ਜੱਸਾ ਸਿੰਘ ਆਹਲੂਵਾਲੀਆ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਜੱਸਾ ਸਿੰਘ ਆਹਲੂਵਾਲੀਆ ( 1718-1783 ਈ. ) ; ਆਹਲੂਵਾਲੀਆ ਮਿਸਲ ਦੇ ਸੰਸਥਾਪਕ ਸ. ਜੱਸਾ ਸਿੰਘ ਦਾ ਜਨਮ ਲਾਹੌਰ ਨਗਰ ਦੇ ਨੇੜੇ ਸਥਿਤ ਪਿੰਡ ‘ ਆਹਲੂ’ ਵਿਚ ਸ. ਬਦਰ ਸਿੰਘ ਦੇ ਘਰ 3 ਮਈ 1718 ਈ. ਨੂੰ ਹੋਇਆ । ਜਦੋਂ ਅਜੇ ਇਹ ਪੰਜ ਸਾਲਾਂ ਦਾ ਸੀ , ਤਾਂ ਪਿਤਾ ਦਾ ਸਾਇਆ ਸਿਰ ਤੋਂ ਉਠ ਗਿਆ । ਇਸ ਦੀ ਧਰਮਾਤਮਾ ਮਾਂ ਨੇ ਆਪਣੇ ਭਰਾ ਸ. ਭਾਗ ਸਿੰਘ ਦੀ ਮਦਦ ਨਾਲ ਬਾਲਕ ਜੱਸਾ ਸਿੰਘ ਨੂੰ ਦਿੱਲੀ ਮਾਤਾ ਸੁੰਦਰੀ ਜੀ ਦੀ ਸੇਵਾ ਵਿਚ ਪਹੁੰਚਾਇਆ । ਮਾਤਾ ਸੁੰਦਰੀ ਜੀ ਨੇ ਇਸ ਦਾ ਪਾਲਣ-ਪੋਸ਼ਣ ਆਪਣੇ ਪੁੱਤਰ ਵਾਂਗ ਕੀਤਾ । ਇਸ ਨੇ ਸ਼ਸਤ੍ਰ ਚਲਾਉਣ ਵਿਚ ਜਲਦੀ ਹੀ ਮਹਾਰਤ ਹਾਸਲ ਕਰ ਲਈ ਅਤੇ ਅਰਬੀ ਫ਼ਾਰਸੀ ਵੀ ਪੜ੍ਹ ਲਈ । ਸੱਤ ਸਾਲ ਦਿੱਲੀ ਰਹਿਣ ਦੌਰਾਨ ਇਹ ਮੁੱਖੀ ਸਿੱਖਾਂ ਦੇ ਸੰਪਰਕ ਵਿਚ ਆਇਆ । ਮਾਤਾ ਸੁੰਦਰੀ ਜੀ ਨੇ ਵਿਦਾਇਗੀ ਵੇਲੇ ਇਸ ਨੂੰ ਇਕ ਕ੍ਰਿਪਾਣ , ਇਕ ਗੁਰਜ , ਇਕ ਢਾਲ , ਇਕ ਕਮਾਨ ਅਤੇ ਤੀਰਾਂ ਦਾ ਭਰਿਆ ਹੋਇਆ ਭੱਥਾ , ਇਕ ਖ਼ਿਲਤ ਅਤੇ ਇਕ ਚਾਂਦੀ ਦੀ ਚੋਬ ਪ੍ਰਦਾਨ ਕੀਤੀ , ਇਹ ਸੋਚ ਕੇ ਕਿ ਇਸ ਨੇ ਭਵਿਸ਼ ਵਿਚ ਸੱਤਾਧਾਰੀ ਹੋਣਾ ਹੈ ।

                      