ਘੱਲੂਘਾਰਾ ਵੱਡਾ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਘੱਲੂਘਾਰਾ ਵੱਡਾ: ‘ਘੱਲੂਘਾਰਾ’ ਦਾ ਅਰਥ ਹੈ ਤਬਾਹੀ , ਬਰਬਾਦੀ, ਸਰਵਨਾਸ਼। 18ਵੀਂ ਸਦੀ ਦੇ ਸਿੱਖ ਇਤਿਹਾਸ ਵਿਚ ਦੋ ਘਲੂਘਾਰੇ, ਜਿਨ੍ਹਾਂ ਵਿਚ ਇਕ ਛੋਟਾ ਘੱਲੂਘਾਰਾ (ਸੰਨ 1746 ਈ.) ਅਤੇ ਦੂਜਾ ਵੱਡਾ ਘੱਲੂਘਾਰਾ (ਸੰਨ 1762 ਈ.) ਨਾਂ ਨਾਲ ਪ੍ਰਸਿੱਧ ਹਨ।

            ਵੱਡਾ ਘੱਲੂਘਾਰਾ ਮਲੇਰਕੋਟਲਾ ਤੋਂ 12 ਕਿ.ਮੀ. ਉਤਰ ਵਲ ਕੁੱਪ-ਰਹੀੜਾ ਨਾਂ ਦੇ ਦੋ ਪਿੰਡਾਂ ਵਿਚਾਲੇ ਵਾਲੇ ਸਥਾਨ ਉਤੇ 5 ਫਰਵਰੀ 1762 ਈ. ਨੂੰ ਵਾਪਰਿਆ। ਇਸ ਪਿਛੇ ਅਹਿਮਦ ਸ਼ਾਹ ਦੁਰਾਨੀ ਦੀ ਬਦਲਾ ਲੈਣ ਦੀ ਖੋਰੀ ਰੁਚੀ ਕੰਮ ਕਰ ਰਹੀ ਸੀ। ਜਦੋਂ ਸੰਨ 1761 ਈ. ਵਿਚ ਮਰਹਟਿਆਂ ਨੂੰ ਪਾਨੀਪਤ ਦੀ ਤੀਜੀ ਲੜਾਈ ਵਿਚ ਬੁਰੀ ਤਰ੍ਹਾਂ ਹਰਾ ਕੇ ਲੁਟ ਦੇ ਸਾਮਾਨ ਅਤੇ ਔਰਤਾਂ ਸਮੇਤ ਆਪਣੇ ਦੇਸ਼ ਪਰਤ ਰਿਹਾ ਸੀ, ਤਾਂ ਸਿੱਖਾਂ ਨੇ ਸਤਲੁਜ ਦਰਿਆ ਤੋਂ ਜੇਹਲਮ ਦਰਿਆ ਤਕ ਉਸ ਦਾ ਪਿਛਾ ਕੀਤਾ ਅਤੇ ਕਈ ਪਾਸਿਆਂ ਤੋਂ ਛਾਪੇ ਮਾਰ ਕੇ ਉਸ ਦੇ ਸਾਮਾਨ ਨੂੰ ਲੁਟਿਆ ਅਤੇ ਔਰਤਾਂ ਨੂੰ ਮੁਕਤ ਕਰਾ ਕੇ ਘਰੋਂ-ਘਰੀਂ ਪਹੁੰਚਾਇਆ। ਫਿਰ ਜੂਨ ਤੋਂ ਸਤੰਬਰ 1761 ਈ. ਤਕ ਸਿੱਖ ਸੈਨਾਨੀਆਂ ਨੇ ਜਲੰਧਰ ਦੇ ਫ਼ੌਜਦਾਰ ਨੂੰ ਭਜਾਇਆ, ਸਰਹਿੰਦ ਅਤੇ ਮਲੇਰਕੋਟਲਾ ਨੂੰ ਲੁਟਿਆ, ਅਫ਼ਗ਼ਾਨੀ ਫ਼ੌਜ ਦੇ ਦਸਤਿਆਂ ਨੂੰ ਖਦੇੜਿਆ ਅਤੇ ਲਾਹੌਰ ਦੇ ਅਫ਼ਗ਼ਾਨ ਹਾਕਮ ਨੂੰ ਹਰਾ ਕੇ ਲਾਹੌਰ ਉਤੇ ਕਬਜ਼ਾ ਕੀਤਾ। 