ਗੁਰੂ ਅਰਜਨ ਦੇਵ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਗੁਰੂ ਅਰਜਨ ਦੇਵ (1563–1606): ਗੁਰੂ ਅਰਜਨ ਦੇਵ ਸਿੱਖ ਧਰਮ ਦੀ ਗੁਰੂ-ਪਰੰਪਰਾ ਦੇ ਪੰਜਵੇਂ ਗੱਦੀਦਾਰ ਸਨ। ਆਪ ਦੇ ਪਿਤਾ ਗੁਰੂ ਰਾਮਦਾਸ ਅਤੇ ਮਾਤਾ ਬੀਬੀ ਭਾਨੀ ਸਨ। ਆਪ ਦਾ ਜਨਮ 15 ਅਪ੍ਰੈਲ 1563 ਨੂੰ ਗੋਇੰਦਵਾਲ ਵਿਖੇ ਹੋਇਆ। ਆਪ ਦਾ ਬਚਪਨ ਨਾਨਕੇ ਘਰ ਗੁਜ਼ਰਿਆ। ਆਪ ਗੁਰੂ ਅਮਰਦਾਸ ਦੇ ਦੋਹਤਰੇ ਸਨ। ਬਾਲ ਰੂਪ ਵਿੱਚ ਹੀ ਆਪ ਦੀ ਤੀਖਣ ਬੁੱਧੀ, ਨਿਖੜਵੀਂ ਸੂਝ ਅਤੇ ਸੁਭਾਅ ਵਿੱਚ ਕੋਮਲਤਾ- ਮਧੁਰਤਾ ਅਤੇ ਠਹਿਰਾਉ ਦੇ ਗੁਣਾਂ ਕਰ ਕੇ ਗੁਰੂ ਸਾਹਿਬ ਨੇ ‘ਦੋਹਿਤਾ ਬਾਣੀ ਦਾ ਬੋਹਿਥਾ’ ਕਹਿ ਕੇ ਬਾਲਕ ਅਰਜਨ ਨੂੰ ਸਰਬ-ਸਮਰੱਥ ਬਾਣੀਕਾਰ ਹੋਣ ਦਾ ਵਰਦਾਨ ਦਿੱਤਾ। ਸੋਲਾਂ ਵਰ੍ਹਿਆਂ ਦੀ ਉਮਰ ਵਿੱਚ ਆਪ ਦਾ ਵਿਆਹ ਕ੍ਰਿਸ਼ਨ ਚੰਦਰ ਦੀ ਸਪੁੱਤਰੀ ਬੀਬੀ ਗੰਗਾ ਦੇਵੀ ਨਾਲ ਹੋਇਆ। ਬੱਤੀ ਵਰ੍ਹਿਆਂ ਦੀ ਉਮਰ ਵਿੱਚ ਆਪ ਦੇ ਘਰ ਗੁਰੂ ਹਰਿਗੋਬਿੰਦ ਦਾ ਜਨਮ ਹੋਇਆ।
ਗੁਰੂ ਅਰਜਨ ਦੇਵ ਸ਼ੁਰੂ ਤੋਂ ਹੀ ਆਪਣੇ ਦੋਹਾਂ ਵੱਡੇ ਭਰਾਵਾਂ ਪ੍ਰਿਥੀ ਚੰਦ ਅਤੇ ਮਹਾਂਦੇਵ ਦੇ ਮੁਕਾਬਲੇ ਬੜੇ ਗੰਭੀਰ ਅਤੇ ਸ਼ਾਂਤ-ਚਿੱਤ ਸਨ। ਆਪਣੇ ਸੰਜਮੀ ਵਿਵਹਾਰ, ਨੈਤਿਕ ਸੋਝੀ, ਧਾਰਮਿਕ ਭਾਵਨਾ ਅਤੇ ਕਾਵਿਕ ਬਿਰਤੀ ਸਦਕਾ ਆਪ ਨੂੰ 18 ਸਾਲ 4 ਮਹੀਨਿਆਂ ਦੀ ਉਮਰ ਵਿੱਚ ਗੁਰਗੱਦੀ ਦੀ ਸੌਂਪਣੀ ਕੀਤੀ ਗਈ। ਘਰ ਵਿੱਚ ਪ੍ਰਿਥੀ ਚੰਦ ਨੇ ਵੱਡਾ ਉਪੱਦਰ ਖੜ੍ਹਾ ਕੀਤਾ। ਸਖ਼ਤ ਵਿਰੋਧ ਦੇ ਬਾਵਜੂਦ ਗੁਰੂ-ਪਿਤਾ ਦੀ ਆਖ਼ਰੀ ਖ਼ਾਹਸ਼ ਮੁਤਾਬਕ 1 ਸਤੰਬਰ 1581 ਨੂੰ ਬਾਬਾ ਬੁੱਢਾ ਜੀ ਨੇ ਪੰਜ ਪੈਸੇ ਅਤੇ ਨਾਰੀਅਲ ਅਰਜਨ ਦੇਵ ਦੀ ਝੋਲੀ ਪਾ ਕੇ ਤਿਲਕ ਲਗਾਇਆ ਅਤੇ ਗੁਰਿਆਈ ਦੀ ਰਸਮ ਅਦਾ ਕਰਦੇ ਹੋਏ ਮੱਥਾ ਟੇਕਿਆ।
ਗੁਰੂ ਅਰਜਨ ਦੇਵ ਇੱਕ ਮਹਾਨ ਉਸੱਰਈਏ ਸਨ। ਗੁਰੂ ਰਾਮਦਾਸ ਦੀ ਦੇਖ-ਰੇਖ ਵਿੱਚ ਆਪ ਨੇ ਉਸਾਰੀ- ਕਲਾ ਦਾ ਮਹੱਤਵ ਸਮਝਿਆ ਅਤੇ ਕਈ ਇਮਾਰਤਾਂ, ਸਰੋਵਰ ਅਤੇ ਨਗਰ ਵੀ ਵਸਾਏ, ਜਿਨ੍ਹਾਂ ਵਿੱਚੋਂ ਤਰਨਤਾਰਨ ਅਤੇ ਅੰਮ੍ਰਿਤਸਰ ਸਭ ਤੋਂ ਪ੍ਰਮੁਖ ਹਨ। ਗੁਰੂ ਰਾਮਦਾਸ ਦੇ ਜੋਤੀ-ਜੋਤ ਸਮਾਉਣ ਮਗਰੋਂ ਆਪ ਨੇ ਸ੍ਰੀ ਸੰਤੋਖ਼ਸਰ ਅਤੇ ਤਰਨਤਾਰਨ ਸਾਹਿਬ ਦੇ ਸਰੋਵਰ ਪੱਕੇ ਕਰਵਾਏ। ਕਰਤਾਰਪੁਰ ਨਗਰ ਵਸਾਇਆ, ਪਰ ਇਸ ਤੋਂ ਪਹਿਲਾਂ 1588 ਵਿੱਚ ਸ੍ਰੀ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਮੁਸਲਮਾਨ ਸੂਫ਼ੀ ਦਰਵੇਸ਼ ਮੀਆਂ ਮੀਰ ਹੋਰਾਂ ਤੋਂ ਰਖਵਾ ਕੇ ਧਾਰਮਿਕ ਸਹਿਨਸ਼ੀਲਤਾ ਦੀ ਅਦੁੱਤੀ ਮਿਸਾਲ ਪੇਸ਼ ਕੀਤੀ। ਦੋ ਸਾਲਾਂ ਦੀ ਅਣਥੱਕ ਮਿਹਨਤ ਨਾਲ ਸ੍ਰੀ ਹਰਿਮੰਦਰ ਸਾਹਿਬ ਅਤੇ ਇਸ ਨਾਲ ਸੰਬੰਧਿਤ ਇਮਾਰਤਾਂ ਦੀ ਉਸਾਰੀ ਸੰਪੂਰਨ ਹੋਈ। ਸ੍ਰੀ ਹਰਿਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਸਮੂਹ ਧਰਮਾਂ, ਜਾਤਾਂ ਅਤੇ ਜਮਾਤਾਂ ਲਈ ਖੁੱਲ੍ਹ, ਬਰਾਬਰੀ, ਅਜ਼ਾਦੀ ਅਤੇ ਏਕਤਾ ਦਾ ਪ੍ਰਤੀਕ ਬਣੇ। ਇਹ ਮੰਦਰ ਮਾਨਵਤਾ ਦੇ ਸਾਂਝੇ ਤੀਰਥ ਸਥਾਨ ਵਜੋਂ ਸਥਾਪਿਤ ਹੋਇਆ।
ਗੁਰੂ ਅਰਜਨ ਦੇਵ ਉੱਤਮ ਬਾਣੀਕਾਰ ਹਨ। ਆਪ ਦੀ ਬਾਣੀ-ਰਚਨਾ, ਆਕਾਰ-ਪ੍ਰਕਾਰ ਅਤੇ ਗੁਣਵੱਤਾ ਦੇ ਪੱਖ ਤੋਂ ਵਿਰਲੀ ਹੈ। ਆਦਿ ਗ੍ਰੰਥ ਵਿੱਚ ਸ਼ਾਮਲ ਆਪ ਦੀਆਂ ਵੱਡੇ ਆਕਾਰ ਵਾਲੀਆਂ ਰਚਨਾਵਾਂ ਵਿੱਚੋਂ ਸੁਖਮਨੀ ਅਤੇ ਬਾਰਹਮਾਹ ਮਾਝ ਰਾਗ ਨੂੰ ਉਚੇਚੀ ਮਾਨਤਾ ਨਾਲ ਗਾਇਆ, ਸੁਣਿਆ ਅਤੇ ਪੜ੍ਹਿਆ ਜਾਂਦਾ ਹੈ। ਬਾਵਨ ਅੱਖਰੀ, ਥਿਤੀ ਅਤੇ ਰੁਤੀ ਵੀ ਵੱਡ-ਆਕਾਰੀ ਰਚਨਾਵਾਂ ਦੀ ਕੋਟੀ ਵਿੱਚ ਆਉਂਦੀਆਂ ਹਨ। ਇਹਨਾਂ ਤੋਂ ਇਲਾਵਾ ਵਾਰਾਂ, ਸ਼ਬਦ, ਸਲੋਕ, ਪਦੇ, ਪਹਿਰੇ, ਦਿਨ-ਰੈਣਿ, ਗੁਣਵੰਤੀ, ਅੰਜਲੀਆਂ, ਬਿਰਹੜੇ ਆਦਿ ਲੋਕ-ਕਾਵਿ ਰੂਪਾਂ ਅਤੇ ਪ੍ਰਚਲਿਤ ਛੰਦਾਂ ਵਿੱਚ ਆਪ ਦੀ ਬਾਣੀ ਪ੍ਰਾਪਤ ਹੁੰਦੀ ਹੈ, ਜਿਸ ਨੂੰ ਭਿੰਨ-ਭਿੰਨ ਰਾਗਾਂ ਦੀ ਬੰਦਸ਼ ਵਿੱਚ ਅੰਕਿਤ ਕੀਤਾ ਗਿਆ ਹੈ। ਆਪ ਦੀ ਸਮੁੱਚੀ ਬਾਣੀ ਦੇ ਮੂਲ ਸੰਕਲਪ ਅਤੇ ਸਰੋਕਾਰ ਨੂੰ ਆਪ ਤੋਂ ਪੂਰਬਲੇ ਗੁਰੂ ਸਾਹਿਬਾਨ ਦੀ ਅਧਿਆਤਮਿਕ ਵਿਚਾਰਧਾਰਾ ਦੇ ਪ੍ਰਸੰਗ ਵਿੱਚ ਹੀ ਸਮਝਿਆ ਜਾ ਸਕਦਾ ਹੈ। ਗੁਰਬਾਣੀ ਦੀ ਸਦੀਵੀ ਅਤੇ ਸਮਕਾਲੀ ਚੇਤਨਾ ਸਦਾ ਲੋਕ-ਕਲਿਆਣ ਦੇ ਸਾਂਝੇ ਧਰਾਤਲ ਨਾਲ ਜੁੜੀ ਹੈ।
ਗੁਰੂ ਅਰਜਨ ਦੇਵ ਨੇ ਆਪਣੇ ਸਮੇਂ ਦੀਆਂ ਸੰਕਟ ਗ੍ਰਸਤ ਸਥਿਤੀਆਂ ਨਾਲ ਜੂਝਦੇ ਹੋਏ ਸਿੱਖ ਕੌਮ ਨੂੰ ਸੰਗਠਿਤ ਕੀਤਾ। ਗੁਰਮਤਿ ਮਰਯਾਦਾ ਅਨੁਕੂਲ ਸਿੱਖ ਦੇ ਆਚਾਰ- ਵਿਚਾਰ ਨੂੰ ਘੜਿਆ ਅਤੇ ਸਭੇ ਸਾਂਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ ਦਾ ਗੁਰ-ਮੰਤਰ ਦਿੱਤਾ।
