ਘੋੜੀਆਂ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਘੋੜੀਆਂ: ਲੋਕ-ਸਾਹਿਤ ਵਿੱਚ ਘੋੜੀਆਂ ਸ਼ਗਨਾਂ ਦੇ ਗੀਤ ਹਨ। ਇਹਨਾਂ ਨੂੰ ਜਸ-ਗੀਤ ਵੀ ਕਹਿੰਦੇ ਹਨ। ਜਿਸ ਘਰ ਵਿੱਚ ਮੁੰਡੇ ਦਾ ਵਿਆਹ ਹੋਣਾ ਹੁੰਦਾ ਹੈ, ਉਸ ਤੋਂ ਕੁਝ ਦਿਨ ਪਹਿਲਾਂ ਘੋੜੀਆਂ ਦੇ ਗੀਤ ਗਾਏ ਜਾਂਦੇ ਹਨ। ਇਸ ਨੂੰ ਗਾਉਣ ਬੈਠਾਉਣਾ ਵੀ ਕਿਹਾ ਜਾਂਦਾ ਹੈ। ਵਿਆਹ ਦੇ ਦਿਨਾਂ ਵਿੱਚ ਮੁੰਡੇ ਦੇ ਘਰ ਸ਼ਾਮ ਵੇਲੇ ਇਸਤਰੀਆਂ ਵੱਲੋਂ ਗਾਏ ਜਾਣ ਵਾਲੇ ਇਹ ਲੋਕ-ਗੀਤ ਘੋੜੀਆਂ ਅਖਵਾਉਂਦੇ ਹਨ। ਘੋੜੀ ਕਿਸੇ ਖ਼ਾਸ ਛੰਦ ਦਾ ਨਾਂ ਨਹੀਂ ਤੇ ਨਾ ਹੀ ਘੋੜੀ ਦੀ ਤਰਜ਼ ਤੇ ਗਾਏ ਜਾਣ ਵਾਲੇ ਹਨ। ਸਾਰੇ ਗੀਤਾਂ ਦੀ ਬਣਤਰ ਇੱਕੋ ਜਿਹੀ ਹੁੰਦੀ ਹੈ। ਛੰਦਾ-ਬੰਦੀ ਅਨੁਸਾਰ ਤੋਲ-ਤੁਕਾਂਤ ਭਿੰਨ-ਭਿੰਨ ਵੀ ਹੋ ਸਕਦੇ ਹਨ, ਪਰੰਤੂ ਵਿਸ਼ਾ-ਵਸਤੂ, ਰਵਾਨੀ ਤੇ ਲੈਅ ਦੇ ਪੱਖੋਂ ਹਰ ਘੋੜੀ ਗੀਤ ਮਿਲਦਾ-ਜੁਲਦਾ ਹੁੰਦਾ ਹੈ। ਹੋਰ ਲੋਕ-ਗੀਤਾਂ ਵਾਂਗ ਇਸ ਕਾਵਿ ਦੀਆਂ ਵੀ ਬਹੁਤ ਸਾਰੀਆਂ ਵੰਨਗੀਆਂ ਮਿਲਦੀਆਂ ਹਨ। ਗੀਤ ਸਾਡੇ ਲਹੂ ਵਿੱਚ ਰਚੇ-ਮਿਚੇ ਹਨ ਤੇ ਸਾਡੇ ਸੱਭਿਆਚਾਰ ਦਾ ਵਿਰਸਾ ਹਨ। ਵਿਆਂਦੜ (ਲਾੜਾ) ਨੂੰ ਘੋੜੀ `ਤੇ ਚੜ੍ਹਾ ਕੇ ਵਿਆਹ ਦਾ ਜਸ਼ਨ ਮਨਾਇਆ ਜਾਂਦਾ ਸੀ। ਆਵਾਜਾਈ ਦੇ ਸਾਧਨ ਪਸ਼ੂ ਹੀ ਹੁੰਦੇ ਸਨ। ਓਦੋਂ ਉਹ ਖ਼ੁਸ਼ੀ ਗੀਤ ਜੋ ਤੀਵੀਆਂ ਲਾੜੇ ਦੀ ਘੋੜੀ ਚੜ੍ਹਨ ਵੇਲੇ ਗਾਉਂਦੀਆਂ ਸਨ, ਉਹਨਾਂ ਨੂੰ ਘੋੜੀਆਂ ਕਿਹਾ ਜਾਂਦਾ ਸੀ। ਅਜੇ ਵੀ ਬਹੁਤ ਪਰਿਵਾਰਾਂ ਵਿੱਚ ਲਾੜੇ ਨੂੰ ਘੋੜੀ ਚੜ੍ਹਾ ਕੇ ਕੁਝ ਫ਼ਾਸਲੇ ਤੋਂ ਜੰਞ ਦੇ ਅੱਗੇ-ਅੱਗੇ ਲੜਕੀ (ਲਾੜੀ) ਵਾਲਿਆਂ ਦੇ ਵਿਆਹ-ਸਮਾਗਮ ਦੀ ਥਾਂ `ਤੇ ਲਿਆਂਦਾ ਜਾਂਦਾ ਹੈ। ਲੜਕੀ ਦੇ ਵਿਆਹ ਵਾਲੇ ਘਰ ਖ਼ੁਸ਼ੀ ਤੇ ਸ਼ਗਨ ਮਨਾਉਣ ਲਈ ਸੁਹਾਗ-ਗੀਤ ਗਾਏ ਜਾਂਦੇ ਹਨ।

     ਘੋੜੀਆਂ ਵਿੱਚ ਮੁੰਡੇ ਦੀ ਮਾਂ, ਭੈਣ ਤੇ ਨਜ਼ਦੀਕੀ ਰਿਸ਼ਤੇਦਾਰ ਔਰਤਾਂ ਵੱਲੋਂ ਉਸ ਦੇ ਖ਼ਾਨਦਾਨ ਦੀ ਪ੍ਰਸੰਸਾ ਤੇ ਵਿਆਹ ਦੇ ਸਮਾਗਮ ਦੇ ਜਲੌਅ ਦਾ ਵਰਣਨ ਹੁੰਦਾ ਹੈ। ਮੁੰਡੇ ਪ੍ਰਤਿ ਮਾਪਿਆਂ ਤੇ ਸਾਕ-ਸੰਬੰਧੀਆਂ ਦੇ ਮੋਹ ਦੇ ਰਿਸ਼ਤੇ ਦਾ ਪ੍ਰਗਟਾਵਾ ਹੁੰਦਾ ਹੈ। ਉਸ ਦੇ ਭਵਿੱਖ ਬਾਰੇ ਅਸੀਸਾਂ ਤੇ ਸ਼ੁਭ ਕਾਮਨਾਵਾਂ ਪ੍ਰਗਟ ਕੀਤੀਆਂ ਹੁੰਦੀਆਂ ਹਨ। ਇਹਨਾਂ ਗੀਤਾਂ ਵਿੱਚ ਮੁੰਡੇ ਦੇ ਜਨਮ ਤੋਂ ਹੀ ਖ਼ੁਸ਼ੀਆਂ ਦਾ ਜ਼ਿਕਰ ਕੀਤਾ ਹੁੰਦਾ ਹੈ। ਮੁੰਡੇ ਦੇ ਪਰਿਵਾਰ ਦੀ ਖ਼ੁਸ਼ਹਾਲੀ ਤੇ ਸ਼ੁਹਰਤ ਦਾ ਜੱਸ ਗਾਇਆ ਜਾਂਦਾ ਹੈ। ਮੁੰਡੇ ਦਾ ਘੋੜੀ ਚੜ੍ਹਨ ਦਾ ਸੁੰਦਰ ਦ੍ਰਿਸ਼ ਮਹਿਮਾ ਭਰਪੂਰ ਹੁੰਦਾ ਹੈ। ਉਸ ਦੇ ਸਿਹਰੇ, ਵਸਤਰ, ਗਹਿਣੇ, ਜੁੱਤੀ ਤੇ ਸ਼ਿੰਗਾਰ ਦੀ ਰੱਜ ਕੇ ਵਡਿਆਈ ਕੀਤੀ ਹੁੰਦੀ ਹੈ। ਵਿਆਹ ਕੇ ਲਿਆਉਣ ਵਾਲੀ ਲੜਕੀ (ਲਾੜੀ) ਦੇ ਗੁਣਾਂ ਦੀ ਵੀ ਤਾਰੀਫ਼ ਕੀਤੀ ਹੁੰਦੀ ਹੈ। ਦੋਵਾਂ ਦੇ ਮੇਲ-ਮਿਲਾਪ ਦੀ ਖ਼ੈਰ-ਸੁੱਖ ਮੰਗੀ ਜਾਂਦੀ ਹੈ। ਮਾਂ ਤੇ ਪਰਿਵਾਰ ਦੇ ਹੋਰ ਜੀਆਂ ਨੂੰ ਵਧਾਈਆਂ ਦਿੱਤੀਆਂ ਜਾਂਦੀਆਂ ਹਨ। ਸਾਰਿਆਂ ਦੇ ਚਿਹਰੇ `ਤੇ ਰੌਣਕ ਤੇ ਖ਼ੁਸ਼ੀ ਹੁੰਦੀ ਹੈ। ਘੋੜੀ ਦੇ ਗੀਤਾਂ ਵਿੱਚ ਨਿੱਕੇ-ਨਿੱਕੇ ਵੇਰਵਿਆਂ ਰਾਹੀਂ ਘੋੜੀ ਦੇ ਸ਼ਿੰਗਾਰ, ਘੋੜੀ ਚੜ੍ਹਨ ਵੇਲੇ ਦੀਆਂ ਰਸਮਾਂ ਆਦਿ ਦੇ ਵੇਰਵੇ ਹੁੰਦੇ ਹਨ। ਘੋੜੀਆਂ ਨੂੰ ਔਰਤਾਂ ਰਲ ਕੇ ਗਾਉਂਦੀਆਂ ਹਨ ਤੇ ਲੋੜ ਅਨੁਸਾਰ ਉਹਨਾਂ `ਚ ਸ਼ਬਦਾਂ ਅਤੇ ਵਾਕਾਂਸ਼ਾਂ ਦਾ ਘਾਟਾ-ਵਾਧਾ ਕਰ ਲਿਆ ਜਾਂਦਾ ਹੈ। ਕਈ ਗੀਤ ਖੇਤਰੀ ਭਾਸ਼ਾ ਕਾਰਨ ਕੁਝ ਕੁ ਅੰਤਰ ਵਾਲੇ ਹੁੰਦੇ ਹਨ, ਪਰੰਤੂ ਸੁਹਾਗ-ਗੀਤਾਂ ਵਾਂਗ ਬਣਤਰ ਪੱਖੋਂ ਸਰਲ ਹੁੰਦੇ ਹਨ। ਘੋੜੀਆਂ ਵਿੱਚ ਦੁਹਰਾ, ਪ੍ਰਕਿਰਤਿਕ-ਦ੍ਰਿਸ਼, ਲੈਅ, ਰਵਾਨੀ, ਸੰਗੀਤਿਕਤਾ ਆਦਿ ਇਸ ਦੇ ਪ੍ਰਮੁੱਖ ਲੱਛਣ ਹਨ।