27 ਅਕਤੂਬਰ 1761 ਈ. ਨੂੰ ਦੀਵਾਲੀ ਦੇ ਮੌਕੇ ਅੰਮ੍ਰਿਤਸਰ ਵਿਚ ‘ਸਰਬੱਤ ਖ਼ਾਲਸਾ ’ ਨੇ ਮੱਤਾ ਪਾਸ ਕੀਤਾ ਕਿ ਸਭ ਤੋਂ ਪਹਿਲਾਂ ਅਫ਼ਗ਼ਾਨਾਂ ਦੇ ਗੁਪਤਚਰਾਂ, ਸੂਹਿਆਂ , ਮੁਖ਼ਬਰਾਂ ਨੂੰ ਕਠੋਰ ਦੰਡ ਦਿੱਤਾ ਜਾਏ। ਉਨ੍ਹਾਂ ਨੇ ਪਹਿਲਾਂ ਨਿਰੰਜਨੀਆ ਸੰਪ੍ਰਦਾਇ ਦੇ ਆਕਿਲ ਦਾਸ ਨੂੰ ਸਜ਼ਾ ਦੇਣ ਲਈ ਜੰਡਿਆਲਾ ਨੂੰ ਘੇਰਿਆ। ਆਕਿਲ ਦਾਸ ਨੇ ਤੁਰਤ ਅਹਿਮਦ ਸ਼ਾਹ ਦੁਰਾਨੀ ਨੂੰ ਸੂਚਨਾ ਦੇਣ ਲਈ ਆਪਣੇ ਬੰਦੇ ਭੇਜੇ। ਸਿੱਖਾਂ ਨੂੰ ਨਸ਼ਟ ਕਰਨ ਦੇ ਇਰਾਦੇ ਨਾਲ ਅਹਿਮਦ ਸ਼ਾਹ ਦੁਰਾਨੀ ਉਦੋਂ ਤਕ ਇਕ ਵੱਡੀ ਫ਼ੌਜ ਸਹਿਤ ਰੋਹਤਾਸ ਪਹੁੰਚ ਚੁਕਿਆ ਸੀ। ਸੁਨੇਹਾ ਮਿਲਦਿਆਂ ਹੀ ਉਸ ਨੇ ਬੜੀ ਤੀਬਰ ਗਤੀ ਨਾਲ ਆਪਣੀ ਘੋੜਸਵਾਰ ਫ਼ੌਜ ਜੰਡਿਆਲੇ ਵਲ ਤੋਰ ਦਿੱਤੀ। ਸਿੱਖ ਸੈਨਿਕਾਂ ਨੇ ਜੰਡਿਆਲੇ ਦਾ ਘੇਰਾ ਉਠਾ ਕੇ ਆਪਣੇ ਪਰਿਵਾਰਾਂ ਨੂੰ ਮਾਲਵੇ ਦੇ ਜੰਗਲਾਂ ਵਿਚ ਸੁਰਖਿਅਤ ਥਾਂਵਾਂ’ਤੇ ਪਹੁੰਚਣ ਲਈ ਕੂਚ ਕਰ ਦਿੱਤਾ। ਪਰ ਅਜੇ ਸਿੰਘਾਂ ਦਾ ਵਹੀਰ ਕੁੱਪ-ਰਹੀੜਾ ਵਾਲੇ ਸਥਾਨ ਉਤੇ ਪਹੁੰਚ ਕੇ ਅਗੇ ਨੂੰ ਚਲਣ ਦੀ ਤਿਆਰੀ ਕਰ ਹੀ ਰਿਹਾ ਸੀ ਕਿ ਦੁਰਾਨੀ ਫ਼ੌਜ ਨੇ 5 ਫਰਵਰੀ 1762 ਈ. ਨੂੰ ਅਚਾਨਕ ਹਮਲਾ ਬੋਲ ਦਿੱਤਾ। ਸਰਹਿੰਦ ਦਾ ਫ਼ੌਜਦਾਰ ਜ਼ੈਨ ਖ਼ਾਨ ਅਤੇ ਮਲੇਰਕੋਟਲਾ ਦਾ ਨਵਾਬ ਭੀਖਨ ਖ਼ਾਨ ਵੀ ਆਪਣੀਆਂ ਫ਼ੌਜਾਂ ਸਹਿਤ ਦੁਰਾਨੀਆਂ ਦੀ ਮਦਦ ਕਰ ਰਹੇ ਸਨ। ਸਿੱਖ ਸਰਦਾਰ ਦੁਰਾਨੀ ਫ਼ੌਜਾਂ ਦੇ ਇਤਨਾ ਜਲਦੀ ਪਹੁੰਚਣ ਦਾ ਕਿਆਸ ਨਹੀਂ ਕਰ ਸਕੇ ਸਨ।

