ਘਾਲ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਘਾਲ . ਸੰਗ੍ਯਾ— ਦੇਖੋ , ਘਾਲਣਾ । ੨ ਸੇਵਾ. ਟਹਿਲ. “ ਘਾਲ ਸਿਆਣਪ ਉਕਤਿ ਨ ਮੇਰੀ.” ( ਰਾਮ ਅ : ਮ : ੫ ) ੩ ਮਿਹਨਤ. ਮੁਸ਼ੱਕਤ. “ ਸਾਧ ਕੈ ਸੰਗਿ ਨਹੀ ਕਛੁ ਘਾਲ.” ( ਸੁਖਮਨੀ ) ੪ ਕਰਣੀ. ਕਮਾਈ. “ ਪਹੁਚਿ ਨ ਸਾਕਉ ਤੁਮਰੀ ਘਾਲ.” ( ਬਿਲਾ ਮ : ੫ ) ੫ ਵਿਨਾਸ਼. ਵਧ. “ ਪਾਲਕ ਘਾਲ ਸੰਸਾਰ ਗੁਬਿੰਦੂ.” ( ਨਾਪ੍ਰ ) ੬ ਦੁੱਧ ਨੂੰ ਉਬਾਲਣ ਸਮੇਂ ਵਿੱਚ ਮਿਲਾਇਆ ਪਾਣੀ. ਹੰਘਾਲ. ਆਵਟਣੁ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2454, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਘਾਲ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਘਾਲ ( ਕਰਮ ਅਤੇ ਕਿਰਤ ) : ਸਿੱਖ ਧਾਰਮਿਕ ਸਾਹਿਤ ਵਿਚ ਇਸ ਸ਼ਬਦ ਦਾ ਪ੍ਰਯੋਗ ਦੋ ਵਿਸ਼ੇਸ਼ ਸੰਕਲਪ-ਸੂਚਕਾਂ ਵਜੋਂ ਹੋਇਆ ਹੈ । ਇਨ੍ਹਾਂ ਵਿਚੋਂ ਇਕ ਹੈ ਕਰਮ ਸੂਚਕ , ਜਿਵੇਂ— ਘਾਲ ਬੁਰੀ ਕਿਉ ਘਾਲੀਐ ਦੂਜਾ ਹੈ ਕਿਰਤ-ਕਮਾਈ ਸੂਚਕ ।

                      ਪਹਿਲਾਂ ਕਰਮ-ਸੂਚਕ ਸੰਕਲਪ ਨੂੰ ਵਿਚਾਰਨਾ ਉਚਿਤ ਹੋਵੇਗਾ । ਮਨੁੱਖ ਜੋ ਕਰਮ ਕਰਦਾ ਹੈ , ਉਸ ਨੂੰ ਉਸ ਦਾ ਫਲ ਜ਼ਰੂਰ ਭੋਗਣਾ ਪੈਂਦਾ ਹੈ । ਚੰਗਾ ਕਰਮ ਕਰਨ ਨਾਲ ਚੰਗਾ ਫਲ ਮਿਲਦਾ ਹੈ , ਮਾੜਾ ਕਰਮ ਕਰਨ ਨਾਲ ਮਾੜਾ ਫਲ ਪ੍ਰਾਪਤ ਹੁੰਦਾ ਹੈ । ਕਰਮਾਂ ਉਤੇ ਨਿਬੇੜਾ ਹੋਣਾ ਭਾਰਤੀ ਸੰਸਕ੍ਰਿਤੀ ਦਾ ਇਕ ਪਰੰਪਰਾਗਤ ਸਿੱਧਾਂਤ ਹੈ । ਇਸ ਨੂੰ ‘ ਕਰਮਵਾਦ’ ਦਾ ਨਾਂ ਵੀ ਦਿੱਤਾ ਜਾਂਦਾ ਹੈ । ਇਸ ਸਿੱਧਾਂਤ ਦਾ ਸਭ ਤੋਂ ਉਤਮ ਪੱਖ ਇਹ ਹੈ ਕਿ ਵਿਅਕਤੀ ਮਾੜੇ ਕਰਮਾਂ ਦੇ ਮਾੜੇ ਫਲ ਭੋਗਣ ਤੋਂ ਡਰਦਾ ਹੋਇਆ ਮਾੜੇ ਕਰਮਾਂ ਤੋਂ ਆਪਣੇ ਆਪ ਨੂੰ ਵਰਜਦਾ ਹੈ ਅਤੇ ਸ਼ੁਭ ਕਰਮਾਂ ਵਿਚ ਰੁਚੀ ਲੈਂਦਾ ਹੈ ।

                      ਹਰ ਇਕ ਧਰਮ ਵਿਚ ਕਰਮ ਦੇ ਸਿੱਧਾਂਤ ਨੂੰ ਕਿਸੇ ਨ ਕਿਸੇ ਰੂਪ ਵਿਚ ਮਹੱਤਵ ਦਿੱਤਾ ਗਿਆ ਹੈ । ਮਨੁੱਖ ਦੁਆਰਾ ਕੀਤਾ ਹੋਇਆ ਕੰਮ , ਚੇਸ਼ਟਾ ਜਾਂ ਕ੍ਰਿਆ ਉਸ ਦਾ ਕਰਮ ਅਖਵਾਉਂਦਾ ਹੈ ਅਤੇ ਜਿਹੋ ਜਿਹਾ ਉਹ ਕਰਮ ਕਰਦਾ ਹੈ , ਉਹੋ ਜਿਹਾ ਉਸ ਨੂੰ ਫਲ ਭੋਗਣਾ ਪੈਂਦਾ ਹੈ ।

                      ਗੁਰੂ ਗ੍ਰੰਥ ਸਾਹਿਬ ਵਿਚ ਚੰਗੇ ਕਰਮ ਕਰਨ ਉਤੇ ਬਹੁਤ ਬਲ ਦਿੱਤਾ ਗਿਆ ਹੈ । ਗੁਰੂ ਨਾਨਕ ਦੇਵ ਜੀ ਨੇ ਸਪੱਸ਼ਟ ਕਿਹਾ ਹੈ ਕਿ ਆਪਣੀ ਇੱਛਾ ਨਾਲ ਕਿਸੇ ਨੂੰ ਕੋਈ ਵਸਤੂ ਪ੍ਰਾਪਤ ਨਹੀਂ ਹੋ ਸਕਦੀ , ਭਾਵੇਂ ਕੋਈ ਕਿੰਨੀਆਂ ਹੀ ਕਾਮਨਾਵਾਂ ਮਨ ਵਿਚ ਕਿਉਂ ਨ ਧਾਰ ਲਏ , ਨਿਪਟਾਰਾ ਕਰਮਾਂ ਉਪਰ ਹੀ ਹੁੰਦਾ ਹੈ— ਆਪਣ ਲੀਆ ਜੇ ਮਿਲੈ ਤਾ ਸਭੁ ਕੋ ਭਾਗਠੁ ਹੋਇ ਕਰਮਾ ਉਪਰਿ ਨਿਬੜੈ ਜੇ ਲੋਚੈ ਸਭੁ ਕੋਇ ( ਗੁ.ਗ੍ਰੰ.157 ) ।

                      ਇਸ ਸੰਸਾਰ ਵਿਚ ਕੇਵਲ ਕਹਿਣ ਕਹਾਉਣ ਨਾਲ ਕੋਈ ਵਿਅਕਤੀ ਪਾਪੀ ਜਾਂ ਪੁੰਨੀ ਨਹੀਂ ਬਣ ਸਕਦਾ , ਸਗੋਂ ਉਸ ਦਾ ਇਹ ਸਰੂਪ ਉਸ ਦੇ ਕਰਮਾਂ ਉਤੇ ਨਿਰਭਰ ਕਰਦਾ ਹੈ । ‘ ਜਪੁਜੀ ’ ਵਿਚ ਇਸੇ ਗੱਲ ’ ਤੇ ਜ਼ੋਰ ਦਿੱਤਾ ਗਿਆ ਹੈ— ਪੁੰਨੀ ਪਾਪੀ ਆਖਣੁ ਨਾਹਿ ਕਰਿ ਕਰਿ ਕਰਣਾ ਲਿਖਿ ਲੈ ਜਾਹੁ ਆਪੇ ਬੀਜਿ ਆਪੇ ਹੀ ਖਾਹੁ ( ਗੁ.ਗ੍ਰੰ.4 ) ।

                      ਜੋ ਕਰਮ ਕੀਤਾ ਜਾ ਚੁਕਿਆ ਹੈ , ਉਸ ਨੂੰ ਗੁਰਬਾਣੀ ਵਿਚ ‘ ਕਿਰਤ-ਕਰਮ’ ਦਾ ਨਾਂ ਦਿੱਤਾ ਗਿਆ ਹੈ । ‘ ਕਿਰਤ’ ਸੰਸਕ੍ਰਿਤ ਦੇ ‘ ਕ੍ਰਿਤ’ ਸ਼ਬਦ ਦਾ ਤਦਭਵ ਰੂਪ ਹੈ ਅਤੇ ਇਸ ਦਾ ਅਰਥ ਹੈ ‘ ਕੀਤਾ ਹੋਇਆ’ । ਸੰਸਾਰੀ ਜੀਵ ਨੂੰ ਆਪਣੇ ਕਰਮਾਂ ਦਾ ਫਲ ਭੋਗਣ ਲਈ ਕਿਸੇ ਨ ਕਿਸੇ ਜੂਨ ( ਜਨਮ ) ਦਾ ਆਸਰਾ ਲੈਣਾ ਪੈਂਦਾ ਹੈ । ਜੀਵ ਦੇ ਤਿੰਨ ਸ਼ਰੀਰ ਹਨ— ਕਾਰਣ ਸ਼ਰੀਰ , ਲਿੰਗ ਸ਼ਰੀਰ ( ਸੂਖਮ ਸ਼ਰੀਰ ) ਅਤੇ ਸਥੂਲ ਸ਼ਰੀਰ ।

                      ਜੀਵ ਦੇ ਆਤਮ-ਸਰੂਪ ਗਿਆਨ ਨੂੰ ਢਕਣ ਵਾਲੀ ਮਾਇਆ ਹੀ ਜੀਵ ਦੇ ਅਗਲੇ ਜਨਮ ਦਾ ਕਾਰਣ ਹੋਣ ਕਰਕੇ ਉਸ ਦਾ ‘ ਕਾਰਣ-ਸ਼ਰੀਰ ’ ਹੈ । ਜੀਵ ਦੇ ‘ ਕਾਰਣ- ਸ਼ਰੀਰ’ ਤੋਂ ਉਸ ਦੇ ‘ ਸੂਖਮ-ਸ਼ਰੀਰ’ ਦੀ ਉਤਪੱਤੀ ਹੁੰਦੀ ਹੈ । ਇਹ ਸ਼ਰੀਰ ਅਗਿਆਨੀ ਜੀਵ ਨੂੰ ਉਸ ਦੇ ਵਾਸਨਾ ਰੂਪੀ ਕਰਮ-ਫਲਾਂ ਦਾ ਅਨੁਭਵ ਕਰਾਉਂਦਾ ਹੈ । ਇਸ ਸ਼ਰੀਰ ਦੇ ਤਿੰਨ ਅੰਗ ਹਨ— ਅੰਤਹਕਰਣ , ਇੰਦ੍ਰੀਆਂ ਅਤੇ ਪ੍ਰਾਣ । ‘ ਸਥੂਲ-ਸ਼ਰੀਰ’ ਦੀ ਉਤਪੱਤੀ ਪ੍ਰਿਥਵੀ , ਅਕਾਸ਼ , ਜਲ , ਵਾਯੂ , ਅਗਨੀ ਨਾਂ ਦੇ ਪੰਜ ਮਹਾ-ਭੂਤਾਂ ( ਤੱਤ੍ਵਾਂ ) ਦੇ ਸੰਜੋਗ ਨਾਲ ਹੁੰਦੀ ਹੈ । ਸਾਧਾਰਣ ਤੌਰ ’ ਤੇ ਇਸੇ ਨੂੰ ਸ਼ਰੀਰ ਕਿਹਾ ਜਾਂਦਾ ਹੈ ।

