ਚੌਦਾਂ ਰਤਨ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚੌਦਾਂ ਰਤਨ . ਦੇਖੋ , ਰਤਨ ੪.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 894, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਚੌਦਾਂ ਰਤਨ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਚੌਦਾਂ ਰਤਨ : ਸਿੱਖ ਅਧਿਆਤਮਿਕਤਾ ਵਿਚ ਇਨ੍ਹਾਂ ਰਤਨਾਂ ਨੂੰ ਕੋਈ ਮਾਨਤਾ ਪ੍ਰਾਪਤ ਨਹੀਂ , ਪਰ ਭਾਰਤੀ ਸੰਸਕ੍ਰਿਤੀ ਨਾਲ ਸੰਬੰਧਿਤ ਅਵੱਸ਼ ਹਨ । ਇਨ੍ਹਾਂ ਚੌਦਾਂ ਰਤਨਾਂ ਦਾ ਸੰਬੰਧ ਸਮੁੰਦਰ ਰਿੜਕਣ ਦੇ ਆਖਿਆਨ ਨਾਲ ਹੈ । ‘ ਬਾਲਮੀਕਿ ਰਾਮਾਇਣ’ ( ਬਾਲ-ਕਾਂਡ ) , ‘ ਭਾਗਵਤ-ਪੁਰਾਣ’ ( ਅੱਠਵਾਂ ਸਕੰਧ ) ਅਤੇਮਹਾਭਾਰਤ ’ ( ਆਦਿ-ਪਰਵ ) ਅਨੁਸਾਰ ਸੱਤਯੁਗ ਵਿਚ ਅਜਰ ਅਤੇ ਅਮਰ ਹੋਣ ਲਈ ਦੈਂਤਾਂ ਅਤੇ ਦੇਵਤਿਆਂ ਨੇ ‘ ਛੀਰ ਸਮੁੰਦਰ’ ਨੂੰ ਰਿੜਕਣ ਦੀ ਯੋਜਨਾ ਬਣਾਈ । ਵਾਸੁਕੀ ਨਾਗ ਨੂੰ ਰਿੜਕਣ ਲਈ ਨੇਤਰਾ , ਮੰਦਰਾਚਲ ( ਪਰਬਤ ) ਨੂੰ ਮਧਾਣੀ ਅਤੇ ਕੱਛਪ ਨੂੰ ਆਧਾਰ ਬਣਾ ਕੇ ਰਿੜਕਣ ਦਾ ਕੰਮ ਸ਼ੁਰੂ ਕੀਤਾ । ਵਾਸੁਕੀ ਨਾਗ ਦੇ ਮੂੰਹ ਨੂੰ ਦੈਂਤਾਂ ਨੇ ਅਤੇ ਪੂਛਲ ਨੂੰ ਦੇਵਤਿਆਂ ਨੇ ਪਕੜਿਆ । ਰਿੜਕਣ ਦੌਰਾਨ ਵਾਸੁਕੀ ਦੇ ਮੂੰਹ ਵਿਚੋਂ ਵਿਸ਼ ਅਥਵਾ ਅੱਗ ਨਿਕਲੀ ਜਿਸ ਦਾ ਵਾਤਾਵਰਣ ਉਤੇ ਭਿਆਨਕ ਪ੍ਰਭਾਵ ਪੈਣ ਲਗਾ ।

                      ਰਿੜਕਣ ਦੌਰਾਨ ਕ੍ਰਮਵਾਰ ਚੰਦ੍ਰਮਾ , ਲੱਛਮੀ , ਕੋਸਤੁਭ ਮਣੀ , ਪਾਰਿਜਾਤ ਬ੍ਰਿਛ , ਕਾਮਧੇਨੁ ਗਊ , ਉੱਚੈਸ਼੍ਰਵਾ ਘੋੜਾ , ਅੰਮ੍ਰਿਤ ਦਾ ਕਲਸ਼ , ਧਨਵੰਤਰਿ ਅਤੇ ਐਰਾਵਤ ਹਾਥੀ ਦੀ ਪ੍ਰਾਪਤੀ ਹੋਈ । ਆਖ਼ੀਰ ਵਿਚ ਕਾਲਕੂਟ ਵਿਸ਼ ਨਿਕਲਿਆ । ਜਗਤ ਦੇ ਕਲਿਆਣ ਲਈ ਉਸ ਨੂੰ ਸ਼ਿਵ ਨੇ ਆਪਣੇ ਗਲੇ ਵਿਚ ਧਾਰਣ ਕੀਤਾ ਜਿਸ ਦੇ ਪ੍ਰਭਾਵ ਕਰਕੇ ਸ਼ਿਵ ਦਾ ਗਲਾ ਨੀਲਾ ਹੋ ਗਿਆ । ਫਲਸਰੂਪ ਸ਼ਿਵ ਦਾ ਇਕ ਨਾਮਾਂਤਰ ‘ ਨੀਲ -ਕੰਠ’ ਹੋਇਆ । ਇਨ੍ਹਾਂ ਦਸਾਂ ਤੋਂ ਇਲਾਵਾ ਅੱਪਛਰਾਵਾਂ , ਵਾਰੁਣੀ ( ਮੱਦ ) , ਸ਼ੰਖ ਅਤੇ ਸਾਰੰਗ ਧਨੁਸ਼ ਪੈਦਾ ਹੋਏ । ਵਖ ਵਖ ਆਖਿਆਨਾਂ ਵਿਚ ਰਤਨਾਂ ਦੇ ਵਿਵਰਣ-ਕ੍ਰਮ ਵਿਚ ਅੰਤਰ ਹੈ ।

