ਗੁਰਮੁਖ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੁਰਮੁਖ [ਵਿਸ਼ੇ] ਗੁਰੂ ਦੀ ਸਿੱਖਿਆ ਅਪਨਾਉਣ ਵਾਲ਼ਾ ਸੰਤ , ਨੇਕ , ਅਸੀਲ, ਭੋਲ਼ਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7333, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਗੁਰਮੁਖ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੁਰਮੁਖ. ਦੇਖੋ, ਗੁਰੁਮੁਖ। ੨ ਸੰਗ੍ਯਾ—ਸਤਿਗੁਰੂ ਦਾ ਮੁਖ. ਗੁਰੂ ਦਾ ਚੇਹਰਾ. “ਗੁਰਮੁਖ ਦੇਖ ਸਿੱਖ ਬਿਗਸਾਵਹਿਂ”. (ਗੁਪ੍ਰਸੂ) ੩ ਓਹ ਪੁਰਖ , ਜੋ ਗੁਰੂ ਦੇ ਸੰਮੁਖ ਹੈ, ਕਦੇ ਵਿਮੁਖ ਨਹੀਂ ਹੁੰਦਾ. “ਗੁਰਮੁਖ ਸਿਉ ਮਨਮੁਖੁ ਅੜੇ ਡੁਬੈ.” (ਮ: ੨ ਵਾਰ ਮਾਝ)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7150, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਗੁਰਮੁਖ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਗੁਰਮੁਖ: ਗੁਰਬਾਣੀ ਵਿਚ ਸਾਰਿਆਂ ਮਨੁੱਖਾਂ ਨੂੰ ਮੁੱਖ ਤੌਰ ’ਤੇ ਦੋ ਵਰਗਾਂ ਵਿਚ ਵੰਡਿਆ ਗਿਆ ਹੈ— ਗੁਰਮੁਖ ਅਤੇ ਮਨਮੁਖ। ਦੋਵੇਂ ਵਿਪਰੀਤ ਰੁਚੀਆਂ, ਇੱਛਾਵਾਂ ਅਤੇ ਭਾਵਨਾਵਾਂ ਵਾਲੇ ਮਨੁੱਖ ਹਨ— ਗੁਰਮੁਖਿ ਸਨਮੁਖੁ ਮਨਮੁਖਿ ਵੇਮੁਖੀਆ (ਗੁ.ਗ੍ਰੰ.131)।

            ਗੁਰਮੁਖ ਕੌਣ ਹੈ ? ਇਸ ਦਾ ਉੱਤਰ ਦੇਣਾ ਬਹੁਤ ਕਠਿਨ ਹੈ। ਫਿਰ ਵੀ ਵਿਦਵਾਨਾਂ ਨੇ ਇਸ ਸੰਬੰਧ ਵਿਚ ਯਤਨ ਕੀਤੇ ਹਨ। ਭਾਈ ਕਾਨ੍ਹ ਸਿੰਘ ਅਨੁਸਾਰ ਗੁਰੂ ਦੇ ਉਪਦੇਸ਼ ਦੀ ਪੂਰੀ ਤਰ੍ਹਾਂਪਾਲਣਾ ਕਰਨ ਵਾਲਾ ਵਿਅਕੀਤ ‘ਗੁਰਮੁਖ’ ਹੈ। ਡਾ. ਜਯਰਾਮ ਮਿਸ਼ਰ (‘ਸ੍ਰੀ ਗੁਰੂ ਗ੍ਰੰਥ ਦਰਸ਼ਨ’) ਅਨੁਸਾਰ ਗੁਰਮੁਖ ਉਹ ਹੈ ਜਿਸ ਨੇ ਗੁਰੂ ਤੋਂ ਦੀਖਿਆ ਲਈ ਹੋਵੇ, ਜਾਂ ਉਹ ਸਾਧਕ ਜੋ ਰਾਤ-ਦਿਨ ਨਾਮ ਸਿਮਰਦਾ ਹੋਵੇ, ਜਾਂ ਉਹ ਸਿਧ ਵਿਅਕਤੀ ਜਿਸ ਨੇ ਪੂਰੀ ਨਿਸ਼ਠਾ ਨਾਲ ਧਿਆਨ ਲਗਾ ਕੇ ਮਨ ਨੂੰ ਜਿਤ ਲਿਆ ਹੋਵੇ।

            ਗੁਰਮੁਖ, ਅਸਲ ਵਿਚ, ਇਕ ਅਧਿਆਤਮਿਕ ਪਦਵੀ ਹੈ ਅਤੇ ਇਸ ਪਦਵੀ ਦਾ ਅਧਿਕਾਰੀ ਉਹ ਵਿਅਕਤੀ ਹੈ ਜੋ ਆਪਣਾ ਜੀਵਨ ਗੁਰੂ ਦੀ ਸਿਖਿਆ ਅਨੁਸਾਰ ਬਤੀਤ ਕਰਦਾ ਹੈ। ਗੁਰੂ ਵਿਚ ਇਤਨੀ ਅਪਾਰ ਸ਼ਕਤੀ ਹੈ ਕਿ ਉਹ ਮਨੁੱਖ ਨੂੰ ਸਾਧਾਰਣ ਤੋਂ ਅਸਾਧਾਰਣ, ਮਾਣਸ ਤੋਂ ਦੇਵਤਾ ਬਣਾ ਸਕਦਾ ਹੈ— ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ ਜਿਨਿ ਮਾਣਸ ਤੇ ਦੇਵਤੇ ਕੀਏ ਕਰਤ ਲਾਗੀ ਵਾਰ (ਗੁ.ਗ੍ਰੰ.462-63)।

            ਉਪਰੋਕਤ ਸ਼ਲੋਕ ਵਿਚ ਦਸਿਆ ਗਿਆ ਦੇਵਤ੍ਵ ਹੀ ਵਾਸਤਵ ਵਿਚ ‘ਗੁਰਮੁਖਤਾ’ ਹੈ ਅਤੇ ਇਸ ਨੂੰ ਧਾਰਣ ਕਰਨ ਵਾਲਾ ਵਿਅਕਤੀ ‘ਗੁਰਮੁਖ’ ਹੈ। ਇਹੀ ਗੁਰਮਤਿ ਵਿਚਲੇ ਆਦਰਸ਼-ਪੁਰਸ਼ ਦਾ ਸਰੂਪ ਹੈ। ਗੁਰੂ ਨਾਨਕ ਦੇਵ ਜੀ ਦੇ ਸਾਹਮਣੇ ਸਭ ਤੋਂ ਵੱਡੀ ਸਮਸਿਆਕੂੜ ਦੀ ਪਾਲਿ’ ਨੂੰ ਤੋੜ ਕੇ ਮਨੁੱਖ ਨੂੰ ਸਦਾਚਾਰੀ ਬਣਾਉਣਾ ਸੀ— ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ (ਜਪੁਜੀ)। ਇਹ ਸਦਾਚਰਣ ਹੀ ਦੇਵਤ੍ਵ ਹੈ। ਇਹੀ ਗੁਰੂ ਨਾਨਕ ਦੇਵ ਜੀ ਦੇ ਆਦਰਸ਼-ਪੁਰਸ਼ ਦਾ ਮੂਲ-ਆਧਾਰ ਹੈ।