                  ‘ ਸੂਖਮ-ਸ਼ਰੀਰ’ ਦਾ ਸੰਬੰਧ ਕਰਮ-ਫਲਾਂ ਨਾਲ ਹੈ । ਬ੍ਰਹਮ­ -ਗਿਆਨ ਦੀ ਪ੍ਰਾਪਤੀ ਤਕ ਸੂਖਮ ਸ਼ਰੀਰ ਦੇ ਰੂਪ ਵਿਚ ਪਹਿਲੇ ਜਨਮਾਂ ਦੇ ਸੰਸਕਾਰ ਬਣੇ ਰਹਿਣ ਕਰਕੇ ਜੀਵ ਉਨ੍ਹਾਂ ਅਨੁਸਾਰ ਜਨਮ ਗ੍ਰਹਿਣ ਕਰਦਾ ਹੈ । ਫਲ ਭੋਗਣ ਦੀ ਦ੍ਰਿਸ਼ਟੀ ਤੋਂ ਕਰਮ ਤਿੰਨ ਪ੍ਰਕਾਰ ਦੇ ਹਨ— ਸੰਚਿਤ ਕਰਮ , ਪ੍ਰਾਲਬਧ ਕਰਮ ਅਤੇ ਵਰਤਮਾਨ ਕਰਮ । ਪਹਿਲੇ ਜਨਮਾਂ ਦੇ ਜਿਨ੍ਹਾਂ ਕਰਮਾਂ ਦਾ ਫਲ ਭੋਗਿਆ ਜਾ ਰਿਹਾ ਹੈ , ਉਹ ‘ ਪ੍ਰਾਲਬਧ ਕਰਮ’ ਹਨ । ਜੋ ਕਰਮ ਇਸ ਜਨਮ ਵਿਚ ਕੀਤੇ ਜਾ ਰਹੇ ਹਨ , ਉਹ ‘ ਵਰਤਮਾਨ ਕਰਮ’ ਹਨ । ਵਰਤਮਾਨ ਕਰਮ ਅਗਲੇ ਜਨਮ ਵਿਚ ‘ ਸੰਚਿਤ ਕਰਮ’ ਬਣਦੇ ਜਾਂਦੇ ਹਨ ਅਤੇ ਫਲ ਨੂੰ ਭੋਗਣ ਵੇਲੇ ਉਹ ‘ ਪ੍ਰਾਲਬਧ ਕਰਮ’ ਕਹੇ ਜਾਂਦੇ ਹਨ । ਇਸ ਤਰ੍ਹਾਂ ਇਹ ਕਰਮ ਇਕ ਚੱਕਰ ਵਿਚ ਘੁੰਮਦੇ ਹੋਏ ਫਲ ਦਾ ਭੋਗ ਕਰਾਉਂਦੇ ਹਨ । ਇਹੀ ਆਵਾਗਵਣ ਹੈ ।

