ਗੁੱਡੀਆਂ ਪਟੋਲੇ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਗੁੱਡੀਆਂ ਪਟੋਲੇ : ਗੁੱਡੀਆਂ ਪਟੋਲੇ ਛੋਟੀ ਉਮਰ ਦੀਆਂ ਬਾਲੜੀਆਂ ਦੀ ਖੇਡ ਹੈ । ਪਟੋਲਿਆਂ ਨਾਲ ਉਹ ਗੁੱਡੀ ਅਤੇ ਗੁੱਡੇ ਨੂੰ ਤਿਆਰ ਕਰਦੀਆਂ ਹਨ । ਗੁੱਡੀ ਅਤੇ ਗੁੱਡੇ ਨੂੰ ਘਰ ਵਿੱਚ ਲੀੜਿਆਂ ਨਾਲੋਂ ਬਚੀਆਂ-ਖੁਚੀਆਂ ਰੰਗ-ਬਰੰਗੀਆਂ ਬੇਕਾਰ ਲੀਰਾਂ-ਕਾਤਰਾਂ ਵਿੱਚ , ਜਿਨ੍ਹਾਂ ਨੂੰ ਪਟੋਲੇ ਵੀ ਕਿਹਾ ਜਾਂਦਾ ਹੈ , ਰੂੰ ਭਰ ਕੇ ਤਿਆਰ ਕੀਤਾ ਜਾਂਦਾ ਹੈ । ਫਿਰ ਉਹਨਾਂ ਦਾ ਲਾੜੀ ਅਤੇ ਲਾੜੇ ਦੇ ਰੂਪ ਵਿੱਚ ਸ੍ਵਾਂਗ ਰਚਾਇਆ ਜਾਂਦਾ ਹੈ । ਬਾਲੜੀਆਂ ਇਹਨਾਂ ਦੇ ਸਰੀਰਕ ਅੰਗਾਂ ਨੂੰ ਸੋਹਣੇ ਢੰਗ ਨਾਲ ਸਜਾ- ਸੰਵਾਰ ਲੈਂਦੀਆਂ ਹਨ । ਗੁੱਡਾ ਸਰੀਰਕ ਪੱਖੋਂ ਚੰਗੀ ਡੀਲ ਡੌਲ ਵਾਲਾ ਬਣਾਇਆ ਜਾਂਦਾ ਹੈ ਅਤੇ ਗੁੱਡੀ ਦੇ ਮੁਕਾਬਲੇ ਉੱਚਾ ਲੰਮਾ ਵੀ ਹੁੰਦਾ ਹੈ , ਜਦੋਂ ਕਿ ਗੁੱਡੀ ਪਤਲੀ ਤੇ ਨਾਜ਼ੁਕ ਬਣਾਈ ਜਾਂਦੀ ਹੈ । ਉਸ ਦਾ ਪਤਲਾ ਤਿੱਖਾ ਨੱਕ , ਸੋਹਣੇ ਨੈਣ-ਨਕਸ਼ , ਚੀਰ ਕੱਢੇ ਸਿਰ ਅਤੇ ਲੰਮੇ ਵਾਲਾਂ ਵਾਲੀ ਗੁੱਤ ਉਸ ਦੀ ਖ਼ੂਬਸੂਰਤੀ ਨੂੰ ਚਾਰ ਚੰਨ ਲਗਾ ਦਿੰਦੀ ਹੈ । ਬਰੀਕ ਤੰਦਾਂ-ਤੋਪਿਆਂ ਨਾਲ ਉਸ ਦੀ ਸਲਵਾਰ , ਚੁੰਨੀ , ਲਹਿੰਗਾ ਅਤੇ ਕੁੜਤੀ ਖ਼ਾਸ ਬਸਤਰਾਂ ਵਜੋਂ ਤਿਆਰ ਕੀਤੇ ਜਾਂਦੇ ਹਨ । ਇਹਨਾਂ ਨੂੰ ਗੋਟੇ ਲਗਾਏ ਜਾਂਦੇ ਹਨ । ਕਸੀਦਾਕਾਰੀ ਕੀਤੀ ਜਾਂਦੀ ਹੈ । ਗੁੱਡੀ ਅਤੇ ਗੁੱਡੇ ਨੂੰ ਇੱਕ ਦੂਜੇ ਨਾਲੋਂ ਵੱਧ ਸੁਹੱਪਣ ਦੇਣ ਦਾ ਯਤਨ ਕੀਤਾ ਜਾਂਦਾ ਹੈ । ਰੰਗ-ਬਰੰਗੇ ਪਟੋਲ੍ਹਿਆਂ ਨਾਲ ਸ਼ਿੰਗਾਰੇ ਗੁੱਡੀ-ਗੁੱਡਾ ਇਉਂ ਜਾਪਣ ਲੱਗ ਜਾਂਦੇ ਹਨ , ਜਿਵੇਂ ਹੁਣੇ ਬੋਲ ਪੈਣਗੇ । ਗੁੱਡੀ-ਗੁੱਡੇ ਨੂੰ ਸ਼ਿਲਪ-ਕਲਾ ਨਾਲ ਅਨੂਪਮ ਛੋਹਾਂ ਦਿੱਤੀਆਂ ਜਾਂਦੀਆਂ ਹਨ ।