     ਘੋੜੀਆਂ ਵਿੱਚ ਮਾਂ, ਭੈਣ ਤੇ ਭਰਜਾਈ ਦੀਆਂ ਰੀਝਾਂ, ਸੱਧਰਾਂ ਤੇ ਲਾਲਸਾਵਾਂ ਕਈ ਰੰਗਾਂ ਤੇ ਰੂਪਾਂ ਵਿੱਚ ਪੁੰਗਰਦੀਆਂ ਹਨ ਤੇ ਮੀਂਹ ਦੀਆਂ ਕਣੀਆਂ ਵਾਂਗ ਇੱਕ ਸੰਗੀਤਿਕ ਤਾਲ ਵਿੱਚ ਨੱਚਦੀਆਂ ਹਨ। ਵੇਖੋ ਇਸ ਘੋੜੀ ਦੇ ਕੁਝ ਅੰਸ਼:

ਨਿੱਕੀ ਨਿੱਕੀ ਬੂੰਦੀ

ਵੇ ਨਿੱਕਿਆ, ਮੀਂਹ ਵੇ ਵਰ੍ਹੇ

ਵੇ ਨਿੱਕਿਆ, ਮਾਂ ਵੇ ਸੁਹਾਗਣ

ਤੇਰੇ ਸ਼ਗਨ ਕਰੇ।

ਮਾਂ ਵੇ ਸੁਹਾਗਣ

ਤੇਰੇ ਸ਼ਗਨ ਕਰੇ।     

ਵੇ ਨਿੱਕਿਆ, ਦੰਮਾਂ ਦੀ ਬੋਰੀ

ਤੇਰਾ ਬਾਬਾ ਫੜੇ।

ਨੀਲੀ ਨੀਲੀ ਵੇ ਘੋੜੀ

ਮੇਰਾ ਨਿੱਕੜਾ ਚੜ੍ਹੇ

ਵੇ ਨਿੱਕਿਆ, ਭੈਣ ਸੁਹਾਗਣ

ਤੇਰੀ ਵਾਗ ਫੜੇ

ਭੈਣ ਵੇ ਸੁਹਾਗਣ, ਤੇਰੀ ਵਾਗ ਫੜੇ

ਵੇ ਨਿੱਕਿਆ, ਪੀਲੀ ਪੀਲੀ ਦਾਲ

          ਤੇਰੀ ਘੋੜੀ ਚਰੇ।

     ਲੜਕੇ ਲਈ ਲਾਡਲੇ ਸ਼ਬਦ ਜਿਵੇਂ ‘ਹਰਿਆ’, ‘ਰਾਮਾ’, ‘ਮੱਲਾ’, ‘ਲਾਲ’, ‘ਸੁਰਜਣਾ’ ਆਦਿ ਵਰਤੇ ਜਾਂਦੇ ਹਨ, ਜਿਨ੍ਹਾਂ ਵਿੱਚ ਮਾਂ ਦੀ ਮਮਤਾ ਡੁੱਲ੍ਹ-ਡੁੱਲ੍ਹ ਪੈਂਦੀ ਹੈ। ਕੁਝ ਅੰਸ਼ :

ਹਰਿਆ ਨੀ ਮਾਲਣ, ਹਰਿਆ ਨੀ ਭੈਣੇ,

ਹਰਿਆ ਤੇ ਭਾਗੀਂ ਭਰਿਆ।

ਜਿਸ ਦਿਹਾੜੇ ਮੇਰਾ ਹਰਿਆ ਨੀ ਜੰਮਿਆ

ਸੋਈਓ ਦਿਹਾੜਾ ਭਾਗੀਂ ਭਰਿਆ।

ਇੱਕ ਲੱਖ ਚੰਬਾ ਦੋ ਲੱਖ ਮਰੂਆ

ਤ੍ਰੈ ਲੱਖ ਸਿਹਰੇ ਦਾ ਮੁੱਲ

ਲੈ ਮੇਰੀ ਮਾਲਣ, ਬੰਨ੍ਹ ਨੀ ਸਿਹਰਾ

          ਬੰਨ੍ਹ ਨੀ ਲਾਲ ਜੀ ਦੇ ਮੱਥੇ।

     ਕੋਈ ਸਮਾਂ ਸੀ ਜਦੋਂ ਮਾਲਣ ਜਾਂ ਕੋਈ ਨੈਣ ਲੜਕੇ ਲਈ ਬਹੁਤ ਰੀਝਾਂ ਨਾਲ ਸਿਹਰਾ ਗੁੰਦ ਕੇ ਲਿਆਉਂਦੀ ਸੀ ਤੇ ਸਿਹਰੇ ਨੂੰ ਬਹੁਤ ਸ਼ਗਨਾਂ ਨਾਲ ਬੰਨ੍ਹਿਆ ਜਾਂਦਾ ਸੀ ਤੇ ਉਸ ਨੂੰ ਲਾਗ (ਰਾਸ਼ੀ ਆਦਿ) ਦਿੱਤਾ ਜਾਂਦਾ ਸੀ। ਹੁਣ ਦੇ ਸਮਿਆਂ `ਚ ਬਜ਼ਾਰੋਂ ਬਣੇ-ਬਣਾਏ ਕੀਮਤੀ ਤੇ ਵਡਮੁੱਲੇ ਸਿਹਰੇ ਖ਼ਰੀਦ ਕੇ ਭੈਣ ਵੱਲੋਂ ਭਰਾ ਦੇ ਬੰਨ੍ਹ ਕੇ ਸ਼ਗਨ ਮਨਾਏ ਜਾਂਦੇ ਹਨ। ਇਹਨਾਂ ਗੀਤਾਂ ਵਿੱਚ ਘੋੜੀ ਨੂੰ ਸ਼ਿੰਗਾਰਨ ਦਾ ਦ੍ਰਿਸ਼ ਇੰਞ ਪੇਸ਼ ਕੀਤਾ ਗਿਆ ਹੈ :

ਘੋੜੀ ਸੋਂਹਦੀ ਕਾਠੀਆਂ ਦੇ ਨਾਲ,

ਕਾਠੀ ਡੇਢ ਤੇ ਹਜ਼ਾਰ।

ਉਮਰਾਵਾਂ ਦੀ ਤੇਰੀ ਚਾਲ, ਮੈਂ ਬਲਿਹਾਰੀ,

ਵੇ ਮਾਂ ਦਿਆ ਸੁਰਜਣਾ।

ਚੀਰਾ ਤੇਰਾ ਵੇ ਮੱਲਾ ਸੋਹਣਾ,

ਬਣਦਾ ਕਲਗੀਆਂ ਦੇ ਨਾਲ।

ਕਲਗੀ ਡੇਢ ਤੇ ਹਜ਼ਾਰ, ਮੈਂ ਬਲਿਹਾਰੀ,

ਵੇ ਮਾਂ ਦਿਆ ਸੁਰਜਣਾ।

ਕੈਂਠਾ ਤੇਰਾ ਵੇ ਮੱਲਾ ਸੋਹਣਾ,

ਬਣਦਾ ਜੁਗਨੀਆਂ ਦੇ ਨਾਲ।

ਜੁਗਨੀ ਡੇਢ ਤੇ ਹਜ਼ਾਰ, ਮੈਂ ਬਲਿਹਾਰੀ,

ਵੇ ਮਾਂ ਦਿਆ ਸੁਰਜਣਾ।

ਜੁੱਤੀ ਤੇਰੀ ਵੇ ਮੱਲਾ ਸੋਹਣੀ,

ਵਾਹਵਾ ਜੜੀ ਤਿੱਲੇ ਨਾਲ।

ਕੇਹੀ ਸੋਹਣੀ ਤੇਰੀ ਚਾਲ, ਮੈਂ ਬਲਿਹਾਰੀ,

          ਵੇ ਮਾਂ ਦਿਆ ਸੁਰਜਣਾ।

     ਘੋੜੀ ਦੀ ਸੁੰਦਰਤਾ ਦਾ ਜ਼ਿਕਰ ਵੇਖੋ :