                      ਗੁਰੂ ਨਾਨਕ ਦੇਵ ਜੀ ਨੇ ਕਿਹਾ ਹੈ ਕਿ ਕਿਰਤ- ਕਰਮ ਕਿਸੇ ਤਰ੍ਹਾਂ ਵੀ ਮਿਟਾਏ ਨਹੀਂ ਜਾ ਸਕਦੇ— ਕਿਰਤ ਮੇਟਿਆ ਜਾਇ ਅਸਲ ਵਿਚ , ਕਿਰਤ-ਕਰਮ ਜਿਸ ਪ੍ਰਕਾਰ ਜੀਵ ਨੂੰ ਕਰਮ ਕਰਨ ਲਈ ਪ੍ਰੇਰਿਤ ਕਰਦੇ ਹਨ , ਉਸੇ ਤਰ੍ਹਾਂ ਉਹ ਕਰਮ ਕਰਦਾ ਜਾਂਦਾ ਹੈ— ਜਿਉ ਜਿਉ ਕਿਰਤੁ ਚਲਾਏ ਤਿਉ ਚਲੀਐ ਤਉ ਗੁਣ ਨਾਹੀ ਅੰਤੁ ਹਰੇ ( ਗੁ.ਗ੍ਰੰ.990 ) । ਤੁਖਾਰੀ ਰਾਗ ਦੇ ‘ ਬਾਰਹਮਾਹ’ ਦੇ ਆਰੰਭ ਵਿਚ ਗੁਰੂ ਨਾਨਕ ਦੇਵ ਜੀ ਨੇ ਕਿਹਾ ਹੈ ਕਿ ਕਿਰਤ-ਕਰਮਾਂ ਦੇ ਅਨੁਸਾਰ ਹਰ ਇਕ ਜੀਵ ਦੁਖ-ਸੁਖ ਸਹਿੰਦਾ ਹੈ । ਗੁਰੂ ਅਰਜਨ ਦੇਵ ਜੀ ਨੇ ਵੀ ਮਾਝ ਰਾਗ ਦੇ ‘ ਬਾਰਹਮਾਹ’ ਵਿਚ ਪਰਮਾਤਮਾ ਅਗੇ ਪ੍ਰਾਰਥਨਾ ਕੀਤੀ ਹੈ ਕਿ ਕਿਰਤ-ਕਰਮਾਂ ਦੇ ਫਲਸਰੂਪ ਹੀ ਜੀਵ ਆਵਾਗਵਣ ਦੇ ਚੱਕਰ ਵਿਚ ਪਿਆ ਪਰਮਾਤਮਾ ਤੋਂ ਵਿਛੜਿਆ ਰਿਹਾ ਹੈ । ਹੁਣ ਇਸ ਜਨਮ ਵਿਚ ਕਿਰਪਾ- ਪੂਰਵਕ ਉਸ ਨੂੰ ਸੰਯੋਗ ਸੁਖ ਦਾ ਆਨੰਦ ਬਖ਼ਸ਼ਿਆ ਜਾਏ— ਕਿਰਤਿ ਕਰਮ ਕੇ ਵੀਛੁੜੇ ਕਰਿ ਕਿਰਪਾ ਮੇਲਹੁ ਰਾਮ ( ਗੁ.ਗ੍ਰੰ.133 ) ।

                  ‘ ਪਟੀ ’ ਨਾਂ ਦੀ ਬਾਣੀ ਵਿਚ ਕਿਹਾ ਗਿਆ ਹੈ ਕਿ ਦੋਸ਼ ਕਿਸੇ ਹੋਰ ਨੂੰ ਨਹੀਂ ਦਿੱਤਾ ਜਾ ਸਕਦਾ , ਕਿਉਂਕਿ ਇਹ ਤਾਂ ਕੇਵਲ ਕਰਮਾਂ ਦੇ ਹੀ ਸਿਰ ਹੈ । ਵਿਅਕਤੀ ਜੋ ਕਰਦਾ ਹੈ , ਉਹੀ ਉਸ ਨੂੰ ਪ੍ਰਾਪਤ ਹੁੰਦਾ ਹੈ , ਭਲਾ ਹੋਰ ਕਿਸੇ ਨੂੰ ਕਿਉਂ ਦੋਸ਼ ਦਿੱਤਾ ਜਾਏ— ਦਦੈ ਦੋਸੁ ਦੇਊ ਕਿਸੈ ਦੋਸੁ ਕਰੰਮਾ ਆਪਣਿਆ ਜੋ ਮੈ ਕੀਆ ਸੋ ਮੈ ਪਾਇਆ ਦੋਸੁ ਦੀਜੈ ਅਵਰ ਜਨਾ ( ਗੁ.ਗ੍ਰੰ.433 ) ।

