ਗੋਰਖਨਾਥ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਗੋਰਖਨਾਥ : ਇਹ ਉੱਤਰੀ ਭਾਰਤ ਦਾ ਉਹ ਸਸ਼ਕਤ ਧਰਮ-ਸਾਧਕ ਸੀ ਜਿਸ ਨੇ ਆਪਣੇ ਪ੍ਰਤਾਪ ਨਾਲ ਕਾਬੁਲ ਤੋਂ ਬੰਗਾਲ ਤਕ ਯੋਗ-ਮਤ ਦਾ ਦ੍ਰਿੜ੍ਹਤਾ ਪੂਰਵਕ ਪ੍ਰਚਾਰ ਕੀਤਾ । ਇਸ ਵਿਚ ਸ਼ਕ ਨਹੀਂ ਕਿ ਮਛੰਦ੍ਰਨਾਥ ਨੂੰ ਯੋਗਮਤ ਦਾ ਮੋਢੀ ਮੰਨਿਆ ਜਾਂਦਾ ਹੈ , ਪਰ ਇਸ ਮਤ ਨੂੰ ਵਿਕਸਿਤ ਹੋਣ ਵਿਚ ਮੁੱਖ ਯੋਗਦਾਨ ਗੋਰਖਨਾਥ ਦਾ ਹੈ । ਇਸ ਲਈ ਕਈ ਵਾਰ ਨਾਥ-ਮਤ ਨੂੰ ਗੋਰਖ-ਮਤ ਵੀ ਕਹਿ ਦਿੱਤਾ ਜਾਂਦਾ ਹੈ । ਖੇਦ ਦੀ ਗੱਲ ਹੈ ਕਿ ਇਸ ਸਾਧਕ ਦੇ ਜੀਵਨ ਬਾਰੇ ਕੋਈ ਪ੍ਰਮਾਣਿਕ ਸਾਮਗ੍ਰੀ ਉਪਲਬਧ ਨਹੀਂ ਹੈ । ਜੋ ਕੁਝ ਮਿਲਦਾ ਹੈ ਉਸ ਨੂੰ ਰਵਾਇਤਾਂ ਤੋਂ ਬਿਨਾ ਕੁਝ ਨਹੀਂ ਕਿਹਾ ਜਾ ਸਕਦਾ । ਪਰ ਉਸ ਦੀ ਸਥਾਨ-ਪੂਰਤੀ ਕਿਸੇ ਹੋਰ ਸਾਧਨ ਰਾਹੀਂ ਨ ਹੋ ਸਕਣ ਕਾਰਣ ਉਸੇ ਨੂੰ ਆਧਾਰ ਬਣਾਉਣਾ ਪੈਂਦਾ ਹੈ ।

                      ਗੋਰਖਨਾਥ ਦੇ ਜਨਮ-ਸਥਾਨ ਬਾਰੇ ਇਕ ਇਹ ਧਾਰਣਾ ਪ੍ਰਚਲਿਤ ਹੈ ਕਿ ਇਨ੍ਹਾਂ ਦਾ ਜਨਮ ਰਾਵਲਪਿੰਡੀ ਦੀ ਤਹਿਸੀਲ ਗੁਜਰਖ਼ਾਨ ਦੇ ਕਿਸੇ ਪਿੰਡ ਵਿਚ ਹੋਇਆ ਸੀ ਅਤੇ ਇਹ ਅਧਿਕਤਰ ਪੰਜਾਬ ਦੀ ਧਰਤੀ ਉਤੇ ਵਿਚਰਿਆ ਸੀ । ਪਰ ਕੁਝ ਵਿਦਵਾਨ ਇਸ ਨੂੰ ਪੰਜਾਬ ਵਿਚ ਬਾਹਰੋਂ ਆਇਆ ਮੰਨਦੇ ਹਨ । ਇਸ ਦੀ ਜਾਤਿ ਨੂੰ ਕੋਈ ਨੀਵੀਂ ਦਸਦਾ ਹੈ , ਕੋਈ ਸੁਨਿਆਰਾ ਕਹਿੰਦਾ ਹੈ ਅਤੇ ਕੋਈ ਬ੍ਰਾਹਮਣਅਸਲ ਵਿਚ , ਇਹ ਇਕ ਘੁਮੱਕੜ ਸਾਧ ਸੀ । ਕਿਸੇ ਇਕ ਥਾਂ ਟਿਕਣਾ ਉਸ ਲਈ ਸੰਭਵ ਨਹੀਂ ਸੀ । ਇਸ ਲਈ ਜਿਥੇ ਜਿਥੇ ਇਹ ਗਿਆ , ਇਸ ਦੇ ਨਾਂ ਨਾਲ ਸੰਬੰਧਿਤ ਸਥਾਨ ਅਥਵਾ ਧਾਮ ਕਾਇਮ ਹੋ ਗਏ ਅਤੇ ਸਮੇਂ ਦੇ ਬੀਤਣ ਨਾਲ ਕਈਆਂ ਸਥਾਨਾਂ ਨੂੰ ਇਨ੍ਹਾਂ ਦੇ ਜਨਮ-ਸਥਾਨ ਨਾਲ ਜੋੜ ਦਿੱਤਾ ਗਿਆ ।

                      ਗੋਰਖਨਾਥ ਦੇ ਸਮੇਂ ਬਾਰੇ ਵੀ ਵਿਦਵਾਨਾਂ ਵਿਚ ਮਤ-ਭੇਦ ਹੈ । ਅਨੇਕ ਪ੍ਰਕਾਰ ਦੇ ਅਨੁਮਾਨਾਂ , ਅਸਪੱਸ਼ਟ ਬਾਹਰਲੇ ਪ੍ਰਮਾਣਾਂ ਅਤੇ ਲੋਕ-ਰਵਾਇਤਾਂ ਦੇ ਆਧਾਰ’ ਤੇ ਵਿਦਵਾਨਾਂ ਨੇ ਆਪਣੇ ਅੰਦਾਜ਼ੇ ਲਗਾਏ ਹਨ । ਇਨ੍ਹਾਂ ਸਾਰਿਆਂ ਮਤਾਂ ਦੇ ਆਧਾਰ’ ਤੇ ਜੋ ਗੱਲ ਨਿਖੜ ਕੇ ਸਾਹਮਣੇ ਆਉਂਦੀ ਹੈ , ਉਹ ਇਹ ਕਿ ਗੋਰਖਨਾਥ ਦਸਵੀਂ-ਯਾਰ੍ਹਵੀਂ ਸਦੀ ਵਿਚ ਹੋਇਆ ਸੀ । ਇਹ ਮਛੰਦ੍ਰਨਾਥ ਦਾ ਚੇਲਾ ਸੀ ਜਾਂ ਛੋਟਾ ਗੁਰਭਾਈ , ਇਸ ਬਾਰੇ ਵੀ ਵਿਵਾਦ ਪ੍ਰਚਲਿਤ ਹੈ । ਜੋ ਵੀ ਹੋਏ , ਗੋਰਖਨਾਥ ਮਛੰਦ੍ਰਨਾਥ ਦੇ ਨਿਕਟ ਸੰਪਰਕ ਵਿਚ ਰਿਹਾ ਸੀ ਅਤੇ ਉਸ ਦਾ ਸਮਕਾਲੀ ਸੀ; ਉਮਰ ਵਿਚ ਉਸ ਤੋਂ ਛੋਟਾ ਸੀ । ਇਸ ਬਾਰੇ ਆਪਣੇ ਗੁਰੂ ਅਥਵਾ ਗੁਰਭਾਈ ਮਛੰਦ੍ਰਨਾਥ ਨੂੰ ਤ੍ਰਿਆ-ਜਾਲ ਤੋਂ ਮੁਕਤ ਕਰਾਉਣ ਦੀ ਸਾਖੀ ਵੀ ਪ੍ਰਚਲਿਤ ਹੈ ।