            ਸਿੱਖ ਮਿਸਲਦਾਰਾਂ ਨੇ ਆਪਣੇ ਵਹੀਰ ਨੂੰ ਸਾਰਿਆਂ ਪਾਸਿਆਂ ਤੋਂ ਘੇਰਾ ਪਾ ਕੇ ਸੁਰਖਿਅਤ ਢੰਗ ਨਾਲ ਬਰਨਾਲੇ ਵਾਲੇ ਪਾਸੇ ਵਧਣਾ ਸ਼ੁਰੂ ਕਰ ਦਿੱਤਾ। ਉਹ ਦੁਰਾਨੀਆਂ ਨਾਲ ਲੜਦੇ ਵੀ ਜਾਂਦੇ ਸਨ ਅਤੇ ਅਗੇ ਨੂੰ ਵਧਦੇ ਵੀ ਜਾਂਦੇ ਸਨ। ਉਨ੍ਹਾਂ ਦੇ ਸੁਰਖਿਆ-ਘੇਰੇ ਨੂੰ ਕਈ ਵਾਰ ਦੁਰਾਨੀਆਂ ਨੇ ਤੋੜਿਆ ਅਤੇ ਨਿਹੱਥਿਆਂ ਨੂੰ ਮਾਰਿਆ, ਪਰ ਸਿੱਖ ਸੈਨਿਕ ਫਿਰ ਉਨ੍ਹਾਂ’ਤੇ ਹਾਵੀ ਹੋ ਜਾਂਦੇ। ਇਸ ਤਰ੍ਹਾਂ ਲੜਦੇ, ਮਰਦੇ , ਮਾਰਦੇ ਦੁਪਹਿਰ ਤੋਂ ਬਾਦ ਉਹ ਹਠੂਰ ਦੀ ਢਾਬ ਪਾਸ ਪਹੁੰਚੇ। ਦੋਹਾਂ ਪਾਸਿਆਂ ਦੀਆਂ ਫ਼ੌਜਾਂ ਆਪਣੀ ਪਿਆਸ ਬੁਝਾਉਣ ਲਈ ਢਾਬ ਦੇ ਦੁਆਲੇ ਇਕੱਠੀਆਂ ਹੋ ਗਈਆਂ। ਦੁਰਾਨੀਆਂ ਨੇ ਭਾਵੇਂ ਬਹੁਤ ਸਾਰੇ ਬੱਚੇ , ਇਸਤਰੀਆਂ, ਬਿਰਧ ਸਿੰਘ ਮਾਰ ਦਿੱਤੇ ਸਨ, ਪਰ ਉਨ੍ਹਾਂ ਨੂੰ ਅਹਿਸਾਸ ਹੋ ਗਿਆ ਸੀ ਕਿ ਸਿੱਖਾਂ ਨੂੰ ਖ਼ਤਮ ਕਰ ਸਕਣਾ ਉਨ੍ਹਾਂ ਦੇ ਵਸ ਦੀ ਗੱਲ ਨਹੀਂ, ਉਨ੍ਹਾਂ ਨੇ ਸਿੱਖਾਂ ਦਾ ਹੋਰ ਪਿੱਛਾ ਕਰਨਾ ਛਡ ਦਿੱਤਾ। ਇਸ ਤਰ੍ਹਾਂ ਇਕ ਭਿਆਨਕ ਹਤਿਆ-ਕਾਂਡ ਦਾ ਅੰਤ ਹੋਇਆ।

            ਸਿੱਖਾਂ ਨੇ ਤਿੰਨ ਮਹੀਨਿਆਂ ਵਿਚ ਦੋਬਾਰਾ ਸੰਗਠਿਤ ਹੋ ਕੇ ਸਰਹਿੰਦ ਉਤੇ ਹਮਲਾ ਕੀਤਾ ਅਤੇ ਫਿਰ ਲਾਹੌਰ ਦੇ ਇਰਦ-ਗਿਰਦ ਦਾ ਇਲਾਕਾ ਉਜਾੜਿਆ। ਅਹਿਮਦ ਸ਼ਾਹ ਦੁਰਾਨੀ ਅਜੇ ਭਾਵੇਂ ਪੰਜਾਬ ਵਿਚ ਹੀ ਸੀ, ਪਰ ਉਸ ਦਾ ਕੁਝ ਵਸ ਨ ਚਲਿਆ। ਇਸ ਘਟਨਾ ਤੋਂ ਬਾਦ ਅਹਿਮਦ ਸ਼ਾਹ ਦੁਰਾਨੀ ਦੇ ਹਮਲੇ ਕੇਵਲ ਉਸ ਦੀ ਕਮਜ਼ੋਰੀ ਦਾ ਢੰਡੋਰਾ ਸਨ, ਸ਼ਕਤੀ ਦਾ ਨਗਾਰਾ ਨਹੀਂ ਸਨ। ਇਸ ਘੱਲੂਘਾਰੇ ਨਾਲ ਸਿੱਖ ਸੈਨਾਵਾਂ ਵਿਚ ਇਕ ਨਵੀਂ ਅਤੇ ਅਦੱਬ ਸ਼ਕਤੀ ਦਾ ਸੰਚਾਰ ਹੋਇਆ। ਉਨ੍ਹਾਂ ਨੇ ਅਗਲੇ ਸਾਲ ਸੰਨ 1763 ਈ. ਨੂੰ ਸ. ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਵਿਚ ਸਰਹਿੰਦ ਨੂੰ ਜਿਤਿਆ ਅਤੇ ਪ੍ਰਕਾਰਾਂਤਰ ਨਾਲ ਸਿੱਖ ਰਾਜ ਦੀ ਸਥਾਪਨਾ ਦਾ ਰਾਹ ਮੋਕਲਾ ਕੀਤਾ ਅਤੇ ਇਹ ਵੀ ਸਾਬਤ ਕਰ ਦਿੱਤਾ ਕਿ ਸਿੱਖਾਂ ਦੀ ਚੜ੍ਹਦੀ ਕਲਾ ਨੂੰ ਦਬਾਇਆ ਨਹੀਂ ਜਾ ਸਕਦਾ।

            ਇਸ ਘੱਲੂਘਾਰੇ ਵਿਚ ਕਿਤਨੇ ਸਿੰਘ-ਸਿੰਘਣੀਆਂ ਅਤੇ ਬੱਚੇ ਮਾਰੇ ਗਏ ? ਇਸ ਬਾਰੇ ਇਤਿਹਾਸਕਾਰ ਇਕ-ਮਤ ਨਹੀਂ ਹਨ। 12 ਹਜ਼ਾਰ ਤੋਂ ਪੰਜਾਹ ਹਜ਼ਾਰ ਤਕ ਗਿਣਤੀ ਦਸੀ ਜਾਂਦੀ ਹੈ। ਪਰ ਅਨੁਮਾਨ ਹੈ ਕਿ ਸਿੱਖ-ਦਲ ਦਾ ਵੀਹ ਹਜ਼ਾਰ ਦੇ ਨੇੜੇ-ਤੇੜੇ ਜਾਨੀ ਨੁਕਸਾਨ ਹੋਇਆ ਅਤੇ ਬੇਹਿਸਾਬ ਸੈਨਿਕ ਜ਼ਖ਼ਮੀ ਹੋਏ। ਸ. ਜੱਸਾ ਸਿੰਘ ਆਹਲੂਵਾਲੀਆ ਨੂੰ 22 ਅਤੇ ਸ. ਚੜ੍ਹਤ ਸਿੰਘ ਨੂੰ 16 ਜ਼ਖ਼ਮ ਲਗੇ ਸਨ। ਇਤਿਹਾਸਕਾਰਾਂ ਨੇ ਦੁਰਾਨੀ ਸੈਨਾ ਦਾ ਵੀ ਇਤਨਾ ਹੀ ਨੁਕਸਾਨ ਹੋਇਆ ਮੰਨਿਆ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4551, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.