ਸਾਧਕ ਦੁਆਰਾ ਪ੍ਰਾਪਤ ਕੀਤਾ ਦੇਵਤ੍ਵ ਜਾਂ ਗੁਰਮੁਖਤਾ ਕਿਸੇ ਪਰੀ-ਲੋਕ ਦਾ ਅਜੂਬਾ ਨਹੀਂ , ਸਗੋਂ ਇਸ ਸੰਸਾਰ ਵਿਚ ਹੀ ਉਸ ਦਾ ਵਿਕਾਸ ਹੁੰਦਾ ਹੈ। ਮਾਇਆ ਵਿਚ ਰਹਿ ਕੇ ਮਾਇਆ ਤੋਂ ਨਿਰਲੇਖ ਰਹਿਣਾ ਹੀ ਗੁਰਮੁਖ ਦੀ ਵਿਸ਼ੇਸ਼ਤਾ ਹੈ। ‘ਸਿਧ ਗੋਸਟਿ ’ ਨਾਂ ਦੀ ਬਾਣੀ ਵਿਚ ਗੁਰੂ ਨਾਨਕ ਦੇਵ ਜੀ ਨੇ ਜੋਗੀਆਂ ਨੂੰ ਆਦਰਸ਼-ਜੋਗੀ ਬਣਨ ਲਈ ਜੋ ਉਪਦੇਸ਼ ਦਿੱਤਾ, ਉਹ ਅਸਲ ਵਿਚ ਉਨ੍ਹਾਂ ਦੇ ਆਪਣੇ ਆਦਰਸ਼-ਪੁਰਸ਼ ਦਾ ਹੀ ਪਰਿਚਯ ਦਿੰਦਾ ਹੈ। ਜਿਵੇਂ ਜਲ ਵਿਚ ਰਹਿੰਦੇ ਹੋਇਆਂ ਵੀ ਕਮਲ ਨਿਰਲਿਪਤ ਰਹਿੰਦਾ ਹੈ ਅਤੇ ਜਿਵੇਂ ਮੁਰਗ਼ਾਬੀ ਨਦੀ ਵਿਚ ਤਰਦੇ ਹੋਇਆਂ ਵੀ ਜਲ ਤੋਂ ਅਭਿਜ ਰਹਿੰਦੀ ਹੈ, ਉਸੇ ਤਰ੍ਹਾਂ ਆਦਰਸ਼-ਜੋਗੀ ਆਪਣੀ ਸੁਰਤਿ ਨੂੰ ਸ਼ਬਦ ਵਿਚ ਟਿਕਾ ਕੇ, ਮਾਇਆ ਦੇ ਪ੍ਰਭਾਵ ਤੋਂ ਮੁਕਤ ਰਹਿੰਦਾ ਹੋਇਆ, ਸਹਿਜ ਵਿਚ ਵੀ ਭਵਸਾਗਰ ਤਰ ਜਾਂਦਾ ਹੈ— ਜੈਸੇ ਜਲ ਮਹਿ ਕਮਲੁ ਨਿਰਾਲਮੁ ਮੁਰਗਾਈ ਨੈਸਾਣੇ ਸੁਰਤਿ ਸਬਦਿ ਭਵਸਾਗਰੁ ਤਰੀਐ ਨਾਨਕ ਨਾਮੁ ਵਖਾਣੇ (ਗੁ.ਗ੍ਰੰ.938)।

            ਗੁਰੂ ਨਾਨਕ ਦੇਵ ਜੀ ਦੁਆਰਾ ਕਲਪੇ ਸਹੀ ਜੋਗੀ ਜਾਂ ਉਨ੍ਹਾਂ ਦੇ ਆਪਣੇ ਆਦਰਸ਼-ਪੁਰਸ਼ ਦੀ ਇਕ ਹੋਰ ਵਿਸ਼ੇਸ਼ਤਾ ਇਹ ਹੈ ਕਿ ਉਸ ਵਿਚ ਵਿਅਕਤੀਗਤ ਨਾਲੋਂ ਸਮਾਜਗਤ ਰੁਚੀਆਂ ਅਧਿਕ ਹਨ। ਇਸ ਲਈ ਉਹ ਕੇਵਲ ਆਪਣੀ ਅਧਿਆਤਮਿਕ ਉੱਨਤੀ ਨਾਲ ਸੰਤੁਸ਼ਟ ਨਹੀਂ ਹੁੰਦਾ, ਸਗੋਂ ਸਾਰੇ ਸਮਾਜ ਨੂੰ ਸੁਧਾਰਨਾ ਉਸ ਦਾ ਕਰਤੱਵ ਹੈ। ਉਹ ਆਪਣਾ ਜਨਮ ਤਦ ਹੀ ਸਫਲ ਸਮਝਦਾ ਹੈ ਜੇ ਉਸ ਦੇ ਆਪਣੇ ਵਿਕਾਸ ਦੇ ਨਾਲ ਨਾਲ ਸਮਾਜ ਦਾ ਵਿਕਾਸ ਵੀ ਸੰਭਵ ਹੋਵੇ—ਐਸੇ ਜਨ ਵਿਰਲੇ ਸੰਸਾਰੇ ਗੁਰ ਸਬਦੁ ਵੀਚਾਰਹਿ ਰਹਹਿ ਨਿਰਾਰੇ ਆਪਿ ਤਰਹਿ ਸੰਗਤਿ ਕੁਲ ਤਾਰਹਿ ਤਿਨ ਸਫਲ ਜਨਮੁ ਜਗਿ ਆਇਆ (ਗੁ.ਗ੍ਰੰ.1039)।

