ਗ੍ਰਾਮ ਪੰਚਾਇਤ ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Gram Panchaiot ਗ੍ਰਾਮ ਪੰਚਾਇਤ : ਭਾਰਤ ਵਿਚ ਪਿੰਡ ਜਾਂ ਛੋਟੇ ਨਗਰ ਦੇ ਪੱਧਰ ਤੇ ਗ੍ਰਾਮ ਪੰਚਾਇਤ ਸਥਾਨਕ ਸਰਕਾਰ ਹੁੰਦੀ ਹੈ । 2002 ਵਿਚ ਭਾਰਤ ਵਿਚ ਲਗਭਗ 265000 ਗ੍ਰਾਮ ਪੰਚਾਇਤਾਂ ਸਨ । ਗ੍ਰਾਮ ਪੰਚਾਇਤ , ਪੰਚਾਇਤ ਪ੍ਰਣਾਲੀ ਦੀ ਨੀਂਹ ਹੈ । ਗ੍ਰਾਮ ਪੰਚਾਇਤ ਘੱਟੋ-ਘੱਟ ਤਿੰਨ ਸੌ ਦੀ ਆਬਾਦੀ ਵਾਲੇ ਪਿੰਡਾਂ ਵਿਚ ਸਥਾਪਤ ਕੀਤੀ ਜਾ ਸਕਦੀ ਹੈ । ਕਦੇ ਕਦੇ ਦੋ ਜਾਂ ਅਧਿਕ ਪਿੰਡਾਂ ਨੂੰ ਗਰੁਪ ਗ੍ਰਾਮ ਪੰਚਾਇਤ ਬਣਾਉਣ ਲਈ ਜੋੜਿਆ ਜਾਂਦਾ ਹੈ ਜਦੋਂ ਸਇਕ ਪਿੰਡ ਦੀ ਆਬਾਦੀ 300 ਨਾਲੋਂ ਘੱਟ ਹੁੰਦੀ ਹੈ ।

          ਸਰਪੰਚ ਜਾਂ ਚੇਅਰਪਰਸਨ ਗ੍ਰਾਮ ਪੰਚਾਇਤ ਦਾ ਮੁੱਖੀ ਹੁੰਦਾ ਹੈ । ਗ੍ਰਾਮ ਪੰਚਾਇਤ ਦੇ ਚੁਣੇ ਹੋਏ ਮੈਂਬਰ ਆਪਣੇ ਵਿਚੋਂ ਸਰਪੰਚ ਅਤੇ ਇਕ ਉਪ-ਸਰਪੰਚ ਪੰਜ ਸਾਲਾਂ ਦੇ ਕਾਰਜਕਾਲ ਲਈ ਚੁਣਦੇ ਹਨ । ਕਈ ਥਾਵਾਂ ਤੇ ਪੰਚਾਇਤ ਪ੍ਰੈਜ਼ੀਡੈਂਟ ਸਿੱਧਾ ਗ੍ਰਾਮੀਣਾਂ ਦੁਆਰਾ ਚੁਣਿਆ ਜਾਂਦਾ ਹੈ । ਸਰਪੰਚ ਗ੍ਰਾਮ ਪੰਚਾਇਤ ਦੀਆਂ ਮੀਟਿੰਗਾਂ ਦੀ ਪ੍ਰਧਾਨਗੀ ਕਰਦਾ ਹੈ ਅਤੇ ਪੰਚਾਇਤ ਦੇ ਕੰਮ ਦੀ ਨਿਗਰਾਲੀ ਕਰਦਾ ਹੈ । ਉਹ ਪਿੰਡ ਦੀਆਂ ਵਿਕਾਸ ਸਕੀਮਾਂ ਨੂੰ ਲਾਗੂ ਕਰਦਾਹੈ । ਉਪ-ਸਰਪੰਚ , ਜਿਸਨੂੰ ਆਪਣੇ ਫ਼ੈਸਲੇ ਕਰਨ ਦਾ ਅਧਿਕਾਰ ਪ੍ਰਾਪਤ ਹੈ , ਸਰਪੰਚ ਦੀ ਉਸਦੇ ਕੰਮ ਵਿਚ ਸਹਾਇਤਾ ਕਰਦਾ ਹੈ ।

          ਸਰਪੰਚ ਦੀ ਜ਼ਿੰਮੇਵਾਰੀ ਹੈ ਕਿ ਉਹ ਗਲੀਆਂ ਲਾਈਟਾਂ ਦੀ ਦੇਖਭਾਲ ਕਰੇ । ਪਿੰਡਾਂ ਵਿਚ ਸੜਕਾਂ ਦੇ ਨਿਰਮਾਣ ਅਤੇ ਮੁਰੰਮਤ ਦੇ ਕੰਮ ਅਤੇ ਮੰਡੀਆਂ , ਮੇਲਿਆਂ ਅਤੇ ਤਿਊਹਾਰਾਂ ਆਦਿ ਸਬੰਧੀ ਕਾਰਜਾਂ ਦੀ ਨਿਗਰਾਨੀ ਕਰੇ । ਪਿੰਡ ਵਿਚ ਜਨਮ , ਮ੍ਰਿਤੂ ਅਤੇ ਵਿਆਹਾਂ ਦਾ ਰਿਕਾਰਡ ਰੱਖੇ । ਸਫ਼ਾਈ ਅਤੇ ਪੀਣ ਵਾਲੇ ਜਲ ਦੀਆਂ ਸੁਵਿਧਾਵਾਂ ਪ੍ਰਦਾਨ ਕਰਕੇ ਜਨ-ਸਵਾਸਥ ਦਾ ਧਿਆਨ ਰੱਖੇ । ਸਿਖਿਆ ਦਾ ਪ੍ਰਬੰਧ ਕਰੇ । ਖੇਤੀਬਾੜੀ ਅਤੇ ਪਸ਼ੂ-ਪਾਲਣ ਸਬੰਧੀ ਵਿਕਾਸ ਸਕੀਮਾਂ ਨੂੰ ਲਾਗੂ ਕਰੇ ।