        ਨਿੱਕੀਆਂ ਬਾਲੜੀਆਂ ਇਸ ਖੇਡ ਨੂੰ ਖੇਡਣ ਸਮੇਂ ਘਰ ਦੀਆਂ ਵੱਡੀ ਉਮਰ ਦੀਆਂ ਲੜਕੀਆਂ ਜਾਂ ਔਰਤਾਂ ਦੀ ਮਦਦ ਵੀ ਲੈਂਦੀਆਂ ਹਨ , ਕਿਉਂਕਿ ਉਹਨਾਂ ਨੂੰ ਆਪਣੇ ਬਚਪਨ ਵਿੱਚ ਇਸ ਪੜਾਅ ਵਿੱਚੋਂ ਨਿਕਲਣ ਕਾਰਨ ਇਸ ਖੇਡ ਦਾ ਚੰਗਾ-ਖ਼ਾਸਾ ਅਭਿਆਸ ਹੁੰਦਾ ਹੈ । ਵਿਆਹ ਦਾ ਕਾਰਜ ਰਚਿਆ ਹੋਣ ਕਰ ਕੇ ਘਰ ਵਿੱਚ ਉਹ ਸਾਰਾ ਸਮਾਨ ਉਪਲਬਧ ਕਰਵਾਇਆ ਜਾਂਦਾ ਹੈ , ਜਿਸ ਦੀ ਗੁੱਡੀ-ਗੁੱਡੇ ਨੂੰ ਜ਼ਰੂਰਤ ਹੁੰਦੀ ਹੈ । ਗਹਿਣਿਆਂ ਗੱਟਿਆਂ ਤੋਂ ਇਲਾਵਾ ਕਾਨਿਆਂ ਦਾ ਪਲੰਗ , ਮੇਜ਼-ਕੁਰਸੀਆਂ ਅਤੇ ਹੋਰ ਲੋੜੀਂਦਾ ਸਾਜ਼ੋ-ਸਮਾਨ ਨਕਲੀ ਤਿਆਰ ਕੀਤਾ ਜਾਂਦਾ ਹੈ ।

        ਗੁੱਡੀ-ਗੁੱਡੇ ਦੀ ਖੇਡ ਵਿੱਚ ਛੋਟੀ ਉਮਰ ਦੇ ਮੁੰਡੇ ਵੀ ਸ਼ਾਮਲ ਹੋ ਜਾਂਦੇ ਹਨ । ਕਿਸੇ ਰੁੱਖ ਹੇਠ , ਘਰ ਦੇ ਵਿਹੜੇ ਵਿੱਚ , ਛੱਤ ਤੇ , ਕਿਸੇ ਕੰਧ ਨਾਲ ਜਾਂ ਕਿਸੇ ਹੋਰ ਢੁੱਕਵੀਂ ਥਾਂ ਤੇ ਬਾਲ ਨਿੱਕੀਆਂ ਟੋਲੀਆਂ ਬਣਾ ਕੇ ਇਸ ਖੇਡ ਦੀ ਤਿਆਰੀ ਵਿੱਚ ਜੁੱਟ ਜਾਂਦੇ ਹਨ । ਇੱਕ ਧਿਰ ਗੁੱਡੀ ਬਣਾਉਂਦੀ ਹੈ ਅਤੇ ਦੂਜੀ ਧਿਰ ਗੁੱਡਾ । ਇਉਂ ਵੀ ਕਿਹਾ ਜਾ ਸਕਦਾ ਹੈ ਕਿ ਇੱਕ ਧਿਰ ਲਾੜੀ ਵਾਲੇ ਪਰਿਵਾਰ ਦੀ ਹੁੰਦੀ ਹੈ ਅਤੇ ਦੂਜੀ ਧਿਰ ਲਾੜੇ ਵਾਲੇ ਪਰਿਵਾਰ ਦੀ ਬਣ ਜਾਂਦੀ ਹੈ । ਕੋਈ ਬਾਲੜੀ ਸੱਸ ਬਣਦੀ ਹੈ , ਕੋਈ ਸਹੁਰਾ , ਕੋਈ ਭੈਣ ਬਣਦੀ ਹੈ , ਕੋਈ ਭਰਾ । ਇਸੇ ਤਰ੍ਹਾਂ ਭਾਬੀਆਂ , ਨਣਦਾਂ , ਦਿਉਰਾਣੀਆਂ , ਦਿਓਰ , ਜੇਠਾਣੀਆਂ , ਜੇਠ , ਮਾਸੀ , ਮਾਸੜ , ਚਾਚੇ , ਚਾਚੀਆਂ ਆਦਿ ਬਣਦੀਆਂ ਹਨ । ਇਸ ਤਰ੍ਹਾਂ ਉਹਨਾਂ ਨੂੰ ਭਾਂਤ-ਸੁਭਾਂਤੇ ਸਮਾਜਿਕ ਰਿਸ਼ਤਿਆਂ ਅਤੇ ਉਹਨਾਂ ਦੇ ਕਾਰਜਾਂ ਜ਼ੁੰਮੇਵਾਰੀਆਂ ਬਾਰੇ ਵੀ ਸੋਝੀ ਹੁੰਦੀ ਰਹਿੰਦੀ ਹੈ ।