            ਗੁਰਬਾਣੀ ਵਿਚ ਗੁਰਮੁਖ ਵਿਅਕਤੀ ਦੇ ਸਰੂਪ ਅਤੇ ਸਮਰਥਾ ਬਾਰੇ ਵੀ ਥਾਂ ਥਾਂ ਉਤੇ ਉੱਲੇਖ ਹੋਇਆ ਹੈ। ਸਮੁੱਚੇ ਤੌਰ’ਤੇ ਉਹ ਸਦਾ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗਿਆ ਰਹਿੰਦਾ ਹੈ, ਆਪਣੇਪਨ ਦੀ ਭਾਵਨਾ ਨੂੰ ਮਾਰ ਕੇ ਅਨੰਤ ਪਰਮਾਤਮਾ ਵਿਚ ਪੂਰੀ ਨਿਸ਼ਠਾ ਰਖਦਾ ਹੈ, ਗੁਰੂ ਦੁਆਰਾ ਦਸੇ ਮਾਰਗ ਉਤੇ ਚਲ ਕੇ ਆਪਣਾ ਕਰਤੱਵ ਨਿਭਾਉਂਦਾ ਹੈ, ਸੱਚੇ ਪਰਮਾਤਮਾ ਦਾ ਭੈ ਮੰਨਦਾ ਹੋਇਆ ਉਸ ਵਿਚ ਸਮਾਹਿਤ ਹੋ ਜਾਂਦਾ ਹੈ— ਗੁਰਮੁਖਿ ਸਾਚੇ ਕਾ ਭਉ ਪਾਵੈ ਗੁਰਮੁਖਿ ਬਾਣੀ ਅਘੜੁ ਘੜਾਵੈ ਗੁਰਮੁਖਿ ਨਿਰਮਲ ਹਰਿ ਗੁਣ ਗਾਵੈ ਗੁਰਮੁਖਿ ਪਵਿਤ੍ਰ ਪਰਮ ਪਦੁ ਪਾਵੈ ਗੁਰਮੁਖਿ ਰੋਮਿ ਰੋਮਿ ਹਰਿ ਧਿਆਵੈ ਨਾਨਕ ਗੁਰਮੁਖਿ ਸਾਚਿ ਸਮਾਵੈ (ਗੁ.ਗ੍ਰੰ.941)।

            ਗੁਰਮੁਖ ਵਿਅਕਤੀ ਪ੍ਰਵ੍ਰਿੱਤੀ ਅਤੇ ਨਿਵ੍ਰਿੱਤੀ ਦੇ ਮਾਰਗ ਅਤੇ ਭੇਦ ਨੂੰ ਪਛਾਣਦਾ ਹੈ। ਉਹ ਖ਼ੁਦ ਹੀ ਮੁਕਤ ਨਹੀਂ ਹੁੰਦਾ, ਆਪਣੇ ਸੰਪਰਕ ਵਿਚ ਆਉਣ ਵਾਲਿਆਂ ਦਾ ਵੀ ਉੱਧਾਰ ਕਰਦਾ ਹੈ। ਉਹ ਵੈਰ-ਵਿਰੋਧ ਦੀਆਂ ਸਾਰੀਆਂ ਚਿੰਤਾਵਾਂ ਨੂੰ ਖ਼ਤਮ ਕਰ ਦਿੰਦਾ ਹੈ, ਹੰਕਾਰ ਨੂੰ ਸ਼ਬਦ ਰਾਹੀਂ ਮਾਰ ਦਿੰਦਾ ਹੈ। ਸੰਸਾਰ ਵਿਚ ਆਪਣੇ ਆਪ ਨੂੰ ਅਤਿਥੀ ਹੀ ਸਮਝਦਾ ਹੈ ਅਤੇ ਆਪਣੇ ਪਤੀ-ਪਰਮਾਤਮਾ ਨੂੰ ਪਛਾਣ ਲੈਂਦਾ ਹੈ—ਗੁਰਮੁਖਿ ਵੈਰ ਵਿਰੋਧ ਗਵਾਵੈ ਗੁਰਮੁਖਿ ਸਗਲੀ ਗਣਤ ਮਿਟਾਵੈ ਗੁਰਮੁਖਿ ਰਾਮ ਨਾਮ ਰੰਗਿ ਰਾਤਾ ਨਾਨਕ ਗੁਰਮੁਖਿ ਖਸਮੁ ਪਛਾਤਾ (ਗੁ.ਗ੍ਰੰ. 942)। ਗੁਰਮੁਖ ਨਿਰਵੈਰ ਅਤੇ ਸਮਦਰਸੀ ਹੈ; ਉਹ ਰਾਗ-ਦ੍ਵੈਸ਼ ਤੋਂ ਉੱਚਾ , ਭਗਤੀ ਵਿਚ ਲੀਨ, ਅਗਿਆਨ ਦੀ ਨਿੰਦਰਾ ਤੋਂ ਮੁਕਤ ਹੈ— ਗੁਰਮੁਖਿ ਰਾਗ ਸੁਆਦ ਅਨ ਤਿਆਗੇ ਗੁਰਮੁਖਿ ਇਹੁ ਮਨੁ ਭਗਤੀ ਜਾਗੇ (ਗੁ.ਗ੍ਰੰ.415)।

            ਗੁਰਮੁਖ ਵਿਅਕਤੀ ਦੀ ਇਹ ਵਿਸ਼ੇਸ਼ਤਾ ਹੈ ਕਿ ਉਹ ਸਦਾ ਦੁਖ-ਸੁਖ ਤੋਂ ਪਰੇ ਰਹਿੰਦਾ ਹੈ। ਇਨ੍ਹਾਂ ਤੋਂ ਬਚਣ ਲਈ ਉਸ ਪਾਸ ਸਦਾ ਸ਼ੀਲ ਦਾ ਕਵਚ ਰਹਿੰਦਾ ਹੈ, ਜਿਸ ਨੂੰ ਧਾਰਣ ਕਰਕੇ ਉਹ ਦੁਖ-ਸੁਖ ਤੋਂ ਨਿਰਲਿਪਤ ਹੋ ਜਾਂਦਾ ਹੈ। ਆਪਣੇ ਵਾਸਤਵਿਕ ਘਰ ਨੂੰ ਪ੍ਰਾਪਤ ਕਰਨ ਦਾ ਇਹੀ ਉਚਿਤ ਸਾਧਨ ਹੈ— (1) ਦੁਖ ਸੁਖ ਹੀ ਤੇ ਭਏ ਨਿਰਾਲੇ ਗੁਰਮੁਖਿ ਸੀਲੁ ਸਨਾਹਾ ਹੇ (ਗੁ.ਗ੍ਰੰ.1032); (2) ਸੁਖ ਦੁਖ ਤੇ ਹੀ ਅਮਰੁ ਅਤੀਤਾ ਗੁਰਮੁਖਿ ਨਿਜ ਘਰੁ ਪਾਇਦਾ (ਗੁ. ਗ੍ਰੰ.1037)।