ਸੋਨੇ ਦੀ ਘੋੜੀ ਤੇ ਰੇਸ਼ਮ ਡੋਰਾਂ,

ਚਾਂਦੀ ਦੇ ਪੈਖੜ ਪਾਏ ਰਾਮਾ।

ਬਾਬਾ ਵਿਆਹੁਣ ਪੋਤੇ ਨੂੰ ਚੱਲਿਆ,

          ਲੱਠੇ ਨੇ ਖੜ, ਖੜ ਲਾਈ ਰਾਮਾ।

     ਸਿਹਰੇ ਦੇ ਸ਼ਗਨਾਂ ਲਈ ਫੁੱਲਾਂ ਦਾ ਵਿਸ਼ੇਸ਼ ਜ਼ਿਕਰ :

ਚੁਗ ਲਿਆਇਉ ਚੰਬਾ ਤੇ ਗੁਲਾਬ ਜੀ ਚੁਗ ਲਿਆਇਉ

ਜੀ ਗੁੰਦ ਲਿਆਇਉ ਸਿਰਾਂ ਦੇ ਜੀ ਸਿਹਰੇ

ਇਹਦੀ ਨਾਰ ਚੰਬੇ ਦੀ ਤਾਰ ਜੀ ਚੁਗ ਲਿਆਇਉ

          ਜੀ ਗੁੰਦ ਲਿਆਇਉ ਸਿਰਾਂ ਦੇ ਜੀ ਸਿਹਰੇ।

     ਭਰਾ ਪ੍ਰਤਿ ਭੈਣ ਦਾ ਪਿਆਰ ਵੀ ਵੇਖਣ ਵਾਲਾ ਹੈ :

ਵੀਰਾ ਘੋੜੀਆਂ ਵਿਕੇਂਦੀਆਂ ਵੇ, ਨਦੀਆਂ ਤੋਂ ਪਾਰ

ਤੂੰ ਚਾਚੇ ਨੂੰ ਲਾਡਲਾ ਵੇ, ਘੋੜੀਆਂ ਲਿਆਂਦੀਆਂ ਚਾਰ

ਤੂੰ ਭੈਣਾਂ ਨੂੰ ਲਾਡਲਾ ਵੇ, ਘੋੜੀਆਂ ਲਿਆਂਦੀਆਂ ਚਾਰ

          ਵੀਰਾ ਘੋੜੀਆਂ ਵਿਕੇਂਦੀਆਂ ਵੇ, ਨਦੀਆਂ ਤੋਂ ਪਾਰ।

ਘੋੜੀਆਂ ਗਾਉਣ ਵਾਲੀਆਂ ਔਰਤਾਂ ਨੂੰ ਲੜਕੇ ਦੀ ਮਾਂ (ਪਰਿਵਾਰ) ਵੱਲੋਂ ਲੱਡੂ, ਪਤਾਸੇ ਜਾਂ ਕੋਈ ਹੋਰ ਮਿੱਠੀ ਵਸਤੂ ਵੰਡੀ ਜਾਂਦੀ ਹੈ।


ਲੇਖਕ : ਮਨਮੋਹਨ ਸਿੰਘ ਦਾਉ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 80309, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਘੋੜੀਆਂ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਘੋੜੀਆਂ. ਸ਼ਾਦੀ ਦੇ ਮੌਕੇ ਬਰਾਤ ਨੂੰ ਡੇਰਾ ਦੇਣ ਪਿੱਛੋਂ, ਵਿਆਹ ਸੰਸਕਾਰ ਤੋਂ ਪਹਿਲਾਂ , ਦੁਲਹਾ (ਲਾੜੇ) ਨੂੰ ਘੋੜੀ ਪੁਰ ਸਵਾਰ ਕਰਾਕੇ ਦੁਲਹਨਿ (ਲਾੜੀ) ਦੇ ਘਰ ਲੈ ਜਾਂਦੇ ਹਨ. ਇਸ ਦਾ ਨਾਉਂ ਘੋੜੀ ਦੀ ਰਸਮ ਹੈ.1 ਉਸ ਵੇਲੇ ਜੋ ਗੀਤ ਗਾਏ ਜਾਂਦੇ ਹਨ ਉਨ੍ਹਾਂ ਦੀ ਸੰਗ੍ਯਾ—“ਘੋੜੀਆਂ” ਹੈ. ਸ਼੍ਰੀ ਗੁਰੂ ਰਾਮਦਾਸ ਜੀ ਨੇ ਗੰਦੇ ਗੀਤਾਂ ਦੀ ਕੁਰੀਤੀ ਨੂੰ ਦੂਰ ਕਰਨ ਲਈ “ਘੋੜੀਆਂ” ਸਿਰਲੇਖ ਹੇਠ ਵਡਹੰਸ ਰਾਗ ਵਿੱਚ ਬਾਣੀ ਰਚੀ ਹੈ, ਜਿਸ ਵਿੱਚ ਲੋਕ ਪਰਲੋਕ ਵਿੱਚ ਸੁਖ ਪ੍ਰਾਪਤੀ ਦਾ ਉਪਦੇਸ਼ ਹੈ. “ਦੇਹ ਤੇਜਣਿ ਜੀ ਰਾਮ ਉਪਾਈਆ.” ਆਦਿ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 79450, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਘੋੜੀਆਂ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਘੋੜੀਆਂ (ਬਾਣੀ): ਇਸ ਬਾਣੀ ਦੀ ਰਚਨਾ ਗੁਰੂ ਰਾਮਦਾਸ ਜੀ ਨੇ ਵਡਹੰਸ ਰਾਗ ਵਿਚ ਕੀਤੀ ਹੈ। ‘ਘੋੜੀਮੂਲ ਰੂਪ ਵਿਚ ਇਕ ਲੋਕ-ਗੀਤ ਹੈ, ਜੋ ਇਸਤਰੀਆਂ ਦੁਆਰਾ ਵਿਆਹ ਤੋਂ ਕੁਝ ਦਿਨ ਪਹਿਲਾਂ ਲੜਕੇ ਵਾਲਿਆਂ ਦੇ ਘਰ ਗਾਇਆ ਜਾਣਾ ਸ਼ੁਰੂ ਹੋ ਜਾਂਦਾ ਹੈ। ਪਰ ਇਸ ਦੇ ਗਾਏ ਜਾਣ ਦਾ ਅੰਤਿਮ ਮੌਕਾ ਜਾਂ ਸਿਖਰ ਲੜਕੀ ਵਾਲਿਆਂ ਦੇ ਘਰ ਵਲ ਨੂੰ ਬਰਾਤ ਦੇ ਤੁਰਨ ਵੇਲੇ ਹੁੰਦਾ ਹੈ। ਘੋੜੀ ਨੂੰ ਸਜਾ-ਸੰਵਾਰ ਕੇ ਲਾੜੇ ਕੋਲ ਲਿਆਇਆ ਜਾਂਦਾ ਹੈ। ਲਾੜੇ ਦੀਆਂ ਭੈਣਾਂ ਥਾਲੀ ਵਿਚ ਚਣਿਆਂ ਦਾ ਦਾਣਾ ਪਾ ਕੇ ਘੋੜੀ ਨੂੰ ਖਵਾਉਂਦੀਆਂ ਹਨ ਅਤੇ ਵਾਗ ਗੁੰਦਦੀਆਂ ਹਨ। ਭਰਜਾਈ/ਭਰਜਾਈਆਂ ਸੁਰਮਾ ਪਾਉਂਦੀਆਂ ਹਨ। ਜਦੋਂ ਲਾੜਾ ਘੋੜੀ ਉਤੇ ਚੜ੍ਹਦਾ ਹੈ ਤਾਂ ਭੈਣਾਂ ਅਤੇ ਹੋਰ ਇਕੱਠੀਆਂ ਹੋਈਆਂ ਕੁੜੀਆਂ ਸਮੂਹਿਕ ਤੌਰ ’ਤੇ ਇਹ ਲੋਕ-ਗੀਤ ਗਾਉਂਦੀਆਂ ਹਨ।

            ਲਾੜੇ ਦੀ ਉਸ ਵੇਲੇ ਦੀ ਸਜ-ਧਜ ਇਹ ਅਹਿਸਾਸ ਕਰਾਉਂਦੀ ਹੈ ਕਿ ਉਹ ਕਿਸੇ ਮੁਹਿੰਮ’ਤੇ ਚੜ੍ਹਨ ਜਾ ਰਿਹਾ ਹੋਵੇ। ਉਂਜ ਵਿਆਹ ਕਾਰਜ ਵੀ ਕਿਸੇ ਮੁਹਿੰਮ ਤੋਂ ਘਟ ਨਹੀਂ ਹੁੰਦਾ। ਇਸ ਪ੍ਰਕਾਰ ਦੇ ਗੀਤਾਂ ਵਿਚ ਲਾੜੇ ਦੇ ਗੁਣਗਾਨ ਤੋਂ ਇਲਾਵਾ, ਭਾਗਾਂ ਭਰੀ ਸੁਭਾਗੀ ਸ਼ਾਦੀ ਲਈ ਸ਼ੁਭ ਕਾਮਨਾਵਾਂ ਵੀ ਕੀਤੀਆ ਜਾਂਦੀਆਂ ਹਨ। ਅਜਿਹੇ ਗੀਤਾਂ ਵਿਚ ਲਾੜੇ ਦੇ ਪੱਖ ਦੇ ਸਾਰੇ ਰਿਸ਼ਤੇਦਾਰਾਂ ਦੀਆਂ ਖ਼ੁਸ਼ੀਆਂ ਪਰੁਚੀਆਂ ਹੁੰਦੀਆਂ ਹਨ, ਜਿਵੇਂ— ਘੋੜੀ ਤੇਰੀ ਵੇ ਮੱਲਾ ਸੋਹਣੀ, ਘੋੜੀ ਮੱਲਾ ਵੇ ਤੇਰੀ ਸੋਹਣੀ ਸੋਂਹਦੀ ਕਾਠੀਆਂ ਦੇ ਨਾਲ, ਕਾਠੀ ਡੇਢ ਤੇ ਹਜ਼ਾਰ ਉਮਰਾਵਾਂ ਦੀ ਤੇਰੀ ਚਾਲ, ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਨਾ ਵਿਚ ਵਿਚ ਬਾਗ਼ਾਂ ਦੇ ਤੁਸੀਂ ਜਾਉ, ਚੋਟ ਨਗਾਰਿਆਂਤੇ ਲਾਉ ਖਾਣਾ ਰਾਜਿਆਂ ਦਾ ਖਾਉ, ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਨਾ...

            ਗੁਰੂ ਰਾਮਦਾਸ ਜੀ ਦੇ ਰਚੇ ਅਤੇ ਵਡਹੰਸ ਰਾਗ ਵਿਚ ਦਰਜ ਛੇ ਛੰਤਾਂ ਵਿਚ ਪੰਜਵੇਂ ਅਤੇ ਛੇਵੇਂ ਨੂੰ ‘ਘੋੜੀਆ ’ ਉਪ-ਸਿਰਲੇਖ ਬਹੁ-ਵਚਨਿਕ ਰੂਪ ਵਿਚ ਦਿੱਤਾ ਗਿਆ ਹੈ। ਲੋਕ-ਜੀਵਨ ਵਿਚ ਪ੍ਰਚਲਿਤ ਉਪਰੋਕਤ ਗੀਤਾਂ ਦੀ ਧਾਰਣਾ ਉਤੇ ਇਨ੍ਹਾਂ ਦੋ ਛੰਤਾਂ ਨੂੰ ਗਾਉਣ ਦਾ ਆਦੇਸ਼ ਹੈ। ਇਥੇ ਗੁਰੂ-ਕਵੀ ਨੇ ਲੋਕ-ਗੀਤ ਘੋੜੀ ਦੀ ਨਿਰੀ ਧਾਰਣਾ ਨੂੰ ਹੀ ਨਹੀਂ ਅਪਣਾਇਆ, ਸਗੋਂ ਲਾੜੇ ਦੇ ਘੋੜੀ ਉਤੇ ਚੜ੍ਹਨ ਦੇ ਪ੍ਰਕਾਰਜ ਵਾਲੇ ਰੂਪਕ ਰਾਹੀਂ ਦੇਹ ਰੂਪੀ ਘੋੜੀ ਉਤੇ ਸਵਾਰ ਸਾਧਕ ਨੂੰ ਮਿਲਾਪ ਦੇ ਮਾਰਗ ਉਪਰ ਅਗੇ ਤੋਰਿਆ ਹੈ ਅਤੇ ਸਾਧ-ਸੰਗਤਿ ਨੇ ਜੰਞ ਦੀ ਭੂਮਿਕਾ ਨਿਭਾਈ ਹੈ। ਮਨ ਨੂੰ ਕਾਬੂ ਕਰਨ ਲਈ ‘ਗੁਰੂ’ ਨੇ ਘੋੜੀ ਦੇ ਮੂੰਹ ਵਿਚ ਲਗ਼ਾਮ ਪਾਈ ਹੋਈ ਹੈ। ਘੋੜੀ ਨੂੰ ਅਨੁਸ਼ਾਸਿਤ ਕਰਨ ਲਈ ਪ੍ਰੇਮ ਦੀ ਚਾਬਕ ਵਰਤੀ ਜਾ ਰਹੀ ਹੈ। ਇਸ ਤਰ੍ਹਾਂ ਬਰਾਤ- ਸਹਿਤ ਲਾੜੇ (ਸਾਧਕ) ਦਾ ਸੰਸਾਰ ਦੇ ਬਿਖੜੇ ਮਾਰਗ ਉਤੇ ਚਲਦਿਆਂ, ਪਰਮ-ਸੱਤਾ ਨਾਲ ਮਿਲਾਪ ਹੋ ਜਾਂਦਾ ਹੈ।

            ਇਹ ਇਕ ਪ੍ਰਤੀਕਾਤਮਕ ਰਚਨਾ ਹੈ। ਗੁਰੂ ਜੀ ਨੇ ਅੰਤਿਮ ਪਦੇ ਵਿਚ ਕਿਹਾ ਹੈ— ਦੇਹ ਘੋੜੀ ਜੀ ਜਿਤੁ ਹਰਿ ਪਾਇਆ ਰਾਮ ਮਿਲਿ ਸਤਿਗੁਰ ਜੀ ਮੰਗਲੁ ਗਾਇਆ ਰਾਮ ਹਰਿ ਗਾਇ ਮੰਗਲੁ ਰਾਮ ਨਾਮਾ ਹਰਿ ਸੇਵ ਸੇਵਕ ਸੇਵਕੀ ਪ੍ਰਭ ਜਾਇ ਪਾਵੈ ਰੰਗ ਮਹਲੀ ਹਰਿ ਰੰਗੁ ਮਾਣੈ ਰੰਗ ਕੀ ਗੁਣ ਰਾਮ ਗਾਏ ਮਨਿ ਸੁਭਾਏ ਹਰਿ ਗੁਰਮਤਿ ਮਨਿ ਧਿਆਇਆ ਜਨ ਨਾਨਕ ਹਰਿ ਕਿਰਪਾ ਧਾਰੀ ਦੇਹ ਘੋੜੀ ਚੜਿ ਹਰਿ ਪਾਇਆ (ਗੁ.ਗ੍ਰੰ.576)।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 79005, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਘੋੜੀਆਂ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਘੋੜੀਆਂ: ਗੁਰੂ ਰਾਮਦਾਸ ਜੀ ਦੁਆਰਾ ਰਾਗ ਵਡਹੰਸ ਵਿਚ ਲਿਖੀਆਂ ਹੋਈਆਂ ਰਚਨਾਵਾਂ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ। ਸ਼ਬਦਘੋੜੀਆਂਪੰਜਾਬੀ ਵਿਚ ਘੋੜੀ ਦਾ ਬਹੁ-ਵਚਨ ਹੈ। ਪੰਜਾਬੀ ਲੋਕ ਕਾਵਿ ਵਿਚ, ਵਿਸ਼ੇਸ਼ ਰੂਪ ਦੇ ਸਰੋਦੀ ਗੀਤ ਜਿਨ੍ਹਾਂ ਨੂੰ ਵਿਆਹ ਸਮੇਂ ਗਾਇਆ ਜਾਂਦਾ ਹੈ ਉਹਨਾਂ ਨੂੰ ਘੋੜੀਆਂ ਕਿਹਾ ਜਾਂਦਾ ਹੈ।

 

     ਪੰਜਾਬੀ ਵਿਆਹ ਵਿਚ ਬਹੁਤ ਸਾਰੀਆਂ ਰਸਮਾਂ ਸ਼ਾਮਲ ਹਨ ਜਿਨ੍ਹਾਂ ਨੂੰ ਵੱਖ-ਵੱਖ ਮੌਕਿਆਂ ਤੇ ਨਿਭਾਇਆ ਜਾਂਦਾ ਹੈ। ਇਹਨਾਂ ਰਸਮਾਂ ਵਿਚੋਂ ਇਕ ਰਸਮ ਇਹ ਹੈ ਕਿ ਲਾੜਾ ਸਜੀ ਹੋਈ ਘੋੜੀ ਉੱਪਰ ਬੈਠ ਕੇ ਲਾੜੀ ਦੇ ਘਰ ਵੱਲ ਜਾਂਦਾ ਹੈ ਜਿੱਥੇ ਉਸਦੇ ਸੁਆਗਤ ਲਈ ਇੰਤਜ਼ਾਰ ਕੀਤਾ ਜਾ ਰਿਹਾ ਹੁੰਦਾ ਹੈ। ਜਦੋਂ ਲਾੜਾ ਘੋੜੀ ‘ਤੇ ਚੜ੍ਹਕੇ ਬੈਠਦਾ ਹੈ ਉਦੋਂ ਉਸ ਦੀਆਂ ਭੈਣਾਂ ਘੋੜੀ ਨੂੰ ਪਲੇਟ ਵਿਚੋਂ ਦਲੇ ਹੋਏ ਛੋਲੇ ਖੁਆਉਂਦੀਆਂ ਹਨ ਅਤੇ ਘੋੜੀ ਦੀ ਸਜੀ ਹੋਈ ਵਾਗ ਨੂੰ ਫੜ ਕੇ ਘੋੜੀ ਦੇ ਗੀਤ ਗਾਉਦੀਆਂ ਹਨ। ਹੋਰ ਕੁੜੀਆਂ ਅਤੇ ਇਸਤਰੀਆਂ ਵੀ ਉਹਨਾਂ ਨਾਲ ਮਿਲ ਕੇ ਗਾਉਂਦੀਆਂ ਹਨ। ਇਹ ਲਾੜੇ ਦੇ ਅਤੇ ਉਸ ਦੇ ਪੂਰਵਜਾਂ ਦਾ ਜਸ ਗਾਉਂਦੀਆਂ ਹਨ ਅਤੇ ਉਸਦੇ ਸ਼ੁਭ ਵਿਆਹ ਦੀਆਂ ਕਾਮਨਾਂ ਕਰਦੀਆਂ ਹਨ। ਇਹਨਾਂ ਗੀਤਾਂ ਵਿਚ, ਸ਼ਬਦ ਘੋੜੀ ਦੀ ਅਕਸਰ ਵਰਤੋਂ ਹੁੰਦੀ ਹੈ, ਤਕਰੀਬਨ ਹਰ ਇਕ ਕਾਵਿ-ਪੰਕਤੀ ਵਿਚ ਇਹ ਸ਼ਬਦ ਇਕ ਵਾਰ ਜ਼ਰੂਰ ਆ ਜਾਂਦਾ ਹੈ।

     ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਰਾਗ ਵਡਹੰਸ ਵਿਚ ਦਰਜ ਸਲੋਕਾਂ ਨੂੰ ਆਮ ਤੌਰ ‘ਤੇ ਜਨਮ, ਵਿਆਹ ਅਤੇ ਮੌਤ ਸਮੇਂ ਗਾਏ ਜਾਣ ਵਾਲੇ ਲੋਕ- ਗੀਤਾਂ ਦੀਆਂ ਧੁਨਾਂ ਦੇ ਆਧਾਰ ‘ਤੇ ਰਚਿਆ ਗਿਆ ਹੈ। ਗੁਰੂ ਨਾਨਕ ਦੇਵ ਜੀ ਨੇ ਇਸ ਰਾਗ ਵਿਚ ਆਪਣੀਆਂ ਰਚਨਾਵਾਂ ਲਿਖੀਆਂ ਹਨ ਜਿਨ੍ਹਾਂ ਨੂੰ ਅਲਾਹੁਣੀਆਂ ਜਾਂ ਸੋਗ ਦੇ ਗੀਤ ਕਿਹਾ ਜਾਂਦਾ ਹੈ। ਗੁਰੂ ਅਮਰਦਾਸ ਜੀ ਨੇ ਵੀ ਇਸੇ ਸ਼ੈਲੀ ਨੂੰ ਆਧਾਰ ਬਣਾ ਕੇ ਪਵਿੱਤਰ ਸ਼ਬਦਾਂ ਦੀ ਰਚਨਾ ਕੀਤੀ ਹੈ। ਚੌਥੇ ਗੁਰੂ , ਗੁਰੂ ਰਾਮਦਾਸ ਜੀ ਨੇ ਲੋਕ ਕਾਵਿ ਸਾਹਿਤ ਰੂਪ ਘੋੜੀਆਂ ਨੂੰ ਆਧਾਰ ਬਣਾ ਕੇ ਦੋ ਘੋੜੀਆਂ ਵਿਚ ਧਾਰਮਿਕ ਕਾਵਿ ਦੀ ਰਚਨਾ ਕੀਤੀ ਹੈ। ਗੁਰੂਆਂ ਨੇ ਦੁਨਿਆਵੀ ਮੌਕੇ ‘ਤੇ ਵਰਤੇ ਜਾਣ ਵਾਲੇ ਲੋਕ- ਕਾਵਿ ਰੂਪਾਂ ਨੂੰ ਆਧਾਰ ਬਣਾ ਕੇ ਅਧਿਆਤਮਿਕ ਸੰਦਰਭ ਅਤੇ ਅਰਥਾਂ ਨੂੰ ਪੇਸ਼ ਕਰਨ ਵਾਲੀ ਕਾਵਿ ਸਿਰਜਣਾ ਕੀਤੀ ਹੈ।

     ਗੁਰੂ ਰਾਮਦਾਸ ਜੀ ਦੁਆਰਾ ਰਚਿਤ ਘੋੜੀਆਂ ਵਿਚ ਸਰੋਦੀ ਕਵਿਤਾ ਦੀ ਮਨੋਹਰ ਸੁੰਦਰਤਾ , ਬਿੰਬ ਅਤੇ ਪ੍ਰਤੀਕ ਜੋ ਵਿਸ਼ੇਸ਼ ਰੂਪ ਵਿਚ ਵਿਆਹ ਨਾਲ ਸੰਬੰਧਿਤ ਹੁੰਦੇ ਹਨ ਅਤੇ ਉਹਨਾਂ ਵਿਚੋਂ ਵੀ ਵਿਸ਼ੇਸ਼ ਰੂਪ ਵਿਚ ਘੋੜੀ ਦੀ ਰਸਮ ਨਾਲ ਸੰਬੰਧਿਤ ਕਾਵਿ-ਰੂਪ ਨੂੰ ਆਧਾਰ ਬਣਾਕੇ ਸਿਰਜਣਾ ਕੀਤੀ ਗਈ ਹੈ। ਇਹਨਾਂ ਘੋੜੀਆਂ ਵਿਚ ਦਰਸਾਇਆ ਗਿਆ ਹੈ ਕਿ ਮਾਨਵ ਲਈ ਮਾਨਵ ਜੀਵਨ ਵਿਚ ਪਰਮਾਤਮਾ ਨਾਲ ਮਿਲਾਪ ਹੋ ਜਾਣਾ ਇਕ ਬਹੁਮੁੱਲਾ ਅਵਸਰ ਹੈ ਜਿਵੇਂ ਕਿ ਵਿਆਹ ਤੋਂ ਬਾਅਦ ਦੁਲਹਨ ਨਾਲ ਮਿਲਾਪ ਦਾ ਅਵਸਰ ਪ੍ਰਾਪਤ ਹੁੰਦਾ ਹੈ। ਮਾਨਵ ਸਰੀਰ ਘੋੜੀ ਹੈ, ਜਿਸ ਉੱਪਰ ਸਵਾਰੀ ਕਰਕੇ ਪਰਮਾਤਮਾ ਦੀ ਪ੍ਰਾਪਤੀ ਕਰਨ ਵਾਲਾ ਸਾਧਕ ਸਫ਼ਲਤਾਪੂਰਵਕ ਅਤੇ ਵਿਜੈਪੂਰਵਕ ਆਪਣੇ ਅੰਤਿਮ ਲਕਸ਼ ਦੀ ਪ੍ਰਾਪਤੀ ਕਰ ਸਕਦਾ ਹੈ। ਮਾਨਵ ਦੇ ਚੰਚਲ ਮਨ ਨੂੰ ਠੀਕ ਰਸਤੇ ਜੋਤਣ ਲਈ, ਉਸ ਉੱਪਰ ਜਿੱਤ ਪ੍ਰਾਪਤ ਕਰਨ ਲਈ ਅਤੇ ਉਸਨੂੰ ਕਾਬੂ ਕਰਨ ਲਈ ਬਿਲਕੁਲ ਉਸ ਤਰ੍ਹਾਂ ਹੀ ਕਾਬੂ ਕਰਨਾ ਪੈਂਦਾ ਹੈ ਜਿਵੇਂ ਕਿ ਘੋੜੀ ਨੂੰ ਕਾਬੂ ਵਿਚ ਰੱਖਣ ਲਈ ਕਾਠੀ ਅਤੇ ਲਗਾਮ ਦੀ ਜ਼ਰੂਰਤ ਪੈਂਦੀ ਹੈ। ਇਸ ਧਾਰਮਿਕ ਕਾਵਿ ਵਿਚ ਘੋੜੀ ਨੂੰ ਤੇਜਣੀ, ਤੁਰੀ ਅਤੇ ਤੁਖਾਈ ਦੇ ਨਾਵਾਂ ਨਾਲ ਸੰਬੋਧਨ ਕੀਤਾ ਗਿਆ ਹੈ, ਜੋ ਸਾਰੇ ਘੋੜੀ ਦੇ ਹੀ ਸਮਾਨਾਰਥਕ ਹਨ। ਪਵਿੱਤਰ ਵਿਅਕਤੀ ਜਾਂ ਸੰਤ ਅਜਿਹੇ ਵਿਆਹ ਦੀ ਬਰਾਤ ਵਿਚ ਹੁੰਦੇ ਹਨ: ਪਰਮਾਤਮਾ ਆਪ ਉਹਨਾਂ ਲਈ ਭੋਜਨ ਸਜਾਉਂਦਾ ਹੈ। ਇਸ ਤਰ੍ਹਾਂ ਜੀਵ ਰੂਪੀ ਦੁਲਹਨ ਲੱਭੀ ਅਤੇ ਪ੍ਰਾਪਤ ਕੀਤੀ ਜਾਂਦੀ ਹੈ। ਘੋੜੀਆਂ ਰਚਨਾਵਾਂ ਵਿਚ ਰੂਪਕ ਆਪਣੇ ਆਪ ਨੂੰ ਹੇਠਾਂ ਲਿਖੇ ਅੱਠ ਭਾਗਾਂ ਵਿਚ ਇਸ ਪ੍ਰਕਾਰ ਪ੍ਰਗਟ ਕਰਦਾ ਹੈ: -

1)  ਗੁਰੂ ਸਾਹਿਬ ਨੇ ਮਨੁੱਖੀ ਮਾਨਵ ਦੇਹ ਦੀ ਜੋ ਪਰਮਾਤਮਾ ਦੁਆਰਾ ਬਣਾਈ ਗਈ ਉਸਦੀ ਘੋੜੀ ਦੇ ਪ੍ਰਤੀਕ ਨਾਲ ਤੁਲਨਾ ਕੀਤੀ ਹੈ। ਮਾਨਵ ਦੇਹ ਕੁਦਰਤ ਦਾ ਸਭ ਤੋਂ ਕੀਮਤੀ, ਉੱਤਮ ਅਤੇ ਪਰਮਾਤਮਾ ਦੀ ਸਿਰਜਣਾ ਦਾ ਅਦਭੁਤ ਕਰਿਸ਼ਮਾ ਹੈ। ਮਾਨਵ ਜਨਮ ਕੇਵਲ ਕਿਸਮਤ ਵਾਲਿਆਂ ਨੂੰ ਪ੍ਰਾਪਤ ਹੁੰਦਾ ਹੈ। ਇਸ ਦਾ ਅਧਿਆਤਮਿਕ ਮਾਰਗ ‘ਤੇ ਚੱਲਣ ਨਾਲ ਅਸੀਮ ਮੁੱਲ ਪੈਂਦਾ ਹੈ ਜਿਸ ਨਾਲ ਮਾਨਵ ਇਸ ਦੀਆਂ ਸਾਰੇ ਖੇਤਰਾਂ ਵਿਚ ਪ੍ਰਾਪਤ ਹੋਣ ਵਾਲੀਆਂ ਸੰਭਾਵਨਾਵਾਂ ਦੀ ਦਾਤ ਪ੍ਰਾਪਤ ਕਰਦਾ ਹੈ। ਇਸ ਤਰ੍ਹਾਂ ਮਾਨਵ ਨੂੰ ਪਰਮਾਤਮਾ ਨਾਲ ਮਿਲਾਪ ਕਰਨ ਦਾ ਅਵਸਰ ਪ੍ਰਾਪਤ ਹੁੰਦਾ ਹੈ।

