ਤਪ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤਪ (ਨਾਂ,ਪੁ) ਸਰੀਰ ਨੂੰ ਕਸ਼ਟ ਦੇ ਕੇ ਕੀਤੀ ਭਗਤੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13792, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਤਪ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤਪ 1 [ਨਾਂਪੁ] ਧਿਆਨ , ਮਨਨ , ਇਕਾਗਰਤਾ , ਸਮਾਧੀ , ਸਿਮਰਨ , ਚਿੰਤਨ, ਤਪੱਸਿਆ , ਭਗਤੀ 2 ਤਪਸ਼ , ਗਰਮੀ; ਤਾਪ , ਬੁਖ਼ਾਰ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13534, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਤਪ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤਪ. ਸੰ. तप्. ਧਾ—ਤੱਤਾ ਹੋਣਾ, ਜਲਨਾ, ਤਪ ਕਰਨਾ, ਪਛਤਾਉਣਾ, ਚਮਕਣਾ, ਦੁੱਖ ਸਹਾਰਨਾ। ੨ ਸੰਗ੍ਯਾ—ਸ਼ਰੀਰ ਨੂੰ ਤਪਾਉਣ ਵਾਲਾ ਵ੍ਰਤ. ਤਪਸ੍ਯਾ. “ਤਪ ਮਹਿ ਤਪੀਸਰੁ ਗ੍ਰਿਹਸਤ ਮਹਿ ਭੋਗੀ.” (ਸੁਖਮਨੀ)  “ਤੀਰਥ ਦਾਨ ਦਯਾ ਤਪ ਸੰਜਮ.” (੩੩ ਸਵੈਯੇ) ੩ ਅਗਨਿ। ੪ ਗਰਮੀ। ੫ ਗ੍ਰੀਖਮ ਰੁੱਤ । ੬ ਬੁਖ਼ਾਰ. ਜ੍ਵਰ. ਦੇਖੋ, ਤਾਪ । ੭ ਤੇਜ. ਪ੍ਰਭਾਵ. ਹਕੂਮਤ ਦਾ ਦਬਦਬਾ. “ਦੇਵਨ ਕੇ ਤਪ ਮੈ ਸੁਖ ਪਾਵੈ.” (ਚੰਡੀ ੧) ੮ ਡਿੰਗ. ਮਾਘ ਮਹੀਨਾ ਜਿਸ ਵਿਚ ਅੱਗ ਸੇਕੀ ਜਾਂਦੀ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13508, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਤਪ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਤਪ: ਸਿੱਖ ਧਰਮ ਵਿਚ ‘ਤਪ’ ਨੂੰ ਕਿਸੇ ਪ੍ਰਕਾਰ ਦੀ ਕੋਈ ਮਾਨਤਾ ਨਹੀਂ ਦਿੱਤੀ ਗਈ। ਇਸ ਦੇ ਸਰੂਪ ਨੂੰ ਸਮਝਣ ਲਈ ਪਿਛੋਕੜ ਨੂੰ ਵੇਖਣਾ ਹੋਵੇਗਾ। ਤਪ ਦਾ ਸ਼ਾਬਦਿਕ ਅਰਥ ਹੈ ਤਾਪ , ਸਾੜ, ਗਰਮੀ। ਪਰ ਹੌਲੀ ਹੌਲੀ ਇਸ ਦਾ ਇਕ ਰੂੜ੍ਹ ਅਰਥ ਹੋ ਗਿਆ ‘ਤਪਸਿਆ ’। ਕਿਸੇ ਵਿਸ਼ੇਸ਼ ਉਦੇਸ਼ ਦੀ ਪ੍ਰਾਪਤੀ ਜਾਂ ਆਤਮਿਕ ਅਤੇ ਸ਼ਰੀਰਿਕ ਅਨੁਸ਼ਾਸਨ (ਜ਼ਬਤ) ਲਈ ਕੀਤੇ ਜਾਣ ਵਾਲੇ ਸ਼ਰੀਰਿਕ ਕਸ਼ਟ ਨੂੰ ‘ਤਪ’ ਅਥਵਾ ‘ਤਪਸਿਆ’ ਕਿਹਾ ਜਾਂਦਾ ਹੈ। ‘ਤਪ’ ਸਾਧਨਾ ਦਾ ਵਿਕਾਸ ਚਾਰ ਪੁਰਸ਼ਾਰਥਾਂ ਅਤੇ ਚਾਰ ਆਸ਼੍ਰਮਾਂ ਦੇ ਸਿੱਧਾਂਤਾਂ ਦੇ ਪ੍ਰਚਲਿਤ ਹੋਣ ਤੋਂ ਬਾਦ ਹੋਇਆ। ਇਹ ਮੋਕੑਸ਼ ਪ੍ਰਾਪਤੀ ਦੀ ਉਤਰ-ਵੈਦਿਕ ਕਾਲ ਦੀ ਜੁਗਤ ਹੈ। ਬ੍ਰਾਹਮਣ ਗ੍ਰੰਥਾਂ ਅਤੇ ਉਪਨਿਸ਼ਦਾਂ ਵਿਚ ਤਪ ਦੀ ਗੱਲ ਚਲਦੀ ਹੈ। ਉਥੇ ਇਸ ਦਾ ਉਦੇਸ਼ ਬ੍ਰਹਮ ਦੀ ਪ੍ਰਾਪਤੀ ਬਣ ਗਿਆ। ਇਸ ਲਈ ਸਭ ਕੁਝ ਤਿਆਗਣਾ ਅਤੇ ਨੈਤਿਕ ਜੀਵਨ ਅਪਣਾਉਣਾ ਜ਼ਰੂਰੀ ਹੋ ਗਿਆ। ਨਾਲ ਹੀ ਸ਼ਰੀਰ ਨੂੰ ਅਨੇਕ ਤਰ੍ਹਾਂ ਦਾ ਕਸ਼ਟ ਦੇਣਾ ਵੀ ਸ਼ੁਰੂ ਹੋ ਗਿਆ।