            ਗੁਰਮੁਖ ਦਾ ਅੰਤਹਕਰਣ ਰੇਸ਼ਮੀ ਵਸਤੂ ਵਾਂਗ ਕੋਮਲ ਹੈ, ਉਸ ਦਾ ਮਨ ਇਕਾਗਰ ਹੈ, ਚਿੱਤ-ਬਿਰਤੀਆਂ ਉਤੇ ਉਸ ਦਾ ਪੂਰਾ ਕਾਬੂ ਹੈ, ਕਿਸੇ ਤੋਂ ਉਹ ਕੋਈ ਆਸ ਨਹੀਂ ਰਖਦਾ। ਪਰ ਅਜਿਹੇ ਵਿਅਕਤੀ ਸੰਸਾਰ ਵਿਚ ਵਿਰਲੇ ਹਨ। ਗੁਰਮੁਖ ਹਰ ਕੋਈ ਨਹੀਂ ਬਣ ਸਕਦਾ, ਉਹੀ ਬਣਦਾ ਹੈ ਜਿਸ ਉਤੇ ਪਰਮਾਤਮਾ ਦੀ ਕਿਰਪਾ ਹੁੰਦੀ ਹੈ। ਉਹ ਪਰਮਾਤਮਾ ਨੂੰ ਪਛਾਣ ਕੇ, ਆਖ਼ਿਰ ਉਸ ਵਿਚ ਲੀਨ ਹੋ ਜਾਂਦਾ ਹੈ, ਉਹੋ ਜਿਹਾ ਹੀ ਹੋ ਜਾਂਦਾ ਹੈ, ਫਿਰ ਉਸ ਅਤੇ ਪਰਮਾਤਮਾ ਵਿਚ ਕੋਈ ਅੰਤਰ ਨਹੀਂ ਰਹਿ ਜਾਂਦਾ— ਜਿਨਿ ਜਾਤਾ ਸੋ ਤਿਸ ਹੀ ਜੇਹਾ ਅਤਿ ਨਿਰਮਾਇਲੁ ਸੀਝਸਿ ਦੇਹਾ (ਗੁ.ਗ੍ਰੰ.931)।

ਗੁਰਬਾਣੀ ਵਿਚ ‘ਗੁਰਮੁਖ’ ਲਈ ਪੰਚ , ਸਾਧ, ਸੰਤ , ਜੀਵਨ-ਮੁਕਤ , ਬ੍ਰਹਮ-ਗਿਆਨੀ , ਸਮਦਰਸੀ ਆਦਿ ਹੋਰ ਵੀ ਕਈ ਸ਼ਬਦ ਵਰਤੇ ਗਏ ਹਨ।

            ਗੁਰਬਾਣੀ ਦੇ ਵਿਆਖਿਆ-ਪਰਕ ਸਾਹਿਤ ਵਿਚ ਗੁਰਮੁਖ ਦੇ ਸਰੂਪ, ਲੱਛਣ , ਮਹੱਤਵ ਆਦਿ ਉਤੇ ਵਿਸਥਾਰ ਸਹਿਤ ਪ੍ਰਕਾਸ਼ ਪਾਇਆ ਗਿਆ ਹੈ। ਭਾਈ ਗੁਰਦਾਸ ਦੀਆਂ ਵਾਰਾਂ ਵਿਚ ਇਸ ਬਾਰੇ ਵਿਸ਼ੇਸ਼ ਚਰਚਾ ਹੋਈ ਹੈ। ਇਸ ਦੇ ਵਿਅਕਤਿਤਵ ਨੂੰ ਚਿਤਰਦਿਆਂ ਯਾਰ੍ਹਵੀਂ ਵਾਰ ਵਿਚ ਲਿਖਿਆ ਹੈ— ਸਬਦ ਸੁਰਤਿ ਲਿਵ ਲੀਣੁ ਹੋਇ ਸਾਧ ਸੰਗਤਿ ਸਚਿ ਮੇਲਿ ਮਿਲਾਇਆ ਹੁਕਮ ਰਜਾਈ ਚਲਣਾ ਆਪੁ ਗਵਾਇ ਆਪੁ ਜਣਾਇਆ... ਮਿਠਾ ਬੋਲਣ ਨਿਵਿ ਚਲਣੁ ਹਥਹੁ ਦੇ ਕੈ ਭਲਾ ਮਨਾਇਆ ਇਕ ਮਨਿ ਇਕੁ ਅਰਾਧਣਾ ਦੁਬਿਧਾ ਦੂਜਾ ਭਾਉ ਮਿਟਾਇਆ ਗੁਰਮੁਖਿ ਸੁਖ ਫਲ ਨਿਜ ਪਦੁ ਪਾਇਆ

            ਭਾਈ ਮਨੀ ਸਿੰਘ ਜੀ ਦੇ ਨਾਂ ਨਾਲ ਸੰਬੰਧਿਤ ‘ਭਗਤ-ਰਤਨਾਵਲੀ’ (18ਵੀਂ ਪਉੜੀ) ਵਿਚ ਜਨਮ- ਮਰਨ ਦੇ ਦੁਖਾਂ ਨੂੰ ਕਟਣ ਲਈ ਜਿਗਿਆਸੂਆਂ ਵਲੋਂ ਕੀਤੇ ਪ੍ਰਸ਼ਨ ਦੇ ਉੱਤਰ ਵਿਚ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ— ਤੁਸੀਂ ਗੁਰਮੁਖਾਂ ਦੇ ਕਰਮ ਕਰੋ, ਮਨਮੁਖਾਂ ਦੇ ਕਰਮ ਤਿਆਗੋ ਅਗੇ ਗੁਰਮੁਖਾਂ ਦੇ ਪ੍ਰਕਾਰਾਂ ਤੇ ਝਾਤੀ ਪਾਉਂਦਿਆਂ ਗੁਰੂ ਸਾਹਿਬ ਨੇ ਕਿਹਾ :