ਪੰਜਾਬ ਵਿਚ ਪਹੁੰਚ ਕੇ ਇਹ ਨਵਾਬ ਕਪੂਰ ਸਿੰਘ ਦੇ ਜੱਥੇ ਵਿਚ ਸ਼ਾਮਲ ਹੋ ਗਿਆ । ਤੀਬਰ ਬੁੱਧੀ ਅਤੇ ਅਦਭੁਤ ਦਲੇਰੀ ਕਾਰਣ ਇਹ ਸ. ਕਪੂਰ ਸਿੰਘ ਦੇ ਬਹੁਤ ਨੇੜੇ ਹੋ ਗਿਆ । ਉਸ ਨੇ ਇਸ ਨੂੰ ਆਪਣੇ ਪੁੱਤਰ ਵਾਂਗ ਪਾਲਿਆ । ਸੰਨ 1748 ਈ. ਵਿਚ ਸ. ਕਪੂਰ ਸਿੰਘ ਨਾਲ ਰਲ ਕੇ ਇਨ੍ਹਾਂ ਦੀ ਸੈਨਾ ਨੇ ਅਹਿਮਦਸ਼ਾਹ ਦੁਰਾਨੀ ਦੇ ਲਸ਼ਕਰ ਉਤੇ ‘ ਨੂਰ ਦੀ ਸਰਾਂ’ ਅਤੇ ‘ ਵੈਰੋਵਾਲ’ ਦੇ ਨੇੜੇ ਗੁਰੀਲਾ ਹਮਲੇ ਕਰਕੇ ਬਹੁਤ ਤੰਗ ਕੀਤਾ ਅਤੇ ਅੰਮ੍ਰਿਤਸਰ ਦੇ ਮੁਗ਼ਲ ਹਾਕਮ ਸਲਾਬਤ ਖ਼ਾਨ ਨੂੰ ਹਰਾਇਆ । ਇਸੇ ਸਾਲ ਵਿਸਾਖੀ ਦੇ ਮੌਕੇ ’ ਤੇ ਅੰਮ੍ਰਿਤਸਰ ਵਿਚ ਜੁੜੇ ਸਰਬੱਤ ਖ਼ਾਲਸਾ ਨੇ 65 ਜੱਥਿਆਂ ਨੂੰ ‘ ਦਲ ਖ਼ਾਲਸਾ ’ ਵਿਚ ਸਮੋ ਕੇ ਅਗੋਂ ਉਸ ਨੂੰ ਯਾਰ੍ਹਾਂ ਮਿਸਲਾਂ ( ਫੂਲਕੀਆਂ ਤੋਂ ਬਿਨਾ ) ਵਿਚ ਵੰਡਿਆ ਅਤੇ ਸ. ਜੱਸਾ ਸਿੰਘ ਨੂੰ ਉਸ ਦਾ ਸੈਨਾ-ਨਾਇਕ ਥਾਪਿਆ । 7 ਅਕਤੂਬਰ 1753 ਈ. ਨੂੰ ਨਵਾਬ ਕਪੂਰ ਸਿੰਘ ਦੇ ਦੇਹਾਂਤ ਤੋਂ ਬਾਦ ਇਹ ਸਿੱਖ ਕੌਮ ਦਾ ਸ਼ਿਰੋਮਣੀ ਸਰਦਾਰ ( ਬਾਦਸ਼ਾਹ ) ਬਣਿਆ ਅਤੇ ਲਗਭਗ ਇਕ ਮਹੀਨੇ ਬਾਦ ਲਾਹੌਰ ਦੇ ਸੂਬੇਦਾਰ ਮੀਰ ਮੰਨੂ ਦੇ ਮਰਨ ਉਪਰੰਤ ਇਸ ਨੇ ਮੱਧ ਪੰਜਾਬ ਵਿਚ ਆਪਣਾ ਦਬਦਬਾ ਵਧਾਇਆ ਅਤੇ ਪ੍ਰਜਾ ਤੋਂ ‘ ਰਾਖੀ ਪ੍ਰਣਾਲੀ ’ ਅਨੁਸਾਰ ਲਗਾਨ ਅਤੇ ਨਜ਼ਰਾਨਾ ਵਸੂਲ ਕਰਨਾ ਸ਼ੁਰੂ ਕੀਤਾ । ਸੰਨ 1757 ਈ. ਵਿਚ ਇਸ ਨੇ ਅਹਿਮਦ ਸ਼ਾਹ ਦੁਰਾਨੀ ਦੁਆਰਾ ਲਾਹੌਰ ਦੇ ਸੂਬੇਦਾਰ ਵਜੋਂ ਸਥਾਪਿਤ ਆਪਣੇ ਪੁੱਤਰ ਤੈਮੂਰ ਸ਼ਾਹ ਦੀ ਫ਼ੌਜ ਉਤੇ ਪਿਛਲੇ ਪਾਸਿਓਂ ਹਮਲਾ ਕੀਤਾ ਅਤੇ ਕਰਤਾਰਪੁਰ ਤੋਂ ਲੁਟ ਕੇ ਲਿਆ ਰਹੇ ਸਾਰੇ ਸਾਮਾਨ ਨੂੰ ਖੋਹ ਲਿਆ ।