2)  ਮਨੁੱਖੀ ਮਨ ਨੂੰ ਕਾਬੂ ਵਿਚ ਲਿਆਉਣ ਲਈ ਘੋੜੀ ਦੀ ਕਾਠੀ ਦੇ ਪ੍ਰਤੀਕ ਨੂੰ ਆਧਾਰ ਬਣਾਇਆ ਹੈ ਜਿਸਨੂੰ ਗੁਰੂ ਦੀ ਅਗਵਾਈ ਰਾਹੀਂ ਕਾਬੂ ਕੀਤਾ ਜਾ ਸਕਦਾ ਹੈ। ਉਹਨਾਂ ਅਨੁਸਾਰ ਅਧਿਆਤਮਿਕ ਗਿਆਨ ਨਾਲ ਮਾਨਵ ਆਪਣੇ ਚੰਚਲ ਮਨ ‘ਤੇ ਕਾਬੂ ਪਾ ਸਕਦਾ ਹੈ। ਧਿਆਨ ਦੀ ਅਵਸਥਾ ਵਿਚ ਕੀਤੇ ਗਏ ਨਾਮ ਸਿਮਰਨ ਨਾਲ ਮਾਨਵ ਨੂੰ ਮਾਨਸਿਕ ਅਮੀਰੀ ਦੀ ਪ੍ਰਾਪਤੀ ਹੁੰਦੀ ਹੈ ਅਤੇ ਇਸ ਨਾਲ ਉਸ ਵਿਚ ਸਹਿਜ ਵੀ ਆਉਂਦਾ ਹੈ। ਇਹ ਚੰਚਲ ਮਨ ਉੱਪਰ ਕਾਬੂ ਪਾਉਣ ਦੀ ਵਿਧੀ ਹੈ। ਘੋੜੀ ਉੱਪਰ ਕਾਠੀ ਪਾ ਕੇ ਉਸ ਨੂੰ ਕਾਬੂ ਵਿਚ ਲਿਆਇਆ ਜਾਂਦਾ ਹੈ ਅਤੇ ਅਧਿਆਤਮਿਕ ਮਾਰਗ ‘ਤੇ ਮਨ ਨੂੰ ਪਰਮਾਤਮਾ ਨਾਲ ਮਿਲਾਪ ਦੇ ਸਫ਼ਰ ‘ਤੇ ਲਿਜਾਣ ਲਈ ਇਸ ਉੱਪਰ ਵੀ ਕਾਠੀ ਪਾਉਣੀ ਪੈਂਦੀ ਹੈ।

3) ਗੁਰੂ ਸਾਹਿਬ ਨੇ ਅਧਿਆਤਮਿਕ ਗਿਆਨ ਨੂੰ ਘੋੜੀ ਦੀ ਲਗਾਮ ਦੇ ਪ੍ਰਤੀਕ ਰਾਹੀਂ ਸਪਸ਼ਟ ਕੀਤਾ ਹੈ। ਮਾਨਵ ਨੂੰ ਸਵੈ ਦਾ ਸੱਚਾ ਅਨੁਭਵ ਹੀ ਮਨ ਉੱਪਰ ਕਾਬੂ ਪਾਉਣ ਦਾ ਰਸਤਾ ਦੱਸਦਾ ਹੈ। ਇਸ ਨਾਲ ਪ੍ਰਭੂ ਦੇ ਸਾਧਕ ਨੂੰ ਉਸਦੇ ਅਧਿਆਤਮਿਕ ਸਫ਼ਰ ਸੰਬੰਧੀ ਗਿਆਨ ਬੋਧ ਦੀ ਪ੍ਰਾਪਤੀ ਹੁੰਦੀ ਹੈ।

4) ਪ੍ਰਭੂ ਪ੍ਰੇਮ ਮਾਨਵ ਰੂਪੀ ਘੋੜੀ ਨੂੰ ਅਧਿਆਤਮਿਕ ਰਸਤੇ ‘ਤੇ ਚਲਾਉਣ ਲਈ ਚਾਬੁਕ ਦਾ ਕੰਮ ਕਰਦਾ ਹੈ। ਪ੍ਰਭੂ ਪ੍ਰੇਮ ਹੀ ਮਾਨਵ ਮਨ ਦੇ ਵਿਕਾਰਾਂ ਨੂੰ ਤਰਾਸ਼ਦਾ ਹੈ ਅਤੇ ਉਸਨੂੰ ਠੀਕ ਰੂਪ ਵਿਚ ਢਾਲਦਾ ਹੈ। ਪਰਮਾਤਮਾ ਦੀ ਭਗਤੀ ਦੁਆਰਾ ਸਾਧਿਆ ਹੋਇਆ ਮਾਨਵ ਮਨ ਸੰਤੁਲਿਤ ਅਤੇ ਅਡੋਲ ਰਹਿੰਦਾ ਹੈ। ਉਸ ਨੂੰ ਦੁਨਿਆਵੀ ਭੁੱਖਾਂ ਅਤੇ ਲਾਲਸਾਵਾਂ ਸੱਚੇ ਮਾਰਗ ਤੋਂ ਭਟਕਾ ਨਹੀਂ ਸਕਦੀਆਂ। ਨਾਮ ਰੂਪੀ ਅੰਮ੍ਰਿਤ ਮਾਨਵ ਮਨ ਨੂੰ ਸੰਪੂਰਨਤਾ ਵਿਚ ਬਦਲ ਦਿੰਦਾ ਹੈ।

5) ਇਹ ਦੁਨਿਆਵੀ ਸਫ਼ਰ ਜਿਸ ਨੂੰ ਮਾਨਵ ਦੀ ਆਤਮਾ ਨੇ ਘੋੜੀ ਰੂਪੀ ਦੇਵੀ ਤੇ ਸਵਾਰੀ ਕਰਕੇ ਪੂਰਨ ਕਰਨਾ ਹੈ ਬਹੁਤ ਬਿਖੜਾ ਪੈਂਡਾ ਹੈ ਅਤੇ ਦੁਨਿਆਵੀ ਇੱਛਾਵਾਂ ਨਾਲ ਭਰਿਆ ਹੋਇਆ ਹੈ। ਦੁਨਿਆਵੀ ਮਾਇਆ ਜਾਲ ਇਸਦੇ ਰਸਤੇ ਤੇ ਪੈਰ-ਪੈਰ ਤੇ ਔਕੜਾਂ ਖੜ੍ਹੀਆਂ ਕਰਦਾ ਹੈ।

6) ਪਵਿੱਤਰ ਵਿਅਕਤੀ ਅਤੇ ਸੰਤ ਵਿਆਹ ਦੀ ਬਰਾਤ ਸਜਾਉਂਦੇ ਹਨ। ਇਹ ਉਹਨਾਂ ਦੀ ਪਵਿੱਤਰ ਸੰਗਤ ਹੀ ਹੁੰਦੀ ਹੈ ਜੋ ਮਾਨਵ ਨੂੰ, ਸਾਰੇ ਬੰਧਨਾਂ ਨੂੰ ਪਾਰ ਕਰਨ ਲਈ ਹੌਂਸਲਾ ਦਿੰਦੀ ਹੈ ਅਤੇ ਸਹਾਇਤਾ ਵੀ ਕਰਦੀ ਹੈ। ਇਸ ਨਾਲ ਮਾਨਵ ਰੂਪੀ ਲਾੜਾ ਸਫ਼ਲਤਾਪੂਰਵਕ ਅਧਿਆਤਮਿਕ ਸਫ਼ਰ ਪੂਰਨ ਕਰ ਲੈਂਦਾ ਹੈ। ਇਸ ਸਫ਼ਰ ਦੌਰਾਨ ਉਹ ਲਗਾਤਾਰ ਨਾਮ ਸਿਮਰਨ ਕਰਦਾ ਰਹਿੰਦਾ ਹੈ ਅਤੇ ਸੰਤਾਂ ਤੋਂ ਅਧਿਆਤਮਿਕ ਪ੍ਰੇਰਣਾ ਵੀ ਲੈਂਦਾ ਰਹਿੰਦਾ ਹੈ।

7) ਅਧਿਆਤਮਿਕ ਅਸ਼ੀਰਵਾਦ ਦਾ ਅਨੁਭਵ ਹੀ ਵਿਆਹ ਰੂਪੀ ਸੰਜੋਗ ਦੀ ਅਸਲੀ ਖ਼ੁਸ਼ੀ ਹੈ। ਜਿਸ ਪ੍ਰਕਾਰ ਦੁਨਿਆਵੀ ਵਿਆਹ ਲਈ ਬਰਾਤ ਆਪਣੇ ਲਕਸ਼ ਤੇ ਪਹੁੰਚਦੀ ਹੈ ਅਤੇ ਉਹ ਸਰਬ -ਸ਼ਕਤੀਮਾਨ ਪਰਮਾਤਮਾ ਦੇ ਘਰ ਵਿਚ ਪ੍ਰਵੇਸ਼ ਕਰਦੀ ਹੈ ਅਤੇ ਉੱਥੇ ਪਹੁੰਚ ਕੇ ਅਧਿਆਤਮਿਕ ਅਨੁਭਵ ਰੂਪੀ ਪਕਵਾਨਾ ਦਾ ਅਨੰਦ ਮਾਣਿਆ ਜਾਂਦਾ ਹੈ ਅਤੇ ਨਾਮ ਦੀ ਦਾਤ ਪ੍ਰਾਪਤ ਕੀਤੀ ਜਾਂਦੀ ਹੈ। ਇਹ ਪਰਮਾਤਮਾ ਦੇ ਅਸ਼ੀਰਵਾਦ ਦਾ ਪਹਿਲਾ ਪ੍ਰਸਾਦ ਹੈ ਜਿਸ ਵਿਚ ਉੱਤਮ ਅਧਿਆਤਮਿਕ ਮਾਨਸਿਕ ਅਵਸਥਾ ਵਿਚਲੇ ਅਨੰਦ ਦੀ ਪ੍ਰਾਪਤੀ ਹੁੰਦੀ ਹੈ।

