ਦਯਾ/ਦਇਆ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਦਯਾ/ਦਇਆ: ਸੰਸਕ੍ਰਿਤ ਮੂਲ ਦੇ ਇਸ ਸ਼ਬਦ ਦਾ ਅਰਥ ਹੈ ਰਹਿਮ, ਕਰੁਣਾ , ਕਿਸੇ ਨੂੰ ਦੁਖ ਨ ਦੇਣ ਦਾ ਭਾਵ, ਹਿੰਸਾ ਦਾ ਅਭਾਵ, ਅਹਿੰਸਾ। ਯੋਗ-ਸ਼ਾਸਤ੍ਰ ਵਿਚ ਅਹਿੰਸਾ ਦੇ ਅਨੇਕ ਪ੍ਰਕਾਰੀ ਭੇਦਾਂ ਉਤੇ ਪ੍ਰਕਾਸ਼ ਪਾਉਂਦਿਆਂ ਸਥੂਲ ਤੌਰ ’ਤੇ ਮਨ , ਬਚ , ਕਰਮ ਤੋਂ ਕਿਸੇ ਨੂੰ ਦੁਖ ਨ ਦੇਣਾ ਹੀ ‘ਅਹਿੰਸਾ’ ਦਸਿਆ ਗਿਆ ਹੈ ਅਤੇ ਇਸ ਦੇ ਵਿਪਰੀਤ ਬਿਰਤੀ ‘ਹਿੰਸਾ’ ਹੈ।
ਸਿੱਧਾਂਤਿਕ ਤੌਰ’ਤੇ ਸਿੱਖ ਧਰਮ ਵਿਚ ‘ਦਇਆ’ ਦੇ ਸੰਕਲਪ ਉਤੇ ਪ੍ਰਕਾਸ਼ ਪਾਉਂਦਿਆਂ ਅਤੇ ਇਸ ਨੂੰ ਹਿੰਸਾ ਤੋਂ ਨਿਖੇੜਦਿਆਂ ਭਾਈ ਕਾਨ੍ਹ ਸਿੰਘ ਨੇ ‘ਗੁਰਮਤ ਮਾਰਤੰਡ ’ (ਪੰਨਾ 214) ਵਿਚ ਦਸਿਆ ਹੈ ਕਿ ‘‘ਹਿੰਸਾ ਅਤੇ ਦਯਾ ਦਾ ਤੱਤ ਜਾਣੇ ਬਿਨਾ ਲੋਕ ਔਝੜ ਜਾ ਰਹੇ ਹਨ, ਜੂੰਆਂ, ਖਟਮਲਾਂ, ਹਲਕਾਏ ਕੁਤਿਆਂ ਅਤੇ ਸੱਪ ਆਦਿਕਾਂ’ਤੇ ਦਯਾ ਕਰਨੀ ਅਰ ਗ਼ਰੀਬ ਅਨਾਥਾਂ ਦਾ ਲਹੂ ਪੀਣਾ, ਨੀਚ ਨੀਚ ਆਖ ਕੇ ਜਾਤਿ ਅਭਿਮਾਨ ਦੇ ਮਦ ਵਿਚ ਆ ਕੇ ਕਰਤਾਰ ਦੇ ਵਸਣ ਦਾ ਮਨ ਮੰਦਿਰ ਢਾਹਣਾ, ਆਪਣੇ ਮਨੋਰਥ ਦੀ ਸਿੱਧੀ ਲਈ ਪਸ਼ੂਆਂ ਦੀ ਬਲੀ ਦੇਣੀ , ਜੰਗ ਵਿਚ ਫ਼ੌਜ ਦੀ ਸਫ਼ ਅੱਗੇ ਗਾਈਆਂ ਖਲੋਤੀਆਂ ਵੇਖ ਕੇ ਹਥਿਆਰ ਸੁਟ ਪਾਣੇ ਅਤੇ ਅਨੰਤ ਗਊਆਂ ਦੀ ਹਿੰਸਾ ਦਾ ਮੁੱਢ ਬੰਨ੍ਹਣਾ, ਕਾਵਾਂ ਇੱਲਾਂ ਦਾ ਖਾਧਾ ਜੀਵ ਜੋ ਤੜਫ ਰਿਹਾ ਹੈ, ਜਿਸ ਦੇ ਬਚਣ ਦੀ ਕੋਈ ਸੂਰਤ ਨਹੀਂ , ਉਸ ਨੂੰ ਮਾਰਣੋ ਸੰਕੋਚ ਕਰਨਾ, ਆਪਣੇ ਅਧੀਨ ਨੌਕਰ ਅਤੇ ਪਸ਼ੂਆਂ ਨੂੰ ਮਹਾਨ ਦੁਖੀ ਰਖਣਾ, ਇਤਆਦਿਕ ਕਰਮ ਹਨ ਅਗਿਆਨੀ ਅਹਿੰਸਕ ਅਤੇ ਦਯਾਵਾਨ ਦੇ। ਗੁਰੁਮਤ ਵਿਚ ਯਥਾਰਥ ਭਾਵ ਵਿਚ ਅਹਿੰਸਾ ਅਤੇ ਦਯਾ ਦੀ ਵਰਤੋਂ (ਅਹਿੰਸਾ) ਹੈ, ਨਾ ਜੈਨ ਅਤੇ ਬੁੱਧ ਮਤ ਦਾ ਨਿਯਮ ‘ਅਹਿੰਸਾ ਹੀ ਪਰਮੋਧਰਮਾ’ ਅੰਗੀਕਾਰ ਹੈ ਅਰ ਨ ਰਾਕਸ਼ ਵ੍ਰਿੱਤਿ ਵਿਧਾਨ ਹੈ।’’
ਗੁਰਬਾਣੀ ਵਿਚ ਥਾਂ ਥਾਂ ਦਇਆ ਬਿਰਤੀ ਨੂੰ ਵਿਕਸਿਤ ਕਰਨ ਲਈ ਬਲ ਦਿੱਤਾ ਗਿਆ ਹੈ। ਗੁਰੂ ਨਾਨਕ ਦੇਵ ਜੀ ਨੇ ਰਾਮਕਲੀ ਰਾਗ ਵਿਚ ਸਪੱਸ਼ਟ ਕੀਤਾ ਹੈ ਅਹੰਕਾਰ ਨੂੰ ਮਾਰਨ ਨਾਲ ਹੀ ਸਭ ਤਰ੍ਹਾਂ ਦੀ ਸੂਝ ਪ੍ਰਾਪਤ ਹੁੰਦੀ ਹੈ ਅਤੇ ਹਿਰਦੇ ਵਿਚ ਸਾਰਿਆਂ ਜੀਵਾਂ ਉਤੇ ਦਇਆ ਕਰਨ ਦਾ ਦ੍ਰਿੜ੍ਹ ਸੰਕਲਪ ਹੀ ਪ੍ਰਤਿਸ਼ਠਾ ਪ੍ਰਾਪਤ ਕਰਾਉਂਦਾ ਹੈ— ਜੀਵਤੁ ਮਰੈ ਤਾ ਸਭੁ ਕਿਛੁ ਸੂਝੈ ਅੰਤਰਿ ਜਾਣੈ ਸਰਬ ਦਇਆ। ਨਾਨਕ ਤਾ ਕਉ ਮਿਲੈ ਵਡਾਈ ਆਪੁ ਪਛਾਣੈ ਸਰਬ ਜੀਆ। (ਗੁ.ਗ੍ਰੰ.940)। ਸਾਰੰਗ ਰਾਗ ਵਿਚ ਗੁਰੂ ਨਾਨਕ ਦੇਵ ਜੀ ਨੇ ਵਰਤ ਆਦਿ ਅਨੁਸ਼ਠਾਨਿਕ ਕਰਮ- ਕਾਂਡਾਂ ਦਾ ਭਾਵੀਕਰਣ ਕਰਦਿਆਂ ਦਇਆ ਨੂੰ ਦੇਵਤਾ ਦੇ ਸਮਤੁਲ ਦਸਿਆ ਹੈ—ਸਚ ਵਰਤੁ ਸੰਤੋਖੁ ਤੀਰਥੁ ਗਿਆਨੁ ਧਿਆਨੁ ਇਸਨਾਨੁ। ਦਇਆ ਦੇਵਤਾ ਖਿਮਾ ਜਪਮਾਲੀ ਤੇ ਮਾਣਸ ਪਰਧਾਨ। (ਗੁ.ਗ੍ਰੰ.1245)।
ਭਗਤ ਪਰਮਾਨੰਦ ਨੇ ਬਟਮਾਰ ਨੂੰ ਲੋਕਾਂ ਦਾ ਘਰ ਲੁਟ ਕੇ ਆਪਣਾ ਪੇਟ ਭਰਨ ਅਤੇ ਹਿੰਸਾ ਤੋਂ ਸੰਕੋਚ ਨ ਕਰਨ ਲਈ ਤਾੜਨਾ ਕਰਦਿਆਂ ਕਿਹਾ ਹੈ— ਬਾਟ ਪਾਰਿ ਘਰੁ ਮੂਸਿ ਬਿਰਾਨੋ ਪੇਟੁ ਭਰੈ ਅਪ੍ਰਾਧੀ। ਜਿਹਿ ਪਰਲੋਕ ਜਾਇ ਅਪਕੀਰਤਿ ਸੋਈ ਅਬਿਦਿਆ ਸਾਧੀ। ਹਿੰਸਾ ਤਉ ਮਨ ਤੇ ਨਹੀ ਛੂਟੀ ਜੀਅ ਦਇਆ ਨਹੀ ਪਾਲੀ। ਪਰਮਾਨੰਦ ਸਾਧ ਸੰਗਤਿ ਮਿਲਿ ਕਥਾ ਪੁਨੀਤ ਨ ਚਾਲੀ। (ਗੁ.ਗ੍ਰੰ.1253)।
ਸਪੱਸ਼ਟ ਹੈ ਕਿ ਗੁਰਬਾਣੀ ਦਇਆ ਦੀ ਪਾਲਨਾ ਉਤੇ ਬਲ ਦਿੰਦੀ ਹੋਈ ਵੀ ਅਗਿਆਨਿਕ ਅਹਿੰਸਾ (ਦਇਆ) ਨੂੰ ਪ੍ਰਵਾਨ ਨਹੀਂ ਕਰਦੀ। ਗੁਰੂ ਨਾਨਕ ਦੇਵ ਜੀ ਨੇ ‘ਆਸਾ ਕੀ ਵਾਰ ’ ਵਿਚ ਸਤਿ ਸਰੂਪ ਪਰਮਾਤਮਾ ਦੀ ਪ੍ਰਾਪਤੀ ਲਈ ਸਚੀ ਸਿਖਿਆ ਦੀ ਅਤਿਅੰਤ ਲੋੜ ਦਸਦਿਆਂ ਦਇਆ ਦੀ ਪਾਲਨਾ ਉਤੇ ਵਿਸ਼ੇਸ਼ ਬਲ ਦਿੱਤਾ ਹੈ—ਸਚੁ ਤਾ ਪਰੁ ਜਾਣੀਐ ਜਾ ਸਿਖ ਸਚੀ ਲੇਇ। ਦਇਆ ਜਾਣੈ ਜੀਅ ਕੀ ਕਿਛੁ ਪੁੰਨੁ ਦਾਨੁ ਕਰੇਇ। (ਗੁ.ਗ੍ਰੰ.468)।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2971, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First