ਤਵਾਰੀਖ਼ ਗੁਰੂ ਖ਼ਾਲਸਾ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਤਵਾਰੀਖ਼ ਗੁਰੂ ਖ਼ਾਲਸਾ: ਇਹ ਵਡ-ਆਕਾਰਾ ਸਿੱਖ ਇਤਿਹਾਸ ਗਿਆਨੀ ਗਿਆਨ ਸਿੰਘ (ਵੇਖੋ) ਦੀ ਰਚਨਾ ਹੈ। ਇਸ ਦੇ ਪੰਜ ਭਾਗ ਹਨ, ਜਿਵੇਂ (1) ਜਨਮਸਾਖੀ ਦਸਾਂ ਗੁਰੂਆਂ, (2) ਸ਼ਮਸ਼ੇਰ ਖ਼ਾਲਸਾ , (3) ਰਾਜ ਖ਼ਾਲਸਾ, (4) ਸਰਦਾਰ ਖ਼ਾਲਸਾ ਅਤੇ (5) ਪੰਥ ਖ਼ਾਲਸਾ। ਇਸ ਦੇ ਪਹਿਲੇ ਭਾਗ ਵਿਚ ਦਸ ਗੁਰੂ ਸਾਹਿਬਾਨ ਦੇ ਜੀਵਨ-ਬ੍ਰਿੱਤਾਂਤਾਂ ਤੋਂ ਇਲਾਵਾ ਸਿੱਖ ਕੌਮ ਦੇ ਖ਼ਾਲਸਾ ਸਾਜੇ ਜਾਣ ਤਕ ਦਾ ਉਤਰੋਤਰ ਵਿਵਰਣ ਦਿੱਤਾ ਗਿਆ ਹੈ। ਦੂਜੇ ਭਾਗ ਵਿਚ ਬਾਬਾ ਬੰਦਾ ਬਹਾਦਰ ਦੀਆਂ ਮੁਹਿਮਾਂ ਅਤੇ ਸ਼ਹੀਦੀਆਂ ਦਾ ਹਾਲ ਅੰਕਿਤ ਕਰਨ ਤੋਂ ਬਾਦ ਸਿੱਖਾਂ ਉਤੇ ਢਾਏ ਗਏ ਜ਼ੁਲਮਾਂ ਅਤੇ ਉਨ੍ਹਾਂ ਦੀ ਪ੍ਰਤਿਕ੍ਰਿਆ ਵਜੋਂ ਸਥਾਪਿਤ ਹੋਇਆ ‘ਦਲ ਖ਼ਾਲਸਾ ’ ਅਤੇ ਉਸ ਦੇ ਸੰਘਰਸ਼ ਦਾ ਵਰਣਨ ਹੋਇਆ ਹੈ। ਤੀਜੇ ਭਾਗ ਵਿਚ ਮਿਸਲਾਂ ਦੀਆਂ ਕਾਰਵਾਈਆਂ ਦੇ ਚਿਤ੍ਰਣ ਤੋਂ ਬਾਦ ਮਹਾਰਾਜਾ ਰਣਜੀਤ ਸਿੰਘ ਦੀ ਬਾਦਸ਼ਾਹੀ ਦੀ ਮਹਾਨਤਾ ਨੂੰ ਦਰਸਾਇਆ ਗਿਆ ਹੈ ਅਤੇ ਅੰਤ ਵਿਚ ਪੰਜਾਬ ਉਤੇ ਅੰਗ੍ਰੇਜ਼ਾਂ ਦੇ ਕਬਜ਼ੇ ਦੀ ਗੱਲ ਕੀਤੀ ਗਈ ਹੈ। ਚੌਥੇ ਭਾਗ ਵਿਚ ਉਨ੍ਹਾਂ ਸਿੱਖ ਰਿਆਸਤਾਂ ਦਾ ਵਿਵਰਣ ਦਰਜ ਹੈ ਜੋ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਸ਼ਾਮਲ ਨਹੀਂ ਹੋਈਆਂ ਸਨ। ਪੰਜਵੇਂ ਭਾਗ ਵਿਚ ਸਿੱਖ ਸੰਪ੍ਰਦਾਵਾਂ , ਗੁਰਦੁਆਰਿਆਂ, ਸੰਗਤਾਂ, ਪ੍ਰਚਾਰ-ਕੇਂਦਰਾਂ ਆਦਿ ਉਤੇ ਚਾਨਣਾ ਪਾਇਆ ਗਿਆ ਹੈ।
ਇਤਨੇ ਵਡੇ ਆਕਾਰ ਵਾਲੇ ਇਤਿਹਾਸ ਨੂੰ ਲਿਖਣ ਲਈ ਗਿਆਨੀ ਜੀ ਨੇ ਸਾਮਗ੍ਰੀ ਇਕੱਠੀ ਕਰਨ ਉਤੇ ਲਗਭਗ 15 ਵਰ੍ਹੇ ਲਗਾਏ ਅਤੇ ਤਿੰਨ ਪ੍ਰਕਾਰ ਦੇ ਸਾਧਨ ਵਰਤੇ। ਇਕ, ਪੁਰਾਤਨ ਸਿੱਖਾਂ ਨਾਲ ਸੰਪਰਕ; ਦੂਜਾ , ਸਾਰੇ ਦੇਸ਼ ਦੀ ਯਾਤ੍ਰਾ ਅਤੇ ਤੀਜਾ, ਪੁਰਾਤਨ ਸਿੱਖ ਇਤਿਹਾਸ। ਇਸ ਇਤਿਹਾਸ ਦੇ ਪਹਿਲੇ ਤਿੰਨ ਭਾਗ ਗੁਰੂ ਗੋਬਿੰਦ ਸਿੰਘ ਪ੍ਰੈਸ, ਸਿਆਲਕੋਟ ਵਲੋਂ ਸੰਨ 1891-92 ਈ. ਵਿਚ ਪ੍ਰਕਾਸ਼ਿਤ ਕੀਤੇ ਗਏ। ਇਸ ਪ੍ਰਕਾਸ਼ਨ ਲਈ ਸਿਆਲਕੋਟ ਦੇ ਮਹੰਤ ਪ੍ਰੇਮ ਸਿੰਘ ਅਤੇ ਭਾਈ ਹਰੀ ਸਿੰਘ ਅਤੇ ਰਾਵਲਪਿੰਡੀ ਦੇ ਸ. ਬੂਟਾ ਸਿੰਘ ਨੇ ਮਾਇਕ ਸਹਾਇਤਾ ਦਿੱਤੀ। ਬਾਕੀ ਦੋ ਭਾਗ ਅਜੇ ਛਪੇ ਨਹੀਂ ਸਨ ਕਿ ਗਿਆਨੀ ਜੀ ਅੰਮ੍ਰਿਤਸਰ ਆਏ ਅਤੇ ਸਖ਼ਤ ਬੀਮਾਰ ਹੋ ਗਏ। ਉਨ੍ਹਾਂ ਦੀ ਚਿੰਤਾਜਨਕ ਸਥਿਤੀ ਵੇਖ ਕੇ ਖ਼ਾਲਸਾ ਟ੍ਰੈਕਟ ਸੁਸਾਇਟੀ ਦੇ ਮੁਖੀ ਮੈਂਬਰਾਂ ਨੇ ਗਿਆਨੀ ਜੀ ਨੂੰ ਪ੍ਰੇਰ ਕੇ ਛਪੀਆਂ ਅਣਛਪੀਆਂ ਪੁਸਤਕਾਂ ਦੇ ਖਰੜੇ ਲੈ ਕੇ ਉਨ੍ਹਾਂ ਦੇ ਪ੍ਰਕਾਸ਼ਨ ਦੇ ਹਕੂਕ ਸੁਸਾਇਟੀ ਦੇ ਨਾਂ ਲਿਖਵਾ ਲਏ ਅਤੇ ਉਸ ਦੇ ਬਦਲੇ ਵਿਚ ਗਿਆਨੀ ਜੀ ਨੂੰ 12 ਰੁਪਏ ਮਹੀਨਾ ਦੇਣ ਦਾ ਇਕਰਾਰਨਾਮਾ ਲਿਖ ਦਿੱਤਾ। ਪਰ ਸੁਸਾਇਟੀ ਨੇ ਖਰੜੇ ਨ ਪ੍ਰਕਾਸ਼ਿਤ ਕੀਤੇ ਅਤੇ ਨ ਹੀ ਗਿਆਨੀ ਜੀ ਨੂੰ ਪਰਤਾਏ। ਇਸ ਤੱਥ ਬਾਰੇ ਗਿਆਨੀ ਜੀ ਨੇ ਖ਼ੁਦ ਲਿਖਿਆ ਹੈ—ਅਤਿ ਅਨਯਾਇ ਉਨ ਜੁਲਮ ਬਡ ਮੁਝ ਸੋਂ ਕੀਨੋ ਆਪ। ਨਹ ਖਰੜੇ ਮੁਝ ਦੇਤ ਹੈਂ ਨਹਿ ਛਾਪ ਹੈਂ ਆਪ। ਬਰਖ ਸਤਾਰਾਂ ਭਏ ਹੈਂ ਉਨ ਕੋ ਦਏ ਬਨਾਇ। ਖੱਟੇ ਮਂ ਪਾ ਰਖੇ ਹੈਂ ਟਾਲਾ ਕਰਤ ਰਹਾਇ। ... ਸਾਗਰ ਸਮ ਮਮ ਕ੍ਰਿਤ ਸੈ ਟ੍ਰੈਕਟ ਛਾਪ ਅਨੇਕ। ਧਨ ਅਰ ਨਾਮ ਕਮਾ ਰਹੇ ਪੰਥਕ ਆਗੂ ਨੇਕ। (ਗੁਰਮਤਿ ਪ੍ਰਕਾਸ਼, 9/1992)।
‘ਤਵਾਰੀਖ਼ ਗੁਰੂ ਖ਼ਾਲਸਾ’ ਦਾ ਚੌਥਾ ਭਾਗ (ਸਰਦਾਰ ਖ਼ਾਲਸਾ) ਅਜੇ ਤਕ ਨਹੀਂ ਛਪਿਆ ਅਤੇ ਪੰਜਵੇਂ ਭਾਗ (ਪੰਥ ਖ਼ਾਲਸਾ) ਦਾ ਸੰਨ 1919 ਈ. ਵਿਚ ਕੇਵਲ ਉਰਦੂ ਸੰਸਕਰਣ ਛਪਿਆ ਹੈ। ਪਹਿਲੇ ਤਿੰਨ ਖੰਡਾਂ ਨੂੰ ਇਕੱਠਿਆਂ ਅਤੇ ਵਖਰੇ ਵਖਰੇ ਰੂਪ ਵਿਚ ਕਈ ਵਾਰ ਉਰਦੂ ਅਤੇ ਪੰਜਾਬੀ ਵਿਚ ਛਾਪਿਆ ਜਾ ਚੁਕਾ ਹੈ। ਸੰਨ 1970 ਈ. ਵਿਚ ਭਾਸ਼ਾ ਵਿਭਾਗ ਨੇ ਵੀ ਇਸ ਨੂੰ ਦੋ ਹਿੱਸਿਆਂ ਵਿਚ ਛਾਪਿਆ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4955, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First