                      ਸਪੱਸ਼ਟ ਹੈ ਕਿ ਮਨੁੱਖ ਨੂੰ ਆਪਣੇ ਕਰਮਾਂ ਦਾ ਫਲ ਅਵੱਸ਼ ਭੋਗਣਾ ਪੈਂਦਾ ਹੈ । ਜਦ ਕਰਮਾਂ ਦਾ ਫਲ ਹਰ ਸੂਰਤ ਵਿਚ ਭੋਗਣਾ ਹੀ ਹੈ ਤਾਂ ਫਿਰ ਮਾੜੇ ਕਰਮ ਕਿਉਂ ਕੀਤੇ ਜਾਣ— ਜਿਤੁ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉ ਘਾਲੀਐ ਮੰਦਾ ਮੂਲਿ ਕੀਚਈ ਦੇ ਲੰਮੀ ਨਦਰਿ ਨਿਹਾਲੀਐ ਜਿਉ ਸਾਹਿਬ ਨਾਲਿ ਹਾਰੀਐ ਤੇਵੇਹਾ ਪਾਸਾ ਢਾਲੀਐ ਕਿਛੁ ਲਾਹੇ ਉਪਰਿ ਘਾਲੀਐ ( ਗੁ.ਗ੍ਰੰ.474 ) ।

                      ਇਸ ਸ਼ਬਦ ਦਾ ਦੂਜਾ ਪ੍ਰਯੋਗ ‘ ਕਿਰਤ-ਕਮਾਈ’ ਨਾਲ ਸੰਬੰਧਿਤ ਹੈ । ਮੂਲ ਰੂਪ ਵਿਚ ਇਹ ਵੀ ਕਰਮ ਜਾਂ ਕਰਨੀ ਤੋਂ ਹੀ ਵਿਕਸਿਤ ਹੋਇਆ ਹੈ , ਪਰ ਇਸ ਦਾ ਮੁਹਾਂਦਰਾ ਬਦਲ ਗਿਆ ਹੈ । ਇਸ ਨੂੰ ਦਸਾਂ ਨਹੁੰਆਂ ਨਾਲ ਕੀਤੀ ਹੋਈ ਕਮਾਈ ਜਾਂ ਰੋਜ਼ੀ ਦੇ ਸਾਧਨ ਨਾਲ ਜੋੜਿਆ ਗਿਆ ਹੈ । ਗੁਰੂ ਗ੍ਰੰਥ ਸਾਹਿਬ ਵਿਚ ਜਿਸ ਜੀਵਨ-ਜਾਚ ਦੀ ਸਥਾਪਨਾ ਹੋਈ ਹੈ , ਉਸ ਦਾ ਮੂਲ ਆਧਾਰ ਗ੍ਰਿਹਸਥ ਹੈ ਅਤੇ ਗ੍ਰਿਹਸਥੀ ਨੂੰ ਚਲਾਉਣ ਲਈ ਧਰਮ ਅਨੁਪ੍ਰਾਣਿਤ ਸੁੱਚੀ ਅਤੇ ਸਚੀ ਕਿਰਤ ਉਤੇ ਬਲ ਦਿੱਤਾ ਗਿਆ ਹੈ । ਇਸੇ ਪ੍ਰਕਾਰ ਦੀ ਕਿਰਤ ਕਮਾਈ ਨੂੰ ‘ ਘਾਲ’ ਸ਼ਬਦ ਰਾਹੀਂ ਪਰਿਭਾਸ਼ਿਤ ਕੀਤਾ ਗਿਆ ਹੈ ।