        ਗੁੱਡੀ-ਗੁੱਡਾ ਮੁਕੰਮਲ ਰੂਪ ਵਿੱਚ ਤਿਆਰ ਕਰਨ ਪਿੱਛੋਂ ਉਹਨਾਂ ਦੇ ਰਿਸ਼ਤੇ ਦੀ ਗੱਲ ਤੁਰਦੀ ਹੈ । ਲਾੜੇ , ਭਾਵ ਗੁੱਡੇ ਵਾਲੀ ਧਿਰ ਦੇ ਕੁਝ ‘ ਜੀਅ’ ਭਾਵ ਗੁੱਡੀ ਵਾਲਿਆਂ ਦੇ ਫਰਜ਼ੀ ਮਿਥੇ ਘਰ ਜਾਂਦੇ ਹਨ , ਜਿੱਥੇ ਗੁੱਡੀ ਦੇ ‘ ਮਾਪੇ’ ਇਹਨਾਂ ਪਰਾਹੁਣਿਆਂ ਦੀ ਆਉ ਭਗਤ ਕਰਦੇ ਹਨ । ਰਿਸ਼ਤੇ ਬਾਰੇ ਗੱਲ ਪੱਕੀ ਹੋਣ ਤੇ ਗੁੱਡੀ ਦੇ ਹੱਥ ਤੇ ‘ ਰੁਪਿਆ ਧਰਨ’ ਦੀ ਫਰਜ਼ੀ ਅਰੰਭਿਕ ਰਸਮ ਨਿਭਾਈ ਜਾਂਦੀ ਹੈ । ‘ ਰੁਪਿਆ ਧਰਨਾ ਜਾਂ ਫੜਾਉਣਾ’ ਇੱਕ ਸਮਾਜਿਕ ਰਸਮ ਹੈ । ਜਦੋਂ ਦੋਵੇਂ ਧਿਰਾਂ ਕੁੜੀ ਅਤੇ ਮੁੰਡੇ ਦੇ ਰਿਸ਼ਤੇ ਲਈ ਰਾਜ਼ੀ ਹੋ ਜਾਂਦੀਆਂ ਹਨ ਤਾਂ ਸਭ ਅੰਗ-ਸਾਕਾਂ ਦੀ ਹਾਜ਼ਰੀ ਵਿੱਚ ਰੁਪਿਆ ਫੜਾਇਆ ਜਾਂਦਾ ਹੈ , ਜਿਸ ਤੋਂ ਭਾਵ ਇਹ ਹੁੰਦਾ ਹੈ ਕਿ ਇਸ ਰਸਮ ਨਾਲ ਰਿਸ਼ਤਾ ਪੱਕਾ ਹੋ ਗਿਆ ਹੈ । ਫਿਰ ਗੁੱਡੀ ਵਾਲੇ ਗੁੱਡੇ ਦੇ ਹੱਥ ਉਪਰ ਰੁਪਿਆ ਧਰਦੇ ਹਨ ਤੇ ਇਉਂ ਗੁੱਡੀ-ਗੁੱਡਾ ‘ ਲਾੜੀ-ਲਾੜਾ’ ਬਣਨ ਦੇ ਰਾਹ ਤੇ ਤੁਰਨ ਲੱਗਦੇ ਹਨ । ਮੰਗਣੀ ਦੇ ਪੱਕੀ ਹੁੰਦਿਆਂ ਹੀ ਫਰਜ਼ੀ ਘਰ ਵਿੱਚ ਵਿਆਹ ਦੀਆਂ ਤਿਆਰੀਆਂ ਜ਼ੋਰ-ਸ਼ੋਰ ਨਾਲ ਅਰੰਭ ਹੋ ਜਾਂਦੀਆਂ ਹਨ ।