                      ਦੁਰਾਨੀ ਵਲੋਂ ਕੀਤੇ ਹਿੰਦੁਸਤਾਨ ਉਤੇ ਪੰਜਵੇਂ ਹਮਲੇ ਵੇਲੇ ਜਦੋਂ ਉਹ ਮਰਹਟਿਆਂ ਨੂੰ ਪਰਾਜਿਤ ਕਰਕੇ ਅੰਮ੍ਰਿਤਸਰ ਕੋਲੋਂ ਲਿੰਘ ਰਿਹਾ ਸੀ , ਤਾਂ ਮਾਰਚ 1761 ਈ. ਵਿਚ ਇਸ ਨੇ ਉਸ ਦੀ ਫ਼ੌਜ ਉਤੇ ਅਚਾਨਕ ਹਮਲਾ ਕਰਕੇ ਪਕੜ ਕੇ ਲੈ ਜਾਈਆਂ ਜਾ ਰਹੀਆਂ 2200 ਇਸਤਰੀਆਂ ਨੂੰ ਮੁਕਤ ਕਰਾ ਕੇ ਘਰੋਂ ਘਰ ਪਹੁੰਚਾਇਆ । ਸਤੰਬਰ 1761 ਈ. ਵਿਚ ਇਸ ਨੇ ਸੁਕਰਚਕੀਆ , ਕਨ੍ਹੀਆ ਅਤੇ ਭੰਗੀ ਮਿਸਲਾਂ ਦੀਆਂ ਫ਼ੌਜਾਂ ਨੂੰ ਲੈ ਕੇ ਲਾਹੌਰ ਦੇ ਅਫ਼ਗ਼ਾਨ ਸੂਬੇਦਾਰ ਖ਼੍ਵਾਜਾ ਉਬੇਦ ਖ਼ਾਨ ਨੂੰ ਗੁਜਰਾਂਵਾਲੇ ਦੇ ਨੇੜੇ ਲਕ ਤੋੜਵੀਂ ਹਾਰ ਦਿੱਤੀ ਅਤੇ ਲਾਹੌਰ ਤਕ ਉਸ ਦਾ ਪਿਛਾ ਕਰਕੇ ਕਿਲ੍ਹੇ ਉਤੇ ਕਬਜ਼ਾ ਕਰ ਲਿਆ । ਇਸ ਤੋਂ ਬਾਦ ਇਸ ਨੂੰ ‘ ਸੁਲਤਾਨੁਲ ਕੌਮ’ ਘੋਸ਼ਿਤ ਕਰਕੇ ਖ਼ਾਲਸੇ ਦਾ ਸਿੱਕਾ ਚਲਾਇਆ ਗਿਆ । ਜਦੋਂ ਦੁਰਾਨੀ ਨੂੰ ਇਸ ਦਾ ਸਮਾਚਾਰ ਮਿਲਿਆ ਤਾਂ ਉਸ ਨੇ ਸੰਨ 1762 ਈ. ਵਿਚ ਇਕ ਵੱਡੇ ਲਸ਼ਕਰ ਨਾਲ ਹਿੰਦੁਸਤਾਨ ਉਪਰ ਹਮਲਾ ਕੀਤਾ । ਉਦੋਂ ਦਲ ਖ਼ਾਲਸਾ ਦੇ ਸਰਦਾਰ ਆਪਣੀ ਸੈਨਾ ਅਤੇ ਪਰਿਵਾਰਾਂ ਸਹਿਤ ਮਲੇਰਕੋਟਲੇ ਦੇ ਨੇੜੇ ‘ ਕੁਪ-ਰਹੀੜਾ ’ ਪਾਸ ਠਹਿਰੇ ਹੋਏ ਸਨ । ਦੁਰਾਨੀ ਨੇ ਇਕ ਵੱਡੀ ਫ਼ੌਜ ਸਹਿਤ ਲਾਹੌਰੋਂ 36 ਘੰਟਿਆਂ ਵਿਚ 250 ਕਿ.ਮੀ. ਸਫ਼ਰ ਕੀਤਾ ਅਤੇ ਸਿੱਖਾਂ ਦੀ ਵਹੀਰ ਉਤੇ ਟੁੱਟ ਪਿਆ । ਸ. ਜੱਸਾ ਸਿੰਘ ਦੀ ਅਗਵਾਈ ਵਿਚ ਸਿੱਖ ਲੜਦੇ ਵੀ ਜਾ ਰਹੇ ਸਨ ਅਤੇ ਆਪਣੀ ਵਹੀਰ ਨੂੰ ਬਰਨਾਲੇ ਵਾਲੇ ਪਾਸੇ ਤੋਰੀ ਵੀ ਜਾ ਰਹੇ ਸਨ । ਦੁਰਾਨੀ ਦੇ ਇਸ ਹਮਲੇ ਵਿਚ 20 , 000 ਤੋਂ ਅਧਿਕ ਸਿੱਖ ਸੈਨਿਕ , ਇਸਤਰੀਆਂ , ਬਜ਼ੁਰਗ ਅਤੇ ਬੱਚੇ ਮਾਰੇ ਗਏ ਸਨ । ਇਸ ਘਟਨਾ ਨੂੰ ਸਿੱਖ ਇਤਿਹਾਸ ਵਿਚ ‘ ਵੱਡਾ ਘੱਲੂਘਾਰਾ ’ ਕਿਹਾ ਜਾਂਦਾ ਹੈ । ਇਸ ਲੜਾਈ ਵਿਚ ਸ. ਜੱਸਾ ਸਿੰਘ ਨੇ ਆਪਣੇ ਸ਼ਰੀਰ ਉਪਰ 22 ਜ਼ਖ਼ਮ ਖਾਏ ਸਨ । ਦੁਰਾਨੀ ਨੇ ਪਰਤ ਕੇ ਅੰਮ੍ਰਿਤਸਰ ਉਤੇ ਹਮਲਾ ਕੀਤਾ ਅਤੇ ਹਰਿਮੰਦਿਰ ਸਾਹਿਬ ਦੀ ਇਮਾਰਤ ਨੂੰ ਬਾਰੂਦ ਨਾਲ ਉਡਾਇਆ । ਸ. ਜੱਸਾ ਸਿੰਘ ਨੇ ਬੜੀ ਸਿਆਣਪ ਨਾਲ ਦਲ ਖ਼ਾਲਸਾ ਨੂੰ ਪੁਨਰ ਗਠਿਤ ਕੀਤਾ ਅਤੇ ਦੋ ਸਾਲ ਬਾਦ 14 ਜਨਵਰੀ 1764 ਈ. ਨੂੰ ਸਰਹਿੰਦ ਉਤੇ ਹਮਲਾ ਕਰਕੇ ਅਫ਼ਗ਼ਾਨ ਫ਼ੌਜਦਾਰ ਜ਼ੈਨ ਖ਼ਾਨ ਨੂੰ ਮਾਰ ਦਿੱਤਾ ਅਤੇ ਨਗਰ ਨੂੰ ਨਸ਼ਟ ਕਰ ਦਿੱਤਾ ।

                      ਇਸ ਤੋਂ ਬਾਦ ਦਲ ਖ਼ਾਲਸਾ ਨੇ ਜਮਨਾ ਪਾਰ ਦੇ ਇਲਾਕਿਆਂ ਉਤੇ ਹਮਲੇ ਕੀਤੇ ਅਤੇ ਦਿੱਲੀ ਤਕ ਪਹੁੰਚੇ । 17 ਅਪ੍ਰੈਲ 1765 ਈ. ਵਿਚ ਜਦੋਂ ਦੁਰਾਨੀ ਫਿਰ ਹਿੰਦੁਸਤਾਨ ਉਤੇ ਚੜ੍ਹ ਆਇਆ , ਤਾਂ ਉਸ ਦਾ ਦਮਖ਼ਮ ਛੀਣ ਹੋ ਚੁਕਿਆ ਸੀ । ਉਸ ਨੇ ਸਿੱਖਾਂ ਨਾਲ ਸ਼ਾਂਤੀ ਕਾਇਮ ਕਰਨ ਦਾ ਯਤਨ ਕੀਤਾ ਪਰ ਸ. ਜੱਸਾ ਸਿੰਘ ਨੇ ਠੁਕਰਾ ਦਿੱਤਾ । ਇਸ ਨੇ ਦੁਆਬੇ ਵਿਚ ਬਹੁਤ ਸਾਰਾ ਇਲਾਕਾ ਜਿਤ ਕੇ ਸੰਨ 1774 ਈ. ਵਿਚ ਕਪੂਰਥਲੇ ਵਿਚ ਆਪਣੀ ਰਿਆਸਤ ਦੀ ਰਾਜਧਾਨੀ ਕਾਇਮ ਕੀਤੀ । ਜਦੋਂ ਸੰਨ 1779 ਈ. ਵਿਚ ਦਿੱਲੀ ਦੇ ਵਜ਼ੀਰ ਅਬਦੁਲ ਅਹਿਦ ਖ਼ਾਨ ਨੇ ਪਟਿਆਲਾ-ਪਤਿ ਰਾਜਾ ਅਮਰ ਸਿੰਘ ਉਤੇ ਹਮਲਾ ਕੀਤਾ ਤਾਂ ਜੱਸਾ ਸਿੰਘ ਆਪਣੇ ਦਲਬਲ ਸਹਿਤ ਰਾਜੇ ਦੀ ਮਦਦ ਨੂੰ ਪਹੁੰਚਿਆ ਅਤੇ ਮੁਗ਼ਲ ਫ਼ੌਜ ਨੂੰ ਭਜਾ ਕੇ ਉਨ੍ਹਾਂ ਤੋਂ 7 ਲੱਖ ਰੁਪਏ ਹਰਜਾਨੇ ਵਜੋਂ ਲਏ । ਇਸ ਨੇ ਪੰਜਾਬ ਵਿਚ ਅਫ਼ਗ਼ਾਨ ਅਤੇ ਮੁਗ਼ਲ ਸ਼ਕਤੀ ਨੂੰ ਵੰਗਾਰ ਦੇ ਸਿੱਖਾਂ ਦੀ ਸੁਤੰਤਰ ਹੋਂਦ ਕਾਇਮ ਕੀਤੀ । ਇਸ ਤਰ੍ਹਾਂ 18ਵੀਂ ਸਦੀ ਵਿਚ ਬੰਦਾ ਬਹਾਦਰ ਤੋਂ ਬਾਦ ਇਸ ਨੇ ਸਿੱਖ-ਸ਼ਕਤੀ ਦਾ ਸੁੰਦਰ ਪ੍ਰਦਰਸ਼ਨ ਕੀਤਾ ।

                      ਯੁੱਧ-ਵੀਰ ਤੋਂ ਇਲਾਵਾ ਇਹ ਧਰਮ-ਵੀਰ ਵੀ ਸੀ । ਇਸ ਹੱਥੋਂ ਅੰਮ੍ਰਿਤ ਪਾਨ ਕਰਨਾ ਗੌਰਵਮਈ ਸਮਝਿਆ ਜਾਂਦਾ ਸੀ । ਪਟਿਆਲੇ ਦੇ ਰਾਜਾ ਅਮਰ ਸਿੰਘ ਨੇ ਸ. ਜੱਸਾ ਸਿੰਘ ਤੋਂ ਅੰਮ੍ਰਿਤ ਛਕਿਆ ਸੀ । ਇਸ ਦਾ ਦੇਹਾਂਤ 20 ਅਕਤੂਬਰ 1783 ਈ. ਨੂੰ ਅੰਮ੍ਰਿਤਸਰ ਵਿਚ ਹੋਇਆ । ਕੌਮ ਦੀ ਉੱਨਤੀ ਲਈ ਇਸ ਵਲੋਂ ਕੀਤੀਆਂ ਖ਼ਿਦਮਤਾਂ ਨੂੰ ਸਾਹਮਣੇ ਰਖਦੇ ਹੋਇਆਂ ਉਸ ਸਮੇਂ ਦੇ ਪੰਥਕ ਆਗੂਆਂ ਨੇ ਇਸ ਦੀ ਸਮਾਧਗੁਰਦੁਆਰਾ ਬਾਬਾ ਅਟਲ’ ਦੇ ਇਹਾਤੇ ਵਿਚ ਬਣਾਈ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2061, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਜੱਸਾ ਸਿੰਘ ਆਹਲੂਵਾਲੀਆ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ

ਜੱਸਾ ਸਿੰਘ , ਆਹਲੂਵਾਲੀਆ : ਵੇਖੋ ਆਹਲੂਵਾਲੀਆ , ਜੱਸਾ ਸਿੰਘ ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1116, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-04-25, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.