ਦਲ ਖ਼ਾਲਸਾ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਦਲ ਖ਼ਾਲਸਾ : ਬਾਬਾ ਬੰਦਾ ਬਹਾਦਰ ਦੀ ਸ਼ਹੀਦੀ ਤੋਂ ਬਾਦ ਸਿੱਖ ਪੰਥ ਕਾਫ਼ੀ ਸਮੇਂ ਤਕ ਬਿਨਾ ਕਿਸੇ ਯੋਗ ਨੇਤਾ ਦੇ ਖਿੰਡਿਆ ਰਿਹਾ ਅਤੇ ਮੁਗ਼ਲ ਸਰਕਾਰ ਦੇ ਜਬਰ ਕਾਰਣ ਪਹਾੜਾਂ , ਰੇਗਿਸਤਾਨਾਂ ਅਤੇ ਛੰਭਾਂ ਵਿਚ ਲੁਕ ਛਿਪ ਕੇ ਸਮਾਂ ਕਟਦਾ ਰਿਹਾ , ਪਰ ਉਨ੍ਹਾਂ ਦੇ ਮਨ ਵਿਚ ‘ ਰਾਜ ਕਰੇਗਾ ਖ਼ਾਲਸਾ ’ ਦੀ ਪ੍ਰਤਿਗਿਆ ਕਾਇਮ ਰਹੀ । ਮੁਗ਼ਲ ਸਰਕਾਰ ਜਦੋਂ ਉਨ੍ਹਾਂ ਨੂੰ ਦਬਾਉਣ ਵਿਚ ਨਾਕਾਮਯਾਬ ਰਹੀ , ਤਾਂ ਲਾਹੌਰ ਦੇ ਸੂਬੇ ਜ਼ਕਰੀਆ ਖ਼ਾਨ ਨੇ ਸੰਨ 1733 ਈ. ਵਿਚ ਸਿੱਖਾਂ ਨਾਲ ਸੰਪਰਕ ਕੀਤਾ ਅਤੇ ਇਕ ਲੱਖ ਦੀ ਜਾਗੀਰ ਤੋਂ ਇਲਾਵਾ ‘ ਨਵਾਬ’ ਦਾ ਖ਼ਿਤਾਬ ਦੇਣ ਦੀ ਪੇਸ਼ਕਸ਼ ਕੀਤੀ । ਇਸ ਪੇਸ਼ਕਸ਼ ਨੂੰ ਸਵੀਕਾਰ ਕਰਦਿਆਂ ਪੰਥ ਨੇ ਸ. ਕਪੂਰ ਸਿੰਘ ਨੂੰ ਨਵਾਬ ਅਤੇ ਸਿੱਖਾਂ ਦਾ ਪ੍ਰਮੁਖ ਨੇਤਾ ਮੰਨ ਲਿਆ ਗਿਆ । ਸਾਰਿਆਂ ਜੱਥਿਆਂ ਦੇ ਲੀਡਰ ਅਧਿਕਤਰ ਅੰਮ੍ਰਿਤਸਰ ਹੀ ਠਹਿਰਨ ਲਗ ਗਏ । ਪ੍ਰਬੰਧਕੀ ਸੁਵਿਧਾ ਲਈ ਨਵਾਬ ਕਪੂਰ ਸਿੰਘ ਨੇ ਸਾਰੀਆਂ ਜੱਥੇਬੰਦੀਆਂ ਨੂੰ ਸੰਨ 1734 ਈ. ਵਿਚ ਦੋ ਦਲਾਂ ਵਿਚ ਵੰਡ ਦਿੱਤਾ— ਇਕ ਬੁੱਢਾ ਦਲ ਅਤੇ ਦੂਜਾ ਤਰੁਣਾ ਦਲ । ਤੁਰਣਾ ਦਲ ਨੂੰ ਅਗੋਂ ਪੰਜ ਜੱਥਿਆਂ ਵਿਚ ਵੰਡਿਆ ਗਿਆ ਜਿਨ੍ਹਾਂ ਵਿਚ ਹਰ ਇਕ ਦਾ ਆਪਣਾ ਨਗਾਰਾ ਅਤੇ ਨਿਸ਼ਾਨ ਸੀ । ਸੰਨ 1735 ਈ. ਵਿਚ ਜ਼ਕਰੀਆ ਖ਼ਾਨ ਨੇ ਸਮਝੌਤਾ ਤੋੜ ਦਿੱਤਾ । ਫਲਸਰੂਪ ਨਵੇਂ ਸਿਰਿਓਂ ਸ਼ੁਰੂ ਹੋਏ ਤਸ਼ੱਦਦ ਕਰਕੇ ਸਿੱਖ ਫਿਰ ਜੰਗਲਾਂ ਅਤੇ ਪਹਾੜਾਂ ਵਿਚ ਜਾ ਲੁਕੇ । ਸੰਨ 1739 ਈ. ਵਿਚ ਹੋਏ ਨਾਦਰਸ਼ਾਹ ਦੇ ਹਮਲੇ ਨੇ ਮੁਗ਼ਲ ਸਰਕਾਰ ਨੂੰ ਝਕਝੋਰ ਦਿੱਤਾ । 1 ਜੁਲਾਈ 1745 ਈ. ਨੂੰ ਜ਼ਕਰੀਆ ਖ਼ਾਨ ਦੀ ਮੌਤ ਹੋ ਗਈ । ਬਦਲੀ ਹੋਈ ਸਥਿਤੀ ਕਾਰਣ ਦੀਵਾਲੀ ਦੇ ਮੌਕੇ ਤੇ ਅੰਮ੍ਰਿਤਸਰ ਵਿਚ ਸਿੱਖਾਂ ਦਾ ਇਕੱਠ ਹੋਇਆ ਅਤੇ ਇਕ ਗੁਰਮਤੇ ਰਾਹੀਂ ਸਿੱਖਾਂ ਨੂੰ 25 ਜੱਥਿਆਂ ਵਿਚ ਵੰਡ ਦਿੱਤਾ ਗਿਆ । ਹਰ ਇਕ ਜੱਥੇ ਵਿਚ ਇਕ ਸੌ ਸਿੰਘ ਸ਼ਾਮਲ ਸੀ । ਮੁੱਖ ਵੰਡ ਬੁੱਢਾ ਦਲ ਅਤੇ ਤਰੁਣਾ ਦਲ ਵਾਲੀ ਹੀ ਰਹੀ । ਹੌਲੀ ਹੌਲੀ ਜੱਥਿਆਂ ਦਾ ਵਿਸਤਾਰ ਹੁੰਦਾ ਗਿਆ । ਇਹ ਵਿਸਤਾਰ ਅਧਿਕਤਰ ਤਰੁਣਾ ਦਲ ਵਾਲਿਆਂ ਦਾ ਹੋਇਆ ।

                      ਅਹਿਮਦ ਸ਼ਾਹ ਦੁਰਾਨੀ ਦੇ ਸੰਨ 1748 ਈ. ਵਿਚ ਪਹਿਲੇ ਹਮਲੇ ਵੇਲੇ ਸਿੱਖ 65 ਜੱਥਿਆਂ ਵਿਚ ਵੰਡੇ ਹੋਏ ਸਨ । ਸਾਰਿਆਂ ਦੇ ਵਖਰੇ ਵਖਰੇ ਸਰਦਾਰ ਜਾਂ ਜੱਥੇਦਾਰ ਸਨ ਅਤੇ ਸਾਂਝੇ ਉਦੇਸ਼ ਦੀ ਸਫਲਤਾ ਲਈ ਸਦਾ ਕੁਰਬਾਨੀਆਂ ਦੇਣ ਲਈ ਤਤਪਰ ਰਹਿੰਦੇ ਸਨ । 