        ਵਿਆਹ ਦੀਆਂ ਗਤੀਵਿਧੀਆਂ ਅਤੇ ਕਾਰਜ ਉਸੇ ਤਰ੍ਹਾਂ ਨਿਭਾਏ ਜਾਂਦੇ ਹਨ , ਜਿਵੇਂ ਸੱਚਮੁੱਚ ਹੀ ਕੋਈ ਵਿਆਹ ਹੋ ਰਿਹਾ ਹੋਵੇ । ਵਿਆਹੁਲੀ ਦੇ ਘਰ ‘ ਸੁਹਾਗ’ ਅਤੇ ‘ ਵਿਆਹੁਲੇ ਦੇ ਘਰ ‘ ਘੋੜੀਆਂ’ ਗੂੰਜਣ ਲੱਗਦੀਆਂ ਹਨ । ਸੁਹਾਗ ਅਤੇ ਘੋੜੀਆਂ ਵਿਆਹ ਦੇ ਗੀਤ ਹੁੰਦੇ ਹਨ । ਬਰਾਤ ਵੀ ਆਉਂਦੀ ਹੈ । ਸਿਠਣੀਆਂ ਲਾੜੀ ਵਾਲੀ ਧਿਰ ਵੱਲੋਂ ਲਾੜੇ ਵਾਲੀ ਧਿਰ ਨੂੰ ਦਿੱਤੀਆਂ ਜਾਂਦੀਆਂ ਹਨ । ਹਾਸੇ ਠੱਠੇ ਦਾ ਮਾਹੌਲ ਪੈਦਾ ਕੀਤਾ ਜਾਂਦਾ ਹੈ । ਉਹਨਾਂ ਦੇ ਅਨੰਦ ਕਾਰਜ ਜਾਂ ਫੇਰਿਆਂ ਦੀ ਝੂਠੀ-ਮੂਠੀ ਰਸਮ ਕੀਤੀ ਜਾਂਦੀ ਹੈ । ਪਾਕਿਸਤਾਨੀ ਪੰਜਾਬ ਵਿੱਚ ਇਹ ਰਸਮ ‘ ਹੱਕ ਮਿਹਰ’ ਦੀ ਰਸਮ ਅਖਵਾਉਂਦੀ ਹੈ । ਉੱਥੇ ਇੱਕ ਲੜਕਾ ਆਪਣੇ ਮੂੰਹ ਤੇ ਮੱਕੀ ਦੀ ਛੱਲੀ ਦੇ ਵਾਲਾਂ ਦੀ ਨਕਲੀ ਦਾੜ੍ਹੀ ਲਗਾ ਲੈਂਦਾ ਹੈ ਅਤੇ ‘ ਕਾਜੀ’ ਬਣ ਕੇ ਦੋਵਾਂ ਧਿਰਾਂ ਦੇ ਨਿਕਾਹ ਪੜ੍ਹਾਉਂਦਾ ਹੈ । ਇਹਨਾਂ ਰਸਮਾਂ ਤੋਂ ਬਾਅਦ ਬਰਾਤੀ ਫਰਜ਼ੀ ਰੋਟੀ ਪਾਣੀ ਖਾਂਦੇ ਹਨ ਅਤੇ ਲਾੜੀ ਨੂੰ ਦਾਜ ਅਤੇ ਹੋਰ ਤੋਹਫ਼ਿਆਂ ਨਾਲ ਵਿਦਾ ਕੀਤਾ ਜਾਂਦਾ ਹੈ । ਗੁੱਡੀ ਦੇ ਵਿਆਹ ਉਪਰੰਤ ਇਹ ਖੇਡ ਸਮਾਪਤ ਹੋ ਜਾਂਦੀ ਹੈ ਅਤੇ ਫਿਰ ਆਉਣ ਵਾਲੇ ਦਿਨਾਂ ਵਿੱਚ ਗੁੱਡੀ-ਗੁੱਡੇ ਦੀ ਖੇਡ ਖੇਡਣ ਵਾਸਤੇ ਦੋਵਾਂ ਨੂੰ ਕਿਸੇ ਵੱਡੇ ਕੱਪੜੇ ਵਿੱਚ ਲਪੇਟ ਕੇ ਸਾਂਭ ਲਿਆ ਜਾਂਦਾ ਹੈ । ਵਿਆਹ ਲਈ ਇਕੱਠਾ ਕੀਤਾ ਬਾਕੀ ਨਿੱਕ-ਸੁੱਕ ਇੱਕ ਡੱਬੇ ਵਿੱਚ ਰੱਖ ਲਿਆ ਜਾਂਦਾ ਹੈ । ਇਹ ਖੇਡ ਬਾਲੜੀਆਂ ਵਿੱਚ ਆਪਣੇ ਘਰ ਅਤੇ ਪਰਿਵਾਰ ਪ੍ਰਤਿ ਮੋਹ ਮੁਹੱਬਤ ਦਾ ਅਹਿਸਾਸ ਜਗਾਉਂਦੀ ਹੈ ।

