
      
      	 ਵਿਚਾਰ / ਸੁਝਾਅ
           
          
 
 Please Login First