            ਪੁਰਾਣਾਂ ਵਿਚ ਉਦੇਸ਼ਾਂ ਦੀ ਭਿੰਨਤਾ ਨਾਲ ਕਈ ਪ੍ਰਕਾਰ ਦੇ ਤਪਾਂ ਦੀ ਕਲਪਨਾ ਕੀਤੀ ਜਾਣ ਲਗੀ। ਤਪ ਦੀ ਬਿਰਤ ਦਾ ਕੇਂਦਰ ਸ਼ਰੀਰਿਕ ਕਸ਼ਟ ਹੋ ਗਿਆ। ਤਪਸਵੀ ਲੋਕ ਆਮ ਤੌਰ ’ਤੇ ਅਲਪਾਹਾਰ ਕਰਦੇ ਹਨ, ਭੂਮੀ ਉਤੇ ਸੌਂਦੇ ਹਨ, ਬ੍ਰਿਛਾਂ ਦੀਆਂ ਛਿਲਾਂ ਦੇ ਬਸਤ੍ਰ ਧਾਰਣ ਕਰਦੇ ਹਨ, ਜਟਾਵਾਂ ਅਤੇ ਨਾਖ਼ੁਨਾਂ ਨੂੰ ਵਧਾਉਂਦੇ ਹਨ। ਧਰਮ- ਗ੍ਰੰਥਾਂ ਦਾ ਉੱਚਾਰਣ ਅਤੇ ਦਯਾ ਭਾਵ ਦਾ ਵਿਕਾਸ ਕਰਦੇ ਹਨ। ਪਰ ਬਹੁਤ ਕਠੋਰ ਤਪਸਵੀ ਗਰਮੀ ਵਿਚ ਪੰਚ ਅਗਨੀ —ਉਪਰੋਂ ਸੂਰਜ ਅਤੇ ਚੌਹਾਂ ਪਾਸੇ ਅੱਗ ਦਾ ਬਾਲਣਾ, ਮੀਂਹ ਵਿਚ ਖੜੋਣਾ, ਭਿਖ ਮੰਗ ਕੇ ਖਾਣਾ, ਬਸਤੀਆਂ ਤੋਂ ਦੂਰ ਰਹਿਣਾ, ਸ਼ਰੀਰ ਦੇ ਸਾਰੇ ਸੁਖਾਂ ਨੂੰ ਤਿਆਗਣਾ ਆਦਿ ਇਹ ਤਪਸਿਆ ਦੇ ਆਮ ਲੱਛਣ ਹਨ।

          ‘ਭਗਵਦ-ਗੀਤਾ’ (17/14-19) ਵਿਚ ਤਪ ਅਤੇ ਸੰਨਿਆਸ ਦਾ ਸੁੰਦਰ ਵਿਸ਼ਲੇਸ਼ਣ ਕੀਤਾ ਗਿਆ ਹੈ ਅਤੇ ਇਨ੍ਹਾਂ ਨੂੰ ਤਿੰਨ ਤਰ੍ਹਾਂ ਦਾ ਮੰਨਿਆ ਗਿਆ ਹੈ, ਜਿਵੇਂ —ਸ਼ਰੀਰਿਕ, ਵਾਚਿਕ ਅਤੇ ਮਾਨਸਿਕ ਜਾਂ ਗੁਣਾਂ ਦੇ ਆਧਾਰ’ਤੇ ਸਾਤਵਿਕ, ਰਾਜਸੀ ਅਤੇ ਤਾਮਸੀ।

            ਸ਼ਰੀਰਿਕ ਤਪ ਦੇਵਤਾ , ਦ੍ਵਿਜ (ਬ੍ਰਾਹਮਣ), ਗੁਰੂ , ਅਹਿੰਸਾ ਨਾਲ ਸੰਬਧਿਤ ਹੁੰਦਾ ਹੈ। ਵਾਚਿਕ ਤਪ ਸਹਿਜ ਬੋਲਾਂ , ਸੱਚੇ ਅਤੇ ਮਿਠੇ ਬੋਲਾਂ ਅਤੇ ਧਰਮ ਪੁਸਤਕਾਂ ਦੇ ਅਧਿਐਨ ਨਾਲ ਹੁੰਦਾ ਹੈ ਅਤੇ ਮਾਨਸਿਕ ਤਪ ਮਨ ਦੀ ਪ੍ਰਸੰਨਤਾ, ਆਤਮ ਸੰਜਮ, ਭਾਵਾਂ ਦੀ ਸ਼ੁੱਧਤਾ ਨਾਲ ਸਿਧ ਹੁੰਦਾ ਹੈ।

            ਸਾਤਵਿਕ ਤਪ ਨੂੰ ਉਤਮ ਸਮਝਿਆ ਜਾਂਦਾ ਹੈ। ਇਸ ਵਿਚ ਸ਼ਰਧਾ ਸਹਿਤ ਫਲ ਦੀ ਇੱਛਾ ਤੋਂ ਮੁਕਤ ਹੋਣਾ ਜ਼ਰੂਰੀ ਹੈ। ਇਸ ਦੇ ਉਲਟ ਸਤਿਕਾਰ, ਮਾਨ ਅਤੇ ਪੂਜਾ ਲਈ ਦੰਭ ਪੂਰਵਕ ਕੀਤਾ ਤਪ ਰਾਜਸ ਤਪ ਅਖਾਉਂਦਾ ਹੈ। ਆਪਣੇ ਆਪ ਨੂੰ ਅਨੇਕ ਕਸ਼ਟ ਦੇ ਕੇ ਦੂਜੇ ਨੂੰ ਕਸ਼ਟ ਪਹੁੰਚਾਉਣ ਲਈ ਜੋ ਵੀ ਤਪ ਕੀਤਾ ਜਾਂਦਾ ਹੈ, ਉਹ ਤਾਮਸਿਕ ਤਪ ਹੈ। ਉਂਜ ਸਭ ਤਰ੍ਹਾਂ ਦੀਆਂ ਤਪ-ਪੱਧਤੀਆਂ ਦਾ ਵਿਸ਼ਲੇਸ਼ਣ ਕਰਨ’ਤੇ ਕੇਵਲ ਉਹ ਤਪ ਸਹੀ ਸਿਧ ਹੁੰਦਾ ਹੈ ਜੋ ਨਿਸ਼ਕਾਮ ਕਰਮ ਰਾਹੀਂ ਸੰਪੰਨ ਕੀਤਾ ਗਿਆ ਹੋਵੇ।

            ਗੁਰਬਾਣੀ ਵਿਚ ਕਿਸੇ ਪ੍ਰਕਾਰ ਦੇ ਪਰੰਪਰਿਕ ਜਾਂ ਦਿਖਾਵੇ ਦੇ ਤਪ ਦਾ ਕੋਈ ਮਹੱਤਵ ਨਹੀਂ ਹੈ। ਗੁਰੂ ਅਰਜਨ ਦੇਵ ਜੀ ਦੀ ਸਥਾਪਨਾ ਹੈ ਕਿ ਹਉਮੈ ਯੁਕਤ ਅਨੇਕ ਪ੍ਰਕਾਰ ਦੀ ਕੀਤੀ ਤਪਸਿਆ ਆਵਾਗਵਣ ਅਤੇ ਨਰਕ ਸਵਰਗ ਦੇ ਕੁਚੱਕਰ ਵਿਚ ਹੀ ਪਾਈ ਰਖਦੀ ਹੈ—ਅਨਿਕ ਤਪਸਿਆ ਕਰੇ ਅਹੰਕਾਰ ਨਰਕ ਸੁਰਗ ਫਿਰਿ ਫਿਰਿ ਅਵਤਾਰ (ਗੁ.ਗ੍ਰੰ.278)। ਹਾਂ ਸਾਰਿਆਂ ਤਪਾਂ ਵਿਚੋਂ ਕੋਈ ਸ੍ਰੇਸ਼ਠ ਹੈ ਤਾਂ ਉਹ ਹੈ ਗੁਰੂ-ਸੇਵਾ—ਗੁਰ ਸੇਵਾ ਤਪਾਂ ਸਿਰਿ ਤਪੁ ਸਾਰੁ (ਗੁ.ਗ੍ਰੰ.423)।

            ਪਰਵਰਤੀ ਸਿੱਖ ਸਾਹਿਤ ਵਿਚ ਤਪ ਬਾਰੇ ਵਿਚਾਰ ਕਰਦਿਆਂ ਭਗਤ ਰਤਨਾਵਲੀ (ਸਿੱਖਾਂ ਦੀ ਭਗਤਮਾਲਾ) ਵਿਚ 13ਵੀਂ ਪਉੜੀ ਵਿਚ ਵਰਣਿਤ ਭਾਈ ਪ੍ਰਿਥੀ ਮਲ ਅਤੇ ਰਾਮਾ ਡਿਡੀ ਦੇ ਪ੍ਰਸੰਗ ਵਿਚ ਦਸਿਆ ਗਿਆ ਹੈ :