29 ਮਾਰਚ 1748 ਈ. ਵਿਸਾਖੀ ਵਾਲੇ ਦਿਨ ਜਦੋਂ ਸਾਰੇ ਜੱਥੇ ਦਰਬਾਰ ਸਾਹਿਬ ਅੰਮ੍ਰਿਤਸਰ ਇਕੱਠੇ ਹੋਏ , ਤਾਂ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਸਰਦਾਰੀ ਹੇਠ ਸਰਬਤ ਖ਼ਾਲਸੇ ਨੇ ਇਕੱਠੇ ਹੋਣ ਦਾ ਗੁਰਮਤਾ ਪਾਸ ਕੀਤਾ । ਸਿੱਖਾਂ ਦੀ ਇਸ ਸਾਂਝੀ ਜੱਥੇਬੰਦੀ ਦਾ ਨਾਂ ‘ ਦਲ ਖ਼ਾਲਸਾ’ ਰਖਿਆ ਗਿਆ । ਇਸ ਜੱਥੇਬੰਦੀ ਦਾ ਮੁੱਖ ਮੰਤਵ ਸੀ ਬਾਹਰਲੇ ਆਕ੍ਰਮਣ- ਕਾਰੀਆਂ ਨੂੰ ਰੋਕਣਾ ਅਤੇ ਦੇਸ਼-ਵਾਸੀਆਂ ਨੂੰ ਲੁਟ-ਮਾਰ ਤੋਂ ਬਚਾਉਣਾ । ‘ ਦਲ ਖ਼ਾਲਸਾ’ ਨੂੰ ਅਗੋਂ ਯਾਰ੍ਹਾਂ ਮਿਸਲਾਂ ਵਿਚ ਵੰਡਿਆ ਗਿਆ , ਜਿਵੇਂ ( 1 ) ਆਹਲੂਵਾਲੀਆਂ ਦੀ ਮਿਸਲ , ( 2 ) ਸਿੰਘਪੁਰੀਆਂ ਦੀ ਮਿਸਲ , ( 3 ) ਕਰੋੜ ਸਿੰਘੀਆਂ ਦੀ ਮਿਸਲ , ( 4 ) ਨਿਸ਼ਾਨਾਂਵਾਲੀ ਮਿਸਲ , ( 5 ) ਸ਼ਹੀਦਾਂ ਦੀ ਮਿਸਲ , ( 6 ) ਡਲੇਵਾਲੀਆਂ ਦੀ ਮਿਸਲ , ( 7 ) ਸੁਕਰਚਕੀਆਂ ਦੀ ਮਿਸਲ , ( 8 ) ਭੰਗੀਆਂ ਦੀ ਮਿਸਲ , ( 9 ) ਕਨ੍ਹੀਆਂ ਦੀ ਮਿਸਲ , ( 10 ) ਨਕੈਈਆਂ ਦੀ ਮਿਸਲ ਅਤੇ ( 11 ) ਰਾਮਗੜ੍ਹੀਆਂ ਦੀ ਮਿਸਲ । ਇਨ੍ਹਾਂ ਵਿਚ ਪਹਿਲੀਆਂ ਛੇ ਮਿਸਲਾਂ ਬੁੱਢਾ ਦਲ ਅਧੀਨ ਸਨ ਅਤੇ ਬਾਕੀ ਪੰਜ ਤਰੁਣਾ ਦਲ ਅਧੀਨ । ਸ. ਜੱਸਾ ਸਿੰਘ ਆਹਲੂਵਾਲੀਆਂ ਇਨ੍ਹਾਂ ਦੋਹਾਂ ਦਾ ਸਾਂਝਾ ਸਰਦਾਰ ਬਣਾਇਆ ਗਿਆ । ਨਵਾਬ ਕਪੂਰ ਸਿੰਘ ਨੂੰ ਸਰਬ ਪ੍ਰਮੁਖ ਜੱਥੇਦਾਰ ਦੀ ਮਾਨਤਾ ਦਿੱਤੀ ਗਈ । ਇਨ੍ਹਾਂ ਯਾਰ੍ਹਾਂ ਤੋਂ ਇਲਾਵਾ ਇਕ ਫੂਲਕੀਆਂ ਮਿਸਲ ਵੀ ਸੀ , ਪਰ ਉਹ ਦਲ-ਖ਼ਾਲਸਾ ਅਧੀਨ ਨਹੀਂ ਸੀ ।