        ਗੁੱਡੀ-ਗੁੱਡੇ ਦੀ ਖੇਡ ਰਾਹੀਂ ਬਾਲੜੀਆਂ ਨੂੰ ਵਿਆਹ ਸੰਬੰਧੀ ਨਿਭਾਈਆਂ ਜਾਣ ਵਾਲੀਆਂ ਰਸਮਾਂ ਜਿਵੇਂ ਦਾਜ ਇਕੱਤਰ ਕਰਨਾ , ਚੁੱਲ੍ਹਾ ਚੌਂਕਾ ਕਰਨਾ , ਇੱਕ ਦੂਜੀ ਧਿਰ ਦੀ ਖ਼ਾਤਰਦਾਰੀ ਕਰਨੀ , ਮੁਕਲਾਵਾ , ਧੀ ਨੂੰ ਵਿਦਾ ਕਰਨਾ , ਨੂੰਹ ਨੂੰ ਵਿਆਹ ਕੇ ਲਿਆਉਣਾ , ਨਵਾਂ ਘਰ ਵਸਾਉਣਾ ਅਤੇ ਹੋਰ ਅਨੇਕ ਨਿੱਕੀਆਂ-ਵੱਡੀਆਂ ਰਹੁ- ਰੀਤਾਂ ਰਾਹੀਂ ਜਾਣਕਾਰੀ ਹਾਸਲ ਕਰਦੀਆਂ ਹਨ ਅਤੇ ਸਮਾਜਿਕ ਤੌਰ ਤੇ ਚੇਤੰਨ ਹੁੰਦੀਆਂ ਹਨ । ਉਹਨਾਂ ਨੂੰ ਰੰਗਾਂ ਦੀ ਪਛਾਣ ਵੀ ਹੋਣ ਲੱਗਦੀ ਹੈ । ਲਾੜੀ ਵਾਸਤੇ ਕਿਹੜੇ ਰੰਗ ਦੇ ਕੱਪੜੇ ਅਤੇ ਲਾੜੇ ਵਾਸਤੇ ਕਿਹੜੇ ਰੰਗ ਦੀ ਪੁਸ਼ਾਕ ਉਚਿਤ ਰਹੇਗੀ , ਇਸ ਬਾਰੇ ਉਹਨਾਂ ਦੀ ਵਾਕਫ਼ੀਅਤ ਵਧਦੀ ਹੈ ਅਤੇ ਵਿਆਹ ਦੇ ਸੁਭਾਗੇ ਮੌਕੇ ਤੇ ਕੱਪੜਿਆਂ ਦੇ ਰੰਗਾਂ ਦੀ ਚੋਣ ਕਰਨ ਦਾ ਨਿਰਣਾ ਲੈਣਾ ਆਉਂਦਾ ਹੈ । ਉਹ ਇਸ ਖੇਡ ਨੂੰ ਖੇਡਦੀਆਂ ਵੱਡੀਆਂ ਹੋ ਕੇ ਪਤੀ-ਪਤਨੀ ਦੇ ਸਮਾਜਿਕ ਰਿਸ਼ਤੇ ਨੂੰ ਪ੍ਰਵਾਨ ਕਰਨ ਲਈ ਤਿਆਰ ਹੋ ਜਾਂਦੀਆਂ ਹਨ । ਜਦੋਂ ਉਹ ਬਾਰਾਂ-ਤੇਰਾਂ ਸਾਲ ਦੀ ਉਮਰ ਵਿੱਚ ਦਾਖ਼ਲ ਹੁੰਦੀਆਂ ਹਨ ਤਾਂ ਉਹਨਾਂ ਵਾਸਤੇ ‘ ਗੁੱਡੀ-ਗੁੱਡੇ’ ਦੀ ਇਹ ਖੇਡ ‘ ਤ੍ਰਿੰਝਣ’ ਵਿੱਚ ਬਦਲ ਜਾਂਦੀ ਹੈ । ਉਹ ਖ਼ਿਆਲਾਂ ਵਿੱਚ ਚਰਖੇ ਦੇ ਤਿੰਨ ਰੰਗਦਾਰ ਪਾਵਿਆਂ ਜਿਨ੍ਹਾਂ ਵਿੱਚ ਤੱਕਲਾ ਘੁੰਮਦਾ ਹੈ , ਨੂੰ ‘ ਗੁੱਡੀਆਂ’ , ਚਰਖੇ ਦੇ ਚੱਕਰ ਦੇ ਆਸੇ-ਪਾਸੇ ਦੇ ਦੋਵੇਂ ਪਾਵਿਆਂ , ਭਾਵ ‘ ਮੁੰਨਿਆਂ’ ਨੂੰ ‘ ਗੁੱਡੇ’ ਅਤੇ ‘ ਪੂਣੀਆਂ’ ਨੂੰ ਪਟੋਲਿਆਂ ਵਜੋਂ ਸਮਝਣ ਲੱਗਦੀ ਹੈ । ਇਉਂ ਉਹ ਇਸ ਖੇਡ ਵਿਧੀ ਰਾਹੀਂ ਜੀਵਨ ਦੇ ਕਠੋਰ ਸੱਚ ਨੂੰ ਵੀ ਸਵੀਕਾਰ ਕਰ ਲੈਂਦੀਆਂ ਹਨ । ਯੋਗ ਹੋਣ ਤੇ ਉਸ ਦਾ ਵਿਆਹ ਹੋਣ ਉਪਰੰਤ ਉਸ ਦੀ ਮਾਂ ਉਹਦੀਆਂ ਗੁੱਡੀਆਂ ਪਟੋਲੇ ਸਾਂਭ ਲੈਂਦੀ ਹੈ । ਸਮਾਂ ਆਉਣ ਤੇ ਜਦੋਂ ਉਹਦੀ ਮਾਂ ਨੂੰ ਇਕਾਂਤ ਵੱਢ-ਵੱਢ ਖਾਣ ਲੱਗਦਾ ਹੈ ਤਾਂ ਮਾਂ ਉਹਦੇ ਗੁੱਡੀ ਪਟੋਲਿਆਂ ਨੂੰ ਤੱਕ-ਤੱਕ ਹੰਝੂ ਵਹਾਉਂਦੀ ਹੈ । ਦੂਜੇ ਪਾਸਿਉਂ ਕਈ ਵਾਰ ਆਪਣੇ ਸਹੁਰੇ ਘਰ ਦੁਖੀ ਹੋਈ ਮੁਟਿਆਰ ਕੋਠੇ ਉਪਰ ਆ ਕੇ ਬੈਠੇ ਕਾਂ ਨੂੰ ਇਉਂ ਸੁਨੇਹਾ ਦਿੰਦੀ ਹੈ :