            ਤਾ ਸਾਹਿਬ ਕਹਿਆ ਤਿਨ ਪਰਕਾਰ ਦਾ ਤਪੁ ਹੈਇਕ ਤਾਮਸੀ ਹੈ ਜੋ ਨੰਗਾ ਰਹਿਣਾ, ਭੁਖਾ ਮਰਣਾ, ਜਲ ਵਿਚ ਬੈਠਣਾ, ਇਸ ਕਰਕੇ ਭੀ ਜੋ ਸਹਿਕਾਮ ਹੈਨ, ਉਨਾ ਨੂੰ ਰਿਧਾਂ ਸਿਧਾਂ ਫੁਰੀਆ ਹੈਨਿ ਤੇ ਜੋ ਨਿਹਕਾਮੁ ਹੈਨਿ ਤਿਨ ਦਾ ਰਿਦਾ ਸੁਧੁ ਹੁੰਦਾ ਹੈ ਪ੍ਰਿਥਮੈ, ਇਹ ਤਪੁ ਕਰਨਾ ਕਠਨੁ ਹੈ ਬਹੁਰੋ ਮਨ ਵਿਚਿ ਕਾਮੁ ਕਰੋਧ ਫੁਰ ਆਵਦਾ ਹੈ ਤਾ ਤੇ ਤੁਸੀ ਰਾਜਸੀ ਤੇ ਸਾਤਕੀ ਤਪੁ ਕਰੋ ਤੇ ਭਗਤਿ ਕਰੋ ਤੁਸਾਡਾ ਤੁਰਤ ਕਲਿਆਣੁ ਹੋਵੇਗਾ... ਬਚਨ ਹੋਆ ਅਖੀ ਨੂੰ ਸੁੰਦਰ ਰੂਪਾਂ ਵਲੋਂ ਹਟਾਵਣਾ, ਤੇ ਕਰਨਾਂ ਨੂੰ ਨਿੰਦਿਆ ਉਸਤਤ ਵਲੋਂ ਹਟਾਵਣਾ ਤੇ ਹਥਾਂ ਨੂੰ ਚੋਰੀ ਜਾਰੀ ਵਲੋਂ ਹਟਾਵਣਾ, ਤੇ ਅਖੀ ਨੂੰ ਸੰਤਾਂ ਦੇ ਦਰਸਨ ਤੇ ਪੋਥੀਆਂ ਗਿਰੰਥਾਂ ਦੇ ਦਰਸਨ ਵਲਿ ਜੋੜਨਾ ਤੇ ਕਰਨਾਂ ਨੂੰ ਗੋਵਿੰਦ ਦੇ ਜਸੁ ਸੁਣਨਿ ਵਲ ਜੋੜਨਾ ਤੇ ਰਸ਼ਨਾ ਨੂੰ ਝੂਠ ਥੀ ਮੋੜ ਕੇ ਮਿਠੇ ਬੋਲਣ ਤੇ ਸਿਫਤਿ ਵਲ ਜੋੜਨਾ ਤੇ ਹਥਾਂ ਨੂੰ ਸੰਤਾਂ ਦੀ ਸੇਵਾ ਨਾਲ ਜੋੜਨਾ ਤੇ ਦਾਨ ਨਾਲ ਤੇ ਪੈਰਾਂ ਨੂੰ ਗੁਰਦੁਆਰੇ ਤੇ ਸਤਿ ਸੰਗਤਿ ਨੂੰ ਲੈ ਕੇ ਜਾਵਣਾ ਏਹ ਰਾਜਸੀ ਤਪੁ ਹੈ ਤੇ ਸਾਤਵਕੀ ਤਪੁ ਕਿਆ ਹੈ ਜੋ ਜਿਸ ਵੇਲੇ ਪੁਰਖੁ ਨਾਮ ਦਾ ਤੇ ਬਾਣੀ ਵਲਿ ਧਿਆਨੁ ਕਰਦਾ ਹੈ ਤਾ ਮਨਿ ਵਿਚੋਂ ਨਿਕਲ ਜਾਂਦਾ ਹੈ, ਤੇ ਮਨ ਨੂੰ ਹੋਰਨਾ ਵਾਸਨਾ ਵਲੋਂ ਬਾਰੰਬਾਰਿ ਹਟਾਇ ਕੈ ਤੇ ਨਾਮੁ ਵਲਿ ਜੋੜਨਾ ਤੇ ਆਪੁ ਨਹੀ ਥਕਣਾ ਜੋ ਮਨ ਤਾਂ ਜੁੜਤਾ ਨਹੀਂ, ਏਸੇ ਮਨ ਨੂੰ ਥਕਾਵਣਾ ....


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13479, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਤਪ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਤਪ (ਸੰ.। ਸੰਸਕ੍ਰਿਤ) ੧. ਗਰਮੀ, ਤਾਉ।

੨. ਸਰੀਰਕ ਯਾ ਮਾਨਸਕ ਦੁਖ ਸਹਿਣ ਦੀ ਕ੍ਰਿਯਾ, ਆਪਾ ਨਿਵਾਰਣ ਦਾ ਕੋਈ ਸਾਧਨ, ਰਿਆਜ਼ਤ। ਯਥਾ-‘ਤੀਰਥੁ ਤਪੁ ਦਇਆ ਦਤੁ ਦਾਨੁ ’।

ਦੇਖੋ, ‘ਤਪਤਾਉ, ਤਪਿ ਤਪਿ, ਤਪ ਤਾਲੁ


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 13479, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਤਪ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਬਾਰਵੀਂ, ਭਾਸ਼ਾ ਵਿਭਾਗ ਪੰਜਾਬ