ਗੁਰੂ ਅਰਜਨ ਦੇਵ ਦਾ ਸਭ ਤੋਂ ਮਹਾਨ ਅਤੇ ਨਿਰਮਾਣਕਾਰੀ ਕਾਰਜ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਦਾ ਹੈ। ਮੱਧ-ਕਾਲੀਨ ਭਾਰਤ ਦੇ ਵੱਖ-ਵੱਖ ਧਰਮਾਂ, ਜਾਤਾਂ, ਸੰਪਰਦਾਵਾਂ ਅਤੇ ਫ਼ਿਰਕਿਆਂ ਨਾਲ ਸੰਬੰਧਿਤ ਗੁਰੂਆਂ, ਭਗਤਾਂ, ਭੱਟਾਂ, ਸੰਤਾਂ ਅਤੇ ਸੂਫ਼ੀਆਂ ਦੀ ਬਾਣੀ ਨੂੰ ਇਕੱਤਰ ਕਰਨਾ, ਗੁਰਮਤਿ ਦੇ ਸਿਧਾਂਤਾਂ ਨਾਲ ਮੇਲ ਖਾਂਦੀ ਬਾਣੀ ਨੂੰ ਨਿਤਾਰਨਾ, ਉਸ ਦੀ ਪ੍ਰਮਾਣਿਕਤਾ ਸਥਾਪਿਤ ਕਰ ਕੇ ਸਮੁੱਚੀ ਬਾਣੀ ਨੂੰ ਰਾਗਾਂ ਅਨੁਕੂਲ ਢਾਲਣਾ ਇੱਕ ਅਦੁਤੀ ਕਾਰਜ ਸੀ। ਇਸ ਗੌਰਵਮਈ ਕਾਰਜ ਵਿੱਚ ਆਪ ਦੀ ਸਭ ਤੋਂ ਵੱਧ ਮਦਦ ਭਾਈ ਗੁਰਦਾਸ ਨੇ ਕੀਤੀ। 1604 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਇਆ ਅਤੇ ਬਾਬਾ ਬੁੱਢਾ ਜੀ ਨੂੰ ਪਹਿਲਾ ਗ੍ਰੰਥੀ ਹੋਣ ਦਾ ਮਾਣ ਆਪ ਨੇ ਬਖ਼ਸ਼ਿਆ।
ਗੁਰੂ ਅਰਜਨ ਦੇਵ ਨੇ ਹਮੇਸ਼ਾਂ, ਮਨੁੱਖੀ ਏਕਤਾ, ਸਮਾਨਤਾ, ਪਰਸਪਰ ਪ੍ਰੇਮ ਅਤੇ ਤੂੰ ਸਾਂਝਾ ਸਾਹਿਬ ਬਾਪੁ ਹਮਾਰਾ ਦਾ ਸੁਨੇਹਾ ਲੁਕਾਈ ਨੂੰ ਦਿੱਤਾ। ਪਰ ਅਫਸੋਸ ਹੈ ਕਿ ਘਰੇਲੂ ਦੁਸ਼ਮਣੀ ਅਤੇ ਗੱਦੀ ਦਾ ਲਾਲਚ ਹੀ ਲੁਕਵੇਂ ਰੂਪ ਵਿੱਚ ਆਪ ਦੀ ਸ਼ਹਾਦਤ ਦਾ ਕਾਰਨ ਬਣੇ। ਜਹਾਂਗੀਰ ਬਾਦਸ਼ਾਹ ਦੇ ਤੁਅੱਸਬੀ ਕਹਿਰ ਦਾ ਮੁਕਾਬਲਾ ਖਿੜੇ ਮੱਥੇ ਕਰਦੇ ਹੋਏ ਆਪ ਨੇ 16 ਮਈ 1606 ਨੂੰ ਸ਼ਹੀਦ ਹੋ ਕੇ ਅਮਰ ਪਦਵੀ ਪਾਈ।
ਲੇਖਕ : ਕੁਲਜੀਤ ਸ਼ੈਲੀ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 12965, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First