            ਤਿੰਨ ਪ੍ਰਕਾਰ ਦੇ ਗੁਰਮੁਖ ਹੈਨਿ... ਇਕ ਗੁਰਮੁਖ ਹੈਨਿ, ਇਕ ਗੁਰਮੁਖਤਰ ਹੈਨਿ, ਇਕ ਗੁਰਮੁਖਿਤਮ ਹੈਨਿ ਗੁਰਮੁਖ ਕਉਣ ਹੈਨਿ ਜਿਨ੍ਹਾਂ ਨੇ ਖੋਟਿਆਂ ਕਰਮਾਂ ਵਲੋਂ ਪਿਠ ਦਿੱਤੀ ਹੈ ਤੇ ਗੁਰੂ ਦੇ ਵਚਨਾਂ ਵਲ ਮੁਖ ਕੀਤਾ ਹੈ, ਤੇ ਇਕ ਭੀ ਓਨਾ ਨਾਲਿ ਚੰਗਿਆਈ ਕਰਦਾ ਹੈ ਤਾਂ ਆਪਣੇ ਵਲੋਂ ਸਦੀਵ ਉਸ ਦੇ ਨਾਲਿ ਚੰਗਿਆਈ ਕਰਦੇ ਰਹਿੰਦੇ ਹੈਨਿ ਤਾਂ ਉਸ ਦੀ ਭਲਿਆਈ ਵਿਸਾਰਦੇ ਨਹੀਂ ਤੇ ਆਪਣੀ ਭਲਿਆਈ ਚਿਤ ਨਹੀਂ ਕਰਦੇ

            ਗੁਰਮੁਖਿਤਰ ਓਹ ਹੈਨਿ ਜੋ ਬੁਰੇ ਕਰਮ ਓਨਾ ਤਿਆਗਿ ਦਿਤੇ ਹੈਨਿ, ਤੇ ਭਲਿਆਂ ਕਰਮਾਂ ਨੂੰ ਅੰਗੀਕਾਰੁ ਕੀਤਾ ਹੈ ਤੇ ਕਿਸ ਕੰਮੁ ਓਨਾ ਦੇ ਤੀਕ ਆਵਦਾ ਹੈ ਤਾਂ ਸਭਸੈ ਨਾਲ ਭਲਾ ਹੀ ਕਰਦੇ ਹੈਨਿ, ਭਾਵੇ ਕੋਈ ਭਲਾ ਕਰੇ ਭਾਵੇ ਕੋਈ ਬੁਰਾ ਕਰੇ, ਓਹ ਆਪਣੇ ਵਲੋਂ ਭਲਾ ਹੀ ਕਰਦੇ ਹੈਨਿ

            ਤੇ ਗੁਰਮੁਖਿਤਮ ਓਹ ਹੈਨਿ ਜੋ ਗਿਆਨ ਸੰਪੰਨਿ ਹੈਨਿ ਭਲਾ ਸਭਸੈ ਨਾਲਿ ਕਰਦੇ ਹੈਨਿ ਜੇ ਕੋਈ ਓਨਾ ਨੂੰ ਬੁਰਾ ਭੀ ਕਰੇ ਤਾ ਓਨਾ ਦੇ ਨਾਲਿ ਭੀ ਭਲਾ ਹੀ ਕਰਦੇ ਹੈਨਿ

          ‘ਗੁਰਮੁਖ’ ਲਈ ਭਾਈ ਸੰਤੋਖ ਸਿੰਘ ਨੇ ‘ਗੁਰੂ ਨਾਨਕ ਪ੍ਰਕਾਸ਼ ’ ਵਿਚ ਚਾਰ ਗੁਣਾਂ ਦੀ ਵਿਸ਼ੇਸ਼ ਹੋਂਦ ਦਸੀ ਹੈ— ਮੈਤ੍ਰੀ, ਕਰੁਣਾ , ਮੁਦਿਤਾ (ਦੂਜਿਆਂ ਦੀ ਵਡਿਆਈ ਨੂੰ ਵੇਖ ਕੇ ਪ੍ਰਸੰਨ ਹੋਣਾ), ਉਪੇਖਿਆ (ਅਣਡਿਠ ਕਰਨਾ)।