                      ਕੋਈ ਵੀ ਅੰਮ੍ਰਿਤਧਾਰੀ ਸਿੰਘ ਜੋ ਘੋੜਸਵਾਰੀ ਅਤੇ ਸ਼ਸਤ੍ਰ ਚਲਾਉਣ ਵਿਚ ਮਾਹਿਰ ਹੋਵੇ , ਕਿਸੇ ਵੀ ਮਿਸਲ ਵਿਚ ਸ਼ਾਮਲ ਹੋ ਸਕਦਾ ਸੀ ਅਤੇ ਆਪਣੀ ਇੱਛਾ ਅਨੁਸਾਰ ਇਕ ਮਿਸਲ ਨਾਲੋਂ ਹਟ ਕੇ ਦੂਜੀ ਮਿਸਲ ਵਿਚ ਦਾਖ਼ਲ ਹੋ ਸਕਦਾ ਸੀ । ਇਨ੍ਹਾਂ ਮਿਸਲਾਂ ਵਿਚੋਂ ਹਰ ਇਕ ਦੀ ਆਪਣੀ ਆਪਣੀ ਪ੍ਰਬੰਧਕੀ ਵਿਵਸਥਾ ਸੀ ( ਵੇਖੋ ‘ ਮਿਸਲਾਂ’ ) । ਸਮੁੱਚੇ ਤੌਰ ’ ਤੇ ਇਹ ਸਾਰੀਆਂ ਮਿਸਲਾਂ ‘ ਸਰਬਤ ਖ਼ਾਲਸਾ ’ ਦੇ ਫ਼ੈਸਲਿਆਂ ਦੀਆਂ ਪਾਬੰਦ ਸਨ ਅਤੇ ‘ ਅਕਾਲ ਤਖ਼ਤ ’ ਇਨ੍ਹਾਂ ਦਾ ਸਾਂਝਾ ਮਿਲਨ-ਸਥਲ ਸੀ ਜਿਥੇ ਸਾਲ ਵਿਚ ਦੋ ਵਾਰ ( ਵਿਸਾਖੀ ਅਤੇ ਦੀਵਾਲੀ ) ਵੱਡਾ ਇਕੱਠ ਹੁੰਦਾ ਸੀ । ਉਦੋਂ ਇਨ੍ਹਾਂ ਦੀ ਮਿਲਵੀਂ ਸ਼ਕਤੀ ਸੱਤਰ ਹਜ਼ਾਰ ਘੋੜਚੜ੍ਹਿਆਂ ਦੀ ਸੀ । ਪੈਦਲ ਸੈਨਾ ਦੀ ਕੋਈ ਵਿਵਸਥਾ ਨਹੀਂ ਸੀ । ਸੰਨ 1783 ਈ. ਤਕ ਦਲ ਖ਼ਾਲਸੇ ਦਾ ਦਬਦਬਾ ਪੰਜਾਬ ਤੋਂ ਬਾਹਰ ਜਮਨਾ ਪਾਰ ਦੇ ਇਲਾਕੇ ਅਤੇ ਦਿੱਲੀ ਤਕ ਸੀ । ਪਰ ਸ. ਜੱਸਾ ਸਿੰਘ ਆਹਲੂਵਾਲੀਆ ਦੇ ਦੇਹਾਂਤ ਤੋਂ ਬਾਦ ‘ ਦਲ ਖ਼ਾਲਸਾ’ ਦੀ ਹੋਂਦ ਇਕ ਕੇਂਦਰੀ ਜੱਥੇਬੰਦੀ ਵਜੋਂ ਖ਼ਤਮ ਹੋ ਗਈ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 951, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.