                      ਗੁਰੂ ਨਾਨਕ ਦੇਵ ਜੀ ਨੇ ਜਿਸ ਧਰਮ ਦਾ ਪ੍ਰਚਾਰ ਕੀਤਾ ਸੀ , ਉਹ ਕਿਸੇ ਪ੍ਰਕਾਰ ਦੇ ਸੰਨਿਆਸੀ ਸਾਧੂਆਂ ਦਾ ਦਲ ਖੜਾ ਕਰਨਾ ਨਹੀਂ ਸੀ । ਸਗੋਂ ਉਨ੍ਹਾਂ ਨੇ ਕਿਹਾ ਸੀ ਕਿ ਮਾਮੂਲੀ ਜਿਹੀ ਭਾਵ-ਤਰੰਗ ਦੇ ਉਠਣ ਨਾਲ ਘਰ-ਬਾਰ ਛਡ ਕੇ ਪਹਿਲਾਂ ਸੰਨਿਆਸੀ ਬਣ ਜਾਣਾ ਅਤੇ ਫਿਰ ਉਦਰ- ਪੂਰਤੀ ਲਈ ਗ੍ਰਿਹਸਥੀਆਂ ਦੇ ਘਰਾਂ ਵਲ ਝਾਕਣਾ ਉਚਿਤ ਨਹੀਂ ਹੈ— ਮਨਮੁਖੁ ਲਹਰਿ ਘਰੁ ਤਜਿ ਵਿਗੂਚੈ ਅਵਰਾ ਕੇ ਘਰ ਹੇਰੈ ਗ੍ਰਿਹ ਧਰਮੁ ਗਵਾਏ ਸਤਿਗੁਰੁ ਭੇਟੈ ਦੁਰਮਤਿ ਘੂਮਨ ਘੇਰੈ ( ਗੁ.ਗ੍ਰੰ.1012 ) । ਉਸ ਵਕਤ ਦੇ ਸਾਧੂ-ਸਮਾਜ ਦੀ ਤਸਵੀਰ ਖਿਚਦਿਆਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਹੈ— ਗਿਆਨ ਵਿਹੂਣਾ ਗਾਵੈ ਗੀਤ ਭੂਖੇ ਮੂਲਾ ਘਰੇ ਮਸੀਤਿ ਮਖਟੂ ਹੋਇ ਕੈ ਕੰਨ ਪੜਾਏ ਫਕਰੁ ਕਰੇ ਹੋਰੁ ਜਾਤਿ ਗਵਾਏ ਗੁਰੁ ਪੀਰੁ ਸਦਾਏ ਮੰਗਣ ਜਾਇ ਤਾ ਕੈ ਮੂਲਿ ਲਗੀਐ ਪਾਇ ( ਗੁ.ਗ੍ਰੰ.1245 ) ।

                      ਗੁਰਬਾਣੀ ਕਿਰਤ-ਕਮਾਈ ਉਤੇ ਬਲ ਹੀ ਨਹੀਂ ਦਿੰਦੀ , ਸਗੋਂ ਆਪਣੀ ਲੋੜ ਤੋਂ ਵਧ ਕਮਾਈ ਵਿਚੋਂ ਕੁਝ ਨ ਕੁਝ ਲੋੜਵੰਦਾਂ ਨੂੰ ਵੀ ਦੇਣਾ ਉਚਿਤ ਸਮਝਦੀ ਹੈ , ਕਿਉਂਕਿ ਅਜਿਹੇ ਵਿਅਕਤੀ ਹੀ ਸਚੇ ਅਤੇ ਸਹੀ ਮਾਰਗ ਉਤੇ ਚਲਣ ਵਾਲੇ ਸਿੱਧ ਹੁੰਦੇ ਹਨ— ਘਾਲਿ ਖਾਇ ਕਿਛੁ ਹਥਹੁ ਦੇਇ ਨਾਨਕ ਰਾਹੁ ਪਛਾਣਹਿ ਸੇਇ ( ਗੁ.ਗ੍ਰੰ.1245 ) ।