                      ਗੋਰਖਨਾਥ ਆਪਣੇ ਸਮੇਂ ਦਾ ਬੜਾ ਪ੍ਰਤਾਪੀ ਅਤੇ ਤੇਜਸਵੀ ਸਾਧਕ ਸੀ । ਇਸ ਨੇ ਸਾਰੇ ਭਾਰਤ , ਤਿੱਬਤ ਅਤੇ ਨੇਪਾਲ ਤਕ ਭ੍ਰਮਣ ਕੀਤਾ ਅਤੇ ਦ੍ਰਿੜ੍ਹ ਪ੍ਰਚਾਰ ਰਾਹੀਂ ਯੋਗ ਮਤ ਦਾ ਝੰਡਾ ਗਡਿਆ । ਕਈ ਰਾਜੇ ਵੀ ਇਸ ਤੋਂ ਪ੍ਰਭਾਵਿਤ ਹੋਏ ਅਤੇ ਆਪਣਾ ਰਾਜ-ਭਾਗ ਛਡ ਕੇ ਇਸ ਦੇ ਪਿਛੇ ਲਗ ਤੁਰੇ । ਉਂਜ ਤਾਂ ਸਾਰੇ ਭਾਰਤ ਦੇਸ਼ ਅਤੇ ਨਿਕਟ-ਵਰਤੀ ਦੇਸ਼ਾਂ ਵਿਚ ਇਸ ਦੇ ਨਾਂ ਨਾਲ ਸੰਬੰਧਿਤ ਸਥਾਨ ਅਥਵਾ ਧਾਮ ਮਿਲ ਜਾਂਦੇ ਹਨ , ਪਰ ਇਸ ਦਾ ਪ੍ਰਮੁਖ ਧਾਮ ਉਤਰ ਪ੍ਰਦੇਸ਼ ਦਾ ਗੋਰਖਪੁਰ ਨਗਰ ਹੈ । ਕਹਿੰਦੇ ਹਨ ਇਥੇ ਗੋਰਖਨਾਥ ਨੇ ਬਹੁਤ ਤਪਸਿਆ ਕੀਤੀ ਸੀ ਅਤੇ ਇਥੇ ਹੀ ਇਸ ਨੂੰ ਸਮਾਧੀ ਦਿੱਤੀ ਗਈ ਸੀ । ਇਥੇ ਹੁਣ ਕੰਨਪਾਟੇ ਸਾਧੂ ਰਹਿੰਦੇ ਹਨ ।

                      ਗੋਰਖਨਾਥ ਨੂੰ ਨੇਪਾਲ ਵਿਚ ਪਸ਼ੂਪਤਿ ਦਾ ਅਵਤਾਰ ਮੰਨਿਆ ਜਾਂਦਾ ਹੈ । ਅਨੇਕ ਥਾਂਵਾਂ ਉਤੇ ਇਸ ਦੇ ਨਾਂ ਨਾਲ ਸੰਬੰਧਿਤ ਆਸ਼੍ਰਮ ਬਣੇ ਹੋਏ ਹਨ । ਇਸ ਦੇ ਨਾਂ’ ਤੇ ਸਿੱਕੇ ਵੀ ਪ੍ਰਚਲਿਤ ਰਹੇ ਹਨ । ਇਸ ਦੇ ਨਾਂ’ ਤੇ ਹੀ ਨੇਪਾਲ ਵਾਸੀ ਗੋਰਖੇ ਅਖਵਾਉਣ ਲਗੇ ਹਨ ।

ਗੋਰਖਨਾਥ ਦਾ ਵਿਅਕਤਿਤਵ ਯੁਗ-ਪੁਰਸ਼ ਵਾਲਾ ਸੀ । ਇਸ ਨੇ ਜਿਥੇ ਚਰਣ ਟੇਕ ਦਿੱਤੇ , ਜਨਤਾ ਨੇ ਉਸ ਮਿੱਟੀ ਨੂੰ ਵੀ ਮੱਥੇ ਉਤੇ ਲਾਇਆ । ਅਜਿਹਾ ਕਿਉਂ ਹੋਇਆ ? ਇਸ ਲਈ ਕਿ ਸਾਧਨਾ ਦੇ ਬਲ ’ ਤੇ ਗੋਰਖਨਾਥ ਇਤਨਾ ਉੱਚਾ ਉਠ ਗਿਆ ਸੀ ਕਿ ਇਸ ਦੇ ਕਥਨ ਵਿਚ ਇਕ ਅਲੌਕਿਕ ਸ਼ਕਤੀ ਪੈਦਾ ਹੋ ਗਈ । ਇਸ ਨੇ ਜੋ ਕਹਿ ਦਿੱਤਾ , ਪੂਰਾ ਹੋ ਗਿਆ । ਇਸ ਲਈ ਇਸ ਦੇ ਨਾਂ ਨਾਲ ਅਨੇਕ ਚਮਤਕਾਰਪੂਰਣ ਘਟਨਾਵਾਂ ਜੁੜ ਗਈਆਂ । ਇਹ ਨਰ ਤੋਂ ਨਾਰਾਇਣ ਬਣਦਾ ਗਿਆ । ਆਪਣੀ ਮੰਤ੍ਰ-ਸ਼ਕਤੀ ਰਾਹੀਂ ਇਹ ਮਨੁੱਖਾਂ ਨੂੰ ਤਾਂ ਕੀ ਪਸ਼ੂਆਂ ਨੂੰ ਵੀ ਵਸ ਵਿਚ ਕਰ ਸਕਦਾ ਸੀ । ਗੋਰਖਨਾਥ ਲੋਕਾਂ ਦੇ ਸ਼ਰੀਰਿਕ ਕਸ਼ਟਾਂ ਦਾ ਵੀ ਨਿਵਾਰਣ ਕਰਦਾ ਰਹਿੰਦਾ ਸੀ । ਇਸ ਲਈ ਕਿਸੇ ਔਸ਼ੁਧੀ ਦੀ ਵਰਤੋਂ ਨਹੀਂ ਸੀ ਕੀਤੀ ਜਾਂਦੀ , ਸਗੋਂ ਸੁਆਹ ਦੀ ਚੁਟਕੀ ਹੀ ਸੰਜੀਵਨੀ ਦਾ ਰੂਪ ਧਾਰਣ ਕਰ ਲੈਂਦੀ ਸੀ ।

                      ਗੋਰਖਨਾਥ ਹਰ ਪ੍ਰਕਾਰ ਦੇ ਵਿਸ਼ਵਾਸਾਂ ਅਥਵਾ ਧਰਮਾਂ ਵਾਲਿਆਂ ਪ੍ਰਤਿ ਕਿਸੇ ਪ੍ਰਕਾਰ ਦਾ ਕੋਈ ਭੇਦ-ਭਾਵ ਨਹੀਂ ਸੀ ਰਖਦਾ । ਇਸ ਲਈ ਸਭ ਸਮਾਨ ਸਨ । ਇਹੀ ਕਾਰਣ ਹੈ ਕਿ ਇਸ ਦੇ ਅਨੁਯਾਈਆਂ ਵਿਚ ਹਰ ਵਿਸ਼ਵਾਸ ਵਾਲੇ ਲੋਕ ਸ਼ਾਮਲ ਸਨ । ਇਹ ਵਾਸਨਾਵਾਂ ਤੋਂ ਮੁਕਤ , ਚਿੱਤ- ਵ੍ਰਿੱਤੀਆਂ ਨੂੰ ਠਿਕਾਣੇ ਰਖਣ ਵਾਲਾ ਇਕ ਅਜਿਹਾ ਯੋਗੀ ਸੀ ਜਿਸ ਬਾਰੇ ਡਾ. ਹਜ਼ਾਰੀ ਪ੍ਰਸਾਦ ਦ੍ਵਿਵੇਦੀ ( ‘ ਨਾਥ- ਸੰਪ੍ਰਦਾਇ ’ , ਪੰਨਾ 106 ) ਦੀ ਸਥਾਪਨਾ ਹੈ ਕਿ ਬਿਕਰਮੀ ਸੰਮਤ ਦੀ ਦਸਵੀਂ ਸਦੀ ਵਿਚ ਭਾਰਤ-ਵਰਸ਼ ਦੇ ਮਹਾਨ ਗੁਰੂ ਗੋਰਖਨਾਥ ਦਾ ਜਨਮ ਹੋਇਆ । ਸ਼ੰਕਰਾਚਾਰਯ ਤੋਂ ਬਾਦ ਇਤਨਾ ਪ੍ਰਭਾਵਸ਼ਾਲੀ ਅਤੇ ਇਤਨਾ ਮਹਿਮਾਮਈ ਮਹਾਪੁਰਸ਼ ਭਾਰਤ-ਵਰਸ਼ ਵਿਚ ਦੂਜਾ ਨਹੀਂ ਹੋਇਆ । ਭਾਰਤ ਦੇ ਕੋਨੇ ਕੋਨੇ ਵਿਚ ਉਸ ਦੇ ਅਨੁਯਾਈ ਅਜ ਵੀ ਮਿਲ ਜਾਂਦੇ ਹਨ । ਭਗਤੀ ਅੰਦੋਲਨ ਤੋਂ ਪਹਿਲਾਂ ਸਭ ਨਾਲੋਂ ਸ਼ਕਤੀਸ਼ਾਲੀ ਧਾਰਮਿਕ ਅੰਦੋਲਨ ਗੋਰਖਨਾਥ ਦਾ ਯੋਗ-ਮਾਰਗ ਹੀ ਸੀ । ਭਾਰਤ-ਵਰਸ਼ ਦੀ ਕੋਈ ਵੀ ਅਜਿਹੀ ਭਾਸ਼ਾ ਨਹੀਂ ਹੈ ਜਿਸ ਵਿਚ ਗੋਰਖਨਾਥ ਬਾਰੇ ਕਹਾਣੀਆਂ ਨ ਮਿਲਦੀਆਂ ਹੋਣ । ਇਨ੍ਹਾਂ ਕਹਾਣੀਆਂ ਵਿਚ ਪਰਸਪਰ ਇਤਿਹਾਸਿਕ ਵਿਰੋਧ ਬਹੁਤ ਅਧਿਕ ਹਨ , ਪਰ ਫਿਰ ਵੀ ਇਨ੍ਹਾਂ ਤੋਂ ਇਕ ਗੱਲ ਅਤਿਅੰਤ ਸਪੱਸ਼ਟ ਹੋ ਜਾਂਦੀ ਹੈ— ਗੋਰਖਨਾਥ ਆਪਣੇ ਯੁਗ ਦਾ ਸਭ ਤੋਂ ਵੱਡਾ ਨੇਤਾ ਸੀ । ਉਸ ਨੇ ਜਿਸ ਧਾਤ ਨੂੰ ਛੋਹਿਆ , ਉਹੀ ਸੋਨਾ ਬਣ ਗਈ ।

                      ਗੋਰਖਨਾਥ ਧੁੰਨ ਦਾ ਪੱਕਾ ਅਤੇ ਆਪਣੀਆਂ ਮਾਨਤਾਵਾਂ ਉਤੇ ਪਹਿਰਾ ਦੇਣ ਵਾਲਾ ਸੀ । ਇਸ ਨੇ ਦ੍ਰਿੜ੍ਹਤਾ ਪੂਰਵਕ ਬ੍ਰਹਮਚਰਯ ਦਾ ਪਾਲਨ ਕੀਤਾ । ਅਜਿਹੇ ਸੰਜਮ ਵੇਲੇ ਕਈ ਵਾਰ ਇਹ ‘ ਅਤੀਆ’ ਨੂੰ ਵੀ ਪਾਰ ਕਰ ਜਾਂਦਾ ਸੀ । ਇਸ ਦਾ ਸੁਭਾ ਘੁੰਮਣ-ਫਿਰਨ ਵਾਲਾ ਸੀ ਅਤੇ ਸਾਧਨਾ ਦੇ ਬਲ ਕਾਰਣ ਕੁਝ ਅੱਖੜ ਵੀ ਸੀ । ਯੋਗ-ਸਾਧਨਾ ਦੀ ਪਾਲਨਾ ਲਈ ਇਹ ਬਹੁਤ ਕਠੋਰ ਸੀ । ਇਸ ਬਾਰੇ ਇਹ ਕੋਈ ਸਮਝੌਤਾ ਕਰਨ ਨੂੰ ਤਿਆਰ ਨਹੀਂ ਸੀ ।

                      