            ਇਸ ਤਰ੍ਹਾਂ ਸਪੱਸ਼ਟ ਹੈ ਕਿ ਗੁਰਬਾਣੀ ਅਤੇ ਸਿੱਖ -ਧਰਮ-ਪਰੰਪਰਾ ਅਨੁਸਾਰ ‘ਗੁਰਮੁਖ’ ਆਦਰਸ਼ ਪੁਰਸ਼ ਦਾ ਸੂਚਕ ਸ਼ਬਦ ਹੈ, ਜੋ ਸੰਸਾਰਿਕਤਾ ਤੋਂ ਮੁਕਤ ਹਰ ਪ੍ਰਕਾਰ ਦੇ ਗੁਣਾਂ ਦਾ ਸਮੂਹ ਹੈ। ਅਜਿਹੇ ਗੁਰਮੁਖ ਵਿਅਕਤੀ ਹੀ ਸਚੇ ਅਰਥਾਂ ਵਿਚ ਸਮਾਜ ਦਾ ਭਲਾ ਕਰਦੇ ਹੋਏ, ਸਾਰੀ ਮਾਨਵਤਾ ਨੂੰ ਕਲਿਆਣਕਾਰੀ ਮਾਰਗ ਉਤੇ ਚਲਾਉਂਦੇ ਹਨ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7054, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਗੁਰਮੁਖ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਗੁਰਮੁਖ :  ਇਹ ਸ਼ਬਦ ਉਸ ਵਿਅਕਤੀ ਦਾ ਸੂਚਕ ਹੈ ਜਿਸ ਦਾ ਮੁੱਖ ਗੁਰੂ ਵੱਲ ਹੈ, ਅਰਥਾਤ ਜੋ ਗੁਰੂ ਦੀ ਆਗਿਆ, ਸਿੱਖਿਆ, ਆਦੇਸ਼ ਅਨੁਸਾਰ ਜੀਵਨ ਦਾ ਨਿਰਵਾਹ ਕਰਦਾ ਹੈ। ਭਾਈ ਕਾਨ੍ਹ ਸਿੰਘ ਅਨੁਸਾਰ ਜੋ ਵਿਅਕਤੀ ਗੁਰੂ ਦੇ ਸਨਮੁਖ ਹਨ, ਜਿਨ੍ਹਾਂ ਨੇ ਗੁਰੂ ਦੇ ਉਪਦੇਸ਼ ਦਾ ਪੂਰੀ ਤਰ੍ਹਾਂ ਪਾਲਣ ਕੀਤਾ ਹੈ, ਉਨ੍ਹਾਂ ਦੀ ‘ਗੁਰਮੁਖ’ ਜਾਂ ‘ਸਨਮੁਖ’ ਸੰਗਿਆ ਹੈ। ਜੋ ਜੀਵ ਸਤਿਗੁਰੂ ਦੀ ਸਤਿਅਤਾ ਪਛਾਣ ਕੇ ਆਪਣਾ ਸਰਬੰਸ ਉਸ ਨੂੰ ਸਮਰਪਿਤ ਕਰ ਦਿੰਦਾ ਹੈ, ਉਸ ਦੇ ਸ਼ਬਦਾਂ ਵਿਚ ਅਟਲ ਵਿਸ਼ਵਾਸ ਰੱਖ ਕੇ ਸਚਖੰਡ ਦੇ ਮਾਰਗ ਤੇ ਸਦਾ ਅੱਗੇ ਵਧਦਾ ਰਹਿੰਦਾ ਹੈ, ਜੋ ਗੁਰੂ ਵਿਚ ਪ੍ਰਤੱਖ ਬ੍ਰਹਮ ਦੇ ਦਰਸ਼ਨ ਕਰਨ ਦਾ ਅਭਿਲਾਖੀ ਹੈ, ਜੋ ਦਿਨ ਰਾਤ ਰਾਮ–ਨਾਮ ਵਿਚ ਲੀਨ ਰਹਿੰਦਾ ਹੈ, ਅਤੇ ਜੋ ਕੇਵਲ ਆਪਣੇ ਆਪ ਨੂੰ ਹੀ ਨਹੀਂ, ਆਪਣੇ ਸਮੁੱਚੇ ਪਰਿਵਾਰ, ਸਾਥੀਆਂ ਅਤੇ ਹੋਰਨਾਂ ਸਤਿਸੰਗੀਆਂ ਨੂੰ ਭਵਸਾਗਰ ਤੋਂ ਪਾਰ ਲੰਘਾਣ ਵਿਚ ਸਮੱਰਥ ਹੁੰਦਾ ਹੈ, ਉਹ ‘ਗੁਰਮੁਖ ’ ਹੈ। ‘ਗੁਰਮੁਖ’ ਉਹ ਹੈ ਜਿਸ ਨੇ ਗੁਰੂ ਰਾਹੀਂ ਦੀਖਿਆ ਲਈ ਹੋਵੇ ਜਾਂ ਉਹ ਵਿਅਕਤੀ ਜਿਸ ਨੂੰ ਨਾਮ ਪ੍ਰਾਪਤ ਹੋ ਗਿਆ ਹੋਵੇ ਜਾਂ ਉਹ ਸਾਧਕ ਜੋ ਰਾਤ ਦਿਨ ਨਾਮ ਦਾ ਜਾਪ ਕਰਦਾ ਹੋਵੇ ਜਾਂ ਉਹ ਸਿੱਖ ਜਿਸ ਨੇ ਇਕਾਗਰ ਧਿਆਨ ਲਗਾ ਕੇ ਮਨ ਨੂੰ ਜਿੱਤ ਲਿਆ ਹੋਵੇ। ਅਸਲ ਵਿਚ ‘ਗੁਰਮੁਖ’ ਇਕ ਅਧਿਆਤਮਿਕ ਅਤੇ ਰਹੱਸਾਤਮਕ ਪਦਵੀ ਹੈ ਅਤੇ ਇਸ ਪਦਵੀ ਦਾ ਅੰਧਕਾਰੀ ਉਹ ਵਿਅਕਤੀ ਹੈ ਜੋ ਆਪਣੇ ਜੀਵਨ ਗੁਰੂ ਦੀ ਸਿੱਖਿਆ ਅਨੂਰੂਪ ਬਤੀਤ ਕਰਦਾ ਹੈ । ਗੁਰੂ ਦਾ ਸਰਬ ਪ੍ਰਮੁੱਖ ਕਰਤੱਵ ਮਨੁੱਖ ਨੂੰ ਦੇਵਤ੍ਵ ਪ੍ਰਦਾਨ ਕਰਨਾ ਹੈ (‘ਜਿਨਿ ਮਾਣਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ’) ਅਸਲ ਵਿਚ, ਇਹ ਦੇਵਤ੍ਵ ਹੀ ‘ਗੁਰਮੁਖਤਾ’ ਹੈ ਅਤੇ ਇਸ ਦਾ ਅਧਿਕਾਰੀ ਵਿਅਕਤੀ ‘ਗੁਰਮੁਖ’ ਹੈ। ਗੁਰੂ ਨਾਨਕ ਦੇਵ ਨੇ ਆਪਣੇ ਆਦਰਸ਼ਾਂ ਦਾ ਜਿਸ ਵਿਅਕਤੀ ਵਿਚ ਆਰੋਪਣ ਕੀਤਾ ਹੈ, ਉਸ ਦਾ ਵਿਸ਼ੇਸ਼ ਨਾਂ ‘ਗੁਰਮੁਖ’ ਹੈ। ‘ਸਨਮੁਖ’ ਇਸ ਦਾ ਸਮਾਨ –ਆਰਥਕ ਸ਼ਬਦ ਹੈ ਅਤੇ ‘ਮਨਮੁਖ’ ਵਿਪਰੀਤ–ਆਰਥਕ । ਇਸ ਤੋਂ ਇਲਾਵਾ, ਗੁਰਬਾਣੀ ਵਿਚ ਸਚਿਆਰ, ਸੰਤ , ਸਾਧ,  ਜੀਵਨਮੁਕਤ ਬ੍ਰਹਮ ਗਿਆਨੀ, ਆਦਿ ਵੀ ਇਸਦੇ ਪਰਿਆਇਵਾਚੀ ਸ਼ਬਕ ਹਨ।