ਉੱਡੀ ਉੱਡੀ ਕਾਲਿਆਂ ਵੇ ਕਾਵਾਂ ,

ਬਹਿੰਦਾ ਵੀ ਜਾਈ ਮੇਰੇ ਪੇਕੜੇ ।

ਇੱਕ ਨਾ ਦੱਸੀ ਹਾਲ ਮੇਰਾ ਤੂੰ ।

ਮੇਰੀ ਮਾਂ ਨੂੰ ,

ਰੋਵੇਗੀ ਮੇਰੀਆਂ ਗੁੱਡੀਆਂ ਪਟੋਲੇ , ਫੋਲ ਕੇ ।

                ਜਾਂ

ਤੇਰੇ ਮਹਿਲਾਂ ਦੇ ਵਿੱਚ ਵਿੱਚ ਵੇ ,

ਬਾਬਲ ਗੁੱਡੀਆਂ ਕੌਣ ਖੇਡੇ ?

        ਗੁੱਡੀਆਂ ਪਟੋਲਿਆਂ ਦੀ ਖੇਡ ਵਿੱਚ ਹੀ ‘ ਗੁੱਡੀ-ਗੁੱਡਾ ਪਿੱਟਣ’ ਦੀ ਰਸਮ ਵੀ ਸ਼ਾਮਲ ਕਰ ਜਾਂਦੀ ਹੈ । ਜਦੋਂ ਦੇਰ ਤੋਂ ਮੀਂਹ ਨਾ ਪਿਆ ਹੋਵੇ ਤਾਂ ਗਲੀ-ਮੁਹੱਲੇ ਦੀਆਂ ਬਾਲੜੀਆਂ ਗੁੱਡੀ-ਗੁੱਡਾ ਬਣਾ ਕੇ ਉਸ ਨੂੰ ਪਿੱਟਦੀਆਂ ਹੋਈਆਂ ਰੋਣ ਦਾਂ ਸਵਾਂਗ ਰਚਦੀਆਂ ਹਨ ਅਤੇ ਇਉਂ ਕੀਰਨਾ ਪਾਉਂਦੀਆਂ ਹਨ :

                  ਗੁੱਡੀ ਗੁੱਡਾ ਪਿੱਟਿਆ , ਵਸ ਮੀਹਾਂ ਚਿੱਟਿਆ ।

        ਗੁੱਡੀ ਤੇ ਗੁੱਡੇ ਨੂੰ ਚੁੱਕ ਕੇ ਪਿੰਡੋਂ ਬਾਹਰ ਲਿਜਾ ਕੇ ਕਿਸੇ ਟੋਭੇ ਜਾਂ ਸ਼ਮਸ਼ਾਨ ਘਾਟ ਆਦਿ ਵੱਲ ਕਿਸੇ ਢੁੱਕਵੀਂ ਥਾਂ ਤੇ ਸਾੜਦੀਆਂ ਹੋਈਆਂ ਇਹ ਕੀਰਨਾ ਨੁਮਾ ਟੱਪਾ ਫਿਰ ਉਚਾਰਿਆ ਜਾਂਦਾ ਹੈ :

ਗੁੱਡੀ ਗੁੱਡਾ ਸਾੜਿਆ ,

ਵਸ ਮੀਹਾਂ ਕਾਲਿਆ ।

ਗੁੱਡੀ ਚੜ੍ਹ ਗਈ ਚੁਬਾਰੇ ।

ਗੁੱਡਾ ਗਿਣ ਗਿਣ ਹਾਕਾਂ ਮਾਰੇ ।

ਗੁੱਡੀ ਮੋਰਨੀਏ ।

ਹਾਇ ਹਾਇ ਗੁੱਡੀਏ ਮੋਰਨੀਏ ।

        ਗੁੱਡੀ-ਗੁੱਡਾ ਸਾੜਨ ਦੀ ਇਸ ਖੇਡ ਪਿੱਛੇ ਇਹ ਧਾਰਨਾ ਵੀ ਕਾਰਜਸ਼ੀਲ ਹੈ ਕਿ ਮਸੂਮ ਬਾਲੜੀਆਂ ਨੂੰ ਜਦੋਂ ਇੰਦਰ ਦੇਵਤਾ ( ਜੋ ਵੈਦਿਕ ਕਾਲ ਤੋਂ ਵਰਖਾ ਦੇ ਦੇਵਤੇ ਦੇ ਤੌਰ ਤੇ ਜਾਣਿਆ ਜਾਂਦਾ ਹੈ ਅਤੇ ਆਪਣੀ ਸ਼ਕਤੀ ਨਾਲ ਬੱਦਲਾਂ ਦੇ ਪੱਲੇ ਵਿੱਚੋਂ ਮੀਂਹ ਵਸਾਉਣ ਦੇ ਸਮਰੱਥ ਹੈ ) , ਮੱਥੇ ਛਾਤੀ ਤੇ ਹੱਥ ਮਾਰ-ਮਾਰ ਕੇ ਇਉਂ ਵਿਰਲਾਪ-ਰੁਦਨ ਕਰਦਾ ਤੱਕੇਗਾ ਜਾਂ ਉਹ ਤਰਸ ਖਾ ਕੇ ਮੀਂਹ ਵਰ੍ਹਾ ਦੇਵੇਗਾ ।

