ਚੰਦੂ ਸ਼ਾਹ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਚੰਦੂ ਸ਼ਾਹ (ਮ. 1613 ਈ.): ਮੁਗ਼ਲ ਬਾਦਸ਼ਾਹ ਜਹਾਂਗੀਰ ਦੇ ਰਾਜ-ਕਾਲ ਵੇਲੇ ਲਾਹੌਰ ਦਰਬਾਰ ਦਾ ਇਕ ਧਨਾਢ ਮਾਲ ਅਧਿਕਾਰੀ, ਜਿਸ ਦੀ ਪੁੱਤਰੀ ਦਾ ਰਿਸ਼ਤਾ ਬਾਲਕ ਹਰਿਗੋਬਿੰਦ ਸਾਹਿਬ ਨਾਲ ਨਿਸਚਿਤ ਹੋਣ ਵਾਲਾ ਹੀ ਸੀ , ਪਰ ਇਸ ਹੰਕਾਰੀ ਨੇ ਰਿਸ਼ਤਾ ਕਰਾਉਣ ਵਾਲੇ ਪਰੋਹਿਤ ਨੂੰ ਕਿਹਾ ਕਿ ‘ਚੋਬਾਰੇ ਦੀ ਇਟ ਤੁਸੀਂ ਮੋਰੀ ਵਿਚ ਲਗਾ ਦਿੱਤੀ ਹੈ।’ ਜਦੋਂ ਇਸ ਗੱਲ ਦਾ ਪਤਾ ਸਿੱਖ ਸੰਗਤ ਨੂੰ ਲਗਾ ਤਾਂ ਸੰਗਤ ਨੇ ਗੁਰੂ ਅਰਜਨ ਦੇਵ ਜੀ ਅਗੇ ਪ੍ਰਾਰਥਨਾ ਕੀਤੀ ਕਿ ਇਸ ਹੰਕਾਰੀ ਦੀ ਪੁੱਤਰੀ ਦਾ ਰਿਸ਼ਤਾ ਪ੍ਰਵਾਨ ਨ ਕੀਤਾ ਜਾਏ। ਗੁਰੂ ਜੀ ਨੇ ਸੰਗਤ ਦੀ ਭਾਵਨਾ ਦੀ ਕਦਰ ਕੀਤੀ। ਫਲਸਰੂਪ ਚੰਦੂ ਸ਼ਾਹ ਨੇ ਗੁਰੂ ਅਰਜਨ ਦੇਵ ਜੀ ਪ੍ਰਤਿ ਬਹੁਤ ਅਧਿਕ ਵੈਰ ਪਾਲ ਲਿਆ। ਜਦੋਂ ਅਪ੍ਰੈਲ 1606 ਈ. ਵਿਚ ਜਹਾਂਗੀਰ ਬਾਦਸ਼ਾਹ ਆਪਣੇ ਪੁੱਤਰ ਖੁਸਰੋ ਦਾ ਪਿਛਾ ਕਰਦਾ ਲਾਹੌਰ ਆਇਆ, ਤਾਂ ਚੰਦੂਸ਼ਾਹ ਨੇ ਮੌਕਾ ਤਾੜ ਕੇ ਬਾਦਸ਼ਾਹ ਦੇ ਕੰਨ ਭਰੇ ਕਿ ਗੁਰੂ ਅਰਜਨ ਦੇਵ ਜੀ ਨੇ ਉਸ ਨੂੰ ਪਨਾਹ ਵਿਚ ਲਿਆ ਅਤੇ ਅਸੀਸ ਵੀ ਦਿੱਤੀ। ਬਾਦਸ਼ਾਹ ਨੇ ਗੁਰੂ ਅਰਜਨ ਦੇਵ ਜੀ ਨੂੰ ਗ੍ਰਿਫ਼ਤਾਰ ਕਰਨ ਦਾ ਹੁਕਮ ਦਿੱਤਾ ਅਤੇ ਲਾਹੌਰ ਦੇ ਸੂਬੇਦਾਰ ਮੁਰਤਜ਼ਾ ਖ਼ਾਨ ਨੂੰ ਗੁਰੂ ਜੀ ਨੂੰ ਕਠੋਰ ਦੰਡ ਦੇਣ ਦੀ ਜ਼ਿੰਮੇਵਾਰੀ ਸੌਂਪੀ। ਮੁਰਤਜ਼ਾ ਖ਼ਾਨ ਨੇ ਚੰਦੂਸ਼ਾਹ ਦੀ ਸਲਾਹ ਨਾਲ ਗੁਰੂ ਜੀ ਨੂੰ ਅਤਿਅਧਿਕ ਤਸੀਹੇ ਦੇ ਕੇ ਸ਼ਹੀਦ ਕੀਤਾ।
ਜਦੋਂ ਜਹਾਂਗੀਰ ਬਾਦਸ਼ਾਹ ਨਾਲ ਗੁਰੂ ਹਰਿਗੋਬਿੰਦ ਸਾਹਿਬ ਦੇ ਸੰਬੰਧ ਸੁਖਾਵੇਂ ਹੋ ਗਏ ਤਾਂ ਬਾਦਸ਼ਾਹ ਨੂੰ ਸਹੀ ਸਥਿਤੀ ਦੀ ਜਾਣਕਾਰੀ ਦਿੱਤੀ ਗਈ। ਬਾਦਸ਼ਾਹ ਨੇ ਚੰਦੂਸ਼ਾਹ ਨੂੰ ਗੁਰੂ ਜੀ ਦੇ ਹਵਾਲੇ ਕਰ ਦਿੱਤਾ। ਗੁੱਸੇ ਵਿਚ ਆਏ ਸਿੱਖਾਂ ਨੇ ਇਸ ਨੂੰ ਲਾਹੌਰ ਦੀਆਂ ਗਲੀਆ ਵਿਚ ਖ਼ੂਬ ਘਸੀਟਿਆ ਅਤੇ ਮਾਰ-ਕੁਟਾਈ ਕੀਤੀ। ਜਦੋਂ ਸਿੱਖ ਉਸ ਨੂੰ ਗੁਰਦਿੱਤਾ ਨਾਂ ਦੇ ਭਠਿਆਰੇ ਦੀ ਭੱਠੀ ਕੋਲੋਂ ਲੈ ਜਾ ਰਹੇ ਸਨ ਤਾਂ ਉਸ ਗਰਮ ਗਰਮ ਕੜਛਾ ਚੰਦੂ ਦੇ ਸਿਰ ਵਿਚ ਦੇ ਮਾਰਿਆ ਜਿਸ ਤੋਂ ਉਹ ਰੇਤ ਗਰਮ ਕਰਵਾ ਕੇ ਗੁਰੂ ਜੀ ਦੇ ਸ਼ਰੀਰ ਉਤੇ ਪਵਾਉਂਦਾ ਸੀ। ਇਸ ਨਾਲ ਚੰਦੂ ਦਾ ਸੰਨ 1613 ਈ. (1670 ਬਿ.) ਵਿਚ ਅੰਤ ਹੋ ਗਿਆ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5496, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਚੰਦੂ ਸ਼ਾਹ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਚੰਦੂ ਸ਼ਾਹ: ਇਕ ਅਮੀਰ ਸ਼ਾਹੂਕਾਰ ਅਤੇ ਲਾਹੌਰ ਵਿਖੇ ਮੁਗ਼ਲ ਦਰਬਾਰ ਵਿਚ ਇਕ ਮਾਲ ਅਫ਼ਸਰ ਸੀ। ਸਿੱਖ ਇਸ ਨਾਲ ਖਿਝ ਗਏ ਜਦੋਂ ਇਸਨੇ ਗੁਰੂ ਅਰਜਨ ਦੇਵ ਜੀ ਦੇ ਖ਼ਿਲਾਫ਼ ਅਪਮਾਨ ਦੇ ਸ਼ਬਦ ਉਸ ਵੇਲੇ ਕਹੇ ਜਦੋਂ ਇਸਦੇ ਪਰਵਾਰਿਕ ਪੰਡਤ ਨੇ ਗੁਰੂ ਅਰਜਨ ਦੇਵ ਜੀ ਦੇ ਸੁਪੁੱਤਰ ਹਰਿਗੋਬਿੰਦ ਜੀ ਲਈ ਇਸਦੀ ਲੜਕੀ ਦੀ ਸ਼ਾਦੀ ਦੀ ਪੇਸ਼ਕਸ਼ ਕੀਤੀ ਜੋ ਉਸ ਸਮੇਂ ਵਿਆਹੁਣਯੋਗ ਸੀ। ਚੰਦੂ ਸ਼ਾਹ ਨੇ ਹਿਚਕਚਾਹਟ ਨਾਲ ਸਲਾਹ ਮੰਨ ਲਈ ਅਤੇ ਅਭਿਮਾਨ ਭਰੇ ਸ਼ਬਦ ਕਹੇ ਕਿ ਗੁਰੂ ਦਾ ਘਰ ਇਸਦੇ ਅਹੁਦੇ ਅਤੇ ਅਮੀਰੀ ਦੇ ਮੁਕਾਬਲੇ ਬਹੁਤ ਛੋਟਾ ਹੈ। ਜੋ ਕੁਝ ਇਸਨੇ ਕਿਹਾ ਸੀ ਇਸ ਦੀ ਰਿਪੋਰਟ ਸਥਾਨਿਕ ਸੰਗਤ ਨੂੰ ਪਹੁੰਚ ਗਈ ਜਿਸਨੇ ਦੁੱਖ ਮਹਿਸੂਸ ਕੀਤਾ ਅਤੇ ਗੁਰੂ ਅਰਜਨ ਦੇਵ ਜੀ ਨੂੰ ਇਹ ਪੇਸ਼ਕਸ਼ ਰੱਦ ਕਰਨ ਲਈ ਬੇਨਤੀ ਭੇਜ ਦਿੱਤੀ। ਗੁਰੂ ਜੀ ਨੇ ਸਿੱਖਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਹੋਏ ਇਹ ਰਿਸ਼ਤਾ ਛੱਡ ਦਿੱਤਾ। ਚੰਦੂ ਸ਼ਾਹ ਗੁਰੂ ਜੀ ਦਾ ਪੱਕਾ ਦੁਸ਼ਮਣ ਬਣ ਗਿਆ ਅਤੇ ਉਸਨੇ ਉਹਨਾਂ (ਗੁਰੂ ਜੀ) ਦੇ ਖ਼ਿਲਾਫ਼ ਸਾਜ਼ਸ਼ ਕਰਨੀ ਅਰੰਭ ਕਰ ਦਿੱਤੀ। ਇਸਨੂੰ ਮੌਕਾ ਮਿਲ ਗਿਆ ਜਦੋਂ, ਉਦਾਰਵਾਦੀ ਅਕਬਰ ਦੀ ਮੌਤ ਤੋਂ ਬਾਅਦ, ਉਸਦਾ ਪੁੱਤਰ ਜਹਾਂਗੀਰ, ਸ਼ਾਹੀ ਤਖ਼ਤ ਤੇ ਬੈਠਾ ।ਬਾਦਸ਼ਾਹ ਜਹਾਂਗੀਰ ਆਪਣੇ ਵਿਦਰੋਹੀ ਪੁੱਤਰ ਖ਼ੁਸਰੋ ਦਾ ਪਿੱਛਾ ਕਰਦਾ ਹੋਇਆ ਅਪ੍ਰੈਲ 1606 ਵਿਚ ਲਾਹੌਰ ਆਇਆ। ਚੰਦੂ ਸ਼ਾਹ ਅਤੇ ਸਿੱਖ ਧਰਮ ਦੇ ਹੋਰ ਨਿੰਦਕਾਂ ਨੇ ਉਸ ਅੱਗੇ ਗੁਰੂ ਜੀ ਦੀ ਬਦਖੋਈ ਕੀਤੀ। ਗੁਰੂ ਅਰਜਨ ਦੇਵ ਜੀ ਨੂੰ ਇਸ ਦੋਸ਼ ਤੇ ਗ੍ਰਿਫ਼ਤਾਰ ਕਰ ਲਿਆ ਗਿਆ ਕਿ ਉਹਨਾਂ ਨੇ ਵਿਦਰੋਹੀ ਸ਼ਹਿਜ਼ਾਦੇ ਨੂੰ ਜੀ ਆਇਆਂ ਕਿਹਾ ਅਤੇ ਆਸ਼ੀਰਵਾਦ ਦਿੱਤਾ ਸੀ। ਬਾਦਸ਼ਾਹ ਨੇ ਉਹਨਾਂ (ਗੁਰੂ ਜੀ) ਨੂੰ ਤਸੀਹੇ ਦੇ ਕੇ ਮਾਰਨ ਦੀ ਸਜ਼ਾ ਦੇ ਦਿੱਤੀ। ਲਾਹੌਰ ਦੇ ਗਵਰਨਰ, ਮੁਰਤਜ਼ਾ ਖ਼ਾਨ ਨੇ ਇਹ ਸਜ਼ਾ ਦੇਣੀ ਸੀ ਪਰੰਤੂ ਸਿੱਖ ਇਤਿਹਾਸਕਾਰਾਂ ਅਨੁਸਾਰ, ਇਹ ਚੰਦੂ ਸ਼ਾਹ ਸੀ ਜਿਸਨੇ ਇਕ ਧਰਮੀ ਕੈਦੀ ਨੂੰ ਸਜ਼ਾ ਦੇਣ ਦਾ ਚਾਰਜ ਸੰਭਾਲਿਆ ਅਤੇ ਉਹਨਾਂ (ਗੁਰੂ ਜੀ) ਨੂੰ ਬਹੁਤ ਤਸੀਹੇ ਦੇ ਕੇ ਸ਼ਹੀਦ ਕੀਤਾ।
ਜਦੋਂ ਸਮਾਂ ਬੀਤਿਆ ਤਾਂ, ਜਹਾਂਗੀਰ ਦਾ ਗੁਰੂ ਅਰਜਨ ਦੇਵ ਜੀ ਦੇ ਉੱਤਰਾਧਿਕਾਰੀ, ਗੁਰੂ ਹਰਿਗੋਬਿੰਦ ਜੀ ਨਾਲ ਰਾਜ਼ੀਨਾਮਾ ਹੋ ਗਿਆ।ਉਸਨੇ ਚੰਦੂ ਸ਼ਾਹ ਨੂੰ ਬੰਦੀ ਬਣਾ ਲਿਆ ਅਤੇ ਗੁਰੂ ਜੀ ਦੇ ਸਪੁਰਦ ਕਰ ਦਿੱਤਾ। ਗੁੱਸੇ ਨਾਲ ਭਰੇ ਹੋਏ ਸਿੱਖਾਂ ਨੇ, ਜਿਨ੍ਹਾਂ ਨੇ ਇਸਨੂੰ ਗੁਰੂ ਜੀ ਨੂੰ ਤਸੀਹੇ ਦਿੰਦੇ ਦੇਖਿਆ ਸੀ, ਇਸਨੂੰ ਲਾਹੌਰ ਦੀਆਂ ਗਲੀਆਂ ਵਿਚ ਘਸੀਟਿਆ, ਅਤੇ ਇਸ ਤਰ੍ਹਾਂ ਚੰਦੂ ਸ਼ਾਹ ਇਕ ਦਰਦਨਾਕ ਮੌਤ ਮਰਿਆ।
ਕਮਾਲ ਦੀ ਗੱਲ ਇਹ ਹੈ ਕਿ ਆਖ਼ਰੀ ਹਮਲਾ ਚੰਦੂ ਸ਼ਾਹ ਉੱਤੇ ਉਸ ਆਦਮੀ ਨੇ ਕੀਤਾ ਜਿਸਨੂੰ, ਚੰਦੂ ਸ਼ਾਹ ਨੇ ਗੁਰੂ ਅਰਜਨ ਦੇਵ ਜੀ ਦੇ ਛਾਲਿਆਂ ਨਾਲ ਭਰੇ ਸਰੀਰ ਉੱਤੇ ਤੱਤੀ ਰੇਤ ਪਾਉਣ ਲਈ ਰੱਖਿਆ ਸੀ।
ਦੇਖੋ ਗੁਰਦਿੱਤਾ ਭਠਿਆਰਾ
ਲੇਖਕ : ਤ.ਸ. ਅਤੇ ਅਨੁ.: ਜ.ਪ.ਕ.ਸੰ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5484, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਚੰਦੂ ਸ਼ਾਹ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਚੰਦੂ ਸ਼ਾਹ : ਲਾਹੌਰ ਦਾ ਵਸਨੀਕ ਇਹ ਖੱਤਰੀ ਮੁਗ਼ਲ ਸਮਰਾਟ ਜਹਾਂਗੀਰ ਦੇ ਸਮੇਂ ਉਸ ਦਾ ਵਿੱਤੀ ਅਹੁਦੇਦਾਰ ਰਿਹਾ। ਇਹ ਆਪਣੀ ਲੜਕੀ ਦਾ ਰਿਸ਼ਤਾ (ਗੁਰੂ) ਹਰਿਗੋਬਿੰਦ ਸਾਹਿਬ ਨਾਲ ਕਰਨਾ ਚਾਹੁੰਦਾ ਸੀ। ਸੰਗਤ ਨੇ ਗੁਰੂ ਅਰਜਨ ਦੇਵ ਜੀ ਨੂੰ ਇਹ ਰਿਸ਼ਤਾ ਪ੍ਰਵਾਨ ਨਾ ਕਰਨ ਦੀ ਬੇਨਤੀ ਕੀਤੀ ਕਿਉਂਕਿ ਇਸ ਨੇ ਆਪਣੇ ਆਪ ਨੂੰ ਚੁਬਾਰਾ ਅਤੇ ਗੁਰੂ ਘਰ ਨੂੰ ਮੋਰੀ ਕਿਹਾ ਸੀ। ਇਸ ਲਈ ਗੁਰੂ ਜੀ ਨੇ ਇਸ ਰਿਸ਼ਤੇ ਤੋਂ ਇਨਕਾਰ ਕਰ ਦਿੱਤਾ ਜਿਸ ਦੇ ਫ਼ਲਸਰੂਪ ਇਹ ਗੁਰੂ ਜੀ ਦਾ ਦੁਸ਼ਮਣ ਬਣ ਗਿਆ।
ਇਹ ਗੁਰੂ ਜੀ ਵਿਰੁੱਧ ਸਾਜ਼ਸ਼ਾਂ ਕਰਨ ਲੱਗਾ ਅਤੇ ਇਸ ਨੇ ਕਈ ਪ੍ਰਕਾਰ ਦੇ ਝੂਠੇ ਇਲਜ਼ਾਮ ਲਗਾ ਕੇ ਗੁਰੂ ਅਰਜਨ ਦੇਵ ਜੀ ਨੂੰ ਸਮਰਾਟ ਤੋਂ ਜੁਰਮਾਨਾ ਕਰਵਾਇਆ ਤੇ ਗੁਰੂ ਜੀ ਨੂੰ ਅਸਹਿ ਕਸ਼ਟ ਦਿੱਤੇ ਗਏ। ਇਨ੍ਹਾਂ ਕਸ਼ਟਾਂ ਵਿਚ ਹੀ ਗੁਰੂ ਜੀ ਨੇ ਸ਼ਹੀਦੀ ਪ੍ਰਾਪਤ ਕੀਤੀ।
ਚੰਦੂ ਸ਼ਾਹ ਦੇ ਭੈੜੇ ਇਰਾਦੇ ਤੇ ਕੰਮਾਂ ਨੂੰ ਦੇਖਦੇ ਹੋਏ ਸਿੱਖ ਇਸ ਨੂੰ ਨਫ਼ਰਤ ਨਾਲ ਯਾਦ ਕਰਦੇ ਹਨ ਅਤੇ ਇਸ ਨੂੰ ਚੰਦੂ ਸ਼ਾਹ ਦੀ ਥਾਂ ਚੰਦੂ ਸਵਾਹੀ ਤਕ ਵੀ ਕਹਿ ਦਿੰਦੇ ਹਨ। ਸੰਨ 1703 ਵਿਚ ਇਸ ਦੀ ਮੌਤ ਬਹੁਤ ਬੁਰੇ ਹਾਲਾਤਾਂ ਵਿਚ ਹੋਈ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4046, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-16-03-17-38, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ.: 482
ਵਿਚਾਰ / ਸੁਝਾਅ
Please Login First