8) ਪਰਮਾਤਮਾ ਨਾਲ ਸੰਜੋਗ ਹੀ ਪ੍ਰਤੀਕ ਰੂਪੀ ਸ਼ਾਦੀ ਨੂੰ ਮਨਾਏ ਜਾਣ ਦੀ ਰਸਮ ਦੀ ਪੂਰਤੀ ਕਰਦਾ ਹੈ। ਮਾਨਵ ਰੂਪੀ ਲਾੜਾ, ਜੀਵ ਰੂਪੀ ਦੁਲਹਨ ਨੂੰ ਆਪਣੇ ਅੰਦਰ ਹੀ ਤਲਾਸ਼ ਲੈਂਦਾ ਹੈ। ਇਹ ਮਾਨਵ ਦਾ ਆਪਣਾ ਹੀ ਅੰਤਰੀਵ ਅਧਿਆਤਮਿਕ ਸੱਚਾ ਆਪਾ ਹੈ ਜਿਸ ਨੂੰ ਉਹ ਕੇਵਲ ਆਪ ਹੀ ਅਨੁਭਵ ਕਰ ਸਕਦਾ ਹੈ। ਇਸ ਜੀਵ ਰੂਪੀ ਆਤਮਾ ਅਤੇ ਦੇਹ ਰੂਪੀ ਲਾੜੇ ਦੇ ਸੰਜੋਗ ਦੀ ਖ਼ੁਸ਼ੀ ਕਦੇ ਵੀ ਨਾ ਖ਼ਤਮ ਹੋਣ ਵਾਲਾ ਨਿਰੰਤਰ ਅਨੁਭਵ ਬਣ ਜਾਂਦੀ ਹੈ।

     ਇਹ ਗੁਰੂ ਰਾਮਦਾਸ ਜੀ ਦੁਆਰਾ ਲਿਖੀਆਂ ਗਈਆਂ ਘੋੜੀਆਂ ਹਨ ਜੋ ਮਨੁੱਖ ਨੂੰ ਪ੍ਰਤੀਕਾਤਮਿਕ ਰੂਪ ਵਿਚ ਅਧਿਆਤਮਿਕ ਗਿਆਨ ਪ੍ਰਦਾਨ ਕਰਦੀਆਂ ਹਨ। ਜਿਨ੍ਹਾਂ ਨੂੰ ਗੁਰੂ ਨੇ ਪੰਜਾਬੀ ਲੋਕ ਸਾਹਿਤ ਦੇ ਮਹੱਤਵਪੂਰਨ ਕਾਵਿ-ਰੂਪ ਘੋੜੀਆਂ ਦੀ ਸ਼ੈਲੀ ਨੂੰ ਆਧਾਰ ਬਣਾ ਕੇ ਪ੍ਰਸਤੁਤ ਕੀਤਾ ਹੈ।


ਲੇਖਕ : ਤ.ਸ. ਅਤੇ ਅਨੁ.: ਜ.ਪ.ਕ.ਸੰ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 52933, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਘੋੜੀਆਂ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਘੋੜੀ/ ਘੋੜੀਆਂ :  ਗੁਰੂ ਗ੍ਰੰਥ ਸਾਹਿਬ ਵਿਚ ‘ਘੋੜੀਆਂ’ ਨਾਂ ਅਧੀਨ ਦੋ ਸ਼ਬਦ ਦਰਜ ਹਨ। ਘੋੜੀ ਵਾਸਤਵ ਵਿਚ ਲੜਕੇ ਦੇ ਵਿਆਹ ਨਾਲ ਸੰਬੰਧਿਤ ਲੋਕ–ਗੀਤ ਦਾ ਇਕ ਰੂਪ ਹੈ। ਵਿਆਹ ਦੇ ਮੌਕੇ ਜੰਝ ਤੁਰਨ ਵੇਲੇ ਲਾੜ੍ਹੇ ਨੂੰ ਘੋੜੀ ਉੱਤੇ ਚੜ੍ਹਾਇਆ ਜਾਂਦਾ ਹੈ। ਉਦੋਂ ਜੋ ਗੀਤ ਗਾਏ ਜਾਂਦੇ ਹਨ, ਉਨ੍ਹਾਂ ਨੂੰ ਘੋੜੀ ਚੜ੍ਹਨ ਦੀ ਰਸਨ ਨਾਲ ਸੰਬਧਿਤ ਹੋਣ ਕਰਕੇ ਘੋੜੀਆਂ ਕਿਹਾ ਜਾਂਦਾ ਹੈ। ਇਨ੍ਹਾਂ ਘੋੜੀਆਂ ਅਤੇ ਇਸ ਪ੍ਰਕਾਰ ਦੇ ਹੋਰ ਲੋਕ–ਗੀਤਾਂ ਨੂੰ ਲੋਕ ਸਮੂੰਹ ਪ੍ਰਵਾਨਗੀ ਦੇ ਕੇ ਪੀੜ੍ਹੀ ਦਰ ਪੀੜ੍ਹੀ ਅੱਗੇ ਤੋਰਦਾ ਆਇਆ ਹੈ।

          ਵਿਆਹ ਵੇਲੇ ਘੋੜੀ ਉੱਤੇ ਚੜ੍ਹਨਾ ਉਸ ਵੇਲੇ ਦੀ ਮਰਯਾਦਾ ਦਾ ਸੂਚਕ ਹੈ ਜਦੋਂ ਘੋੜੀ ਹੀ ਸਵਾਰੀ ਦਾ ਉੱਤਮ ਸਾਧਨ ਸਮਝੀ ਜਾਂਦੀ ਸੀ ਅਤੇ ਇਸ ਉੱਤੇ ਸਵਾਰੀ ਕਰਨ ਗੌਰਵ ਅਤੇ ਮਾਣ ਦਾ ਪ੍ਰਤੀਕ ਸੀ। ਸਮੇਂ ਦੀ ਚਾਲ ਤੇ ਫ਼ਾਸਲੇ ਦੀ ਦੂਰੀ ਕਰਕੇ ਚਾਹੇ ਜੰਝ ਬੱਸਾਂ, ਕਾਰਾਂ ਜਾਂ ਹਵਾਈ ਜਹਾਜ਼ ਵਿਚ ਜਾਵੇ ਪਰ ਪੰਜਾਬੀ ਸਭਿਆਚਾਰ ਦੀਆਂ ਪਰੰਪਰਾਗਤ ਗੀਤਾਂ ਦਾ ਸਤਿਕਾਰ ਅਜੇ ਵੀ ਉਸੇ ਤਰ੍ਹਾਂ ਕਾਇਮ ਰੱਖਿਆ ਜਾਂਦਾ ਹੈ ਅਤੇ ਲਾੜ੍ਹੇ ਨੂੰ ਘਰੋਂ ਤੁਰਨ ਲੱਗਿਆਂ ਘੋੜੀ ਤੇ ਬੈਠਾਉਣ ਦਾ ਸ਼ੁਭ ਸਗਨ ਕੀਤਾ ਜਾਂਦਾ ਹੈ। ਮਾਲਣ ਸਿਹਰਾ ਗੁੰਦ ਕੇ ਲਿਆਉਂਦੀ ਹੈ ਜੋ ਲਾੜੇ ਦੇ ਸਿਰ ਉੱਤੇ ਸਜਾਇਆ ਜਾਂਦਾ ਹੈ। ਉਸ ਵੇਲੇ ਭੈਣਾਂ ਘੋੜੀ ਦੀ ਵਾਗ ਗੁੰਦਦੀਆਂ ਹਨ, ਭਰਜਾਈਆਂ ਇਸ ਸ਼ੁੱਭ ਮੌਕੇ ਉੱਤੇ ਦਿਉਰ ਦੀਆਂ ਅੱਖਾਂ ਵਿਚ ਸੁਰਮਾ ਪਾਉਂਦੀਆਂ ਹਨ ਅਤੇ ਇਨ੍ਹਾਂ ਸਭ ਸ਼ਗਨਾਂ ਬਾਰੇ ਗੀਤ ਗਾਏ ਜਾਂਦੇ ਹਨ ਜਿਨ੍ਹਾਂ ਵਿਚ ਬਾਬੇ, ਨਾਨੇ, ਪਿਤਾ, ਭਰਾ, ਤਾਏ, ਚਾਚੇ, ਮਾਮੇ ਤੇ ਇਸ ਤਰ੍ਹਾਂ ਦਾਦੀ, ਨਾਨੀ ਆਦਿ ਸਾਰੇ ਰਿਸ਼ਤੇਦਾਰਾਂ ਦੇ ਚਾਅ ਅਤੇ ਸ਼ੁਭ–ਇੱਛਾਵਾਂ ਨੂੰ ਗੁੰਦਿਆ ਹੁੰਦਾ ਹੈ। ‘ਘੋੜੀ’ ਲੋਕ ਗੀਤ ਰੂਪ ਦੇ ਕੁਝ ਪ੍ਰਚੱਲਿਤ ਨਮੂਨੇ ਪ੍ਰਸਤੁਤ ਹਨ:

          (1) ਉਠ ਹੀ ਰਵੇਲ ਘੋੜੀ, ਬਾਬੇ ਵਿਹੜੇ ਜਾ

            ਬਾਬੇ ਦਾ ਮਨ ਸ਼ਾਦੀਆ, ਤੇਰੀ ਦਾਦੀ ਦੇ ਮਨ ਚਾ

          ਘੋੜੀ ਚੁਗਦੀ ਹਰਿਆ ਘਾਹ, ਘੋੜੀ ਪਈ ਸਵਲੜੇ ਰਾਹ

          ਘੋੜੀ ਸਾਂਵਲੀ ਸਈਓ।

          (2) ਨਿੱਕੀ ਨਿੱਕੀ ਬੂੰਦ ਵੀਰਾ ਮੀਂਹ ਵੇ ਵਰ੍ਹੇ

              ਤੇਰੀ ਮਾਂ ਵੇ ਸੁਹਾਗਣ ਤੇਰੇ ਸ਼ਗਨ ਕਰੇ।

          ਇਸ ਲੋਕ ਗੀਤ ਦੀ ਭਾਵ–ਭੂਮੀ ਤੋਂ ਪ੍ਰੇਰਿਤ ਹੋ ਕੇ ਗੁਰੂ ਰਾਮਦਾਸ ਜੀ ਨੇ ਦੋ ਘੋੜੀਆਂ ਦੀ ਰਚਨਾ ਵਡਹੰਸ ਰਾਗ (‘ਆਦਿ ਗ੍ਰੰਥ’, ਪੰਨੇ ੫੭੫–੫੭੬) ਵਿਚ ਕੀਤੀ ਹੈ। ਇਨ੍ਹਾਂ ਸ਼ਬਦਾਂ ਵਿਚ ਗੁਰੂ ਸਾਹਿਬ ਨੇ ਮਨੁੱਖੀ ਦੇਹ ਨੂੰ (ਤੇਜਣਿ) ਘੋੜੀ ਮੰਨਿਆ ਹੈ ਅਤੇ ਜੀਵਾਤਮਾ ਨੂੰ ਲਾੜਾ ਕਲਪਿਤ ਕੀਤਾ ਹੈ ਜੋ ਪਰਮਾਤਮਾ ਦੀ ਪ੍ਰਾਪਤੀ ਲਈ ਸਾਧ–ਸੰਗਤ ਦੀ ਜੰਝ ਸਹਿਤ ਹਰੀ ਪ੍ਰਾਪਤੀ ਪੱਥ ਉੱਤੇ ਅੱਗੇ ਵੱਧਦਾ ਹੈ। ਪਰਮਾਤਮਾ ਦੀ ਪ੍ਰਾਪਤੀ ਹੋਣ ਤੇ ਮਨੁੱਖ ਜੀਵਨ ਵਿਚ ਸਫਲ–ਮਨੋਰਥ ਮਹਾਪੁਰਸ਼ਾਂ ਨੂੰ ਵਧਾਈਆਂ ਮਿਲਦੀਆਂ ਹਨ :

                   ਚੜਿ ਦੇਹੜਿ ਘੋੜੀ ਬਿਖਮੁ ਲਘਾਇ ਮਿਲ ਗੁਰਮੁਖ ਪਰਮਨੰਦਾ।

                   ਹਰਿ ਹਰਿ ਕਾਜੁ ਰਚਾਇਆ ਪੂਰੇ ਮਿਲੀ ਸੰਤ ਜਨਾ ਜੰਝ ਆਈ।

                   ਜਨ ਨਾਨਕ ਹਰਿ ਵਰੁ ਪਾਇਆ ਮੰਗਲੁ ਮਿਲਿ ਸੰਤ ਜਨਾ ਵਧਾਈ।

                   ਜਨ ਨਾਨਕ ਹਰਿ ਕਿਰਪਾ ਧਾਰੀ ਦੇਰ ਘੋੜੀ ਚੜਿ ਹਰ ਪਾਇਆ।

   [ਸਹਾ. ਗ੍ਰੰਥ––ਮ. ਕੋ.; ਕਰਨੈਲ ਸਿੰਘ ਬਿੰਦ : ‘ਲੋਕਯਾਨ ਅਤੇ ਮਧਕਾਲੀਨ ਪੰਜਾਬੀ ਸਾਹਿੱਤ’]


ਲੇਖਕ : ਡਾ.ਅਬਨਾਸ਼ ਕੌਰ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 52777, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-11, ਹਵਾਲੇ/ਟਿੱਪਣੀਆਂ: no

ਘੋੜੀਆਂ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ

ਘੋੜੀਆਂ : ਇਹ ਪੰਜਾਬੀ ਲੋਕ-ਗੀਤਾਂ ਦੀ ਇਕ ਕਿਸਮ ਹੈ ਜੋ ਵਿਆਹ ਸਮੇਂ ਗਾਏ ਜਾਂਦੇ ਹਨ। ਵਿਆਹ ਦੇ ਮੌਕੇ ਤੇ ਬਰਾਤ ਨੂੰ ਡੇਰਾ ਦੇਣ ਪਿਛੋਂ, ਵਿਆਹ ਸੰਸਕਾਰ ਤੋਂ ਪਹਿਲਾਂ, ਲਾੜੇ ਨੂੰ ਘੋੜੀ ਉੱਤੇ ਚੜ੍ਹਾ ਕੇ ਲਾੜੀ ਦੇ ਘਰ ਜਾਂਦੇ ਹਨ। ਇਸ ਦਾ ਨਾਂ ਘੋੜੀ ਦੀ ਰਸਮ ਹੈ। ਉਸ ਵੇਲੇ ਜੋ ਗੀਤ ਗਾਏ ਜਾਂਦੇ ਹਨ ਉਨ੍ਹਾਂ ਨੂੰ ‘ਘੋੜੀਆਂ’ ਕਿਹਾ ਜਾਂਦਾ ਹੈ। ਕਈ ਥਾਈਂ ਲਾੜੇ ਦੇ ਘਰੋਂ ਬਰਾਤ ਤੁਰਨ ਵੇਲੇ ਵੀ ਘੋੜੀ ਦੀ ਰਸਮ ਹੁੰਦੀ ਹੈ।

          ਸ੍ਰੀ ਗੁਰੂ ਰਾਮ ਦਾਸ ਜੀ ਨੇ ਗੰਦੇ ਗੀਤਾਂ ਦੀ ਕੁਰੀਤੀ ਨੂੰ ਦੂਰ ਕਰਨ ਲਈ ‘ਘੋੜੀਆਂ’ ਸਿਰਲੇਖ ਹੇਠ ਵਡਹੰਸ ਰਾਗ ਵਿਚ ਬਾਣੀ ਰਚੀ ਹੈ, ਜਿਸ ਵਿਚ ਲੋਕ-ਪਰਲੋਕ ਵਿਚ ਸੁਖ-ਪ੍ਰਾਪਤੀ ਦਾ ਉਪਦੇਸ਼ ਹੈ।

          ਵਿਆਹ ਵੇਲੇ ਘੋੜੀਆਂ ਵਿਚ ਇਸ ਤਰ੍ਹਾਂ ਦੀ ਮੰਗਲ-ਕਾਮਨਾ ਪਰਗਟ ਕੀਤੀ ਜਾਂਦੀ ਹੈ :––

          ਉੱਠ ਨਾ ਰਵੇਲ ਘੋੜੀ, ਬਾਬੇ ਵਿਹੜੇ ਜਾ

          ਬਾਬੇ ਦੇ ਮਨ ਸ਼ਾਦੀਆਂ, ਤੇਰੀ ਦਾਦੀ ਦੇ ਮਨ ਚਾ

          ਘੋੜੀ ਚੁਗਦੀ ਹਰਿਆ ਘਾਹ, ਘੋੜੀ ਪਈ ਸਵੱਲੜੇ ਰਾਹ

          ਘੋੜੀ ਸਾਂਵਲੀ ਸਈਉ।

                             ਅਤੇ

          ਇਕ ਜੇ ਘੋੜੀ ਹਿਣਕਦੀ ਪਟਿਆਲੇ ਚੋਂ ਆਈ

          ਮੁੱਲ ਲਈ ਮੇਰੇ ਬਾਪ ਨੇ ਘਰ ਘਰ ਹੋਈ ਏ ਵਧਾਈ

          ਅਰਣ ਵਰਣ ਵੀਰਾ ਕੱਪੜੇ ਕੇਸਰ ਹੋਈ ਛਿੜਕਾਈ

          ਵਾਗ ਪਕੜ ਵੀਰਾ ਚੜ੍ਹ ਗਿਆ ਆਪਣੀ ਚਤੁਰਾਈ

          ਮੋਹਰੇ ਘੋੜਾ ਵੀਰਾ ਦਾ ਮਗਰ ਭਾਬੀ ਦਾ ਡੋਲਾ।

          ਹ. ਪੁ.––ਮ. ਕੋ.; ਪੰਜਾਬ-ਐੱਮ. ਐੱਸ. ਰੰਧਾਵਾ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 51989, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-18, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ

Mundian de viah nu adhna gwadhna ga ga k rang bndia han. 7 ja 8 din pehla gaoun baithia janda uai


Sukhminder kaur, ( 2024/03/30 01:3922)

Mundian de viah nu adhna gwadhna ga ga k rang bndia han. 7 ja 8 din pehla gaoun baithia janda uai


Sukhminder kaur, ( 2024/03/30 01:3926)

Good


Sukhminder kaur, ( 2024/03/30 01:3946)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.