        ਕਈ ਵਾਰ ਜਾਦੂ-ਟੂਣਾ ਕਰਨ ਵਾਲੇ ਵਿਅਕਤੀ ਵੀ ਲੀਰਾਂ ਦੇ ਬਣਾਏ ‘ ਗੁੱਡੇ’ ਨੂੰ ਆਪਣੇ ਮੰਤਰਾਂ ਦੀ ਸਿੱਧੀ ਵਾਸਤੇ ਵਰਤਦੇ ਹਨ । ਉਹ ਜਿਸ ਵੀ ਵਿਅਕਤੀ ਦਾ ਨੁਕਸਾਨ ਕਰਨਾ ਚਾਹੁੰਦੇ ਹੋਣ , ਗੁੱਡੇ ਨੂੰ ਹੂ-ਬਹੂ ਉਸੇ ਦੀ ਸ਼ਕਲ ਦਾ ਬਣਾਉਂਦੇ ਹਨ ਅਤੇ ਫਿਰ ਉਸ ਦੇ ਸਰੀਰ ਨੂੰ ਅੱਗ ਵਿੱਚ ਗਰਮ ਕਰਨ ਉਪਰੰਤ ਉਸ ਦੇ ਤਿੱਖੀਆਂ ਮੇਖਾਂ-ਸੂਈਆਂ ਚੋਭਦੇ ਹਨ । ਅਜਿਹਾ ਕਰਨ ਨਾਲ ਉਹਨਾਂ ਦਾ ਵਿਸ਼ਵਾਸ ਹੁੰਦਾ ਹੈ ਕਿ ਇਹ ਮੇਖਾਂ-ਸੂਈਆਂ ਗੁੱਡੀਆਂ-ਪਟੋਲੇ ਦੇ ਬਣਾਏ ਗੁੱਡੇ ਨੂੰ ਨਹੀਂ ਸਗੋਂ ਆਪਣੇ ਵਿਰੋਧੀ ਵਿਅਕਤੀ ਦੇ ਚੁੱਭ ਰਹੇ ਹਨ । ਪਾਕਿਸਤਾਨ ਵਿੱਚ ਵੱਸਦੇ ਪੰਜਾਬੀ ਬੋਲਦੇ ਇਲਾਕੇ ਖ਼ਾਸ ਕਰ ਕੇ ਲਾਹੌਰ , ਸ਼ੇਖਪੂਰਾ , ਗੁੱਜਰਾਂਵਾਲਾ ਅਤੇ ਤਹਿਸੀਲ ਸ਼ੱਕਰਗੜ੍ਹ ਵਿੱਚ ਵੀ ਬਾਲੜੀਆਂ ਵੱਲੋਂ ਗੁੱਡੀਆਂ ਪਟੋਲੇ ਦੀ ਖੇਡ ਖੇਡੀ ਜਾਂਦੀ ਰਹੀ ਹੈ । ਪੰਜਾਬ ਦੇ ਗੁਆਂਢੀ ਸੂਬੇ ਰਾਜਸਥਾਨ ਵਿੱਚ ਬਹੁਤ ਸਾਰੇ ਵਿਅਕਤੀ ਇਹਨਾਂ ਗੁੱਡੀ-ਪਟੋਲਿਆਂ ਦਾ ਨਾਚ ਕਰਵਾ ਕੇ ਰੋਟੀ-ਰੋਜ਼ੀ ਵੀ ਕਮਾ ਰਹੇ ਹਨ , ਜਿਸ ਨੂੰ ਪੁਤਲੀ ਤਮਾਸ਼ਾ ਕਿਹਾ ਜਾਂਦਾ ਹੈ ।


ਲੇਖਕ : ਦਰਸ਼ਨ ਸਿੰਘ ਆਸ਼ਟ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1816, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.