          ਸਿੱਖ ਧਰਮ ਵਿਚ ‘ਗੁਰਮੁਖ’ ਦਾ ਸਥਾਨ ਬਹੁਤ ਉੱਚ, ਸੁੱਚਾ ਤੇ ਮਹਾਨ ਹੈ। ਗੁਰਮੁਖ ਸਰੀਰ ਕਰਕੇ ਤਾਂ ਆਮ ਮਨੁੱਖਾਂ ਵਰਗੇ ਹੀ ਹੁੰਦੇ ਹਨ ਪਰ ਉਨ੍ਹਾਂ ਦਾ ਆਚਰਣ ਵੱਖਰਾ ਹੁੰਦਾ ਹੈ। ਉਨ੍ਹਾਂ ਵਿਚ ਵਿਸ਼ੇਸ਼ ਕਰਕੇ ਗੁਣਾਂ ਹੀ ਗੁਣ ਹੁੰਦੇ ਹਨ ਜਿਨ੍ਹਾਂ ਦੀ ਅਸੀਂ ਕਦਰ ਕਰਦੇ ਹਾਂ, ਇਹ ਹੀ ਗੁਰਮੁਖਾਂ ਦੀ ਪਹਿਚਾਣ ਹੁੰਦੀ ਹੈ। ਕਿਉਂਕਿ ਗੁਰਮੁਖ ਸਦਾ ਸੱਚ ਬੋਲਦੇ ਅਤੇ ਉਸ ਪ੍ਰਭੂ ਦੀ ਰਜ਼ਾ ਵਿਚ ਚਲਦੇ ਹਨ, ਦੁਖ ਸੁਖ ਨੂੰ ਇਕੋ ਜਿਹਾ ਸਮਝਦੇ ਹਨ। ਸਦਾ ਪ੍ਰਭੂ ਦੇ ਰੰਗ ਵਿਚ ਰੰਗੇ ਹੋਏ ਇਕ ਰਸ ਰਹਿੰਦੇ ਹਨ। ਸਿੱਖਾਂ ਨੂੰ ਹਮੇਸ਼ਾਂ ਬਾਣੀ ਤੇ ਨਾਮ–ਸਿਮਰਨ ਵੱਲ ਪ੍ਰੇਰਦੇ ਹਨ। ‘ਗੁਰਮੁਖ’ ਵਿਅਕਤੀ ਨਿਸ਼ਕਾਮ ਸਾਧਕ ਅਤੇ ਕਰਮਯੋਗੀ ਹੁੰਦੇ ਹਨ, ਆਤਮਿਕ ਤੌਰ ’ਤੇ ਸਦਾ ਜਵਾਨ ਅਤੇ ਬਲਵਾਨ ਰਹਿੰਦੇ ਹਨ।

          ਗੁਰਬਾਣੀ ਵਿਚ ਗੁਰਸੁਖ ਦੀ ਬਹੁਤ ਤਾਰੀਫ਼ ਕੀਤੀ ਗਈ ਹੈ ਅਤੇ ਉਸ ਦੇ ਲੱਛਣ ਵੀ ਬੜੇ ਵਿਸਤਾਰ ਨਾਲ ਦੱਸੇ ਗਏ ਹਨ, ਜਿਵੇਂ :

                   ਗੁਰਮੁਖ ਮੁਕਤਾ ਗੁਰਮੁਖਿ ਜੁਗਤਾ ਗੁਰਮੁਖਿ ਗਿਆਨੀ ਗੁਰਮੁਖਿ ਬਕਤਾ।

                   ਧੰਨ੍ਹ ਗਿਰਹੀ ਉਦਾਸੀ ਗੁਰਮੁਖਿ ਕੀਮਤਿ ਪਾਏ ਜੀਉ।  –(ਆ. ਗ੍ਰੰਥ–੧੩੧ ਪੰ. )

          ਭਾਈ ਗੁਰਦਾਸ ਜੀ ਨੇ ਵੀ ਆਪਣੀਆਂ ਵਾਰਾਂ ਵਿਚ ਗੁਰਮੱਖਾਂ ਦੀ ਰਹਿਣੀ ਦਾ ਜ਼ਿਕਰ ਬੜੇ ਵਿਸਤਾਰ ਨਾਲ ਕਰਦਿਆਂ ਗੁਰਮੁਖ ਦੇ ਲੱਛਣ ਇਸ ਪ੍ਰਕਾਰ ਦੱਸੇ ਹਨ–ਜਿਵੇਂ ਮਿੱਠਾ ਬੋਲਣ, ਸ਼ੁਭ ਕਰਮ ਕਰਨਾ, ਧਿਆਨ ਲਗਾਉਣਾ, ਸਤਿਸੰਗਤ ਵਿਚ ਜਾਣ, ਵੰਡ ਛੱਕਣਾ, ਧਰਮ ਪ੍ਰਚਾਰ ਕਰਨਾ, ਆਪਣੇ ਆਪ ਨੂੰ ਪਛਾਣਨਾ, ਆਦਿ। ਅਸਲੋਂ, ਗੁਰਮੁਖ ਦਾ ਮਾਰਗ, ਸਭ ਤੋਂ ਵੱਖਰਾ ਅਤੇ ਸ਼੍ਰੇਸ਼ਠ ਹੈ। ਇਸ ਲਈ ਭਾਈ ਗੁਰਦਾਸ ਜੀ ਨੇ ਗੁਰਮੁਖ ਪੰਥ ਨੂੰ ‘ਨਿਰਮਲ ਪੰਥ’ ਭਾਵ ਸ਼ੁੱਧ ਧਰਮ ਸਵੀਕਾਰਿਆ ਹੈ––‘ਗੁਰਮੁਖ ਪੰਥ ਨਿਰੋਲ ਨ ਰਲੈ ਰਲਾਇਆ। ਗੁਰਮੁਖ ਪੰਥ ਅਲੋਲ ਸਹਿਜ ਸਮਾਇਆ।’(ਵਾਰ 3/5)

          ਭਾਈ ਮਨੀ ਸਿੰਘ ਜੀ ਨੇ ‘ਭਗਤ ਰਤਨਾਵਲੀ’ ਵਿਚ ਤਿੰਨ ਪ੍ਰਕਾਰ ਦੇ ਗੁਰਮੁਖਾਂ ਦਾ ਜ਼ਿਕਰ ਕੀਤਾ ਹੈ––ਗੁਰਮੁਖ, ਗੁਰਮੁਖਤਰ, ਗੁਰਮੁਖਤਮ।