          ਗ੍ਰਾਮ ਪੰਚਾਇਤ ਦੀ ਆਮਦਨ ਦਾ ਮੁੱਖ ਸਾਧਨ ਪਿੰਡ ਦੀਆਂ ਇਮਾਰਤਾਂ ਅਤੇ ਖੁਲ੍ਹੇ ਸਥਾਨਾਂ ਤੇ ਲਗਾਇਆ ਜਾਂਦਾ ਸੰਪਤੀ ਟੈਕਸ ਹੈ । ਆਮਦਨ ਦੇ ਹੋਰ ਸਾਧਨਾਂ ਵਿਚ ਕਿੱਤਾ ਟੈਕਸ , ਯਾਤਰਾ-ਟੈਕਸ , ਪਸ਼ੂ ਵਪਾਰ , ਭੌਂ ਮਾਲੀਏ ਦੇ ਅਨੁਪਾਤ ਅਨੁਸਾਰ ਰਾਜ ਸਰਕਾਰ ਪਾਸੋਂ ਪ੍ਰਾਪਤ ਗ੍ਰਾਂਟ ਅਤੇ ਜ਼ਿਲ੍ਹਾ ਪਰਿਸ਼ਦ ਪਾਸੋਂ ਪ੍ਰਾਪਤ ਗ੍ਰਾਂਟਾਂ ਸ਼ਾਮਲ ਹਨ ।

          18 ਸਾਲ ਤੋਂ ਵੱਧ ਉਮਰ ਦੇ ਪਿੰਡ ਦੀਆਂ ਸਾਰੀਆਂ ਇਸਤਰੀਆਂ ਅਤੇ ਪੁਰਸ਼ ਗ੍ਰਾਮ ਸਭਾ ਦੇ ਮੈਂਬਰ ਹੁੰਦੇ ਹਨ । ਗ੍ਰਾਮ ਸਭਾ ਦੀ ਤਿਮਾਹੀ ਮੀਟਿੰਗ ਹੁੰਦੀ ਹੈ । ਗ੍ਰਾਮ ਸਭਾ ਦੀਆਂ ਮੀਟਿੰਗਾਂ ਲਈ ਸੰਭਵ ਤੌਰ ਤੇ ਚਾਰ ਸਰਕਾਰੀ ਛੁੱਟੀਆਂ ਵਾਲੇ ਦਿਨਾਂ ਦਾ ਸੁਝਾਊ ਦਿੱਤਾ ਗਿਆ ਹੈ ਤਾਂ ਜੋ ਆਮ ਜਨਤਾ ਅਧਿਕਤਮ ਗਿਣਤੀ ਵਿਚ ਭਾਗ ਲੈ ਸਕੇ । ਉਹ ਇਹ ਹਨ : 26 ਜਨਵਰੀ , ਪਹਿਲੀ ਮਈ , 15 ਅਗਸਤ , ਅਤੇ 14 ਨਵੰਬਰ , ਗ੍ਰਾਮ ਸਭਾ ਦੀਆਂ ਮੀਟਿੰਗਾਂ ਲੋਕਾਂ ਦੀ ਸਮੂਲੀਅਤ ਅਤੇ ਪਰਸਪਰ ਸਹਿਯੋਗ ਰਾਹੀਂ ਲੋਕਾਂ ਦੇ ਵਿਕਾਸ ਨੂੰ ਯਕੀਨੀ ਬਣਾਉਣ ਲਈ ਬੁਲਾਈਆਂ ਜਾਂਦੀਆਂ ਹਨ । ਪਿੰਡ ਦਾ ਸਾਲਾਨਾ ਬਜਟ ਅਤੇ ਵਿਕਾਸ ਸਕੀਮਾਂ ਗ੍ਰਾਮ ਸਭਾ ਦੇ ਵਿਚਾਰ ਅਤੇ ਪਰਵਾਨਗੀ ਲਈ ਮੀਟਿੰਗ ਵਿਚ ਪੇਸ਼ ਕੀਤਾ ਜਾਂਦਾ ਹੈ । ਲੋਕਾਂ ਦੁਆਰਾ ਪੂੱਛੇ ਪ੍ਰਸ਼ਨਾਂ ਦਾ ਸਰਪੰਚ ਅਤੇ ਉਸਦੇ ਸਹਾਇਕ ਉੱਤਰ ਦਿੰਦੇ ਹਨ । ਗ੍ਰਾਮ ਸਭਾ ਵਿਚ ਵੱਖ-ਵੱਖ ਸਮੱਸਿਆਵਾਂ ਅਤੇ ਲੋਕਾਂ ਦੀ ਔਕੜਾਂ ਤੇ ਵੀ ਵਿਚਾਰਕੀਤਾ ਜਾਂਦਾ ਹੈ । ਸਮੂਹਿਕ ਵਿਕਾਸ ਸਬੰਧੀ ਸਾਰੇ ਫ਼ੈਸਲੇ ਕੇਵਲ ਵਿਸ਼ੇਸ਼ ਗ੍ਰਾਮ ਸਭਾ ਵਿਚ ਹੀ ਲਏ ਜਾਣੇ ਚਾਹੀਦੇ ਹਨ ।


ਲੇਖਕ : ਡਾ. ਡੀ. ਆਰ ਸਚਦੇਵਾ,
ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4947, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.