ਗੋਰਖਨਾਥ ਨੇ ਆਪਣੇ ਵਿਚਾਰਾਂ ਨੂੰ ਕਾਵਿ-ਬੱਧ ਕੀਤਾ ਹੈ । ਇਸ ਦੇ ਨਾਂ’ ਤੇ ਸੰਸਕ੍ਰਿਤ ਅਤੇ ਪੁਰਾਤਨ ਹਿੰਦੀ ਵਿਚ ਅਨੇਕ ਰਚਨਾਵਾਂ ਮਿਲਦੀਆਂ ਹਨ । ਕਾਵਿ-ਸਾਧਨਾ ਇਸ ਦਾ ਪੇਸ਼ਾ ਨਹੀਂ ਸੀ , ਬਸ ਮਨੋਭਾਵਾਂ ਨੂੰ ਪ੍ਰਗਟਾਉਣ ਦਾ ਸਾਧਨ ਸੀ । ਇਸ ਲਈ ਇਸ ਦੀਆਂ ਰਚਨਾਵਾਂ ਵਿਚ ਸੂਖਮ ਕਾਵਿ ਡੂੰਘਾਈਆਂ ਅਤੇ ਕਲਪਨਾਵਾਂ ਨ ਹੋਣ ਪਰ ਆਪਣੇ ਵਿਚਾਰਾਂ ਨੂੰ ਪ੍ਰਗਟਾਉਣ ਲਈ ਇਸ ਕੋਲ ਸਸ਼ਕਤ ਸ਼ੈਲੀ ਸੀ । ਕਈ ਵਾਰ ਉਹ ਸੰਕੇਤਿਕ ਅਥਵਾ ਪ੍ਰਤੀਕਾਤਮਕ ਸ਼ਬਦਾਵਲੀ ਦੀ ਵਰਤੋਂ ਕਰਕੇ ਲੋਕਾਂ ਨੂੰ ਹੈਰਾਨੀ ਵਿਚ ਪਾ ਦਿੰਦਾ ਸੀ , ਪਰ ਇਹ ਇਸ ਦੀ ਗੁੱਝੀ ਸਾਧਨਾ ਦਾ ਇਕ ਪੱਖ ਸੀ । ਇਸ ਦੀ ਉਪਲਬਧ ਬਾਣੀ ਨੂੰ ਡਾ. ਪੀਤਾਂਬਰ ਦੱਤ ਬੜਥਵਾਲ ਨੇ ‘ ਗੋਰਖ ਬਾਨੀ ’ ਦੇ ਨਾਂ ਨਾਲ ਸੰਪਾਦਿਤ ਕੀਤਾ ਜੋ ਹਿੰਦੀ ਸਾਹਿਤੑਯ ਸੰਮੇਲਨ , ਪ੍ਰਯਾਗ ਨੇ ਸੰਨ 1942 ਈ. ਵਿਚ ਛਾਪ ਦਿੱਤੀ ।

                      ਗੋਰਖਨਾਥ ਨੇ ਨਾਥ-ਮਤ ਨੂੰ ਵਿਵਸਥਿਤ ਰੂਪ ਦੇਣ ਲਈ ਆਪਣੇ ਸਾਰੇ ਅਨੁਯਾਈਆਂ ਨੂੰ ਬਾਰ੍ਹਾਂ ਪੰਥਾਂ ਵਿਚ ਵੰਡਿਆ ਹੋਇਆ ਸੀ । ਉਸ ਦੇ ਪੰਥਾਂ ਦੇ ਨਾਂ ਇਸ ਪ੍ਰਕਾਰ ਹਨ— ਸਤੑਯਨਾਥੀ , ਧਰਮਨਾਥੀ , ਰਾਮ-ਪੰਥ , ਨਟੇਸ਼੍ਵਰੀ , ਕਨ੍ਹਣ , ਕਪਿਲਾਨੀ , ਵੈਰਾਗੀ , ਮਾਨ-ਨਾਥੀ , ਆਈ-ਪੰਥ , ਪਾਗਲ-ਪੰਥ , ਧਜ-ਪੰਥ ਅਤੇ ਗੰਗਾ-ਨਾਥੀ । ਗੋਰਖ- ਪੰਥੀਆਂ ਵਿਚ ਇਕ ਧਾਰਣਾ ਪ੍ਰਚਲਿਤ ਹੈ ਕਿ ਇਹ ਸ਼ਿਵ ਦਾ ਅਵਤਾਰ ਸੀ । ਸ਼ਿਵ ਨੂੰ ਆਦਿ-ਨਾਥ ਵੀ ਕਿਹਾ ਜਾਂਦਾ ਹੈ । ਆਦਿ-ਨਾਥ ਦਾ ਸ਼ਿਸ਼ ਮਛੰਦ੍ਰ-ਨਾਥ ( ਮਤੑਸੑਯੇਂਦ੍ਰ ਨਾਥ ) ਸੀ ਅਤੇ ਮਛੰਦ੍ਰ-ਨਾਥ ਦਾ ਸ਼ਿਸ਼ ਗੋਰਖਨਾਥ ਸੀ । ਪਰ ਸਮੇਂ ਦੇ ਬੀਤਣ ਨਾਲ ਗੋਰਖਨਾਥ ਦਾ ਵਿਅਕਤਿਤਵ ਇਤਨਾ ਗੋਰਵਮਈ ਹੋ ਗਿਆ ਕਿ ਸ਼ਿਵ ਜਾਂ ਮਛੰਦ੍ਰ-ਨਾਥ ਦਾ ਨਾਂ ਭੁਲਾ ਕੇ ਜੋਗੀ ਲੋਗ ਗੋਰਖਨਾਥ ਦਾ ਨਾਮ ਹੀ ਜਪਣ ਲਗ ਗਏ । ਇਸ ਤੱਥ ਵਲ ਸੰਕੇਤ ਕਰਦਿਆਂ ਗੁਰੂ ਰਾਮਦਾਸ ਜੀ ਨੇ ਕਿਹਾ ਹੈ— ਪੰਡਿਤੁ ਸਾਸਤ ਸਿਮ੍ਰਿਤਿ ਪੜਿਆ ਜੋਗੀ ਗੋਰਖੁ ਗੋਰਖੁ ਕਰਿਆ ਮੈ ਮੂਰਖ ਹਰਿ ਹਰਿ ਜਪੁ ਪੜਿਆ ( ਗੁ.ਗ੍ਰੰ.163 ) ।

                      ਸਿੱਖ ਧਰਮ ਦੇ ਸੰਚਾਲਕ ਗੁਰੂ ਨਾਨਕ ਦੇਵ ਜੀ ਦੀ ਭੇਂਟ ਅਨੇਕ ਸਿੱਧਾਂ-ਯੋਗੀਆਂ ਨਾਲ ਹੋਈ ਸੀ । ਜਨਮ- ਸਾਖੀ ਸਾਹਿਤ ਵਿਚ ਅਨੇਕ ਗੋਸ਼ਟਾਂ ਅਤੇ ਸਿੱਧਾਂਤਿਕ ਸੰਵਾਦਾਂ ਦਾ ਵਰਣਨ ਹੋਇਆ ਮਿਲ ਜਾਂਦਾ ਹੈ । ਗੁਰਬਾਣੀ ਵਿਚ ਯੋਗ-ਮਤ ਦੀ ਪਰਿਭਾਸ਼ਿਕ ਸ਼ਬਦਾਵਲੀ ਦੀ ਖੁਲ੍ਹ ਕੇ ਵਰਤੋਂ ਹੋਈ ਹੈ । ਅਸਲ ਵਿਚ , ਸਿੱਖ ਧਰਮ ਸਹਿਜ ਸਾਧਨਾ ਦਾ ਪ੍ਰਚਾਰ ਕਰਦਾ ਹੋਇਆ ਹਠ-ਸਾਧਨਾ ਦਾ ਨਿਖੇਧ ਕਰਦਾ ਹੈ । ਬਾਬਾ ਸ੍ਰੀਚੰਦ ਦੁਆਰਾ ਚਲਾਏ ਉਦਾਸੀ ਮਤ ਵਿਚ ਸ੍ਰੀਚੰਦ ਨੂੰ ਗੋਰਖਨਾਥ ਦਾ ਅਵਤਾਰ ਮੰਨਿਆ ਜਾਂਦਾ ਹੈ । ਇਥੋਂ ਹੀ ਸਿੱਖ-ਮਤ ਅਤੇ ਗੋਰਖਮਤ ਵਿਚ ਇਕ ਅੰਤਰ- ਰੇਖਾ ਖਿਚੀ ਜਾਂਦੀ ਹੈ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2636, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.