ਤਪ : ਤਪ ਜਾਂ ਤਪਸ਼ ਦਾ ਮੂਲ ਅਰਥ ਪ੍ਰਕਾਸ਼ ਹੈ ਪਰੰਤੂ ਹੌਲੀ ਹੌਲੀ ਇਸਦਾ ਹੋਰ ਅਰਥ ਵਿਕਸਿਤ ਹੋ ਗਿਆ ਅਤੇ ਕਿਸੇ ਵਿਸ਼ੇਸ਼ ਉਦੇਸ਼ ਦੀ ਪ੍ਰਾਪਤੀ ਜਾਂ ਆਤਮਾ ਅਤੇ ਸਰੀਰਕ ਅਨੁਸ਼ਾਸਨ ਲਈ ਉਠਾਏ ਜਾਣ ਵਾਲੇ ਸਰੀਰਕ ਦੁਖ ਨੂੰ ਤਪ ਕਿਹਾ ਜਾਣ ਲਗਾ। ਇਸ ਨੂੰ ਤਪੱਸਿਆ ਵੀ ਕਿਹਾ ਜਾਂਦਾ ਹੈ। ਗੁਰਬਾਣੀ ਵਿਚ ਤਪੱਸਵੀ ਲਈ ਤਪੀਸਰ ਸ਼ਬਦ ਦੀ ਵਰਤੋਂ ਵੀ ਕੀਤੀ ਗਈ ਹੈ ਜਿਵੇਂ ਸੁਖਮਨੀ ਸਾਹਿਬ ਵਿਚ ਆਉਂਦਾ ਹੈ, ‘ਤਪ ਮਹਿ ਤਪੀਸਰ ਗ੍ਰਿਹਸਤ ਮਹਿ ਭੋਗੀ’। ਤਪ ਸ਼ਬਦ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਕਈ ਥਾਵਾਂ ਤੇ ਵਰਤਿਆ ਗਿਆ ਹੈ, ਜਿਵੇਂ ‘ਤੀਰਥ ਦਾਨ ਦਯਾ ਤਪ ਸੰਜਮ’, ‘ਜਪ ਤਪ ਸੰਜਮ ਧਰਮ ਨਾ ਕਮਾਇਆ’ ਆਦਿ।

ਕੁਝ ਵਿਦੇਸ਼ੀ ਵਿਦਵਾਨ ਤਪੱਸਿਆ ਬਾਰੇ ਵਿਚਾਰਾਂ ਨੂੰ ਆਰਿਆਈ ਜਾਂ ਵੈਦਿਕ ਨਾ ਮੰਨਦੇ ਹੋਏ ਆਦੀ ਵਾਸੀਆਂ ਦੀ ਦੇਣ ਮੰਨਦੇ ਹਨ ਪਰੰਤੂ ਇਹ ਵਿਚਾਰ ਠੀਕ ਨਹੀਂ ਲਗਦਾ। ਗ਼ੈਰ ਆਰਿਆਈ ਅਤੇ ਅਵੈਦਿਕ ਤੱਤ ਹੌਲੀ ਹੌਲੀ ਵੈਦਿਕ ਸਮਾਜ ਦੇ ਸ਼ੂਦਰ ਵਰਗ ਵਿਚ ਸ਼ਾਮਲ ਹੋ ਗਏ ਜਿਨ੍ਹਾਂ ਨੂੰ ਪ੍ਰਾਚੀਨ ਧਰਮ ਅਤੇ ਸਮਾਜ ਦੇ ਨੇਤਾਵਾਂ ਨੇ ਤਪੱਸਿਆ ਦਾ ਹੱਕ ਦਿਤਾ ਹੀ ਨਹੀਂ। ਇਸ ਦੇ ਉਲਟ ਸ਼ੰਬੂਕ ਜਿਹੇ ਤਪੱਸਵੀ ਸ਼ੂਦਰਾਂ ਨੂੰ ਤਾਂ ਦੰਡ ਵੀ ਦਿਤਾ ਗਿਆ। ਜੇ ਤਪ ਦੀ ਵਿਚਾਰਧਾਰਾ ਸ਼ੂਦਰ ਨੂੰ ਤੱਤ ਤੋਂ ਸ਼ੁਰੂ ਹੋਈ ਹੁੰਦੀ ਤਾਂ ਇਹ ਹਾਲਤ ਅਸੰਭਵ ਹੀ ਹੁੰਦੀ। ਅਸਲ ਵਿਚ ਤਪ ਦੀ ਭਾਵਨਾ ਦਾ ਵਿਕਾਸ ਚਾਰ ਆਸ਼ਰਮਾਂ ਦੇ ਸਿਧਾਂਤ ਦੇ ਵਿਕਾਸ ਦਾ ਸਿੱਟਾ ਸੀ। ਇਹ ਸਾਰੇ ਵਿਚਾਰ ਮਗਰਲੇ ਵੈਦਿਕ ਯੁੱਗ ਦੀ ਹੀ ਦੇਣ ਹਨ। ਇਸੇ ਲਈ ਰਿਗ ਵੇਦ ਵਿਚ ਤਪ ਜਾਂ ਤਪਸ਼ ਦਾ ਕੋਈ ਵਿਸ਼ੇਸ਼ ਵਰਣਨ ਨਹੀਂ ਮਿਲਦਾ। ਤਪ ਦਾ ਉਹ ਰੂਪ ਜਿਸ ਵਿਚ ਤੰਤ੍ਰਿਕ ਤੱਤ ਹੁੰਦੇ ਹਨ ਅਤੇ ਇਸਦਾ ਉਦੇਸ਼ ਦੂਜੇ ਨੂੰ ਨੁਕਸਾਨ ਪਹੁੰਚਾਉਣਾ ਜਾਂ ਦੂਜੇ ਦੇ ਹਮਲੇ ਤੋਂ ਆਪਣੇ ਆਪ ਨੂੰ ਬਚਾਉਣਾ ਹੁੰਦਾ ਹੈ। ਮੁਕਤੀ ਪ੍ਰਾਪਤ ਕਰਨ ਦੀ ਇੱਛਾ ਰੱਖਣ ਵਾਲਾ ਸੰਨਿਆਸੀ ਹੀ ਤਪੱਸਿਆ ਵਿਚ ਮਗਨ ਹੋ ਜਾਂਦਾ ਹੈ। ਬ੍ਰਾਹਮਣਾਂ ਤੇ ਉਪਨਿਸ਼ਦਾਂ ਵਿਚ ਇਸਦੀ ਚਰਚਾ ਹੋਣ ਲਗ ਪੈਂਦੀ ਹੈ।  ਇਹ ਸੰਨਿਆਸੀ ਬ੍ਰਹਮ ਨੂੰ ਪ੍ਰਾਪਤ ਕਰਨਾ ਚਾਹੁੰਦਾ ਹੈ। ਅਜਿਹੇ ਸੰਨਿਆਸੀ ਲਈ ਸਵੈ-ਤਿਆਗ ਕਰਨਾ ਬਹੁਤ ਜ਼ਰੂਰੀ ਬਣ ਜਾਂਦਾ ਹੈ। ਇਹ ਵੀ ਸਮਝਿਆ ਜਾਣ ਲਗ ਪਿਆ ਹੈ ਕਿ ਜੀਵ ਨੂੰ ਆਵਾਗਵਨ ਦੇ ਚੱਕਰ ਤੋਂ ਮੁਕਤ ਹੋਣ ਲਈ ਵੈਰਾਗ ਦਾ ਜੀਵਨ ਹੀ ਜ਼ਰੂਰੀ ਨਹੀਂ, ਸਰੀਰ ਨੂੰ ਅਨੇਕ ਪ੍ਰਕਾਰ ਦੇ ਦੁੱਖ ਦੇਣਾ ਵੀ ਸ਼ੁਰੂ ਹੋ ਗਿਆ। ਅਲੱਗ-ਅਲੱਗ ਉਦੇਸ਼ਾਂ ਨੂੰ ਮੁੱਖ ਰੱਖਕੇ ਤਪੱਸਿਆ ਦੇ ਕਈ ਰੂਪ ਮੰਨੇ ਜਾਣ ਲਗ ਪਏ। ਬ੍ਰਹਮਚਾਰੀ ਪੁੱਤਰ ਕਲਤਰ, ਧੰਨ  ਸੰਪਤੀ ਪ੍ਰਾਪਤ ਕਰਨ ਦੇ ਚਾਹਵਾਨ, ਮਨਚਾਹਿਆ ਵਰ ਜਾਂ ਪਤਨੀ ਪ੍ਰਾਪਤ ਕਰਨ ਦੇ ਇੱਛਕ, ਪਰਮਾਤਮਾ ਨਾਲ ਲੀਨ ਵਿਅਕਤੀ, ਦੇਵੀ ਦੇਵਤਿਆਂ ਦੀ ਕ੍ਰਿਪਾਦ੍ਰਿਸ਼ਟੀ ਚਾਹੁਣ ਵਾਲੇ ਮਨੁੱਖ, ਸਾਧਾਰਣ ਤੌਰ ਤੇ ਧਰਮ ਦਾ ਪਾਲਣ ਕਰਨ ਵਾਲੇ ਮਨੁੱਖ ਆਦਿ ਅਨੇਕਾਂ ਪ੍ਰਕਾਰ ਦੇ ਲੋਕ ਵੱਖ-ਵੱਖ ਰੂਪਾਂ ਵਿਚ ਤਪੱਸਿਆ ਦੇ ਸਿਧਾਂਤ ਨੂੰ ਮੰਨਦੇ ਹਨ। ਤਪੱਸਿਆ ਦਾ ਮੰਤਵ ਸਰੀਰ ਨੂੰ ਦੁਖ ਦੇਣਾ ਸੀ। ਸਾਧਾਰਣ ਤਪੱਸਵੀ ਤਾਂ ਜ਼ਮੀਨ ਤੇ ਸੌਂ ਕੇ, ਦਰਖ਼ਤ ਦੀ ਛਿੱਲ ਦੇ ਕੱਪੜੇ ਪਹਿਨ ਕੇ, ਬਹੁਤ ਥੋੜ੍ਹਾ ਖਾ ਕੇ, ਜਟਾਂ ਧਾਰਨ ਕਰ ਕੇ, ਵੇਦਾਂ ਦਾ ਉਚਾਰਣ ਕਰ ਕੇ, ਨਹੁੰ ਵਧਾ ਕੇ ਹੀ ਸੰਤੁਸ਼ਟ ਹੋ ਜਾਂਦੇ ਹਨ ਪਰੰਤੂ ਤੇਜ ਤਪੱਸਵੀ ਕਰੜੀ ਗਰਮੀ ਵਿਚ ਬਾਹਰ ਧੁੱਪ ਵਿਚ ਬੈਠਦੇ ਹਨ, ਆਪਣੇ ਦੁਆਲੇ ਅੱਗ ਬਾਲ ਕੇ ਗਰਮੀ ਸਹਿਣ ਕਰਦੇ ਹਨ, ਬਾਰਸ਼ ਵਿਚ ਬੈਠੇ ਰਹਿੰਦੇ ਹਨ, ਸਰਦੀਆਂ ਵਿਚ ਪਾਣੀ ਵਿਚ ਬੈਠਦੇ ਹਨ, ਤਿੰਨ ਵੇਲੇ ਇਸ਼ਨਾਨ ਕਰਦੇ ਹਨ, ਸ਼ਹਿਰਾਂ ਤੋਂ ਬਾਹਰ ਰਹਿੰਦੇ ਹਨ ਅਤੇ ਸਾਰੇ ਸੁੱਖਾਂ ਦਾ ਤਿਆਗ ਕਰਦੇ ਹਨ। ਸ਼ਿਵ ਨੂੰ ਪ੍ਰਾਪਤ ਕਰਨ ਲਈ ਪਾਰਬਤੀ ਨੇ ਅਜਿਹੀ ਤਪੱਸਿਆ ਹੀ ਕੀਤੀ ਹੈ। ਇਥੇ ਹੀ ਬਸ ਨਹੀਂ ਕੁਝ ਤਪੱਸਵੀ ਇਕ ਪੈਰ ਤੇ ਖੜ੍ਹੇ ਰਹਿੰਦੇ ਹਨ, ਸਾਰੀ ਰਾਤ ਜਾਗਦੇ ਰਹਿੰਦੇ ਹਨ, ਮੋਨ ਧਾਰਣ ਕਰ ਲੈਂਦੇ ਹਨ, ਚਲਦੇ ਰਹਿੰਦੇ ਹਨ। ਇਸੇ ਤਰ੍ਹਾਂ ਹੋਰ ਦੂਜੇ ਤਰੀਕਿਆਂ ਨਾਲ ਤਪੱਸਿਆ ਕਰਦੇ ਰਹਿੰਦੇ ਹਨ। ਅੱਜ ਵੀ ਅਜਿਹੇ ਕਿੰਨੇ ਹੀ ਤਪੱਸਵੀ ਅਤੇ ਹੱਠੀ ਜੋਗੀ, ਭਾਰਤ ਦੇ ਚਾਰੇ ਕੋਨਿਆਂ ਵਿਚ ਵਿਸ਼ੇਸ਼ ਕਰਕੇ, ਤੀਰਥ ਅਸਥਾਨਾਂ ਉਤੇ, ਦਰਿਆ ਦੇ ਕਿਨਾਰੇ ਉੱਤੇ ਅਤੇ ਪਰਬਤਾਂ ਦੀਆਂ ਗੁਫ਼ਾਵਾਂ ਵਿਚ ਮਿਲਦੇ ਹਨ। ਇਹ ਤਪੱਸਵੀ ਆਪਣੇ ਇਨ੍ਹਾਂ ਰੂਪਾਂ ਕਰਕੇ ਸਾਧਾਰਣ ਆਦਮੀ ਅਤੇ ਕਈ ਪੜ੍ਹੇ ਲਿਖੇ ਵਿਅਕਤੀਆਂ ਦੇ ਮਨਾਂ ਵਿਚ ਥਾਂ ਬਣਾ ਲੈਂਦੇ ਹਨ ਅਤੇ ਉਨ੍ਹਾਂ ਨੂੰ ਆਪਣੇ ਪਿੱਛੇ ਲਗਾ ਲੈਂਦੇ ਹਨ। ਪਰੰਤੂ ਬੁੱਧੀਜੀਵੀ ਵਿਅਕਤੀਆਂ ਦੇ ਦਿਲਾਂ ਵਿਚ ਉਨ੍ਹਾਂ ਦੀ ਕਿੰਨੀ ਕੁ ਥਾਂ ਹੈ, ਇਹ ਕਿਹਾ ਨਹੀਂ ਜਾ ਸਕਦਾ ਹੈ। ਪੱਛਮੀ ਦੇਸ਼ਾ ਦੇ ਲੋਕ ਇਹ ਸਮਝ ਲੈਂਦੇ ਹਨ ਕਿ ਪੂਰਬੀ ਦੇਸ਼ਾਂ ਵਿਚ ਸਰੀਰ ਨੂੰ ਦੁਖ ਦੇਣ ਅਤੇ ਗਰਮੀ ਸਰਦੀ ਸਹਿਣ ਦੀ ਬਹੁਤ ਸਮਰਥਾ ਹੈ ਅਤੇ ਉਹ ਗੁਲਾਮੀ, ਅਤਿਆਚਾਰ ਅਤੇ ਅਨਿਆਂ ਤੋਂ ਬਚਣ ਲਈ ਆਪਣੇ ਆਪ ਨੂੰ ਕਸ਼ਟ ਦੇ ਕੇ ਉਸ ਤੋਂ ਉਪਰ ਉਠਣ ਅਤੇ ਬਚਣ ਦੀ ਕੋਸ਼ਿਸ਼ ਕਰ ਰਹੇ ਹਨ। ਸ਼ੋਪੈਨਹਾਊਅਰ ਦੇ ਸਿਧਾਂਤ ਅਨੁਸਾਰ ਇਸੇ ਕਾਰਨ ਪੂਰਵੀ ਦੇਸ਼ਾਂ ਵਿਚ ਨਿਰਾਸ਼ਾਵਾਦ ਅਤੇ ਦੁਖਵਾਦ ਦਾ ਜਨਮ ਹੋਇਆ। ਇਸ ਦ੍ਰਿਸ਼ਟੀ ਤੋਂ ਤਪ ਦਾ ਸਮਾਜਿਕ ਵਿਸ਼ਲੇਸ਼ਣ ਜੋ ਮਨੂੰ ਸਮ੍ਰਿਤੀ ਤੋਂ ਮਿਲਦਾ ਹੈ  ਉਹ ਚਿੰਤਾ ਹੈ। ਚਾਤੁਰਵੰਸ਼ੀ ਦੇ ਤਪ ਧਰਮ ਸ਼ਾਸਤਰ ਅਨੁਸਾਰ ਬ੍ਰਾਹਮਣ ਦੁਆਰਾ ਗਿਆਨ ਦੀ ਪ੍ਰਾਪਤੀ ਕਰਨਾ, ਖੱਤਰੀ ਦੁਆਰਾ ਸਮਾਜ ਦੀ ਰੱਖਿਆ ਕਰਨਾ, ਵੈਸ਼ ਦੁਆਰਾ ਖੇਤੀ ਕਰਨਾ ਅਤੇ ਸ਼ੂਦਰ ਦੁਆਰਾ ਉਪਰੋਕਤ ਤਿੰਨਾਂ ਜਾਤੀਆਂ ਦੀ ਸੇਵਾ ਕਰਨਾ ਹੀ ਤਪ ਮੰਨਿਆ ਗਿਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਆਪਣੇ ਕਰਤੱਵ ਦਾ ਪਾਲਣ ਕਰਨਾ ਹੀ ਸਭ ਤੋਂ ਵੱਡਾ ਤਪ ਹੈ। ਭਗਵਤ ਗੀਤਾ ਵਿਚ ਤਾਂ ਤਪ ਅਤੇ ਸੰਨਿਆਸ ਦੇ ਦਾਰਸ਼ਨਿਕ ਪੱਖ ਦਾ ਸਰਵੋਤਮ ਸਰੂਪ ਵਿਖਾਈ ਦਿੰਦਾ ਹੈ ਅਤੇ ਇਸ ਦੀਆਂ ਤਿੰਨ ਕਿਸਮਾਂ ਅਰਥਾਤ ਸਾਤਵਿਕ, ਰਾਜਸੀ ਅਤੇ ਤਾਮਸੀ ਦੱਸੀਆਂ ਗਈਆਂ ਹਨ। ਇਨ੍ਹਾਂ ਵਿਚੋਂ ਸਾਤਵਿਕ ਤਪ ਨੂੰ ਸਭ ਤੋਂ ਉੱਤਮ ਮੰਨਿਆ ਜਾਂਦਾ ਹੈ। ਇਹ ਤਪ ਸ਼ਰਧਾ ਨਾਲ, ਫਲ ਦੀ ਇੱਛਾ ਤੋਂ ਮੁਕਤ ਹੋ ਕੇ ਕੀਤਾ ਜਾਂਦਾ ਹੈ। ਇਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਭਾਰਤੀ ਤਪ ਵਿਚ ਜੀਵਨ ਦੇ ਸਜੀਵ ਮੁੱਲਾਂ ਦੀ ਪ੍ਰਾਪਤੀ ਨੂੰ ਸਭ ਤੋਂ ਉੱਚਾ ਸਥਾਨ ਦਿਤਾ ਗਿਆ। ਇਸ ਕਾਰਜ ਲਈ ਨਿਸ਼ਕਾਮ ਸੇਵਾ ਹੀ ਸਭ ਤੋਂ ਉੱਤਮ ਅਤੇ ਸਰਲ ਰਸਤਾ ਮੰਨਿਆ ਗਿਆ ਹੈ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਬਾਰਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 9078, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-03-06-03-56-59, ਹਵਾਲੇ/ਟਿੱਪਣੀਆਂ: ਹ. ਪੁ. –ਹਿੰ. ਵਿ. ਕੋ. 5 : 308

ਵਿਚਾਰ / ਸੁਝਾਅ



Please Login First