          (ੳ) ‘ਗੁਰਮੁਖ’ ਉਹ ਹਨ ਜੋ ਭਲੇ ਸਾਥ ਭਲੇ ਅਰ ਬੁਰੇ ਸਾਥ ਬੁਰੇ ਹੋਣ।

          (ਅ) ‘ਗੁਰਮੁਖਤਰ’ ਉਹ ਹਨ ਜਿਨ੍ਹਾਂ ਨੇ ਖੋਟੇ ਕਰਮਾਂ ਵੱਲੋਂ ਪਿੱਠ ਦਿੱਤੀ ਹੈ ਤੇ ਗੁਰਾਂ ਦੇ ਬਚਨਾਂ ਵੱਲ ਮੁੱਖ ਕੀਤਾ ਹੈ। ਤੇ ਜੇ ਇਕ ਵੀ ਉਨ੍ਹਾਂ ਨਾਲ ਕੋਈ ਚੰਗਿਆਈ ਕਰਦਾ ਹੈ ਤਾਂ ਉਹ ਆਪਣੇ ਵੱਲੋਂ ਉਸ ਦੇ ਨਾਲ ਸਦੀਵ ਚੰਗਿਆਈ ਕਰਦੇ ਰਹਿੰਦੇ ਹਨ, ਉਸ ਦੀ ਭਲਿਆਈ ਵਿਸਾਰਦੇ ਨਹੀਂ ਤੇ ਆਪਣੀ ਭਲਿਆਈ ਚਿੱਤ ਨਹੀਂ ਕਰਦੇ। ਬੁਰੇ ਕਰਮ ਉਨ੍ਹਾਂ ਤਿਆਗ ਦਿੱਤੇ ਹਨ ਤੇ ਭਲੇ ਕਰਮਾਂ ਦਾ ਅੰਗੀਕਾਰ ਕੀਤਾ ਹੈ। ਜਿਸ ਦਾ ਕੰਮ ਉਨ੍ਹਾਂ ਤੀਕਰ ਆਂਵਦਾ ਹੈ, ਤਾਂ ਸਭ ਕਿਸੇ ਨਾਲ ਭਲਿਆਈ ਹੀ ਕਰਦੇ ਹਨ।

          (ੲ) ‘ਗੁਰਮੁਖਤਮ’ ਉਹ ਹੈਨ ਜੋ ਗਿਆਨ ਸੰਪੰਨ ਹਨ। ਸਭਸ ਨਾਲ ਭਲਾ ਹੀ ਕਰਦੇ ਹਨ। ‘ਗੁਰੂ ਨਾਨਕ ਪ੍ਰਕਾਸ਼’ ਵਿਚ ਭਾਈ ਸੰਤੋਖ ਸਿੰਘ ਨੈ ਗੁਰਮੁਖ ਦੇ ਚਾਰ ਗੁਣ ਦੱਸ ਹਨ:

          (1) ‘ਮੈਤ੍ਰੀ’–ਸਭ ਨਾਲ ਪਿਆਰ ਕਰਨਾ ਅਤੇ ਸਭ ਦੇ ਸੁਖ ਲਈ ਯਤਨ ਕਰਨਾ;

          (2) ‘ਕਰੁਣਾ’ –ਸਭ ਉੱਤੇ ਦਯਾ ਕਰਨੀ ਅਤੇ ਸਭ ਦੇ ਸੁਖ ਲਈ ਯਤਨ ਕਰਨਾ;

          (3) ‘ਮੁਦਿਤਾ’–ਧਨ, ਵਿਦਿਆ ਆਦਿ ਵਿਚ ਦੂਜੇ ਨੂੰ ਵੱਡਾ ਦੇਖ ਕੇ ਪ੍ਰਸੰਨ ਹੋਣਾ ਅਤੇ ਈਰਖਾ ਨਾ ਕਰਨੀ।

           (4) ‘ਉਪੇਖਯ’ –ਪਾਮਰ ਲੋਕ ਜੋ ਸ਼ੁਭ ਉਪਦੇਸ਼ ਨਹੀਂ ਸੁਣਨਾ ਚਾਹੁੰਦੇ ਅਤੇ ਜਿਨ੍ਹਾਂ ਦੀ ਸੰਗੀਤ ਤੋਂ ਵਿਕਾਰੀ ਹੋਣ ਦਾ ਡਰ ਹੈ,      ਉਨ੍ਹਾਂ ਦਾ ਤਿਆਗ ਕਰਨਾ ਅਤੇ ਉਨ੍ਹਾਂ ਤੋਂ ਉਪਰਾਮ ਰਹਿਣਾ। ‘ਗੁਰੂ ਪ੍ਰਤਾਪ ਸੁਰਯ’ (ਰਾਸ3, ਅਧਯਾਯ 62) ਵਿਚ ਲਿਖਿਆ ਹੈ ਕਿ ਜੇਕਰ ਗੁਰਮੁਖ ਕਿਸੇ ਕਾਰਣ ਕੁਸੰਗ ਵਿਚ ਚਲਾ ਜਾਵੇ ਤਾਂ ਵੀ ਉੱਥੇ ਉਸ ਕੁਸੰਗ ਦਾ ਰੰਗ ਗ੍ਰਹਿਣ ਕਰਨ ਦੀ ਥਾਂ ਆਪਣਾ ਰੰਗ ਉਨ੍ਹਾਂ ਉਪਰ ਪਾਉਂਦਾ ਹੈ।

                   [ਸਹਾ. ਗ੍ਰੰਥ––ਮ. ਕੋ.; ਗੁ. ਮਾ.; ਭਾਈ ਸੰਤੋਖ ਸਿੰਘ : ‘ਗੁਰੂ ਨਾਨਕ ਪ੍ਰਕਾਸ਼’; ਡਾਕਟਰ ਮਨਮੋਹਨ ਸਹਿਗਲ : ‘ਸੰਤ ਕਾਵੑਯ ਕਾ ਦਾਰਸ਼ਨਿਕ ਵਿਸ਼ਲੇਸ਼ਣ’ (ਹਿੰਦੀ): ਡਾ. ਰਤਨ ਸਿੰਘ ਜੱਗੀ : ‘ਗੁਰੂ ਨਾਨਕ ਦੀ ਵਿਚਾਰਧਾਰਾ’ ; ਭਾਈ ਮਨੀ ਸਿੰਘ : ‘ਭਗਤ ਰਤਨਵਾਲੀ’; ‘ਵਾਰਾਂ ਭਾਈ ਗੁਰਦਾਸ’]           


ਲੇਖਕ : ਪ੍ਰੋ. ਮੇਵਾ ਸਿੰਘ ਸਿਧੂ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 5168, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-11, ਹਵਾਲੇ/ਟਿੱਪਣੀਆਂ: no

ਗੁਰਮੁਖ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਗੁਰਮੁਖ, (ਗੁਰ+ਮੁਖ) \ ਵਿਸ਼ੇਸ਼ਣ \ ਪੁਲਿੰਗ : ੧. ਭਲਾ ਲੋਕ, ਭਗਤ, ਸਿੱਧਾ ਭੋਲਾ ਆਦਮੀ ਜੋ ਗੁਰੂ ਦੀ ਆਗਿਆ ਦਾ ਪੂਰੀ ਤਰ੍ਹਾਂ ਪਾਲਣ ਕਰੇ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 38, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-20-03-32-50, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.