                      ਅੰਮ੍ਰਿਤ ਦੀ ਪ੍ਰਾਪਤੀ ਲਈ ਦੇਵ-ਅਸੁਰ ਸੰਗ੍ਰਾਮ ਹੋਇਆ । ਵਿਸ਼ਣੂ ਨੇ ਮੋਹਿਨੀ ਦਾ ਰੂਪ ਧਾਰਣ ਕਰਕੇ ਅਤੇ ਦੈਂਤਾਂ ਨੂੰ ਫੁਸਲਾ ਕੇ ਅੰਮ੍ਰਿਤ ਦੇਵਤਿਆਂ ਵਿਚ ਵੰਡਣਾ ਸ਼ੁਰੂ ਕੀਤਾ । ਤਦ ਰਾਹੂ ਨਾਂ ਦੇ ਦੈਂਤ ਨੇ ਭੇਸ ਬਦਲ ਕੇ ਦੇਵਤਿਆਂ ਦੀ ਪੰਗਤ ਵਿਚ ਬੈਠ ਕੇ ਅੰਮ੍ਰਿਤ ਪ੍ਰਾਪਤ ਕਰ ਲਿਆ । ਇਸ ਗੱਲ ਦੀ ਸੂਚਨਾ ਚੰਦ੍ਰਮਾ ਅਤੇ ਸੂਰਜ ਨੇ ਵਿਸ਼ਣੂ ਨੂੰ ਦਿੱਤੀ । ਵਿਸ਼ਣੂ ਨੇ ਰਾਹੂ ਦਾ ਸਿਰ ਕਟ ਦਿੱਤਾ । ਕੁਝ ਅੰਮ੍ਰਿਤ ਅੰਦਰ ਚਲੇ ਜਾਣ ਕਾਰਣ ਰਾਹੂ ਪੂਰੀ ਤਰ੍ਹਾਂ ਖ਼ਤਮ ਨ ਕੀਤਾ ਜਾ ਸਕਿਆ ਅਤੇ ਉਹ ਸਿਰ ਅਤੇ ਧੜ ਦੇ ਦੋ ਹਿੱਸਿਆਂ ਵਿਚ ਰਾਹੂ ਅਤੇ ਕੇਤੂ ਦੋ ਵਜੂਦਾਂ ਵਾਲਾ ਬਣ ਗਿਆ । ਉਸ ਦਿਨ ਤੋਂ ਰਾਹੂ ਦਾ ਸੂਰਜ ਅਤੇ ਚੰਦ੍ਰਮਾ ਨਾਲ ਵੈਰ ਚਲਿਆ ਆ ਰਿਹਾ ਹੈ । ਭਾਈ ਗੁਰਦਾਸ ਨੇ ਇਨ੍ਹਾਂ ਰਤਨਾਂ ਦੀ ਵੰਡ ਦਾ ਵਿਵਰਣ ਦਿੰਦਿਆਂ ਲਿਖਿਆ ਹੈ— ਖੀਰ ਸਮੁੰਦੁ ਵਿਰੋਲਿ ਕੈ ਕਢਿ ਰਤਨ ਚਉਦਹ ਵੰਡਿ ਲੀਤੇ ਮਣਿ ਲਖਮੀ ਪਾਰਜਾਤ ਸੰਖੁ ਸਾਰੰਗ ਧਣਖੁ ਬਿਸਨੁ ਵਸਿ ਕੀਤੇ ਕਾਮਧੇਣੁ ਤੇ ਅਪਛਰਾ ਐਰਾਪਤਿ ਇੰਦ੍ਰਾਸਣਿ ਸੀਤੇ ਕਾਲਕੂਟ ਤੇ ਅਰਧ ਚੰਦੁ ਮਹਾਦੇਵ ਮਸਤਕਿ ਧਰਿ ਪੀਤੇ ਘੋੜਾ ਮਿਲਿਆ ਸੂਰਜੈ ਮਦੁ ਅੰਮ੍ਰਿਤੁ ਦੇਵ ਦਾਨਵ ਰੀਤੇ ਕਰੇ ਧਨੰਤਰੁ ਵੈਦਗੀ ਡਸਿਆ ਤਛੁਕਿ ਮਤਿ ਬਿਪਰੀਤੇ ( 26/23 )

ਰਾਮਕਲੀ ਰਾਗ ਵਿਚ ਰਾਇ ਬਲਵੰਡਿ ਅਤੇ ਸਤੈ ਡੂਮਿ ਦੀ ਉਚਾਰੀ ਵਾਰ ਵਿਚ ਇਨ੍ਹਾਂ ਰਤਨਾਂ ਦੇ ਭਾਵੀਕ੍ਰਿਤ ਅਰਥ ਕਰਕੇ ਗੁਰੂ ਨਾਨਕ ਦੇਵ ਜੀ ਦੁਆਰਾ ਸ਼ਬਦ-ਸਾਗਰ ਨੂੰ ਰਿੜਕਣ ਦਾ ਸੰਕੇਤ ਹੈ— ਮਾਧਾਣਾ ਪਰਬਤੁ ਕਰਿ ਨੇਤ੍ਰਿ ਬਾਸਕੁ ਸਬਦਿ ਰਿੜਕਿਓਨੁ ਚਉਦਹ ਰਤਨ ਨਿਕਾਲਿਅਨੁ ਕਰਿ ਆਵਾਗਉਣ ਚਿਲਕਿਓਨੁ ( ਗੁ.ਗ੍ਰੰ.967 ) ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 878, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.