                      ਅਸਲ ਵਿਚ , ਅਗਲੇ ਜਨਮਾਂ ਵਿਚ ਉਹੀ ਕੁਝ ਪ੍ਰਾਪਤ ਹੁੰਦਾ ਹੈ ਜੋ ਮਨੁੱਖ ਇਸ ਜਨਮ ਵਿਚ ਕਰਦਾ ਹੈ— ਨਾਨਕ ਅਗੈ ਸੋ ਮਿਲੈ ਜਿ ਖਟੇ ਘਾਲੇ ਦੇਇ ( ਗੁ.ਗ੍ਰੰ.472 ) । ਖੋਟੇ ਢੰਗ ਨਾਲ ਕੀਤੇ ਵਪਾਰ ਰਾਹੀਂ ਤਨ ਅਤੇ ਮਨ ਦੋਵੇਂ ਖੋਟੇ ਹੁੰਦੇ ਹਨ ਅਤੇ ਮਨੁੱਖ ਦੁੱਖਾਂ ਨਾਲ ਘਿਰ ਜਾਂਦਾ ਹੈ— ਖੋਟੈ ਵਣਜਿ ਵਣੰਜਿਐ ਮਨੁ ਤਨੁ ਖੋਟਾ ਹੋਇ ਫਾਹੀ ਫਾਥੇ ਮਿਰਗ ਜਿਉ ਦੂਖੁ ਘਣੋ ਨਿਤ ਰੋਇ ( ਗੁ.ਗ੍ਰੰ.23 ) ।

                      ਗੁਰਮਤਿ ਦੇ ਸੁਪ੍ਰਸਿੱਧ ਵਿਆਖਿਆਕਾਰ ਭਾਈ ਗੁਰਦਾਸ ਨੇ ਵੀ ਧਰਮ ਦੀ ਕਿਰਤ ਉਤੇ ਬਲ ਦਿੱਤਾ ਹੈ ਅਤੇ ਪਰਾਏ ਧਨ ਨੂੰ ਹੱਥ ਲਾਉਣਾ ਦੁਰਾਚਾਰ ਦਸਿਆ ਹੈ— ਕਿਰਤਿ ਵਿਰਤਿ ਕਰਿ ਧਰਮ ਦੀ ਹਥਹੁ ਦੇ ਕੈ ਭਲਾ ਮਨਾਵੈ ਪਾਰਸੁ ਪਰਸਿ ਅਪਰਸਿ ਹੋਇ ਪਰ ਤਨ ਪਰ ਧਨ ਹਥੁ ਲਾਵੈ ( 6/12 ) ।

                      ਸਪੱਸ਼ਟ ਹੈ ਕਿ ਗੁਰਮਤਿ ਪ੍ਰਤਿਪਾਦਿਤ ਕਿਰਤ- ਕਮਾਈ ਜਾਂ ਘਾਲ ਸਹੀ ਅਰਥਾਂ ਵਿਚ ਸਚੀ-ਸੁੱਚੀ ਹੋਣੀ ਚਾਹੀਦੀ ਹੈ ਅਤੇ ਇਸ ਵਿਚੋਂ ਵੀ ਲੋੜ ਤੋਂ ਅਧਿਕ ਕਮਾਈ ਨੂੰ ਲੋੜਵੰਦਾਂ ਵਿਚ ਵੰਡ ਦੇਣਾ ਚਾਹੀਦਾ ਹੈ । ਇਸ ਤਰ੍ਹਾਂ ਦੀ ਜੀਵਨ-ਜਾਚ ਨਾਲ ਸਮਾਜ ਦਾ ਸਰੂਪ ਸੁਧਰ ਸਕਦਾ ਹੈ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2403, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਘਾਲ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਘਾਲ ( ਸੰ. । ਪੰਜਾਬੀ ਘਾਲਣਾ = ਸ਼੍ਰੱਮ ਕਰਨਾ , ਮੇਹਨਤ ਕਰਨੀ ) ਘਾਲ , ਮੇਹਨਤ । ਯਥਾ-‘ ਅਪਨਾ ਨਾਮ ਦੇਹਿ ਜਪਿ ਜੀਵਾ ਪੂਰਣ ਹੋਇ ਦਾਸ ਕੀ ਘਾਲ’ । ਤਥਾ-‘ ਨਿਹਕਪਟ ਕਮਾਵਹੁ ਹਰਿ ਕੀ ਹਰਿ ਘਾਲ’ । ਦੇਖੋ , ‘ ਘਾਲ ਖਾਇ’

੨. ਨਾਸ਼ ।                  

ਦੇਖੋ , ‘ ਘਾਲਿ ਜਾਰਿ’


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 2403, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.